ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਧਰਮ, ਜ਼ਿੰਦਗੀ ਤੇ ਮੇਰੀ ਲਿਖਤ

08:37 AM Jul 23, 2023 IST

ਸੁਖ਼ਨ ਭੋਇੰ 19

ਸੁਖਪਾਲ

ਅਸੀਂ ਉਸੇ ਬਾਰੇ ਲਿਖਦੇ ਹਾਂ ਜੋ ਸਾਡੀ ਸੰਵੇਦਨਾ ਨੂੰ ਵਧੀਕ ਟੁੰਬਦਾ ਹੈ। ਉਸੇ ਬਾਰੇ ਪ੍ਰਮਾਣਿਕ ਲਿਖ ਸਕਦੇ ਹਾਂ ਜਿਸ ਦਾ ਸਾਨੂੰ ਨਿੱਜੀ ਅਨੁਭਵ ਹੁੰਦਾ ਹੈ। ਇਨ੍ਹਾਂ ਦੋਹਾਂ ਦੀ ਗ਼ੈਰਹਾਜ਼ਰੀ ਵਿਚ ਉਸ ਬਾਰੇ ਵੀ ਲਿਖਦੇ ਹਾਂ ਜੋ ਅੱਜ ਦੇ ਹਾਲਾਤ ਬਾਰੇ ਕਹਿਣਾ ਜ਼ਰੂਰੀ ਹੁੰਦਾ ਹੈ। ਲਿਖਣ ਦੇ ਵਿਸ਼ੇ ਮੇਰੇ ਲਈ ਇਹ ਹਨ: ਸਮਾਜਿਕ ਰਾਜਨੀਤਕ ਆਰਥਿਕ ਅਨਿਆਂ, ਮਨੁੱਖੀ ਰਿਸ਼ਤਿਆਂ ਦੀ ਨਿੱਘ ਸਾੜਾ ਤੇ ਅਣਹੋਂਦ, ਜੀਵਨ ਦੀ ਖ਼ੂਬਸੂਰਤੀ ਤੇ ਖੋਖਲਾਪਣ, ਅਤੇ ਰੱਬ ਦਾ ਸੰਕਲਪ। ਮੇਰੇ ਲਈ ਇਹ ਸਭ ਵਿਸ਼ੇ ਇਕੋ ਜਿੰਨੇ ਮਹੱਤਵਪੂਰਨ ਹਨ। ਸਭ ਆਪਸ ਵਿਚ ਓਵੇਂ ਜੁੜੇ ਹਨ ਜਿਵੇਂ ਸਭ ਅੰਗ ਇਕੋ ਸਰੀਰ ਨਾਲ ਜੁੜੇ ਹੁੰਦੇ ਹਨ। ਐਸ ਵੇਲੇ ਮੈਂ ਸਿਰਫ਼ ਇਹ ਦੱਸਣਾ ਚਾਹੁੰਦਾ ਹਾਂ: ਮੈਂ ਧਾਰਮਿਕ ਕੱਟੜਪੁਣੇ ਵਿਰੁੱਧ ਕਿਉਂ ਲਿਖਦਾ ਹਾਂ?
ਸਾਡੇ ਪਰਿਵਾਰ ਦਾ ਇਕ ਵਡੇਰਾ ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਵਿਚ ਸੀ। ਬਹਾਦਰੀ ਦੇ ਇਨਾਮ ਵਜੋਂ ਜ਼ਿਲਾ ਸ਼ੇਖੂਪੁਰਾ (ਹੁਣ ਦੇ ਪਾਕਿਸਤਾਨ) ਵਿਚ ਭੋਇੰ ਮਿਲੀ। ਖੇਤਾਂ ਦੀ ਰਾਖੀ ਲਈ ਦਾਦਾ ਜੀ ਨੇ ਮੁਸਲਮਾਨ ਨੌਕਰ ਰੱਖਿਆ ਸੀ। ਥਾਣੇਦਾਰ ਦੇ ਕਾਰਿੰਦੇ ਸਰਕਾਰੀ ਘੋੜੀਆਂ ਲਈ ਸਾਡੇ ਖੇਤਾਂ ਵਿਚੋਂ ਚੋਰੀ ਪੱਠੇ ਵੱਢ ਕੇ ਲੈ ਜਾਂਦੇ। ਦਾਦਾ ਜੀ ਨੇ ਸਹਿਜ ਸੁਭਾਅ ਨੌਕਰ ਨੂੰ ਕਿਹਾ: “ਜੇ ਕਿਸੇ ਨੂੰ ਪੱਠੇ ਵੱਢਦਾ ਵੇਖੇਂ ਤਾਂ ਡਾਂਗ ਮਾਰੀਂ ਉਹਦੇ ਸਿਰ ਵਿਚ।” ਉਸ ਸਿੱਧੜੇ ਬੰਦੇ ਨੇ ਸੱਚਮੁੱਚ ਹੀ ਚੋਰ ਦੇ ਸਿਰ ਵਿਚ ਡਾਂਗ ਮਾਰ ਦਿੱਤੀ, ਉਹ ਮਰ ਗਿਆ। ਆਪਣੀ ਚੋਰੀ ਲੁਕਾਉਣ ਲਈ ਥਾਣੇਦਾਰ ਨੇ ਤੁਰਤ ਫੁਰਤ ਪਰਚਾ ਦਰਜ ਕਰ ਲਿਆ। ਦਾਦਾ ਜੀ ਨੇ ਨੌਕਰ ਨੂੰ ਆਖਿਆ: “ਤੂੰ ਭੱਜ ਜਾ। ਛੇ ਜਣਿਆਂ ਦੇ ਗਰੀਬ ਘਰ ਦਾ ਤੂੰ ਕੱਲ੍ਹਾ ਕਮਾਊ ਪੁੱਤ ਹੈਂ। ਤੇਰੇ ਟੱਬਰ ਤੋਂ ਮੁਕੱਦਮਾ ਨਹੀਂ ਲੜਿਆ ਜਾਣਾ। ਮੈਂ ਅੰਦਰ ਹੋ ਗਿਆ ਤਾਂ ਮੇਰੇ ਭਰਾ ਛੁਡਾ ਲੈਣਗੇ।” ਦਾਦਾ ਜੀ ਸਾਲ ਭਰ ਜੇਲ੍ਹ ਵਿਚ ਰਹੇ। ਮੁਕੱਦਮਾ ਖ਼ਾਰਜ ਹੋਇਆ ਹੀ ਸੀ ਕਿ ਪਾਕਿਸਤਾਨ ਬਣ ਗਿਆ।
ਜ਼ਿਲ੍ਹਾ ਸ਼ੇਖੂਪੁਰੇ ਮੇਰੇ ਦਾਦਾ ਜੀ ਹੁਰੀਂ ਤਿੰਨ ਭਰਾਵਾਂ ਕੋਲ ਢਾਈ ਸੌ ਏਕੜ ਜ਼ਮੀਨ ਸੀ (ਜੋ ਸਾਰੀ ਦਾਦਾ ਜੀ ਦੇ ਨਾਂ ’ਤੇ ਸੀ) ਤੇ ਦੋ ਸੌ ਏਕੜ ਉਹ ਠੇਕੇ ’ਤੇ ਲੈ ਕੇ ਵਾਹੁੰਦੇ ਸਨ। ਵੰਡ ਹੋਈ ਤਾਂ ਮੇਰੇ ਅਨਪੜ੍ਹ ਦਾਦਾ ਜੀ ਸਹੀ ਤਰੀਕੇ ਕਾਗਜ਼ ਨਾ ਦਾਖ਼ਲ ਕਰ ਸਕੇ। ਪੜ੍ਹਿਆ ਲਿਖਿਆ ਵੱਡਾ ਭਰਾ ਜ਼ਿੱਦ ਕਰਨ ਲੱਗਾ ਕਿ ਕਾਗਜ਼ ਦਾਖ਼ਲ ਕਰ ਦਿਆਂਗਾ, ਪਰ ਤੇਰੇ ਹਿੱਸੇ ਦੀ ਅੱਧੀ ਜ਼ਮੀਂਨ ਮੈਂ ਲਵਾਂਗਾ। ਦਾਦਾ ਜੀ ਨੇ ਆਖਿਆ- ਆਪਾਂ ਤਿੰਨੇ ਭਰਾ ਜ਼ਮੀਨ ਬਰਾਬਰ ਵੰਡ ਲੈਂਦੇ ਹਾਂ, ਪਰ ਵੱਡਾ ਭਰਾ ਅੜਿਆ ਰਿਹਾ। ਦਾਦਾ ਜੀ ਨੇ ਉਹਦੀ ਅਨਿਆਈ ਮੰਗ ਨੂੰ ਨਾਂਹ ਕਰ ਦਿੱਤੀ। ਹਿੰਦੋਸਤਾਨ ਆ ਕੇ ਕਈ ਸਾਲ ਮਜ਼ਦੂਰੀ ਕੀਤੀ, ਇੱਟਾਂ ਢੋਈਆਂ, ਗ੍ਰੰਥੀ ਲੱਗੇ ਰਹੇ। ਬਾਰਾਂ ਤੇਰਾਂ ਵਰ੍ਹੇ ਮਗਰੋਂ ਭੱਜ ਦੌੜ ਕੇ ਪੰਜ ਏਕੜ ਭੋਇੰ ਮੋਗੇ ਲਾਗੇ ਅਲਾਟ ਹੋਈ ਜੋ ਪੰਜ ਪੁੱਤਰਾਂ ਵਿਚ ਵੰਡੀ ਗਈ। ਉਸ ਗਰੀਬੀ ਤੋਂ ਸਾਡਾ ਪਰਿਵਾਰ ਕਦੀ ਨਹੀਂ ਉੱਠ ਸਕਿਆ। ਇਸ ਧਰਮ ਆਧਾਰਿਤ ਦੇਸ-ਵੰਡ ਦਾ ਕਈਆਂ ਨੂੰ ਲਾਭ ਹੋਇਆ ਹੋਵੇਗਾ, ਪਰ ਬਹੁਤਿਆਂ ਦਾ ਘਾਣ ਹੋਇਆ ਹੈ। ਮਾਲਵੇ ਵਿਚ ਅੱਜ ਵੀ ਪਾਕਿਸਤਾਨੋਂ ਹਿਜਰਤ ਕਰਕੇ ਆਏ ਪੰਜਾਬੀਆਂ ਨੂੰ ‘ਰਫਿਊਜੀ’ ਕਿਹਾ ਜਾਂਦਾ ਹੈ।
ਦਾਦਾ ਜੀ ਕਈ ਵਾਰੀ ਅੱਖਾਂ ਭਰ ਕੇ ਕਹਿੰਦੇ: “ਮੈਨੂੰ ਤਾਂ ਕਿਸੇ ਮੁਸਲਮਾਨ ਖ਼ਾਤਰ ਮਰਨ ਤੋਂ ਵੀ ਸੰਕੋਚ ਨਹੀਂ ਸੀ। ਪਾਕਿਸਤਾਨ ਬਣਾਉਣ ਜਾਂ ਸਵੀਕਾਰ ਕਰਨ ਵਾਲੇ ਇਹ ਸਿਆਣੇ ਕਦੀ ਸਾਨੂੰ ਅਨਪੜ੍ਹਾਂ ਨੂੰ ਵੀ ਪੁੱਛ ਲੈਂਦੇ ਕਿ ਸਾਨੂੰ ਚਾਹੀਦਾ ਵੀ ਹੈ ਕਿ ਨਹੀਂ?” ਜਿਹੜੇ ਪੜ੍ਹੇ-ਲਿਖੇ ਅੱਜ ਧਰਮ ਆਧਾਰਿਤ ਸਿੱਖ ਜਾਂ ਹਿੰਦੂ ਸਟੇਟ ਬਣਾਉਣ ਨੂੰ ਫਿਰਦੇ ਹਨ, ਉਹ ਵੀ ਕਦੀ ਆਮ ਲੋਕਾਂ ਨੂੰ ਪੁੱਛ ਕੇ ਤਾਂ ਵੇਖ ਲੈਣ ਕਿ ਉਨ੍ਹਾਂ ਨੂੰ ਸੱਚੀਮੁੱਚੀਂ ਲੋੜ ਹੈ ਵੀ ਕਿ ਨਹੀਂ?
ਸੰਸਾਰ ਵਿਚ ਦੋ ਤਰ੍ਹਾਂ ਦਾ ਧਰਮ ਹੈ। ਜਿਹੜਾ ਧਰਮ ਗਿਆਨ ਵਿਚੋਂ ਉਪਜਿਆ ਹੈ ਉਹ ਨਿਰਭਉ ਕਰਦਾ ਹੈ। ਜਿਹੜਾ ਭੈਅ ਵਿਚੋਂ ਉਪਜਿਆ ਹੈ ਉਹ ਹਿੰਸਾ ਕਰਦਾ ਹੈ। ਧਰਮ ਜਦੋਂ ਨਾਨਕ ਜਾਂ ਘਨੱਈਏ ਦੇ ਹੱਥਾਂ ਵਿਚੋਂ ਲੰਘਦਾ ਹੈ ਤਾਂ ਬਲਦੀਆਂ ਅੱਗਾਂ ਬੁਝ ਜਾਂਦੀਆਂ ਹਨ। ਜਦ ਕਿਸੇ ਅਤਿਵਾਦੀ, ਸਿਆਸਤਦਾਨ ਜਾਂ ਧਾਰਮਿਕ ਜਥੇਬੰਦੀ ਦੇ ਹੱਥੀਂ ਆਉਂਦਾ ਹੈ ਤਾਂ ਦੇਸ ਫੂਕਿਆ ਜਾਂਦਾ ਹੈ। ਧਰਮ ਜਦ ਕਿਸੇ ‘ਖੋਜ’ ਵਾਂਗ ਅੰਦਰੋਂ ਜਾਗਦਾ ਹੈ ਤਾਂ ਉਸ ਨਾਲੋਂ ਖ਼ੂਬਸੂਰਤ ਘਟਨਾ ਕੋਈ ਨਹੀਂ। ਧਰਮ ਜਦ ਕਿਸੇ ਕਾਢ ਵਾਂਗ ਬਾਹਰੋਂ ਕਿਸੇ ਵਿਦਵਾਨ, ਸਿਆਸਤਦਾਨ ਜਾਂ ਹਿੰਸਾਵਾਦੀ ਵੱਲੋਂ ਲਾਗੂ ਕੀਤਾ ਜਾਂਦਾ ਹੈ ਤਾਂ ਉਸ ਵਰਗੀ ਭਿਆਨਕਤਾ ਕੋਈ ਨਹੀਂ। ਓਵੇਂ ਹੀ ਜਿਵੇਂ ਵਿਗਿਆਨ ਕਿਸੇ ਡਾਕਟਰ ਦੇ ਹੱਥੋਂ ਲੰਘੇ ਤਾਂ ਇਲਾਜ ਬਣਦਾ ਹੈ। ਜਦ ਇੰਡਸਟਰੀ ਅਤੇ ਕਾਰਪੋਰੇਸ਼ਨਾਂ ਦੇ ਹੱਥਾਂ ਵਿਚੋਂ ਲੰਘੇ ਤਾਂ ਐਟਮ ਬੰਬ ਬਣ ਡਿੱਗਦਾ ਹੈ, ਇਸ਼ਤਿਹਾਰ ਬਣ ਸਾਨੂੰ ਅੰਨ੍ਹਾ ਕਰਦਾ ਹੈ ਜਾਂ ਮਹਿੰਗੀਆਂ ਵਸਤੂਆਂ ਦੀ ਅਣਲੋੜੀਂਦੀ ਮੰਗ ਬਣ ਸਾਨੂੰ ਗਰੀਬ ਕਰਦਾ ਹੈ।
ਧਰਮ ਬੇਸ਼ੱਕ ਹੋਵੇ, ਪਰ ਸਟੇਟ ਕਦੀ ਵੀ ਧਰਮ ਆਧਾਰਿਤ ਨਹੀਂ ਸਗੋਂ ਲੋਕ ਆਧਾਰਿਤ ਹੋਣੀ ਚਾਹੀਦੀ ਹੈ ਭਾਵੇਂ ਉੱਥੇ ਇਕੋ ਧਰਮ ਦੇ ਲੋਕ ਹੀ ਵਸਦੇ ਹੋਣ। ਧਰਮ ਆਧਾਰਿਤ ਸਟੇਟ ਗ਼ੈਰ-ਧਰਮੀਆਂ ਨਾਲ ਤਾਂ ਵਿਤਕਰਾ ਕਰੇਗੀ ਹੀ, ਖ਼ੁਦ ਇਕੋ ਧਰਮ ਵਾਲੇ ਵੀ ਉਸ ਵਿਚ ਸੁਰੱਖਿਅਤ ਨਹੀਂ। ਪਾਕਿਸਤਾਨ ਵਿਚ ਇਕੋ ਧਰਮ ਦੇ ਹੁੰਦਿਆਂ ਵੀ ਸੂਫ਼ੀ ਅਤੇ ਅਹਿਮਦੀਏ ਸਮਾਜਿਕ ਹਿੰਸਾ ਦਾ ਸ਼ਿਕਾਰ ਹੋ ਗਏ। ਰਵਾਂਡਾ ਵਿਚ ਕੁਝ ਦਹਾਕੇ ਪਹਿਲਾਂ ਹੋਈ ਕਤਲੋਗ਼ਾਰਤ ਵਿਚ ਤਿੰਨ ਸਾਲਾਂ ਦੌਰਾਨ ਦਸ ਲੱਖ ਬੰਦੇ ਕੁਹਾੜੀਆਂ ਨਾਲ ਵੱਢ ਦਿੱਤੇ ਗਏ। ਮਾਰਨ ਤੇ ਮਰਨ ਵਾਲੇ ਦੋਵੇਂ ਮੁਸਲਮਾਨ ਸਨ। ਮਾਰਨ ਵਾਲੇ ਅਰਬੀ ਮੂਲ ਦੇ, ਮਰਨ ਵਾਲੇ ਅਫ਼ਰੀਕੀ ਮੂਲ ਦੇ। ਮਹਾਂਭਾਰਤ ਵਿਚ ਦੋਵੇਂ ਪਾਸਿਓਂ ਲੜਣ ਵਾਲੇ ਇਕੋ ਧਰਮ ਦੇ ਸਨ। ਸਾਡੇ ਆਪਣੇ ਪੰਜਾਬ ਵਿਚ ਚੱਲੀ ਪਿਛਲੀ ਹਿੰਸਾ ਦੌਰਾਨ ਮਾਰਨ ਤੇ ਮਰਨ ਵਾਲੇ ਕਿੰਨੇ ਹੀ ਜਣੇ ਇਕੋ ਧਰਮ ਦੇ ਸਨ ਪਰ ਕਿਸੇ ਨੇ ਕਿਸੇ ’ਤੇ (ਇਕੋ ਧਰਮ ਦਾ ਹੋਣ ਕਰਕੇ) ਤਰਸ ਨਾ ਕੀਤਾ।
ਅੱਜ ਕਿਸੇ ਵੀ ਵਿਅਕਤੀ ਲਈ ਆਪਣੀ ਜੰਮਣ-ਭੋਇੰ ਵਾਲੇ ਪਿੰਡ, ਸ਼ਹਿਰ, ਸੂਬੇ ਜਾਂ ਦੇਸ਼ ਵਿਚ ਸਦਾ ਲਈ ਰਹਿਣਾ ਸੰਭਵ ਨਹੀਂ ਰਿਹਾ। ਰੁਜ਼ਗਾਰ ਖ਼ਾਤਰ ਪੰਜਾਬੀ ਪਿਛਲੀ ਇਕ ਸਦੀ ਤੋਂ ਪੰਜਾਬ ਕੀ, ਹਿੰਦੋਸਤਾਨ ਵਿਚੋਂ ਵੀ ਬਾਹਰ ਜਾ ਕੇ ਰਹਿ ਰਹੇ ਹਨ। ਕੈਨੇਡਾ ਤੇ ਇੰਗਲੈਂਡ, ਦੋਹੀਂ ਥਾਈਂ ਘੱਟੋ-ਘੱਟ ਅੱਠ-ਅੱਠ ਲੱਖ ਪੰਜਾਬੀ ਵਸਦੇ ਹਨ। ਜੇ ਕੈਨੇਡਾ ਜਾਂ ਇੰਗਲੈਂਡ ਧਰਮ ਆਧਾਰਿਤ ਇਸਾਈ ਸਟੇਟ ਹੁੰਦੇ ਤਾਂ ਕੀ ਉਹ ਵਸ ਸਕਦੇ ਸਨ?
ਟੋਰਾਂਟੋ ਲਾਗਲੇ ਸ਼ਹਿਰ ਹੈਮਿਲਟਨ ਵਿਚ ਅੱਜ ਤੋਂ 30 ਸਾਲ ਪਹਿਲਾਂ ਤਕ ਸਕੂਲਾਂ ਵਿਚ ਸਵੇਰੇ ਇਸਾਈ ਪ੍ਰਾਰਥਨਾ ਹੁੰਦੀ ਸੀ। ਯਹੂਦੀ ਅਤੇ ਮੁਸਲਮਾਨ ਲੋਕਾਂ ਨੇ ਇਤਰਾਜ਼ ਕੀਤਾ ਤਾਂ ਦੋ-ਤਿਹਾਈ ਇਸਾਈ ਵੱਸੋਂ ਹੋਣ ਦੇ ਬਾਵਜੂਦ ਧਾਰਮਿਕ ਸਹਿਹੋਂਦ ਦਾ ਸਬੂਤ ਦਿੰਦਿਆਂ ਇਸਾਈ ਬਹੁਗਿਣਤੀ ਵਾਲੇ ਸਕੂਲ ਬੋਰਡ ਵੱਲੋਂ ਪ੍ਰਾਰਥਨਾ ਬੰਦ ਕਰ ਦਿੱਤੀ ਗਈ। ਮੇਰਾ ਬੇਟਾ ਜਿਸ ਕੈਨੇਡੀਅਨ ਸਕੂਲ ਵਿਚ ਪੜ੍ਹਦਾ ਹੈ, ਓਥੇ 500 ਵਿਚੋਂ ਸਿਰਫ਼ 15 ਬੱਚੇ ਪੰਜਾਬੀ ਤੇ ਕੁੱਲ 25 ਬੱਚੇ ਹਿੰਦੋਸਤਾਨੀ ਹਨ, ਪਰ ਦੀਵਾਲੀ ਅਤੇ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦਾ ਜ਼ਿਕਰ ਹਰ ਸਾਲ ਸਮਾਂ ਆਉਣ ’ਤੇ ਸਕੂਲ ਦੀ ਸਵੇਰ ਵਾਲੀ ਅਸੈਂਬਲੀ ਵਿਚ ਕੀਤਾ ਜਾਂਦਾ ਹੈ। ਸਾਨੂੰ ਇਨ੍ਹਾਂ ਤੋਂ ਸਿੱਖਣ ਦੀ ਲੋੜ ਹੈ ਕਿ ਆਪਣਾ ਬਹੁ-ਗਿਣਤੀ ਅਧਿਕਾਰ ਦੂਜੇ (ਘੱਟਗਿਣਤੀ ਵਾਲੇ) ਨੂੰ ਸੌਖਾ ਕਰਨ ਲਈ ਕਿਵੇਂ ਪਾਸੇ ਰੱਖਣਾ ਹੈ।
ਪੰਜਾਬ ਸ਼ਾਇਦ ਮਨੁੱਖੀ ਇਤਿਹਾਸ ਦਾ ਹੀ ਸਭ ਤੋਂ ਵੱਡਾ ਜਮਹੂਰੀ ਤਜਰਬਾ ਸੀ। ਇੱਥੇ ਪੰਜ ਤੋਂ ਵੱਧ ਧਰਮਾਂ ਦੇ ਲੋਕ ਵਖਰੇਵਿਆਂ ਦੇ ਬਾਵਜੂਦ ਸਦੀਆਂ ਤਕ ਇਕੱਠੇ ਵਸਦੇ ਰਹੇ ਹਨ। ਉਨ੍ਹਾਂ ਵਿਚ ਝਗੜੇ ਵੀ ਹੋਏ, ਹਥਿਆਰਬੰਦ ਲੜਾਈਆਂ ਵੀ, ਪਰ ਕਿਸੇ ਨੇ ਕਦੀ ਧਰਮ ਆਧਾਰਿਤ ਵੱਖੋ ਵੱਖਰਾ ਦੇਸ ਬਣਾ ਕੇ ਰਹਿਣ ਬਾਰੇ ਕਦੀ ਸੋਚਿਆ ਵੀ ਨਹੀਂ। ਉਦੋਂ ਤਕ ਨਹੀਂ ਸੋਚਿਆ- ਜਦ ਤਾਈਂ ਅੰਗਰੇਜ਼ਾਂ ਨੇ ਇਹ ‘ਕਾਢ’ ਸਾਡੇ ਦਿਮਾਗ਼ਾਂ ਵਿਚ ਨਹੀਂ ਭਰ ਦਿੱਤੀ। ਸਿੱਖਾਂ ਦੀ ਅਰਦਾਸ ਵਿਚ ਅੱਜ ਵੀ ਮੁਸਲਮਾਨਾਂ ਵੱਲੋਂ ਚਰਖੜੀਆਂ ’ਤੇ ਚੜ੍ਹਾਏ, ਦੇਗਾਂ ਵਿਚ ਉਬਾਲੇ, ਕੀਮਾ-ਕੀਮਾ ਕੀਤੇ ਗਏ ਆਪਣੇ ਸਿੱਖ ਪੂਰਵਜਾਂ ਨੂੰ ਹਰ ਗੁਰਦੁਆਰੇ ਵਿਚ ਹਰ ਰੋਜ਼ ਯਾਦ ਕੀਤਾ ਜਾਂਦਾ ਹੈ, ਪਰ ਉਨ੍ਹਾਂ ਸ਼ਹੀਦ ਹੋਣ ਵਾਲਿਆਂ ਨੇ ਕਦੇ ਕੋਈ ਧਰਮ ਆਧਾਰਿਤ ਦੇਸ਼ ਬਣਾਉਣ ਬਾਰੇ ਨਹੀਂ ਸੋਚਿਆ। ਮਹਾਰਾਜਾ ਰਣਜੀਤ ਸਿੰਘ ਦੀ ਸਭ ਤੋਂ ਵੱਡੀ ਦੂਰਅੰਦੇਸ਼ੀ ਇਹੀ ਸੀ ਕਿ ਉਹਨੇ ਆਪਣੇ ਰਾਜ ਨੂੰ ਅਖੌਤੀ ਸਿੱਖ-ਰਾਜ ਬਣਾਉਣ ਦਾ ਯਤਨ ਨਹੀਂ ਕੀਤਾ, ਨਾ ਮੁਸਲਮਾਨਾਂ ਤੋਂ ਗਿਣ ਗਿਣ ਕੇ ਆਪਣੇ ਬਜ਼ੁਰਗਾਂ ਦੇ ਬਦਲੇ ਲਏ। ਮਹਾਰਾਜੇ ਨੇ ਆਪਣੀ ਸੱਤਾ ਵਿਚ ਹਿੰਦੂਆਂ ਤੇ ਮੁਸਲਮਾਨਾਂ ਨੂੰ ਬਰਾਬਰ ਦੀ ਭਾਈਵਾਲੀ ਦਿੱਤੀ। ਉਹ ਜਾਣਦਾ ਸੀ ਕਿ ਇਹ ਧਰਤੀ ਸਭ ਧਰਮਾਂ ਦੀ ਸਾਂਝੀ ਹੈ।
ਪੰਜਾਬ ਇਕ ਧਰਤੀ ਸੀ। ਇਹਦੇ ਵਸਨੀਕ ਕਈ ਹਜ਼ਾਰ ਸਾਲ ਪਹਿਲਾਂ ਵੈਦਿਕ ਸੱਭਿਆਚਾਰ ਦੇ ਪ੍ਰਭਾਵ ਹੇਠ ਆਏ, ਸਮਾਂ ਪਾ ਕੇ ਕੁਝ ਜਣੇ ਬੋਧੀ ਹੋ ਗਏ, ਹੋਰ ਵਕਤ ਬੀਤਣ ’ਤੇ ਕਈ ਮੁਸਲਮਾਨ ਹੋ ਗਏ, ਤੇ ਇਉਂ ਹੀ ਉਨ੍ਹਾਂ ਵਿਚੋਂ ਕੁਝ ਸਿੱਖ ਤੇ ਫੇਰ ਇਸਾਈ ਬਣੇ। ਬਾਹਰੋਂ ਆਏ ਥੋੜ੍ਹੇ ਜਿਹੇ ਜਣਿਆਂ ਨੂੰ ਛੱਡ ਕੇ ਇਹ ਇਕ ਹੀ ਵੱਸੋਂ ਸੀ ਜਿਹੜੀ ਵੱਖੋ ਵੱਖਰੇ ਧਰਮ ਅਪਣਾਉਂਦੀ ਰਹੀ। ਉਨ੍ਹਾਂ ਦਾ ਖਾਣਾ-ਪੀਣਾ, ਪਹਿਣਨਾ, ਸੱਭਿਆਚਾਰ, ਮੇਲੇ, ਬੋਲੀ ਤੇ ਜਿਉਣ ਦਾ ਤਰੀਕਾ ਉਹੀ ਰਿਹਾ। ਧਰਮ ਨਹੀਂ, ਉਹ ਭਾਸ਼ਾ ਅਤੇ ਸੱਭਿਆਚਾਰ ਹੀ ਪੰਜਾਬੀਆਂ ਦੀ ਧੁਰੀ ਹੈ ਜਿਸ ਦੁਆਲੇ ਉਹ ਅੱਜ ਵੀ ਘੁੰਮਦੇ ਹਨ।
ਪੰਜਾਬੀਆਂ ਨੇ ਧਰਮ ਨੂੰ ਪਿਆਰ ਕੀਤਾ ਹੈ, ਪਰ ਜਿਉਣ ਨੂੰ ਸਦਾ ਧਰਮ ਨਾਲੋਂ ਵੱਡਾ ਸਮਝਿਆ ਹੈ। ਨਵਤੇਜ ਭਾਰਤੀ ਦੱਸਦੇ ਹਨ: ਪੰਜਾਬ ਦੇ ਪਿੰਡਾਂ ਵਿਚ ਹਿੰਦੂ ਤੇ ਸਿੱਖ ਦੋਵੇਂ ਹੀ ਗੁੱਗੇ ਪੀਰ ਦੀ ਸਮਾਧ ਕੋਲੋਂ ਲੰਘਦਿਆਂ ਸਿਰ ਝੁਕਾ ਲੈਂਦੇ ਸਨ। ਜੇ ਨੈਣਾਂ ਦੇਵੀ ਲਈ ਜੱਥਾ ਜਾ ਰਿਹਾ ਹੁੰਦਾ ਤਾਂ ਉਨ੍ਹੀਂ ਦਨਿੀਂ ਖੇਤੀ ਦੇ ਕੰਮੋਂ ਵਿਹਲੇ ਹੋਣ ਦੀ ਸੂਰਤ ਵਿਚ ਕਈ ਸਿੱਖ ਵੀ ਨਾਲ ਚਲੇ ਜਾਂਦੇ। ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਟਰੱਕ ਟੈਂਪੂ ਜਾਣ ਲੱਗਦਾ ਤਾਂ ਜਿਹੜਾ ਹਿੰਦੂ ਜਾ ਸਕਦਾ ਉਹ ਚਲਾ ਜਾਂਦਾ। ਸਾਕਾ ਨੀਲਾ ਤਾਰਾ ਤੋਂ ਪਹਿਲਾਂ ਤੜਕੇ ਦਰਬਾਰ ਸਾਹਿਬ ਮੱਥਾ ਟੇਕ ਕੇ ਕੰਮ ’ਤੇ ਜਾਣ ਵਾਲਿਆਂ ਵਿਚ ਹਿੰਦੂਆਂ ਦੀ ਗਿਣਤੀ ਸ਼ਾਇਦ ਸਿੱਖਾਂ ਜਿੰਨੀ ਹੀ ਸੀ। ਵੰਡ ਤੋਂ ਪਹਿਲਾਂ ਮੇਰੀ ਨਾਨੀ ਲਾਇਲਪੁਰ ਰਹਿੰਦੀ ਸੀ। ਕੁਝ ਬਲਵਈ ਪਿੰਡ ਦਾ ਗੁਰਦੁਆਰਾ ਲੁੱਟਣ ਆ ਗਏ। ਪਿੰਡ ਦੇ ਸਿੱਖ ਬਾਹਰ ਖੇਤਾਂ ਵਿਚ ਸਨ। ਹਿੰਦੂਆਂ ਅਤੇ ਮੁਸਲਮਾਨਾਂ ਨੇ ਰਲ ਕੇ ਉਸ ਗੁਰਦੁਆਰੇ ਦੀ ਰਾਖੀ ਕੀਤੀ ਜਿਸ ਵਿਚ ਮੁਸਲਮਾਨ ਰਬਾਬੀ ਕੀਰਤਨ ਕਰਨ ਆਉਂਦੇ ਸਨ। ਮੇਰੇ ਅੱਧੇ ਮਿੱਤਰ ਹਿੰਦੂ ਤੇ ਅੱਧੇ ਸਿੱਖ ਹਨ। ਮੈਂ ਉਸ ਭੀੜ ਵਿਚ ਹਰਗਿਜ਼ ਖੜ੍ਹਾ ਨਹੀਂ ਹੋਣਾ ਜਿਹੜੀ ਮੇਰੇ ਮਿੱਤਰਾਂ ਦੀ ਮਾਰ-ਕਾਟ ਜਾਂ ਉਜਾੜੇ ਦਾ ਕਾਰਨ ਬਣੇਗੀ...।
ਪੰਜਾਬੀ ਮਾਣਯੋਗ ਕੌਮ ਹਨ। ਮਾਣਯੋਗ ਕੌਮਾਂ ਜਿਉਣ ਲਈ ਮਾਣ ਲੱਭਦੀਆਂ ਹਨ। ਬਦਕਿਸਮਤੀ ਨਾਲ ਜਿਹੜੀ ਸੱਭਿਅਤਾ ਜਾਂ ਕੌਮ ਆਪਣੇ ਵਰਤਮਾਨ ’ਤੇ ਮਿਹਨਤ ਨਾ ਕਰੇ, ਜਾਂ ਉਸ ਕੋਲ ਵਰਤਮਾਨ ਵਿਚ ਮਾਣ ਕਰਨ ਲਈ ਕੁਝ ਨਾ ਹੋਵੇ ਤਾਂ ਉਹ ਵਾਰ ਵਾਰ ਇਤਿਹਾਸ ਵਿਚ ਪਰਤਦੀ ਹੈ। ਉਹ ਇਤਿਹਾਸ ਵਿਚਲੇ ਉਹ ਕੰਮ ਮੁੜ ਕਰਨ ਦੀ ਕੋਸ਼ਿਸ਼ ਕਰਦੀ ਹੈ ਜਿਸ ਨਾਲ ਕਦੀ ਮਾਣ ਹਾਸਲ ਹੋਇਆ ਹੋਵੇ। ਅੱਜ ਦਾ ਪੰਜਾਬ ਸ਼ਾਇਦ ਅਜਿਹੀ ਘੁੰਮਣਘੇਰੀ ਵਿਚ ਹੀ ਫਸ ਗਿਆ ਹੈ। ਹਰੇ ਇਨਕਲਾਬ ਤੋਂ ਬਾਅਦ ਇਹਦੇ ਕੋਲ ਮਾਣਯੋਗ ਪ੍ਰਾਪਤੀ ਦੀ ਕਮੀ ਹੋ ਗਈ ਹੈ। ਅਸੀਂ ਮਾਨਸਿਕ ਤੌਰ ’ਤੇ ਬੀਤੇ ਵਿਚ ਪਰਤ ਕੇ, ਅੱਜ ਦੇ ਵਰਤਮਾਨ ਵਿਚ ਮੁੜ ਮੁੜ ਸ਼ਹੀਦ ਹੋਣ ਦੇ ਨਵੇਂ ਨਵੇਂ ਕਾਰਨ ਅਤੇ ਰਾਹ ਲੱਭਣ ਲੱਗੇ ਹਾਂ। ਸਾਨੂੰ ਭੁੱਲ ਗਿਆ ਹੈ ਕਿ ਇਤਿਹਾਸ ਪ੍ਰੇਰਣਾ ਬਣ ਸਕਦਾ ਹੈ, ਸਾਡਾ ਵਰਤਮਾਨ ਨਹੀਂ ਬਣ ਸਕਦਾ।
ਰਾਜਨੀਤਕ ਪ੍ਰਬੰਧ ਬਦਲਦਾ ਹੈ ਤਾਂ ਲੜਨ ਦਾ ਤਰੀਕਾ ਵੀ ਬਦਲਦਾ ਹੈ। ਔਰੰਗਜ਼ੇਬ ਦੇ ਰਾਜ ਵਿਚ ਤਲਵਾਰ ਨਾਲ ਵਾਪਰਦਾ ਜ਼ੁਲਮ ਸ਼ਸਤਰਧਾਰੀ ਹੋ ਕੇ ਲੜਿਆ ਜਾ ਸਕਦਾ ਸੀ। ਡੈਮੋਕ੍ਰੇਸੀ ਵਿਚ ਯੁੱਧ ਵਿਚਾਰ, ਪ੍ਰਚਾਰ, ਵਟਾਂਦਰੇ, ਮੀਡੀਆ, ਜਾਣਕਾਰੀ, ਕਾਨੂੰਨੀ ਸੰਘਰਸ਼ ਅਤੇ ਸ਼ਾਂਤਮਈ ਏਕੇ ਨਾਲ ਲੜਿਆ ਜਾਂਦਾ ਹੈ। ਪੰਜਾਬ ਨੇ ਕਿਸਾਨ ਮੋਰਚੇ ਦੇ ਰੂਪ ਵਿਚ ਇਹ ਕੰਮ ਕਰ ਕੇ ਵਿਖਾਇਆ ਹੈ। ਇਹ ਉਦਾਹਰਣ ਅਜੇ ਨਵੀਂ ਤੇ ਨਰੋਈ ਹੈ।
ਜਿਹੜੇ ਲੋਕ ਅੱਜ ਹਿੰਦੋਸਤਾਨ ’ਤੇ ਰਾਜ ਕਰਦਿਆਂ ਇਹਨੂੰ ਹਿੰਦੂ ਸਟੇਟ ਬਣਾਉਣ ਦੀ ਕੋਸ਼ਿਸ਼ ਵਿਚ ਹਨ, ਉਨ੍ਹਾਂ ਨਾਲ ਸਾਡੀ ਅਸਹਿਮਤੀ ਹੈ। ਪੰਜਾਬ ਵਿਚ ਸਿੱਖ ਸਟੇਟ ਦੀ ਮੰਗ ਦੇਸ਼ ਵਿਚ ਹਿੰਦੂ ਸਟੇਟ ਦਾ ਵਿਰੋਧ ਨਹੀਂ ਕਰਦੀ ਸਗੋਂ ਹਿੰਦੂ ਸਟੇਟ ਨੂੰ ਨੈਤਿਕ ਤੌਰ ’ਤੇ ‘ਜਾਇਜ਼’ ਠਹਿਰਾਉਂਦੀ ਹੈ। ਨਾ ਇਹ ਸਹੀ ਹੈ, ਨਾ ਇਹ ਲੋੜੀਂਦਾ ਹੈ, ਨਾ ਇਹ ਵਾਪਰਨਾ ਚਾਹੀਦਾ ਹੈ, ਨਾ ਅਸੀਂ ਵਾਪਰਨ ਦੇਣਾ ਹੈ।
ਪਿਛਲੇ ਦੋ ਦਹਾਕਿਆਂ ਤੋਂ ਸਾਰੇ ਸੰਸਾਰ ਵਿਚ ਸੱਤਾ ਹਥਿਆਉਣ ਲਈ ਇਕ ਨਵਾਂ ਫਾਰਮੂਲਾ ਵਰਤਿਆ ਜਾ ਰਿਹਾ ਹੈ। ਇਸ ਨੂੰ ਵਰਤਣ ਵਾਲੀ ਪਾਰਟੀ ਦੇਸ਼ ਦੇ ਬਹੁਗਿਣਤੀ ਲੋਕਾਂ ਨੂੰ ਘੱਟਗਿਣਤੀਆਂ (ਦੇ ਧਰਮ ਜਾਂ ਸਭਿਆਚਾਰ) ਤੋਂ ਖ਼ਤਰਾ ਵਿਖਾਉਂਦੀ ਹੈ ਤੇ ਉਨ੍ਹਾਂ ਨੂੰ ਦੇਸ਼ ਵਿਰੋਧੀ ਗਰਦਾਨਦੀ ਹੈ।
ਸੰਸਾਰ ਤਿੰਨ ਚੀਜ਼ਾਂ ਦਾ ਬਣਿਆ ਹੋਇਆ ਹੈ: ਪਦਾਰਥ, ਊਰਜਾ ਤੇ ਚੇਤਨਾ ਦਾ। ਪਦਾਰਥ ਤੇ ਊਰਜਾ ਨੂੰ ਅਸੀਂ ਵਿਗਿਆਨ ਰਾਹੀਂ ਬਿਹਤਰ ਸਮਝ ਸਕਦੇ ਹਾਂ। ਨਿੱਕੇ ਅਣੂ ਤੋਂ ਲੈ ਕੇ ਵੱਡੀ ਤੋਂ ਵੱਡੀ ਹਰ ਵਸਤੂ ਅਤੇ ਜੀਅ ਵਿਚ (ਵੱਖੋ ਵੱਖੀ ਮਾਤਰਾ ਵਿਚ) ਚੇਤਨਾ ਪਸਰੀ ਹੋਈ ਹੈ। ਧਰਮ ਸਾਰੀ ਹੀ ਸ੍ਰਿਸ਼ਟੀ ਵਿਚ ਪਸਰੀ ਹੋਈ ਚੇਤਨਾ ਦਾ ਸਿੱਧਾ ਸਾਖਿਅਤਕਾਰ ਕਰਨ ਦੀ ਵਿਧੀ ਹੈ। ਜਨਿ੍ਹਾਂ ਧਾਰਮਿਕ ਰਹਬਿਰਾਂ ਨੂੰ ਇਹ ਅਨੁਭਵ ਹੋਇਆ - ਉਹ ਪ੍ਰੇਮ ਕਰੁਣਾ ਅਤੇ ਦੂਰ-ਦ੍ਰਿਸ਼ਟੀ ਨਾਲ ਭਰ ਗਏ ਤੇ ਸਾਨੂੰ ਆਪੋ ਵਿਚ ਜੋੜ ਦਿੱਤਾ। ਉਨ੍ਹਾਂ ਨੂੰ ਸਾਰਾ ਸੰਸਾਰ ਇਕੋ ਚੇਤਨਾ ਦਾ ਬਣਿਆ ਦਿਸਿਆ। ਪਰ ਇਹ ਅਨੁਭਵ ਨਿਤਾਂਤ ਨਿੱਜੀ ਹੈ। ਨਾ ਕੋਈ ਦੂਜਾ ਇਹ ਅਨੁਭਵ ਸਾਨੂੰ ਦੇ ਸਕਦਾ ਹੈ, ਨਾ ਉਹ ਸਾਡੇ ਅਨੁਭਵ ਵਿਚ ਰੁਕਾਵਟ ਪਾ ਸਕਦਾ ਹੈ। ਇਸ ਲਈ ਕਿਸੇ ਧਾਰਮਿਕ ਮਨੁੱਖ ਨੂੰ ਦੂਜੇ ਧਾਰਮਿਕ ਮਨੁੱਖ ਤੋਂ ਕੋਈ ਖ਼ਤਰਾ ਨਹੀਂ। ਇਸ ਅਨੁਭਵ ਲਈ ਵਧੇਰੇ ਕੰਮ ਹਰ ਬੰਦੇ ਨੇ ਆਪਣੇ ਅੰਦਰ ਹੀ ਕਰਨਾ ਹੁੰਦਾ ਹੈ। ਸੁਰਤ ਇਕ ਵੇਲੇ ਜਾਂ ਤਾਂ ਅੰਦਰ ਜਾ ਸਕਦੀ ਹੈ ਜਾਂ ਬਾਹਰ ਦੀ ਚੀਜ਼ ਵੇਖ ਸਕਦੀ ਹੈ। ਧਰਮ ਵਿਚ ਦਾਖ਼ਲ ਹੋਣ ਵੇਲ਼ੇ ਸੁਰਤ ਨੇ ਆਪਣੇ ਅੰਦਰ ਜਾਣਾ ਤੇ ਆਪਣਾ ਆਪ ਪੂਰੀ ਤਰ੍ਹਾਂ ਵੇਖਣਾ ਹੁੰਦਾ ਹੈ। ਇਸ ਲਈ ਧਰਮ ਨੂੰ ਬਾਹਰ ਜਾਂ ਬਾਜ਼ਾਰ ਵਿਚ ਲਿਆਉਣਾ ਹੀ ਮੁੱਢਲੇ ਤੌਰ ’ਤੇ ਧਰਮ ਤੋਂ ਉਲਟ ਦਿਸ਼ਾ ਵਿਚ ਜਾਣ ਵਾਲੀ ਗੱਲ ਹੈ।
ਜਿਹੜਾ ਫ਼ਾਜ਼ਿਲਕੇ ਤੋਂ ਚੰਡੀਗੜ੍ਹ ਆ ਰਿਹਾ ਹੈ ਉਹਦਾ ਮੂੰਹ ਪੂਰਬ ਵੱਲ ਹੈ। ਜਿਹੜਾ ਦੇਹਰਾਦੂਨ ਤੋਂ ਚੰਡੀਗੜ੍ਹ ਆ ਰਿਹਾ ਹੈ ਉਹਦਾ ਮੂੰਹ ਪੱਛਮ ਵੱਲ ਹੈ। ਦੋਵੇਂ ਇਕ ਦੂਜੇ ਤੋਂ ਉਲਟ ਦਿਸ਼ਾ ਵਿਚ ਜਾਂਦੇ ਜਾਪਦੇ ਵੀ ਇਕੋ ਥਾਂ ’ਤੇ ਪਹੁੰਚ ਜਾਣਗੇ। ਜੇ ਉਹ ਦੋਸਤ ਹੋਣ ਅਤੇ ਆਪੋ ਆਪਣੀ ਥਾਂ ਤੋਂ ਤੁਰਨ ਵੇਲੇ ਦਿਸ਼ਾ ਦਾ ਝਗੜਾ ਕਰਨ ਲੱਗਣ ਤਾਂ ਉਹ ਝੱਲੇ ਹਨ। ਸਭ ਧਰਮ ਇਕੋ ਰੱਬ ਦੀ ਹੋਂਦ ਸਵੀਕਾਰ ਕਰਦੇ ਹਨ। ਇਸ ਅਨੁਸਾਰ ਹਰ ਧਰਮ ਦੇ ਰਾਹ ਚੱਲਣ ਵਾਲਾ ਬੰਦਾ ਫਿਰ ਇਕੋ ਪਾਸੇ ਹੀ ਜਾ ਰਿਹਾ ਹੈ।
ਜੇ ਹਿੰਦੋਸਤਾਨ ਦੀ ਵੰਡ ਨਾ ਹੋਈ ਹੁੰਦੀ ਤਾਂ ਅਸੀਂ ਕਿਤੇ ਵੱਧ ਖੁਸ਼ਹਾਲ ਤੇ ਤਾਕਤਵਰ ਦੇਸ ਹੁੰਦੇ। ਪੂਰਬੀ ਪੰਜਾਬ ਕੋਲੋਂ ਲਾਹੌਰ ਖੁੱਸ ਗਿਆ ਤਾਂ ਅਸੀਂ ਸੱਭਿਆਚਾਰਕ ਤੌਰ ’ਤੇ ਗ਼ਰੀਬ ਹੋ ਗਏ। ਧਾਰਮਿਕ ਵੰਡ ਕਾਰਨ ਗੁਰਦੁਆਰੇ ਖੁੱਸ ਗਏ ਤਾਂ ਸਿੱਖ ਧਰਮ ਆਪਣੀ ਪਹੁੰਚ ਤੇ ਪਸਾਰ ਵਿਚ ਗ਼ਰੀਬ ਹੋ ਗਿਆ, ਮੁਸਲਮਾਨ ਅਜਮੇਰ ਸ਼ਰੀਫ ਤੋਂ ਵਿੱਛੜ ਗਿਆ। ਜ਼ਮੀਨਾਂ ਹੀ ਨਹੀਂ, ਸਾਡੇ ਗੀਤ ਰਾਗ ਮੇਲੇ ਅਤੇ ਸਾਹਿਤ ਵੀ ਓਧਰ ਰਹਿ ਗਏ।
ਤੀਹ ਸਾਲ ਪਹਿਲਾਂ ਮੈਂ ਕੈਨੇਡਾ ਪੜ੍ਹਨ ਆਇਆ ਤਾਂ ਕਾਲਜ ਦਾ ਮਾਹੌਲ ਬੜਾ ਮਾਰੂ, ਥਕਾਊ, ਇਕੱਲਾ ਤੇ ਉਦਾਸ ਲੱਗਾ। ਦੋ ਮਹੀਨੇ ਮਗਰੋਂ ਮੈਂ ਪਰਤ ਜਾਣ ਬਾਰੇ ਸੋਚ ਹੀ ਰਿਹਾ ਸਾਂ ਕਿ ਇਕ ਯਹੂਦੀ ਪ੍ਰੋਫ਼ੈਸਰ ਤੇ ਸਰਜਨ ਮਾਰਕ ਹਰਟਿਗ ਨੇ ਮੈਨੂੰ ਹੱਲਾਸ਼ੇਰੀ ਦੇ ਕੇ ਆਖਿਆ - “ਤੂੰ ਚੰਗਾ ਕੰਮ ਕਰਦਾ ਹੈਂ, ਪਰਦੇਸ ਵਿਚ ਦਿਲ ਨਾ ਛੱਡੀਂ।” ਸਾਡੀ ਦੋਸਤੀ ਦੇ ਕੁਝ ਸਾਲਾਂ ਮਗਰੋਂ ਇਕ ਦਨਿ ਉਸ ਕਿਹਾ: “ਅੰਗਰੇਜ਼ਾਂ ਨੇ ਬੜਾ ਉਪਕਾਰ ਕੀਤਾ ਤੁਹਾਡੇ ’ਤੇ। ਵਰਨਾ ਤੁਹਾਡੇ ਕੋਲ ਨਾ ਡਾਕਖਾਨਾ ਹੋਣਾ ਸੀ, ਨਾ ਰੇਲਗੱਡੀਆਂ ਨਾ ਕਾਲਜ ਨਾ ਵਿਦਿਆ।”
ਮੈਂ ਆਖਿਆ: “ਮਾਰਕ! ਮੈਂ ਸੌਦਾ ਕਰਨ ਨੂੰ ਤਿਆਰ ਹਾਂ। ਅੰਗਰੇਜ਼ਾਂ ਨੂੰ ਕਹਿ - ਆਪਣੀਆਂ ਸਾਰੀਆਂ ਗੱਡੀਆਂ, ਡਾਕਖਾਨੇ ਤੇ ਕਾਲਜ ਮੇਰੇ ਦੇਸੋਂ ਚੁੱਕ ਕੇ ਲੈ ਜਾਣ। ਸਾਡਾ ਕੋਈ ਬੰਦਾ ਅੰਗਰੇਜ਼ੀ ਨਹੀਂ ਬੋਲੇਗਾ। ਮੇਰੇ ਟੱਬਰ ਦੀ ਢਾਈ ਸੌ ਕਿੱਲੇ ਪੈਲ਼ੀ ਵੀ ਰੱਖ ਲੈਣ। ਪਰ ਬਦਲੇ ਵਿਚ ਮੈਨੂੰ ਮੇਰਾ ਅਣਵੰਡਿਆ ਦੇਸ਼ ਮੋੜ ਦੇਣ! ਉਸ ਬਨਿਾ ਅਸੀਂ ਅੱਜ ਤਕ ਵੀ ਉਦਾਸ ਤੇ ਅਧੂਰੇ ਹਾਂ...।”

Advertisement

Advertisement