ਕਿਸਾਨਾਂ ਵੱਲੋਂ ਮਕਾਨ ਦੀ ਕੁਰਕੀ ਵਿਰੁੱਧ ਧਰਨਾ
ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 5 ਨਵੰਬਰ
ਭਾਕਿਯੂ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਕਿਸਾਨਾਂ ਵਲੋਂ ਸਥਾਨਕ ਪੂਨੀਆਂ ਕਲੋਨੀ ਵਿੱਚ ਇੱਕ ਮਕਾਨ ਦੀ ਕੁਰਕੀ ਰੋਕਣ ਲਈ ਮਕਾਨ ’ਚ ਰੋਸ ਧਰਨਾ ਦਿੱਤਾ ਗਿਆ ਅਤੇ ਮਕਾਨ ਦੀ ਕੁਰਕੀ ਦਾ ਵਿਰੋਧ ਕਰਦਿਆਂ ਕਿਸਾਨ ਧਰਨੇ ’ਤੇ ਡਟੇ ਰਹੇ ਜਿਸ ਕਾਰਨ ਕੋਈ ਵੀ ਅਧਿਕਾਰੀ ਨਾ ਪੁੱਜਿਆ।
ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਭਾਕਿਯੂ ਏਕਤਾ ਉਗਰਾਹਾਂ ਦੇ ਬਲਾਕ ਆਗੂ ਜਗਤਾਰ ਸਿੰਘ ਲੱਡੀ ਅਤੇ ਸੰਗਰੂਰ ਇਕਾਈ ਦੇ ਪ੍ਰਧਾਨ ਜਰਨੈਲ ਸਿੰਘ ਨੇ ਕਿਹਾ ਕਿ ਪਰਿਵਾਰ ਦੇ ਮੁਖੀ ਨੇ ਸਾਲ 2017 ਵਿਚ ਇੱਕ ਨਿੱਜੀ ਬੈਂਕ ਤੋਂ ਮਕਾਨ ਬਣਾਉਣ ਲਈ 20 ਲੱਖ ਰੁਪਏ ਦਾ ਕਰਜ਼ਾ ਲਿਆ ਸੀ। ਸਾਲ 2021 ਵਿੱਚ ਪਰਿਵਾਰ ਦੇ ਮੁਖੀ ਦੀ ਮੌਤ ਹੋ ਗਈ ਸੀ। ਕਰਜ਼ੇ ਵਿਚੋਂ ਕਾਫ਼ੀ ਰਕਮ ਵਾਪਸ ਕਰ ਦਿੱਤੀ ਗਈ ਸੀ। ਪਰਿਵਾਰ ਦੇ ਮੁਖੀ ਦੀ ਮੌਤ ਮਗਰੋਂ ਕਰਜ਼ੇ ਦੀ ਭਰਪਾਈ ਜੀਵਨ ਬੀਮੇ ਰਾਹੀਂ ਹੋ ਚੁੱਕੀ ਹੈ ਪਰੰਤੂ ਬੈਂਕ ਵਲੋਂ ਦਸ ਲੱਖ ਰੁਪਏ ਹੋਰ ਰਕਮ ਬਕਾਇਆ ਮੰਗੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਰਿਵਾਰ ਦੀ ਆਰਥਿਕ ਸਥਿਤੀ ਠੀਕ ਨਾ ਹੋਣ ਕਾਰਨ ਬੈਂਕ ਨੂੰ ਹੋਰ ਰਕਮ ਦੇਣ ਤੋਂ ਅਸਮਰੱਥ ਹੈ।
ਉਨ੍ਹਾਂ ਕਿਹਾ ਕਿ ਬੈਂਕ ਵਲੋਂ ਮਕਾਨ ਦੀ ਕੁਰਕੀ ਕੀਤੀ ਜਾਣੀ ਸੀ ਪਰੰਤੂ ਕਿਸਾਨ ਜਥੇਬੰਦੀ ਵਲੋਂ ਇਸਦੇ ਵਿਰੋਧ ਵਿੱਚ ਰੋਸ ਧਰਨਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਵਿਰੋਧ ਕਾਰਨ ਕੋਈ ਵੀ ਅਧਿਕਾਰੀ ਕਰਕੀ ਕਰਨ ਲਈ ਮੌਕੇ ’ਤੇ ਨਹੀਂ ਪੁੱਜਿਆ। ਇਸ ਮੌਕੇ ਯੂਨੀਅਨ ਇਕਾਈ ਆਗੂ ਪਰਮਜੀਤ ਕੌਰ, ਪੂਜਾ ਸ਼ਰਮਾ, ਪ੍ਰਵੀਨ ਸ਼ਰਮਾ, ਰਾਜਵਿੰਦਰ ਕੌਰ, ਸੁਰਜੀਤ ਕੌਰ ਲੱਡੀ ਅਤੇ ਹੋਰ ਇਕਾਈ ਆਗੂ ਮੌਜੂਦ ਸਨ।