ਸੰਗਰੂਰ ਜ਼ਿਲ੍ਹੇ ਵਿੱਚੋਂ ਸਰਕਾਰੀ ਸਕੂਲ ਚੀਮਾ ਦੀ ਵਿਦਿਆਰਥਣ ਮਾਇਲੀ ਮੋਹਰੀ
ਸੰਗਰੂਰ (ਗੁਰਦੀਪ ਸਿੰਘ ਲਾਲੀ): ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਦਸਵੀਂ ਕਲਾਸ ਦੇ ਐਲਾਨੇ ਨਤੀਜੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਚੀਮਾਂ ਦੀ ਵਿਦਿਆਰਥਣ ਮਾਇਲੀ ਨੇ 639/650 ਅੰਕ ਪ੍ਰਾਪਤ ਕਰਕੇ ਪੰਜਾਬ ਭਰ ’ਚੋਂ 7ਵਾਂ ਅਤੇ ਜ਼ਿਲ੍ਹਾ ਸੰਗਰੂਰ ’ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਆਸ਼ੀਰਵਾਦ ਡੇਅ ਬੋਰਡਿੰਗ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਝਾੜੋਂ ਦੀ ਵਿਦਿਆਰਥਣ ਦਲਜੀਤ ਕੌਰ ਨੇ 637/650 ਅੰਕ ਪ੍ਰਾਪਤ ਕਰਕੇ ਪੰਜਾਬ ਭਰ ’ਚੋਂ 9ਵਾਂ ਅਤੇ ਜ਼ਿਲ੍ਹੇ ਭਰ ’ਚੋਂ ਦੂਜਾ ਸਥਾਨ ਪ੍ਰਾਪਤ ਕੀਤਾ ਹੈ। ਇਸੇ ਤਰ੍ਹਾਂ ਗੁਰੂ ਹਰਗੋਬਿੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਫਤਹਿਗੜ੍ਹ ਦੇ ਵਿਦਿਆਰਥੀ ਪ੍ਰਿੰਸ ਨੇ 635/650 ਅੰਕ ਪ੍ਰਾਪਤ ਕਰਕੇ ਪੰਜਾਬ ਭਰ ’ਚੋਂ 11ਵਾਂ ਅਤੇ ਜ਼ਿਲ੍ਹਾ ਭਰ ’ਚੋਂ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਦਸਵੀਂ ਕਲਾਸ ਦੇ ਨਤੀਜੇ ਦੀ ਜਾਰੀ ਮੈਰਿਟ ਸੂਚੀ ਵਿਚ ਜ਼ਿਲ੍ਹਾ ਸੰਗਰੂਰ ਦੇ 16 ਵਿਦਿਆਰਥੀਆਂ ਨੇ ਆਪਣਾ ਨਾਮ ਦਰਜ ਕਰਵਾਇਆ ਹੈ। ਜ਼ਿਲ੍ਹੇ ਭਰ ’ਚੋਂ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਚੀਮਾਂ ਦੀ ਵਿਦਿਆਰਥਣ ਮਾਇਲੀ ਆਈ.ਪੀ.ਐੱਸ. ਅਫ਼ਸਰ ਬਣਨਾ ਚਾਹੁੰਦੀ ਹੈ।