ਨੱਚੂਗਾ ਲਾਹੌਰ ਸਾਰਾ
ਕੁਲਵਿੰਦਰ ਸਿੰਘ ਮਲੋਟ
ਅਸੀਂ ਅਟਾਰੀ-ਵਾਹਗਾ ਬਾਰਡਰ ਦੇਖਣ ਲਈ ਪੁੱਜੇ ਤਾਂ ਪੰਜ ਵਜੇ ਤੋਂ ਪਹਿਲਾਂ ਹੀ ਪਾਰਕਿੰਗ ਵਾਲੀ ਥਾਂ ਤੋਂ ਲੋਕ ਕਤਾਰਾਂ ਵਿੱਚ ਅੱਗੇ ਵਧ ਰਹੇ ਸਨ। ਸਾਮਾਨ ਵੇਚਣ ਵਾਲਿਆਂ ਦੀਆਂ ਆਵਾਜ਼ਾਂ ਤੇ ਭੀੜ ਦਾ ਦ੍ਰਿਸ਼ ਮੇਲੇ ਵਰਗਾ ਪ੍ਰਭਾਵ ਸਿਰਜ ਰਿਹਾ ਸੀ। ਮੈਂ ਵੀ ਆਪਣੇ ਪਰਿਵਾਰਕ ਮੈਂਬਰਾਂ ਨਾਲ ਦਰਸ਼ਕ ਗੈਲਰੀ ’ਚ ਦਾਖ਼ਲ ਹੋ ਗਿਆ। ਅਤਿ ਦੀ ਗਰਮੀ ਦੇ ਬਾਵਜੂਦ ਅੱਧੀਆਂ ਤੋਂ ਵੱਧ ਸੀਟਾਂ ’ਤੇ ਲੋਕ ਪਹਿਲਾਂ ਹੀ ਬੈਠ ਚੁੱਕੇ ਸਨ। ਕਈਆਂ ਨੇ ਤਾਂ ਧੁੱਪ ਵਿੱਚ ਹੀ ਸੀਟਾਂ ਮੱਲੀਆਂ ਹੋਈਆਂ ਸਨ। ਦੇਸ਼ ਭਗਤੀ ਦੇ ਗੀਤ ਚੱਲ ਰਹੇ ਸਨ- ‘ਹਰ ਕਰਮ ਅਪਨਾ ਕਰੇਂਗੇ, ਐ ਵਤਨ ਤੇਰੇ ਲੀਏ’ ਤੇ ‘ਫਿਰ ਭੀ ਦਿਲ ਹੈ ਹਿੰਦੋਸਤਾਨੀ’...। ਸਾਹਮਣੇ ਪਾਕਿਸਤਾਨੀ ਲੋਕ ਬੈਠੇ ਹੋਏ ਸਨ ਪਰ ਉਨ੍ਹਾਂ ਦੀ ਗਿਣਤੀ ਏਧਰ ਦੇ ਮੁਕਾਬਲੇ ਘੱਟ ਸੀ। ਇੱਕ ਫ਼ੌਜੀ ਜਵਾਨ ਨੇ ਲਗਾਤਾਰ ਮਾਹੌਲ ਨੂੰ ਉਤਸ਼ਾਹ ਨਾਲ ਭਰ ਦਿੱਤਾ ਸੀ। ਉਹ ਪਾਕਿਸਤਾਨ ਨੂੰ ਆਪਣੇ ਹੱਥਾਂ ਨਾਲ ਨਿਸ਼ਾਨਾ ਬਣਾਉਂਦਾ ਤੇ ਬਾਹਾਂ ਚੌੜੀਆਂ ਕਰਦਾ। ਸਾਰੀ ਦਰਸ਼ਕ ਗੈਲਰੀ ਤਾੜੀਆਂ ਨਾਲ ਗੂੰਜ ਉੱਠਦਾ। ਆ ਰਹੇ ਦਰਸ਼ਕਾਂ ਵਿੱਚੋਂ ਦੋ-ਦੋ ਤਿੰਨ-ਤਿੰਨ ਦੀਆਂ ਟੋਲੀਆਂ ’ਚ ਤਿਰੰਗੇ ਝੰਡੇ ਲੈ ਕੇ ਗੇੜੇ ਲਾਉਣ ਦਾ ਸਿਲਸਿਲਾ ਵੀ ਕੁਝ ਦੇਰ ਚੱਲਦਾ ਰਿਹਾ। ਸਵੱਛ ਭਾਰਤ ਦੇ ਜ਼ਿਕਰ ਨਾਲ ਸਫ਼ਾਈ ਰੱਖਣ ਦੀ ਬੇਨਤੀ ਵੀ ਵਾਰ ਵਾਰ ਕੀਤੀ ਜਾਂਦੀ ਰਹੀ। ਬਾਅਦ ਵਿੱਚ ਪਰੇਡ ਵਾਲੇ ਫ਼ੌਜੀ ਜਵਾਨਾਂ ਦੀ ਹਾਜ਼ਰੀ ਨੇ ਦਰਸ਼ਕਾਂ ਦੀਆਂ ਨਜ਼ਰਾਂ ਨੂੰ ਕੀਲੀ ਰੱਖਿਆ। ਇਨ੍ਹਾਂ ਵਿੱਚ ਦੋ ਫ਼ੌਜੀ ਮੁਟਿਆਰਾਂ ਦੀ ਸ਼ਮੂਲੀਅਤ ਵੀ ਸੀ। ਔਰਤਾਂ ਦੀਆਂ ਇਨ੍ਹਾਂ ਮਾਣਮੱਤੀਆਂ ਪ੍ਰਾਪਤੀਆਂ ’ਤੇ ਸਭਨਾਂ ਨੂੰ ਮਾਣ ਮਹਿਸੂਸ ਹੋ ਰਿਹਾ ਸੀ। ਅੱਧੇ ਘੰਟੇ ਦੇ ਕਰੀਬ ਚੱਲੀ ਪਰੇਡ ਵਿੱਚ ਦੋਹਾਂ ਪਾਸਿਆਂ ਦੇ ਜਵਾਨ ਆਪਣੇ ਜੋਸ਼ ਦਾ ਮੁਜ਼ਾਹਰਾ ਕਰਦੇ ਰਹੇ। ਇੱਕ ਦੂਜੇ ਸਾਹਮਣੇ ਹਿੱਕਾਂ ਤਾਣ ਕੇ ਖੜ੍ਹਦੇ। ਮੁੱਛਾਂ ’ਤੇ ਹੱਥ ਫੇਰ ਕੇ ਆਪਣੀ ਬਹਾਦਰੀ ਦਰਸਾਉਂਦੇ। ਆਪਣੀ ਇੱਕ ਲੱਤ ਨੂੰ ਸਿਰ ਤੋਂ ਉੱਪਰ ਤੱਕ ਲੈ ਜਾਂਦੇ। ਉਨ੍ਹਾਂ ਦਾ ਇਹ ਜੋਸ਼ ਅਨੇਕਾਂ ਨੂੰ ਫ਼ੌਜੀ ਜੀਵਨ ਅਪਣਾਉਣ ਲਈ ਪ੍ਰੇਰਣਾ ਦਿੰਦਾ ਜਾਪਦਾ। ਉਨ੍ਹਾਂ ਦੀਆਂ ਅੱਖਾਂ ਵਿਚਲੀ ਚਮਕ ਇੱਕ ਦੂਜੇ ਨੂੰ ਮਾਰਨ ਵਾਲੀ ਨਹੀਂ, ਭਰਾਵਾਂ ਵਾਲੀ ਚਿਤਾਵਨੀ ਦੀ ਹੀ ਸੂਚਕ ਸੀ। ‘ਹਿੰਦੋਸਤਾਨ ਜ਼ਿੰਦਾਬਾਦ’, ‘ਵੰਦੇ ਮਾਤਰਮ’ ਤੇ ‘ਜੈ ਹਿੰਦ’ ਦੇ ਨਾਅਰਿਆਂ ਦੀ ਗੂੰਜ ਲਾਹੌਰ ਤੱਕ ਪਹੁੰਚਦੀ ਜਾ ਰਹੀ ਸੀ। ਇਹ ਚਿਤਾਵਨੀ ਵੀ ਲਗਾਤਾਰ ਦਿੱਤੀ ਜਾ ਰਹੀ ਸੀ ਕਿ ਕੋਈ ਵੀ ਦਰਸ਼ਕ ਆਪਣੇ ਪੱਧਰ ’ਤੇ ਕਿਸੇ ਕਿਸਮ ਦਾ ਨਾਅਰਾ ਨਾ ਲਾਵੇ। ਜਦੋਂ ਦੋਹਾਂ ਪਾਸਿਆਂ ਦੇ ਗੇਟ ਖੁੱਲ੍ਹੇ ਤਾਂ ਬਹੁਤੇ ਦਰਸ਼ਕ ਖੜ੍ਹੇ ਹੋ ਗਏ ਜਿਵੇਂ ਇਸ ਗੱਲ ਦਾ ਖੈਰ-ਮਕਦਮ ਕਰ ਰਹੇ ਹੋਣ ਤੇ ਪਰੇਡ ਦੇ ਅੰਤ ਤੱਕ ਪਾਕਿਸਤਾਨ ਵੱਲ ਨਜ਼ਰਾਂ ਗੱਡੀ ਖੜ੍ਹੇ ਰਹੇ। ਵਾਪਸੀ ਸਮੇਂ ਗੈਲਰੀ ਵਿੱਚ ਖਾਲੀ ਬੋਤਲਾਂ ਤੇ ਲਿਫ਼ਾਫ਼ੇ ਥਾਂ ਥਾਂ ਖਿੱਲਰੇ ਦੇਖ ਕੇ ਮਨ ਵਿੱਚ ਨਿਰਾਸ਼ਾ ਪੈਦਾ ਹੋਈ।
ਅਗਲੇ ਦਿਨ ਜਲ੍ਹਿਆਂਵਾਲੇ ਬਾਗ ਵਿੱਚ ਗਏ। ਪ੍ਰਵੇਸ਼ ਵਾਲੇ ਤੰਗ ਰਸਤੇ ਦੇ ਦੋਵਾਂ ਪਾਸਿਆਂ ’ਤੇ ਪਿੱਤਲ ਦੀਆਂ ਬਣੀਆਂ ਮੂਰਤੀਆਂ ਸਨ ਜੋ ਉਸ ਸਮੇਂ ਦੇ ਲੋਕਾਂ ਨੂੰ ਚਿਤਰਣ ਲਈ ਬਣਾਈਆਂ ਗਈਆਂ ਸਨ। ਜਦੋਂ ਕਈ ਸਾਲ ਪਹਿਲਾਂ ਮੈਂ ਇਸ ਰਸਤੇ ਵਿੱਚੋਂ ਗੁਜ਼ਰਿਆ ਸਾਂ ਤਾਂ ਇਹ ਮਹਿਸੂਸ ਕਰਦਾ ਰਿਹਾ ਸਾਂ ਕਿ ਇਸ ਤੰਗ ਰਸਤੇ ਵਿੱਚੋਂ ਲੋਕ ਕਿਸ ਤਰ੍ਹਾਂ ਇਨ੍ਹਾਂ ਕੰਧਾਂ ਨਾਲ ਖਹਿੰਦੇ ਹੋਏ ਲੰਘੇ ਹੋਣਗੇ। ਉਨ੍ਹਾਂ ਦੇ ਮਨ ’ਤੇ ਕੀ ਬੀਤੀ ਹੋਵੇਗੀ। ਉਨ੍ਹਾਂ ਲਈ ਇਹ ਰਸਤਾ ਮੀਲਾਂ ਲੰਬਾ ਹੋ ਗਿਆ ਹੋਵੇਗਾ। ਕਈ ਗੋਲੀਆਂ ਦਾ ਨਿਸ਼ਾਨਾ ਬਣ ਗਏ ਹੋਣਗੇ। ਕੰਧਾਂ ਕੋਲ ਖੜ੍ਹ ਕੇ ਉਨ੍ਹਾਂ ਲੋਕਾਂ ਦੀ ਜੱਦੋਜਹਿਦ ਤੇ ਬੇਵਸੀ ਮੇਰੀਆਂ ਅੱਖਾਂ ਅੱਗੇ ਸਾਕਾਰ ਹੋ ਰਹੀ ਸੀ। ਉਸ ਖੂਨੀ ਖੂਹ ਨੂੰ ਕੱਚ ਦੀ ਕੰਧ ਨਾਲ ਢਕਿਆ ਹੋਇਆ ਸੀ ਜਿਸ ਵਿੱਚ ਭਗਦੜ ਕਾਰਨ ਡਿੱਗ ਕੇ ਲੋਕ ਜਾਨ ਦੀਆਂ ਆਹੂਤੀਆਂ ਦੇ ਗਏ ਸਨ। ਦਰਸ਼ਕਾਂ ਅੰਦਰ ਖੂਹ ਵਿੱਚ ਝਾਕਣ ਦੀ ਤਾਂਘ ਪੈਦਾ ਹੁੰਦੀ ਪਰ ਕੱਚ ਦੀ ਦੀਵਾਰ ਰੁਕਾਵਟ ਵਾਂਗ ਮਹਿਸੂਸ ਕਰਦੇ ਹੋਏ ਮੂੰਹ ਵਿੱਚੋਂ ਅਸਪਸ਼ਟ ਜਿਹੇ ਸ਼ਬਦਾਂ ਨੂੰ ਬੋਲਦੇ। ਅੱਗੇ ਜਾ ਕੇ ਸਿਰਫ਼ ਇੱਕ ਕੰਧ ਬਚੀ ਹੈ ਜਿਸ ’ਤੇ ਗੋਲੀਆਂ ਦੇ ਨਿਸ਼ਾਨ ਦੇਖੇ ਜਾ ਸਕਦੇ ਹਨ। ਬਾਹਰ ਜਾਣ ਦਾ ਰਸਤਾ ਇਸ ਵਾਰ ਵੱਖਰਾ ਸੀ ਜੋ ਕਾਫ਼ੀ ਖੁੱਲ੍ਹਾ ਸੀ। ਬੇਸ਼ੱਕ ਨਵੀਆਂ ਬਣੀਆਂ ਗੈਲਰੀਆਂ ਸੂਚਨਾ ਤੇ ਜਾਣਕਾਰੀ ਪੱਖੋਂ ਪਹਿਲਾਂ ਨਾਲੋਂ ਵਧੇਰੇ ਲੈਸ ਹਨ ਪਰ ਸਰਕਾਰਾਂ ਨੂੰ ਨਵੀਨੀਕਰਨ ਜਾਂ ਸੁੰਦਰੀਕਰਨ ਕਰਦੇ ਸਮੇਂ ਘੱਟੋ ਘੱਟ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਇਨ੍ਹਾਂ ਵਿੱਚੋਂ ਮਿਲਣ ਵਾਲਾ ਸੁਨੇਹਾ ਲੁਪਤ ਨਾ ਹੋਵੇ ਜਿਸ ਨਾਲ ਉਸ ਥਾਂ ਦੀ ਇਤਿਹਾਸਕਤਾ ਦ੍ਰਿਸ਼ਟੀਹੀਣ ਤੇ ਦਿਸ਼ਾਹੀਣ ਹੋਣ ਤੋਂ ਬਚ ਸਕੇ। ਇਹ ਮਹਿਜ਼ ਘੁੰਮਣ-ਫਿਰਨ ਦੀਆਂ ਥਾਵਾਂ ਨਹੀਂ ਹੁੰਦੀਆਂ, ਇਹ ਉਸ ਜਜ਼ਬੇ ਨੂੰ ਸਲਾਮ ਕਹਿਣ ਲਈ ਹੁੰਦੀਆਂ ਹਨ ਜਿਸ ਤਹਿਤ ਹਿੰਦੂ, ਮੁਸਲਮਾਨ ਤੇ ਸਿੱਖ ਇੱਕਠੇ ਹੋਏ ਤੇ ਬਹੁਤੇ ਆਪਣੀਆਂ ਜਾਨਾਂ ਵਾਰ ਗਏ। ਮਨ ਵਿੱਚ ਬਾਰਡਰ ਦਾ ਉਹ ਦ੍ਰਿਸ਼ ਵਾਰ ਵਾਰ ਆ ਰਿਹਾ ਸੀ ਜਦੋਂ ਦੋਵਾਂ ਦੇਸ਼ਾਂ ਦੇ ਗੇਟ ਖੁੱਲ੍ਹ ਰਹੇ ਸਨ ਤਾਂ ਲੋਕ ਖੜ੍ਹੇ ਹੋ ਗਏ ਸਨ ਤੇ ਉਹ ਕਿਸੇ ਮਿਲਣੀ ਦੀ ਤਾਂਘ ਦਾ ਪ੍ਰਗਟਾਵਾ ਕਰਦੇ ਜਾਪ ਰਹੇ ਸਨ। ਬੇਸ਼ੱਕ ‘ਹਿੰਦੋਸਤਾਨ ਜ਼ਿੰਦਾਬਾਦ’ ਦੇ ਨਾਅਰੇ ਲੱਗ ਰਹੇ ਸਨ ਪਰ ਪਿਆਰ ਪਾਕਿਸਤਾਨੀ ਲੋਕਾਂ ਪ੍ਰਤੀ ਵੀ ਉਮੜ ਰਿਹਾ ਸੀ।
ਵਾਪਸੀ ਸਮੇਂ ਗੱਡੀ ਵਿੱਚ ਬੈਠੇ ਤਾਂ ਬੇਟੇ ਨੇ ਗੀਤ ਲਾ ਲਿਆ, ‘ਚੰਡੀਗੜ੍ਹ ਬੋਲੀ ਪੈਂਦੀ, ਨੱਚੂਗਾ ਲਾਹੌਰ ਸਾਰਾ’...। ਠੀਕ ਹੈ ਸਾਡੀਆਂ ਬੋਲੀਆਂ ਤੇ ਸਾਡੇ ਗੀਤਾਂ ’ਚ ਅਜਿਹੇ ਬੋਲ ਹੋਣ ਜਿਸ ਨਾਲ ਸਾਡੇ ਗੁਆਂਢੀ ਮੁਲਕ ਵੀ ਨੱਚਣ। ਫ਼ਿਰਕੂ-ਨਫ਼ਰਤੀ ਬੋਲਾਂ ਕਰਕੇ ਕੋਈ ਖੂਨ-ਖਰਾਬਾ ਨਾ ਹੋਵੇ। ਸਾਡੀਆਂ ਸਰਹੱਦਾਂ ’ਤੇ ਵੱਜ ਰਹੇ ਦੇਸ਼ਭਗਤੀ ਦੇ ਗੀਤਾਂ ਵਿੱਚ ਇਹ ਗੀਤ ਵੀ ਸ਼ਾਮਲ ਕਰ ਲੈਣਾ ਚਾਹੀਦਾ ਹੈ।