ਨਾਭਾ: ਕੂੜਾ ਡੰਪ ਵਿੱਚ ਦਸ ਦਿਨਾਂ ਤੋਂ ਲੱਗੀ ਅੱਗ ਕਾਰਨ ਲੋਕ ਪ੍ਰੇਸ਼ਾਨ
ਜੈਸਮੀਨ ਭਾਰਦਵਾਜ
ਨਾਭਾ, 2 ਨਵੰਬਰ
ਨਾਭਾ ਸ਼ਹਿਰ ਦੇ ਕਈ ਰਹਾਇਸ਼ੀ ਖੇਤਰਾਂ ਵਿੱਚ ਧੂੰਏਂ ਦੀ ਚਾਦਰ ਕਾਰਨ ਲੋਕ ਕਾਫ਼ੀ ਪ੍ਰੇਸ਼ਾਨ ਹਨ। ਸ਼ਹਿਰ ਵਾਸੀਆਂ ਨੇ ਸੋਮਵਾਰ ਨੂੰ ਨਾਭਾ ਦੇ ਕਾਰਜਸਾਧਕ ਅਫ਼ਸਰ ਅਤੇ ਐੱਸਡੀਐੱਮ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ 10 ਦਿਨਾਂ ਤੋਂ ਲੱਗੀ ਕੂੜਾ ਡੰਪ ਦੀ ਅੱਗ ਨੂੰ ਬੁਝਾਇਆ ਜਾਵੇ ਅਤੇ ਇਸ ਬਾਬਤ ਪੁਖਤਾ ਪ੍ਰਬੰਧ ਕੀਤੇ ਜਾਣ ਕਿਉਂਕਿ ਪਲਾਸਟਿਕ ਸੜਨ ਦਾ ਧੂੰਆਂ ਸਭ ਤੋਂ ਹਾਨੀਕਾਰਕ ਹੈ। ਜ਼ਿਕਰਯੋਗ ਹੈ ਕਿ ਜੂਨ ਮਹੀਨੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਕੌਮੀ ਗਰੀਨ ਟ੍ਰਿਬਿਊਨਲ ਦੇ ਨਿਰਦੇਸ਼ਾਂ ਦੇ ਵਿਰੁੱਧ ਡੰਪ ਯਾਰਡ ’ਚ ਅੱਗ ਨੂੰ ਅਣਦੇਖਿਆ ਕਰਨ ਲਈ ਨਾਭਾ ਨਗਰ ਕੌਂਸਲ ਨੂੰ 25,000 ਦਾ ਜੁਰਮਾਨਾ ਕੀਤਾ ਸੀ ਤੇ ਏਡੀਸੀ ਪਟਿਆਲਾ ਨਵਰੀਤ ਕੌਰ ਨੇ ਅੱਗ ਦੀ ਬੁਝਾਉਣ ਲਈ ਪੁਖਤਾ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਸਨ ਪਰ ਸ਼ਹਿਰ ਵਾਸੀ ਰਜਿੰਦਰ ਸਿੰਘ ਸਿੱਧੂ, ਨਿਰਮਲ ਸਿੰਘ ਹੋਰਾਂ ਮੁਤਾਬਕ ਨਗਰ ਕੌਂਸਲ ਨੇ ਕੋਈ ਸਿੱਖਿਆ ਨਾ ਲਈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਤਾਂ ਇਹ ਭੁਲੇਖਾ ਸੀ ਕਿ ਪਰਾਲੀ ਦਾ ਧੂੰਆਂ ਹੈ ਪਰ ਪਤਾ ਲੱਗਾ ਕਿ ਇਹ ਤਾਂ ਪਲਾਸਟਿਕ ਦੇ ਧੂਏਂ ਦੀ ਚਾਦਰ ਹੈ ਜਿਸ ਕਾਰਨ ਪੀੜਤ ਇਲਾਕਿਆਂ ਦੇ ਲੋਕਾਂ ਨੇ ਸੋਮਵਾਰ ਨੂੰ ਦਰਖਾਸਤ ਦਿੱਤੀ ਸੀ। ਦੁਲੱਦੀ ਪਿੰਡ ਨੇੜੇ ਇੱਕ ਟੋਭੇ ਨੂੰ ਛੇ ਸਾਲ ਪਹਿਲਾਂ ਤਬਦੀਲ ਕਰਕੇ ਕੂੜਾ ਡੰਪ ਬਣਾਇਆ ਗਿਆ। ਵਾਤਾਵਰਨ ਪ੍ਰੇਮੀਆਂ ਮੁਤਾਬਕ ਇੱਥੇ ਰੋਜ਼ਾਨਾ 25 ਟਨ ਕੂੜੇ ਵਿੱਚ ਗਿੱਲਾ ਸੁੱਕਾ ਸਾਰਾ ਕੂੜਾ ਇਕੱਠਾ ਕਰ ਦਿੱਤਾ ਜਾਂਦਾ ਹੈ ਜਿਸ ਕਾਰਨ ਇੱਥੇ ਜਲਣਸ਼ੀਲ ਤੇ ਜ਼ਹਿਰੀਲੀ ਗੈਸ ਪੈਦਾ ਹੁੰਦੀ ਰਹਿੰਦੀ ਹੈ। ਕਾਰਜਸਾਧਕ ਅਫ਼ਸਰ ਗੁਰਚਰਨ ਸਿੰਘ ਨੇ ਦੱਸਿਆ ਕਿ ਉਹ ਅਵੇਸਲੇ ਨਹੀਂ ਬੈਠੇ। ਅੱਗ ’ਤੇ ਕਾਬੂ ਪਾਉਣ ਲਈ ਯਤਨ ਜਾਰੀ ਹਨ। ਨਾਭਾ ਦੇ ਐੱਸਡੀਐੱਮ ਇਸਮਤ ਵਿਜੇ ਸਿੰਘ ਨੇ ਦੱਸਿਆ ਕਿ ਨਗਰ ਕੌਂਸਲ ਈਓ ਤੋਂ ਲਿਖਤੀ ਰਿਪੋਰਟ ਤਲਬ ਕੀਤੀ ਗਈ ਹੈ।