ਘਰ ਅੰਦਰ ਸੁੱਤੇ ਹੋਏ ਵਿਅਕਤੀ ਦੀ ਭੇਤ-ਭਰੀ ਹਾਲਤ ਵਿੱਚ ਹੱਤਿਆ
ਪੱਤਰ ਪੇ੍ਰਕ
ਨਥਾਣਾ, 27 ਜੁਲਾਈ
ਲੰਘੀ ਰਾਤ ਲਾਗਲੇ ਪਿੰਡ ਪੂਹਲਾ ਵਿਖੇ ਆਪਣੇ ਘਰ ਅੰਦਰ ਸੁੱਤੇ ਪਏ ਵਿਅਕਤੀ ਦੀ ਅਣਪਛਾਤੇ ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਹੱਤਿਆ ਕਰ ਦਿੱਤੀ। 55 ਕੁ ਸਾਲਾ ਮ੍ਰਿਤਕ ਹਰਜੀਤ ਸਿੰਘ ਮੋਗਾ ਦਾ ਵਸਨੀਕ ਸੀ ਅਤੇ ਨਾਨਕੇ ਪਿੰਡ ਪੂਹਲਾ ਵਿਖੇ ਰਹਿੰਦਾ ਸੀ। ਉਸ ਨੂੰ ਨਾਨਕਿਆਂ ਦੀ ਜ਼ਮੀਨ ਮਿਲੀ ਹੋਈ ਸੀ ਅਤੇ ਵੀਹ ਏਕੜ ਤੋਂ ਵੱਧ ਰਕਬੇ ‘ਚ ਖੇਤੀ ਕਰਦਾ ਸੀ, ਜਾਣਕਾਰੀ ਅਨੁਸਾਰ ਉਸ ਦੇ ਦੋ ਬੇਟੇ ਅਤੇ ਬੇਟੀ ਵਿਦੇਸ਼ ਗਏ ਹੋਏ ਹਨ ਜਦੋਂ ਕਿ ਪਤਨੀ ਤੇ ਹੋਰ ਪਰਿਵਾਰਕ ਮੈਂਬਰਾਂ ਦੀ ਰਿਹਾਇਸ਼ ਮੋਗਾ ਵਿਖੇ ਹੈ। ਉਹ ਹਰ ਸ਼ਨੀਵਾਰ ਅਤੇ ਐਤਵਾਰ ਇਥੇ ਆ ਕੇ ਖੇਤੀ ਸਬੰਧੀ ਕੰਮਕਾਜ ਖੁਦ ਨਿਪਟਾਉਂਦਾ ਸੀ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਲੰਘੀ ਰਾਤ ਕੁਝ ਅਣਪਛਾਤੇ ਵਿਅਕਤੀ ਹਰਜੀਤ ਸਿੰਘ ਦੇ ਘਰ ਦਾ ਬਾਹਰੀ ਦਰਵਾਜ਼ਾ ਤੋੜ ਕੇ ਅੰਦਰ ਦਾਖਲ ਹੋਏ ਅਤੇ ਉਸ ਦੇ ਸੁੱਤੇ ਪਏ ਦੀ ਤੇਜ਼ਧਾਰ ਹਥਿਆਰਾਂ ਨਾਲ ਹੱਤਿਆ ਕਰ ਦਿੱੱਤੀ। ਅੱਜ ਸਵੇਰੇ ਜਦੋਂ ਇੱਕ ਗਵਾਂਢੀ ਹਰਜੀਤ ਸਿੰਘ ਦੇ ਘਰ ਗਿਆ ਅਤੇ ਅੰਦਰੋਂ ਬੂਹਾ ਨਾ ਖੋਲ੍ਹਿਆ ਤਾਂ ਇਸ ਵਾਰਦਾਤ ਦੀ ਸੂਹ ਲੱਗੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲੀਸ ਨੇ ਪੁੱਜ ਕੇ ਵਾਰਦਾਤ ਵਾਲੀ ਥਾਂ ਦਾ ਜਾਇਜ਼ਾ ਲਿਆ। ਮ੍ਰਿਤਕ ਦੇ ਪਰਿਵਾਰਕ ਮੈਂਬਰ ਵੀ ਪਤਾ ਲੱਗਦਿਆਂ ਹੀ ਪਿੰਡ ਪੂਹਲਾ ਪੁੱਜੇ। ਪੁਲੀਸ ਨੇ ਕਾਰਵਾਈ ਕਰਦਿਆਂ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਵਾਸਤੇ ਬਠਿੰਡਾ ਭੇਜ ਦਿੱਤਾ। ਭਾਵੇਂ ਪੁਲੀਸ ਨੇ ਪੁੱਛਗਿੰਛ ਵਾਸਤੇ ਕੁਝ ਵਿਅਕਤੀਆਂ ਨੂੰ ਹਿਰਾਸਤ ‘ਚ ਵੀ ਲਿਆ ਲੇਕਨਿ ਗੁੱਝੇ ਕਤਲ ਬਾਰੇ ਅਜੇ ਕੁਝ ਪਤਾ ਨਾ ਲੱਗ ਸਕਿਆ।