ਨਾਗਾ ਗੁੱਟਾਂ ਨੇ ਔਰਤਾਂ ਲਈ ਫੌਰੀ ਇਨਸਾਫ਼ ਮੰਗਿਆ
ਇੰਫਾਲ, 22 ਜੁਲਾਈ
ਮਨੀਪੁਰ ’ਚ ਕਈ ਨਾਗਾ ਜਥੇਬੰਦੀਆਂ ਨੇ ਭੀੜ ਵੱਲੋਂ ਦੋ ਔਰਤਾਂ ਦੀ ਨਗਨ ਪਰੇਡ ਦੇ ਮਾਮਲੇ ਨੂੰ ਅਣਮਨੁੱਖੀ ਕਾਰਾ ਕਰਾਰ ਦਿੰਦਿਆਂ ਮੰਗ ਕੀਤੀ ਹੈ ਕਿ ਇਹ ਕੇਸ ਫਾਸਟ ਟਰੈਕ ਅਦਾਲਤ ’ਚ ਚਲਾ ਕੇ ਫੌਰੀ ਇਨਸਾਫ਼ ਦਿੱਤਾ ਜਾਵੇ। ਯੂਨਾਈਟਿਡ ਨਾਗਾ ਕਾਊਂਸਿਲ (ਯੂਐੱਨਸੀ), ਆਲ ਨਾਗਾ ਸਟੂਡੈਂਟਸ ਐਸੋਸੀਏਸ਼ਨ ਮਨੀਪੁਰ ਅਤੇ ਨਾਗਾ ਪੀਪਲਜ਼ ਫਰੰਟ ਨੇ ਇਸ ਘਟਨਾ ਦੀ ਤਿੱਖੀ ਆਲੋਚਨਾ ਕੀਤੀ ਹੈ। ਮਾਹਿਰਾਂ ਮੁਤਾਬਕ ਨਾਗਾ ਜਥੇਬੰਦੀਆਂ ਵੱਲੋਂ ਘਟਨਾ ਦੀ ਤਿੱਖੀ ਨਿਖੇਧੀ ਤੋਂ ਸੰਕੇਤ ਮਿਲਦਾ ਹੈ ਕਿ ਉਹ ਮਨੀਪੁਰ ’ਚ ਸ਼ਾਂਤੀ ਲਿਆਉਣ ’ਚ ਭੂਮਿਕਾ ਨਿਭਾਉਣੀ ਚਾਹੁੰਦੇ ਹਨ। ਉਧਰ ਚੂਰਾਚਾਂਦਪੁਰ ’ਚ ਵਿਰੋਧ ਰੈਲੀਆਂ ਹੋਈਆਂ ਜਿਸ ’ਚ ਮੰਗ ਕੀਤੀ ਗਈ ਕਿ ਕੁਕੀ ਇਲਾਕਿਆਂ ਲਈ ਵੱਖਰਾ ਪ੍ਰਸ਼ਾਸਨ ਬਣਾਇਆ ਜਾਵੇ। ਉਂਜ ਕਈ ਵਰਗਾਂ ਨੇ ਇਸ ਮੰਗ ਦਾ ਵਿਰੋਧ ਕੀਤਾ ਹੈ। ਉਧਰ ਮੇਘਾਲਿਆ ਮਹਿਲਾ ਕਮਿਸ਼ਨ ਨੇ ਕੇਂਦਰ ਅਤੇ ਮਨੀਪੁਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਮਹਿਲਾਵਾਂ ਨਾਲ ਬਦਸਲੂਕੀ ਮਾਮਲੇ ’ਚ ਦੋਸ਼ੀਆਂ ਖ਼ਿਲਾਫ਼ ਫੌਰੀ ਸਖ਼ਤ ਕਾਰਵਾਈ ਕੀਤੀ ਜਾਵੇ। ਕਮਿਸ਼ਨ ਨੇ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਹਿੰਸਾ ਦੇ ਸਾਰੇ ਪੀੜਤਾਂ ਨੂੰ ਲੋੜੀਂਦੀ ਸਹਾਇਤਾ ਅਤੇ ਮੁੜ ਵਸੇਬਾ ਮੁਹੱਈਆ ਕਰਵਾਏ। ਕਮਿਸ਼ਨ ਨੇ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਅਤੇ ਸੁਪਰੀਮ ਕੋਰਟ ਵੱਲੋਂ ਘਟਨਾ ਦਾ ਨੋਟਿਸ ਲਏ ਜਾਣ ’ਤੇ ਤਸੱਲੀ ਜਤਾਈ ਹੈ। ਇਸ ਦੌਰਾਨ ਗੁਜਰਾਤ ਦੇ ਆਦਿਵਾਸੀਆਂ ਨੇ ਭਲਕੇ ਬੰਦ ਦਾ ਐਲਾਨ ਕੀਤਾ ਹੈ। ਕਾਂਗਰਸ ਨੇ ਬੰਦ ਨੂੰ ਹਮਾਇਤ ਦੇਣ ਦਾ ਐਲਾਨ ਕੀਤਾ ਹੈ। ਆਦਿਵਾਸੀ ਏਕਤਾ ਮੰਚ ਸਮੇਤ ਕਈ ਆਦਿਵਾਸੀ ਜਥੇਬੰਦੀਆਂ ਨੇ ਗੁਜਰਾਤ ਦੇ ਆਦਿਵਾਸੀ ਆਬਾਦੀ ਵਾਲੇ ਇਲਾਕਿਆਂ ’ਚ ਬੰਦ ਦਾ ਸੱਦਾ ਦਿੱਤਾ ਹੈ। -ਪੀਟੀਆਈ
ਹੁਣ ‘ਮਨੀਪੁਰ ਫਾਈਲਜ਼’ ਨਾਮ ਦੀ ਫਿਲਮ ਬਣੇ: ਸ਼ਿਵ ਸੈਨਾ (ਯੂਬੀਟੀ)
ਮੁੰਬਈ: ਕੇਂਦਰ ਅਤੇ ਮਨੀਪੁਰ ’ਚ ਭਾਜਪਾ ਸਰਕਾਰਾਂ ਦੀ ਨਿਖੇਧੀ ਕਰਦਿਆਂ ਸ਼ਿਵ ਸੈਨਾ (ਯੂਬੀਟੀ) ਨੇ ਕਿਹਾ ਹੈ ਕਿ ਹੁਣ ‘ਮਨੀਪੁਰ ਫਾਈਲਜ਼’ ਨਾਮ ਦੀ ਫਿਲਮ ਬਣਾਈ ਜਾਣੀ ਚਾਹੀਦੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮਨੀਪੁਰ ਦੇ ਮੁੱਖ ਮੰਤਰੀ ਐੱਨ ਬੀਰੇਨ ਸਿੰਘ ’ਤੇ ਵਰ੍ਹਦਿਆਂ ਸ਼ਿਵ ਸੈਨਾ (ਯੂਬੀਟੀ) ਦੇ ਮੁੱਖ ਪੱਤਰ ‘ਸਾਮਨਾ’ ਦੀ ਸੰਪਾਦਕੀ ’ਚ ਕਿਹਾ ਗਿਆ ਹੈ ਕਿ ਉੱਤਰ ਪੂਰਬੀ ਸੂਬੇ ’ਚ ਕਸ਼ਮੀਰ ਨਾਲੋਂ ਵੱਧ ਹਿੰਸਾ ਅਤੇ ਵਧੀਕੀਆਂ ਹੋ ਰਹੀਆਂ ਹਨ। ਪਾਰਟੀ ਨੇ ਕਿਹਾ ਕਿ ਜੇਕਰ ਸੁਪਰੀਮ ਕੋਰਟ ਨੇ ਔਰਤਾਂ ਨਾਲ ਬਦਸਲੂਕੀ ਦੇ ਮਾਮਲੇ ਦਾ ਨੋਟਿਸ ਨਾ ਲਿਆ ਹੁੰਦਾ ਤਾਂ ਪ੍ਰਧਾਨ ਮੰਤਰੀ ਨੇ ਇਸ ਮੁੱਦੇ ’ਤੇ ਕੁਝ ਵੀ ਨਹੀਂ ਬੋਲਣਾ ਸੀ। ‘ਸਾਮਨਾ’ ’ਚ ਕਿਹਾ ਗਿਆ ਹੈ ਕਿ ਹੁਣੇ ਜਿਹੇ ‘ਤਾਸ਼ਕੰਦ ਫਾਈਲਜ਼’, ‘ਦਿ ਕੇਰਲਾ ਸਟੋਰੀ’ ਅਤੇ ‘ਦਿ ਕਸ਼ਮੀਰ ਫਾਈਲਜ਼’ ਵਰਗੀਆਂ ਫਿਲਮਾਂ ਬਣਾਈਆਂ ਗਈਆਂ ਹਨ। ‘ਇਨ੍ਹਾਂ ਲੋਕਾਂ ਨੂੰ ਹੁਣ ਸੂਬੇ ’ਚ ਹਿੰਸਾ ਲਈ ‘ਮਨੀਪੁਰ ਫਾਈਲਜ਼’ ਨਾਮ ਦੀ ਫਿਲਮ ਬਣਾਉਣੀ ਚਾਹੀਦੀ ਹੈ।’ ਪਾਰਟੀ ਨੇ ਕਿਹਾ ਕਿ ਜੇਕਰ ਮਨੀਪੁਰ ’ਚ ਗ਼ੈਰ-ਭਾਜਪਾ ਸਰਕਾਰ ਹੁੰਦੀ ਤਾਂ ਉਸ ਨੂੰ ਹੁਣ ਤੱਕ ਬਰਖ਼ਾਸਤ ਕਰ ਦਿੱਤਾ ਗਿਆ ਹੁੰਦਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਲਈ ਮਨੀਪੁਰ ਸਿਆਸਤ ਪੱਖੋਂ ਅਹਿਮ ਨਹੀਂ ਹੈ ਜਿਸ ਕਾਰਨ ਸੂਬੇ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ। ਪਾਰਟੀ ਮੁਤਾਬਕ ਮਨੀਪੁਰ ’ਚ 60 ਹਜ਼ਾਰ ਤੋਂ ਜ਼ਿਆਦਾ ਕੇਂਦਰੀ ਬਲ ਤਾਇਨਾਤ ਹਨ ਪਰ ਹਿੰਸਾ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ ਜਿਸ ਦਾ ਮਤਲਬ ਹੈ ਕਿ ਪ੍ਰਧਾਨ ਮੰਤਰੀ ਅਤੇ ਕੇਂਦਰੀ ਗ੍ਰਹਿ ਮੰਤਰੀ ਦੇ ਹੱਥੋਂ ਹਾਲਾਤ ਬੇਕਾਬੂ ਹੋ ਗਏ ਹਨ। -ਪੀਟੀਆਈ
ਮਨੀਪੁਰ ’ਚ ਸ਼ਾਂਤੀ ਬਹਾਲ ਕਰਨ ਲਈ ਕਦਮ ਚੁੱਕਣ ਰਾਸ਼ਟਰਪਤੀ: ਸੋਰੇਨ
ਰਾਂਚੀ: ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਅੱਜ ਰਾਸ਼ਟਰਪਤੀ ਦਰੋਪਦੀ ਮੁਰਮੂ ਨੂੰ ਪੱਤਰ ਲਿਖ ਕੇ ਹਿੰਸਾ ਪ੍ਰਭਾਵਿਤ ਮਨੀਪੁਰ ’ਚ ਮਹਿਲਾਵਾਂ ਖ਼ਿਲਾਫ ਹੋ ਰਹੇ ਜ਼ੁਲਮਾਂ ’ਤੇ ਦੁੱਖ ਜ਼ਾਹਿਰ ਕੀਤਾ ਅਤੇ ਉਨ੍ਹਾਂ ਨੂੰ ਇਸ ਸੂਬੇ ਵਿੱਚ ਸ਼ਾਂਤੀ ਯਕੀਨੀ ਬਣਾਉਣ ਲਈ ਕਦਮ ਚੁੱਕਣ ਦੀ ਅਪੀਲ ਕੀਤੀ। ਸੋਰੇਨ ਨੇ ਕਿਹਾ ਕਿ ਦੇਸ਼ ਮਨੀਪੁਰ ’ਚ ਕਬਾਇਲੀ ਮਹਿਲਾਵਾਂ ਨਾਲ ਬਰਬਰ ਢੰਗ ਨਾਲ ਵਿਹਾਰ ਨਹੀਂ ਹੋਣ ਦੇ ਸਕਦਾ। ਸੋਰੇਨ ਨੇ ਕਿਹਾ, ‘ਦੋ ਮਹੀਨੇ ਤੋਂ ਮਨੀਪੁਰ ਸੜ ਰਿਹਾ ਹੈ। ਰੂਹ ਕੰਬਾਉਣ ਵਾਲੀਆਂ ਵੀਡੀਓਜ਼ ਸਾਹਮਣੇ ਆ ਰਹੀਆਂ ਹਨ।’ ਉਨ੍ਹਾਂ ਦੋਸ਼ ਲਾਇਆ ਕੇਂਦਰ ਸਰਕਾਰ ਇਸ ਮੁੱਦੇ ਅਤੇ ਮੀਡੀਆ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਰਾਸ਼ਟਰਪਤੀ ਨੂੰ ਕਿਹਾ, ‘ਮਨੀਪੁਰ ਤੇ ਭਾਰਤ ਸਾਹਮਣੇ ਆਉਣ ਵਾਲੇ ਸੰਕਟ ਦੇ ਇਸ ਸਭ ਤੋਂ ਔਖੇ ਸਮੇਂ ’ਚ ਅਸੀਂ ਤੁਹਾਨੂੰ ਉਮੀਦ ਤੇ ਪ੍ਰੇਰਨਾ ਦੇ ਆਖਰੀ ਸਰੋਤ ਵਜੋਂ ਦੇਖਦੇ ਹਾਂ।’ -ਪੀਟੀਆਈ
ਮੁੱਖ ਮੰਤਰੀ ਨੂੰ ਹਟਾ ਕੇ ਮਨੀਪੁਰ ’ਚ ਰਾਸ਼ਟਰਪਤੀ ਰਾਜ ਲਾਗੂ ਹੋਵੇ: ਸਿੱਬਲ
ਨਵੀਂ ਦਿੱਲੀ: ਰਾਜ ਸਭਾ ਮੈਂਬਰ ਕਪਿਲ ਸਿੱਬਲ ਨੇ ਕਿਹਾ ਹੈ ਕਿ ਮਨੀਪੁਰ ’ਚ ਸ਼ਾਂਤੀ ਲਿਆਉਣ ਲਈ ਮੁੱਖ ਮੰਤਰੀ ਐੱਨ ਬੀਰੇਨ ਸਿੰਘ ਨੂੰ ਅਹੁਦੇ ਤੋਂ ਹਟਾ ਕੇ ਉਥੇ ਰਾਸ਼ਟਰਪਤੀ ਰਾਜ ਲਾਗੂ ਕਰਨਾ ਚਾਹੀਦਾ ਹੈ। ਸਿੱਬਲ ਨੇ ਟਵੀਟ ਕਰਕੇ ਪ੍ਰਧਾਨ ਮੰਤਰੀ ਨੂੰ ਬੇਟੀਆਂ ਬਚਾਉਣ ਦਾ ਹੋਕਾ ਦਿੰਦਿਆਂ ਕਿਹਾ ਕਿ ਦੇਸ਼ ਨੂੰ ਔਰਤਾਂ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ ਕਿਉਂਕਿ ਨਿਰਭਯਾ, ਉਨਾਓ, ਹਾਥਰਸ, ਕਠੂਆ, ਬਿਲਕੀਸ ਆਦਿ ਜਿਹੇ ਮਾਮਲਿਆਂ ਮਗਰੋਂ ਵੀ ਹਾਲਾਤ ਨਹੀਂ ਬਦਲੇ ਹਨ। -ਪੀਟੀਆਈ