ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ
ਹਰਪ੍ਰੀਤ ਕੌਰ
ਹੁਸ਼ਿਆਰਪੁਰ, 8 ਜਨਵਰੀ
ਗੁਰਦੁਆਰਾ ਸਿੰਘ ਸਭਾ ਭਾਈ ਵੀਰ ਸਿੰਘ ਪਿੰਡ ਨੰਗਲ ਈਸ਼ਰ ਵੱਲੋਂ ਯੂਥ ਕਲੱਬ ਨੰਗਲ ਈਸ਼ਰ ਅਤੇ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ’ਚ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਸਜਾਇਆ ਗਿਆ। ਇਸ ਮੌਕੇ ਸੰਗਤਾਂ ਲਈ ਵੱਖ-ਵੱਖ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ ਗੁਰਦੁਆਰਾ ਸਾਹਿਬਾਨ ਵਿਖੇ ਅਤੇ ਸੰਗਤਾਂ ਵੱਲੋਂ ਰਸਤੇ ਵਿੱਚ ਲੰਗਰ ਲਾਏ ਗਏ। ਨਗਰ ਕੀਰਤਨ ਦੌਰਾਨ ਭਾਈ ਪ੍ਰਭਜੋਤ ਸਿੰਘ, ਭਾਈ ਹਰਵਿੰਦਰ ਸਿੰਘ ਨੰਗਲ ਈਸ਼ਰ, ਭਾਈ ਕਰਨਦੀਪ ਸਿੰਘ, ਭਾਈ ਸਰਬਜੀਤ ਸਿੰਘ, ਭਾਈ ਪ੍ਰਿਤਪਾਲ ਸਿੰਘ ਅਤੇ ਬੱਚਿਆਂ ਵੱਲੋਂ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ ਗਿਆ।
ਇਸ ਦੌਰਾਨ ਗੁਰਦੁਆਰਾ ਸਿੰਘ ਸਭਾ ਭਾਈ ਵੀਰ ਸਿੰਘ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਰਿੰਦਰ ਸਿੰਘ ਨੇ ਸੰਗਤ ਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ। ਇਸ ਸਮੇਂ ਸੁਰਿੰਦਰ ਸਿੰਘ ਸ਼ਿੰਦੀ, ਜਸਵਿੰਦਰ ਸਿੰਘ, ਰਣਜੀਤ ਸਿੰਘ ਨੰਬਰਦਾਰ, ਹਰਕਮਲਦੀਪ ਸਿੰਘ, ਪੰਚ ਨਰਿੰਦਰ ਸਿੰਘ, ਹਰਦੀਪ ਸਿੰਘ ਬਾਵਾ, ਮਹਿੰਦਰ ਸਿੰਘ, ਧਰਮਿੰਦਰ ਸਿੰਘ, ਬਲਜੀਤ ਸਿੰਘ ਲੱਡੂ, ਗੁਰਦੀਪ ਸਿੰਘ, ਸਰਪੰਚ ਲਵਪ੍ਰੀਤ ਕੌਰ, ਪੰਚ ਰਵਿੰਦਰ ਕੌਰ, ਇੰਦਰਜੀਤ ਕੌਰ, ਸਰਬਜੀਤ ਸਿੰਘ, ਗੁਰਦੇਵ ਕੌਰ, ਕੈਪਟਨ ਨਿਰਮਲ ਸਿੰਘ ਤੇ ਮਾਸਟਰ ਗੁਰਬਚਨ ਸਿੰਘ ਹਾਜ਼ਰ ਸਨ।
ਪਿੰਡ ਕਲਾਣੂ ਵਿੱਚ ਪ੍ਰਭਾਤ ਫੇਰੀਆਂ ਦੀ ਸ਼ੁਰੂਆਤ
ਪਠਾਨਕੋਟ:
ਪਿੰਡ ਕਲਾਣੂ ਵਿੱਚ ਗੁਰੂ ਸਿੰਘ ਸਭਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਭਾ ਦੇ ਪ੍ਰਧਾਨ ਸੁਰਿੰਦਰ ਸਿੰਘ ਅਤੇ ਸੁੱਚਾ ਸਿੰਘ ਦੀ ਅਗਵਾਈ ਹੇਠ ਪ੍ਰਭਾਤ ਫੇਰੀਆਂ ਸ਼ੁਰੂ ਕਰਵਾਈਆਂ ਗਈਆਂ। ਇਸ ਤਹਿਤ ਅੱਜ ਸਵੇਰੇ ਪ੍ਰਭਾਤ ਫੇਰੀ ਗੁਰਦੁਆਰਾ ਸਾਹਿਬ ਕੰਪਲੈਕਸ ਤੋਂ ਸ਼ੁਰੂ ਹੋ ਕੇ ਪਿੰਡ ਵਿੱਚੋਂ ਹੁੰਦੀ ਹੋਈ ਸਵੇਰੇ 6 ਵਜੇ ਵਾਪਸ ਗੁਰੂ ਸਿੰਘ ਸਭਾ ਕੰਪਲੈਕਸ ਵਿੱਚ ਪੁੱਜੀ। ਸਭਾ ਦੇ ਪ੍ਰਧਾਨ ਸੁਰਿੰਦਰ ਸਿੰਘ, ਭਾਈ ਸੁੱਚਾ ਸਿੰਘ ਤੇ ਸ਼ਾਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਸਭਾ ਵੱਲੋਂ ਪਿਛਲੇ ਕਈ ਦਿਨਾਂ ਤੋਂ ਗੁਰਦੁਆਰਾ ਸਾਹਿਬ ਵਿੱਚ ਧਾਰਮਿਕ ਸਮਾਗਮ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਮੌਕੇ 9 ਜਨਵਰੀ ਨੂੰ ਗੁਰਦੁਆਰਾ ਸਾਹਿਬ ਵਿੱਚ ਸ੍ਰੀ ਅਖੰਡ ਪਾਠ ਰਖਵਾਇਆ ਜਾਵੇਗਾ ਅਤੇ 10 ਜਨਵਰੀ ਨੂੰ ਭੋਗ ਪਾਏ ਜਾਣਗੇ ਜਿਸ ਮਗਰੋਂ ਧਾਰਮਿਕ ਸਮਾਗਮ ਕਰਵਾਇਆ ਜਾਵੇਗਾ।