ਗੁਰੂ ਹਰਿਕ੍ਰਿਸ਼ਨ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ
ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 27 ਜੁਲਾਈ
ਸਿੱਖਾਂ ਦੇ ਅੱਠਵੇਂ ਗੁਰੂ ਹਰਿਕ੍ਰਿਸ਼ਨ ਦੇ ਪ੍ਰਕਾਸ਼ ਪੁਰਬ ਮੌਕੇ ਅੱਜ ਇੱਥੇ ਨਗਰ ਕੀਰਤਨ ਸਜਾਇਆ ਗਿਆ। ਪੰਚ ਪਿਆਰਿਆਂ ਦੀ ਅਗਵਾਈ ਹੇਠ ਇਹ ਨਗਰ ਕੀਰਤਨ ਸੈਕਟਰ-46 ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਤੋਂ ਆਰੰਭ ਹੋ ਕੇ ਸੈਕਟਰ 47, 48, 49, 50 ਅਤੇ ਸੈਕਟਰ 44-45 ਨੂੰ ਵੰਡਦੀ ਸੜਕ ਤੋਂ ਹੁੰਦਾ ਹੋਇਆ ਸੈਕਟਰ-34 ਦੇ ਗੁਰਦੁਆਰਾ ਸਾਹਿਬ ਵਿਖੇ ਸੰਪੂਰਨ ਹੋਇਆ। ਨਗਰ ਕੀਰਤਨ ਦੇ ਰੂਟ ’ਤੇ ਵੱਖ-ਵੱਖ ਥਾਵਾਂ ’ਤੇ ਸਮੂਹ ਸੰਗਤਾਂ ਦੇ ਨਾਲ-ਨਾਲ ਮਾਰਕੀਟ ਵੈੱਲਫੇਅਰ ਐਸੋਸੀਏਸ਼ਨਾਂ ਅਤੇ ਹੋਰ ਜਥੇਬੰਦੀਆਂ ਵੱਲੋਂ ਨਗਰ ਕੀਰਤਨ ਦਾ ਸ਼ਰਧਾ ਤੇ ਉਤਸ਼ਾਹ ਨਾਲ ਨਿੱਘਾ ਸਵਾਗਤ ਕੀਤਾ ਗਿਆ। ਸ੍ਰੀ ਸਨਾਤਨ ਧਰਮ ਮੰਦਰ ਸਭਾ ਸੈਕਟਰ-46 ਚੰਡੀਗੜ੍ਹ ਅਤੇ ਮਾਰਕੀਟ ਵੈੱਲਫੇਅਰ ਐਸੋਸੀਏਸ਼ਨ ਸੈਕਟਰ-46 ਨੇ ਵੀ ਨਗਰ ਕੀਰਤਨ ਦਾ ਇੱਥੋਂ ਦੀ ਮਾਰਕੀਟ ਵਿਖੇ ਸਵਾਗਤ ਕੀਤਾ। ਇਸ ਮੌਕੇ ਮੰਦਰ ਸਭਾ ਦੇ ਪ੍ਰਧਾਨ ਜਤਿੰਦਰ ਭਾਟੀਆ, ਜਨਰਲ ਸਕੱਤਰ ਸੁਸ਼ੀਲ ਸੋਬਤ, ਡੀਡੀ ਸ਼ਰਮਾ, ਰਾਕੇਸ਼ ਜੋਸ਼ੀ,ਜੌਲੀ ਤ੍ਰਿਖਾ ਅਤੇ ਐਸੋਸੀਏਸ਼ਨ ਦੇ ਪ੍ਰਧਾਨ ਬਲਵਿੰਦਰ ਸਿੰਘ ਉੱਤਮ, ਜਨਰਲ ਸਕੱਤਰ ਸਤਿਆਵਾਨ, ਰੋਸ਼ਨ ਲਾਲ, ਨਵੀਨ ਰਾਜਪਾਲ ਅਤੇ ਅਨੂਪ ਗੋਇਲ ਅਤੇ ਹੋਰਨਾਂ ਨੇ ਨਗਰ ਕੀਰਤਨ ਦੀ ਅਗਵਾਈ ਕਰ ਰਹੇ ਪੰਜ ਪਿਆਰਿਆਂ ਦਾ ਫੁੱਲਾਂ ਦੇ ਹਾਰ ਪਾ ਕੇ ਸਨਮਾਨ ਕੀਤਾ। ਨਗਰ ਕੀਰਤਨ ਵਿੱਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸੈਕਟਰ-46 ਦੇ ਪ੍ਰਧਾਨ ਕੁਲਦੀਪ ਸਿੰਘ, ਮੀਤ ਪ੍ਰਧਾਨ ਸੁਰਿੰਦਰ ਸਿੰਘ ਅਤੇ ਬਲਬੀਰ ਸਿੰਘ, ਜਨਰਲ ਸਕੱਤਰ ਹਿੰਮਤ ਸਿੰਘ, ਸਕੱਤਰ ਗੁਰਜਰਵਿੰਦਰ ਸਿੰਘ ਅਤੇ ਵਿੱਤ ਸਕੱਤਰ ਬਲਜੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਸੰਗਤ ਨੇ ਨਗਰ ਕੀਰਤਨ ਵਿੱਚ ਹਾਜ਼ਰੀ ਭਰੀ।