ਐੱਸਡੀਐੱਮ ਵੱਲੋਂ ‘ਖਣਨ ਰੋਕੋ ਜ਼ਮੀਨ ਬਚਾਓ ਸੰਘਰਸ਼ ਕਮੇਟੀ’ ਦੇ ਵਫ਼ਦ ਨਾਲ ਮੀਟਿੰਗ
ਦੀਪਕ ਠਾਕੁਰ
ਤਲਵਾੜਾ, 8 ਜਨਵਰੀ
ਖਣਨ ਰੋਕੋ ਜ਼ਮੀਨ ਬਚਾਓ ਸੰਘਰਸ਼ ਕਮੇਟੀ ਹਾਜੀਪੁਰ ਤਲਵਾੜਾ ਦੇ ਵਫ਼ਦ ਦੀ ਮੀਟਿੰਗ ਐੱਸਡੀਐੱਮ ਮੁਕੇਰੀਆਂ ਦੀ ਪ੍ਰਧਾਨਗੀ ਹੇਠ ਪੁਲੀਸ ਅਤੇ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਹੋਈ। ਮੀਟਿੰਗ ਦਾ ਸੱਦਾ ਸੰਘਰਸ਼ ਕਮੇਟੀ ਵੱਲੋਂ ਪੰਜ ਸਟੋਨ ਕਰੱਸ਼ਰਾਂ ਅਤੇ ਕਥਿਤ ਖਣਨ ਖਿਲਾਫ਼ ਅੱਡਾ ਝੀਰ ਦਾ ਖੂਹ ਵਿੱਚ ਕੀਤੇ ਰੋਸ ਮੁਜ਼ਾਹਰੇ ਉਪਰੰਤ ਐੱਸਡੀਐੱਮ ਵੱਲੋਂ ਦਿੱਤਾ ਗਿਆ ਸੀ। ਵਫ਼ਦ ’ਚ ਸ਼ਾਮਲ ਕੈਪਟਨ ਰਾਜੇਸ਼ ਕੁਮਾਰ ਭੋਲ ਬਦਮਾਣੀਆਂ, ਮਨੋਜ ਪਲਾਹੜ, ਲਖਬੀਰ ਸਿੰਘ ਬੇਲਾ ਸਰਿਆਣਾ, ਖੜਕ ਸਿੰਘ, ਸਰਪੰਚ ਗੁਰਮੀਤ ਕੌਰ, ਸਰਪੰਚ ਰੇਖਾ ਰਾਣੀ, ਸਰਪੰਚ ਰਾਜਿੰਦਰ ਕੌਰ ਤੇ ਪੰਚ ਅਸ਼ੋਕ ਜਲੇਰੀਆ ਨੇ ਬਲਾਕ ਹਾਜੀਪੁਰ ਅਧੀਨ ਆਉਂਦੇ ਪਿੰਡ ਨਾਮ ਨਗਰ, ਨਵੇਂ ਘਰ ਤੇ ਹੰਦਵਾਲ ਅਤੇ ਬਲਾਕ ਤਲਵਾੜਾ ਦੇ ਚੱਕਮੀਰਪੁਰ ਕੋਠੀ, ਭੋਲ ਬਦਮਾਣੀਆਂ ਆਦਿ ਪਿੰਡਾਂ ’ਚ ਅਬਾਦੀ ਨੇੜੇ ਲਾਏ ਜਾ ਰਹੇ ਨਵੇਂ ਪੰਜ ਸਟੋਨ ਕਰੱਸ਼ਰਾਂ ਨੂੰ ਰੱਦ ਕਰਨ ਦੀ ਮੰਗ ਕੀਤੀ। ਵਫ਼ਦ ਨੇ ਸਵਾਂ ਦਰਿਆ ਅਤੇ ਬਿਆਸ ਦਰਿਆ ਵਿੱਚ ਹੋ ਰਹੀ ਨਾਜਾਇਜ਼ ਖੁਦਾਈ ਕਾਰਨ ਸਥਾਨਕ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਤੋਂ ਅਧਿਕਾਰੀਆਂ ਨੂੰ ਜਾਣੂ ਕਰਵਾਇਆ। ਉਨ੍ਹਾਂ ਮਾਈਨਿੰਗ ਸਮੱਗਰੀ ਲੈ ਕੇ ਪਿੰਡ ਦੀਆਂ ਫਿਰਨੀਆਂ ਅਤੇ ਮੁਕੇਰੀਆਂ ਹਾਈਡਲ ਨਹਿਰ ਦੀ ਪਟੜੀ ਤੇ ਪੁਲਾਂ ਤੋਂ ਲੰਘਦੀਆਂ ਭਾਰੀ ਗੱਡੀਆਂ ਕਾਰਨ ਸੰਭਾਵੀ ਖਤਰੇ ਬਾਰੇ ਚਾਨਣਾ ਪਾਇਆ। ਪਿੰਡ ਭੋਲ ਬਦਮਾਣੀਆਂ ’ਚ ਪਹਾੜ ਪੁੱਟ ਕੇ ਲਾਏ ਜਾ ਰਹੇ ਸਟੋਨ ਕਰੱਸ਼ਰ ਦਾ ਮਾਮਲਾ ਵੀ ਰੱਖਿਆ। ਵਫ਼ਦ ਨੇ ਪੰਜਾਬ ਲੈਂਡ ਐਂਡ ਪ੍ਰੀਜਰਵੇਸ਼ਨ ਐਕਟ (ਪੀਐਲਪੀਏ) 1900 ਤਹਿਤ ਜੰਗਲਾਤ ਦੀ ਦਫ਼ਾ 4 ਅਤੇ 5 ਅਧੀਨ ਆਉਂਦੇ ਬਲਾਕ ਤਲਵਾੜਾ ਦੇ ਪਿੰਡਾਂ ’ਚ ਵਿੱਚ ਕਥਿਤ ਮਾਈਨਿੰਗ ਅਤੇ ਸਟੋਨ ਕਰੱਸ਼ਰਾਂ ਨੂੰ ਦਿੱਤੀ ਜਾ ਰਹੀ ਪ੍ਰਵਾਨਗੀ ’ਤੇ ਵੀ ਸਵਾਲ ਉਠਾਏ। ਵਫ਼ਦ ਨੇ ਨਵੇਂ ਕਰੱਸ਼ਰਾਂ ’ਤੇ ਰੋਕ ਅਤੇ ਚੱਲਦੇ ਕਰੱਸ਼ਰਾਂ ਦੀ ਜਾਂਚ ਕਰਵਾਉਣ, ਉੱਥੇ ਹਾਜੀਪੁਰ ਅਤੇ ਤਲਵਾੜਾ ’ਚ ਨਾਜਾਇਜ਼ ਮਾਈਨਿੰਗ ਕਾਰਨ ਨੁਕਸਾਨੀਆਂ ਜ਼ਮੀਨਾਂ ਦੀ ਪੈਮਾਇਸ਼ ਕਰਵਾ ਕੇ ਬਣਦਾ ਮੁਆਵਜ਼ਾ ਕਰੱਸ਼ਰ ਮਾਲਕਾਂ ਤੋਂ ਵਸੂਲਣ ਦੀ ਮੰਗ ਕੀਤੀ। ਸ਼ਾਹ ਨਹਿਰ ਬੈਰਾਜ (52 ਗੇਟਾਂ) ਹੇਠਾਂ ਬਿਨ੍ਹਾਂ ਕਾਗਜ਼ਾਂ ਤੋਂ ਚੱਲਦੇ ਸਿਆਸੀ ਰਸੂਖ਼ਦਾਰ ਦੇ ਸਟੋਨ ਕਰੱਸ਼ਰ ਨੂੰ ਦੋ ਵਾਰ ਸੀਲ ਕਰਨ ਦੇ ਬਾਵਜੂਦ ਮੁੜ ਚੱਲਣ ’ਤੇ ਸਵਾਲ ਉਠਾਏ।
ਐੱਸਡੀਐੱਮ ਨੇ ਜਾਂਚ ਦਾ ਭਰੋਸਾ ਦਿਵਾਇਆ
ਐੱਸਡੀਐੱਮ ਮੁਕੇਰੀਆਂ ਕਮਲਜੀਤ ਸਿੰਘ ਨੇ ਵਫ਼ਦ ਨੂੰ ਨਵੇਂ ਸਟੋਨ ਕਰੱਸ਼ਰਾਂ ਦਾ ਰੀਵਿਊ ਅਤੇ ਚੱਲਦੇ ਕਰੱਸ਼ਰਾਂ ਦੀ ਜਾਂਚ ਦਾ ਭਰੋਸਾ ਦਿਵਾਇਆ। ਉਨ੍ਹਾਂ ਨਾਜਾਇਜ਼ ਖਣਨ ਨੂੰ ਰੋਕਣ ਲਈ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨੂੰ ਯੋਗ ਕਦਮ ਚੁੱਕਣ ਦੀਆਂ ਹਦਾਇਤਾਂ ਕੀਤੀਆਂ। ਇਸ ਮੌਕੇ ਡੀਐੱਸਪੀ ਕੁਲਵਿੰਦਰ ਸਿੰਘ ਵਿਰਕ, ਥਾਣਾ ਤਲਵਾੜਾ ਮੁਖੀ ਹਰਪ੍ਰੇਮ ਸਿੰਘ, ਐੱਸਡੀਓ ਮਾਈਨਿੰਗ ਸੁਖਪ੍ਰੀਤ ਸਿੰਘ ਅਤੇ ਸੰਦੀਪ ਕੁਮਾਰ, ਜੇਈ ਦੀਪਕ ਛਾਬੜਾ ਆਦਿ ਹਾਜ਼ਰ ਸਨ।