For the best experience, open
https://m.punjabitribuneonline.com
on your mobile browser.
Advertisement

ਮੇਰਾ ਸਕੂਲ

12:32 PM Feb 06, 2023 IST
ਮੇਰਾ ਸਕੂਲ
Advertisement

ਡਾ. ਕੁਲਦੀਪ ਸਿੰਘ

Advertisement

ਮੈਂ 1972 ਵਿਚ ਪਿੰਡ ਦੇ ਪ੍ਰਾਇਮਰੀ ਸਕੂਲ ਤੋਂ ਪੰਜਵੀਂ ਪਾਸ ਕੀਤੀ। ਛੇਵੀਂ ਕਲਾਸ ਦੀ ਪੜ੍ਹਾਈ ਲਈ ਮੇਰੇ ਪਿਤਾ ਜੀ ਨੇ ਲਾਗਲੇ ਪਿੰਡ ਦੇ ਹਾਈ ਸਕੂਲ ਵਿਚ ਦਾਖਲਾ ਕਰਵਾ ਦਿੱਤਾ ਜਿੱਥੇ ਉਹ ਅਧਿਆਪਕ ਅਤੇ ਤਾਇਆ ਜੀ ਮੁੱਖ ਅਧਿਆਪਕ ਸਨ ਪਰ ਜੂਨ ਦੀਆਂ ਛੁੱਟੀਆਂ ਤੋਂ ਬਾਅਦ ਪਿੰਡ ਦਾ ਪ੍ਰਾਇਮਰੀ ਸਕੂਲ ਅਪਗ੍ਰੇਡ ਹੋ ਕੇ ਮਿਡਲ ਹੋ ਗਿਆ। ਪਿਤਾ ਜੀ ਨੇ ਹਾਈ ਸਕੂਲ ਵਿਚੋਂ ਹਟਾ ਕੇ ਪਿੰਡ ਦੇ ਅਪਗ੍ਰੇਡ ਹੋ ਕੇ ਮਿਡਲ ਬਣੇ ਸਕੂਲ ਵਿਚ ਦਾਖਲ ਕਰਵਾ ਦਿੱਤਾ ਕਿ ਮੇਰੇ ਦਾਖਲ ਹੋਣ ਨਾਲ ਪਿੰਡ ਦੇ ਹੋਰ ਪਰਿਵਾਰਾਂ ਦੇ ਬੱਚੇ ਵੀ ਦਾਖਲਾ ਲੈ ਲੈਣਗੇ। ਸੋ, ਮੈਂ ਆਪਣੇ ਪਿੰਡ ਦੇ ਸਕੂਲ ਦਾ ਛੇਵੀਂ ਕਲਾਸ ਦਾ ਪਹਿਲਾ ਵਿਦਿਆਰਥੀ ਰੋਲ ਨੰਬਰ ਇੱਕ ਬਣ ਗਿਆ। ਸ਼ੁਰੂ ਵਿਚ ਸਾਨੂੰ ਪੜ੍ਹਾਉਣ ਲਈ ਸਾਇੰਸ ਮਾਸਟਰ ਮਲਕੀਤ ਸਿੰਘ ਕਿਸੇ ਹੋਰ ਸਕੂਲ ਵਿਚੋਂ ਬਦਲ ਕੇ ਆ ਗਏ ਅਤੇ ਦੋ ਮਹੀਨੇ ਬਾਅਦ ਗਜ਼ਲਗੋ ਕੇਸਰ ਸਿੰਘ ਨੀਰ ਆ ਗਏ। ਦੋਵੇਂ ਅਧਿਆਪਕ ਰਲਮਿਲ ਕੇ ਸਾਰੇ ਵਿਸ਼ੇ ਪੜ੍ਹਾਉਂਦੇ। ਅਪਰੈਲ 1973 ਤੇ ਅਪਰੈਲ 1974 ਵਿਚ ਸੱਤਵੀਂ ਤੇ ਅੱਠਵੀਂ ਕਲਾਸ ਦਾ ਪਹਿਲਾ ਵਿਦਿਆਰਥੀ, ਰੋਲ ਨੰਬਰ ਇੱਕ, ਮੈਂ ਹੀ ਰਿਹਾ। ਹੌਲੀ ਹੌਲੀ ਅੱਗੇ ਵਧਦਿਆਂ ਵਿਗਿਆਨ ਦੀ ਉਚੇਰੀ ਵਿਦਿਆ ਤੋਂ ਲੈ ਕੇ ਪੀਐੱਚਡੀ ਕਰ ਗਿਆ ਅਤੇ ਸਕੂਲ ਵਿਚ ਅਧਿਆਪਕ, ਮੁੱਖ ਅਧਿਆਪਕ, ਐਜੂਕੇਸ਼ਨ ਕਾਲਜ ਤੇ ਯੂਨੀਵਰਸਿਟੀ ਵਿਚ ਅਧਿਆਪਨ ਕਾਰਜ ਤਕ ਪਹੁੰਚ ਗਿਆ। ਜਿਉਂ ਜਿਉਂ ਅਗਾਂਹ ਪੜ੍ਹਦਾ ਗਿਆ, ਅਕਸਰ ਹੋਰਾਂ ਪੜ੍ਹਿਆਂ-ਲਿਖਿਆਂ ਵਾਂਗ ਪਿੰਡ ਤੋਂ ਟੁੱਟ ਕੇ ਸ਼ਹਿਰੀ ਜੀਵਨ ਜਾਚ ਨਾਲ ਜੁੜ ਗਿਆ।

ਸਾਲ 2000 ਵਿਚ ਅਜਿਹੀ ਘਟਨਾ ਵਾਪਰੀ ਕਿ ਪਿੰਡ ਦੀ ਮਿੱਟੀ ਨਾਲ ਮੋਹ ਰੱਖਣ ਵਾਲੇ ਕੈਨੇਡਾ ਪਰਵਾਸ ਕਰ ਗਏ ਰਣਜੀਤ ਸਿੰਘ ਦਾ ਸੁਨੇਹਾ ਆਇਆ ਕਿ ਪਿੰਡ ਦੇ ਸਰਕਾਰੀ ਸੈਕੰਡਰੀ ਸਕੂਲ ਵਿਚ ਉਹਨਾਂ ਬੱਚਿਆਂ ਨੂੰ ਸਨਮਾਨਿਤ ਕਰਦੇ ਹਾਂ ਜੋ ਪਹਿਲੀ ਤੋਂ ਲੈ ਕੇ ਦਸਵੀਂ ਤਕ ਵੱਖ ਵੱਖ ਕਲਾਸਾਂ ਵਿਚੋਂ ਪਹਿਲੇ, ਦੂਜੇ ਤੇ ਤੀਸਰੇ ਦਰਜੇ ਉਪਰ ਆਉਂਦੇ ਹਨ, ਤੁਸੀਂ ਜ਼ਰੂਰ ਆਉਣਾ ਤੇ ਬੱਚਿਆਂ ਨਾਲ ਵਿਚਾਰ ਵੀ ਸਾਂਝੇ ਕਰਨੇ। ਇਉਂ ਸਕੂਲ ਨਾਲ ਮੁੜ ਜੁੜਨ ਦਾ ਸਬਬ ਬਣ ਗਿਆ। ਬਾਅਦ ਵਿਚ ਰਣਜੀਤ ਸਿੰਘ ਨੇ ਦੱਸਿਆ ਕਿ ਕੈਨੇਡਾ ਵਿਚ ਰਹਿ ਰਹੇ ਕੁਝ ਕੁ ਪਰਿਵਾਰਾਂ ਨੇ ਸੁਰਜੀਤ ਸਿੰਘ ਸੋਹੀ ਦੀ ਅਗਵਾਈ ਵਿਚ ‘ਸੋਹੀਆਂ ਓਵਰਸੀਜ਼ ਐਜੂਕੇਸ਼ਨ ਸੁਸਾਇਟੀ ਕੈਨੇਡਾ’ ਬਣਾਈ ਹੈ ਜਿਸ ਦੀ ਉਸ ਨੂੰ ਬਤੌਰ ਡਾਇਰੈਕਟਰ ਸੇਵਾ ਸੌਂਪੀ ਹੈ, ਸੋ ਤੁਸੀਂ ਵੀ ਇਸ ਕਾਰਜ ਵਿਚ ਸਾਡੇ ਨਾਲ ਜੁੜੋ। ਮੈਂ ਕਿਹਾ ਕਿ ਇਹ ਤਾਂ ਮੇਰਾ ਸੁਭਾਗ ਹੋਵੇਗਾ, ਖ਼ੁਦ ਹੀ ਨਹੀਂ ਜੁੜਾਂਗਾ ਬਲਕਿ ਪਿੰਡ ਦੇ ਜਿਹੜੇ ਪੜ੍ਹੇ ਲਿਖੇ ਬਾਹਰ ਨੌਕਰੀਆਂ ਤੇ ਅਹੁਦਿਆਂ ਉਪਰ ਕਾਰਜ ਹਨ, ਉਹਨਾਂ ਨੂੰ ਵੀ ਨਾਲ ਜੋੜਾਂਗਾ। ਇਉਂ ਮੇਰੀ ਵਚਨਬੱਧਤਾ ਉਹਨਾਂ ਦੀ ਪ੍ਰਤੀਬੱਧਤਾ ਨਾਲ ਜੁੜ ਗਈ।

ਸੁਸਾਇਟੀ ਨੇ ਸਕੂਲ ਵਿਚ ਵਿਦਿਆਰਥੀਆਂ ਦੇ ਮਾਣ ਸਨਮਾਨ ਦੇ ਨਾਲ ਨਾਲ ਉਹਨਾਂ ਦੀ ਹੌਸਲਾ ਅਫਜ਼ਾਈ ਲਈ ਵਿਤੀ ਮਦਦ ਦੇਣੀ ਸ਼ੁਰੂ ਕੀਤੀ ਤੇ ਫਿਰ ਜਿਸ ਵੀ ਕਾਲਜ ਵਿਚ ਸਕੂਲ ਦਾ ਵਿਦਿਆਰਥੀ ਉਚੇਰੀ ਪੜ੍ਹਾਈ ਲਈ ਜਾਂਦਾ, ਉਸ ਦੀ ਪੜ੍ਹਾਈ ਦਾ ਜਿ਼ੰਮਾ ਸੁਸਾਇਟੀ ਨੇ ਚੁੱਕਿਆ। 2008 ਵਿਚ ਸੁਸਾਇਟੀ ਨੂੰ ਜਾਪਿਆ ਕਿ ਕਿੳਂੁ ਨਾ ਹੁਣ ਸਾਇੰਸ ਦਾ ਗਰੁੱਪ ਗਿਆਰਵੀਂ ਤੇ ਬਾਰਵੀਂ ਦਾ ਸ਼ੁਰੂ ਕੀਤਾ ਜਾਵੇ; ਇਸ ਕਾਰਜ ਲਈ ਸੁਸਾਇਟੀ ਨੇ ਸਿੱਖਿਆ ਵਿਭਾਗ ਨਾਲ ਸੰਪਰਕ ਬਣਾਇਆ ਤੇ ਲਿਖ ਕੇ ਦਿੱਤਾ ਕਿ ਸੁਸਾਇਟੀ +1 ਤੇ +2 ਵਿਚ ਵਿਗਿਆਨ ਦੀ ਪੜ੍ਹਾਈ ਵਿਚ ਦਾਖਲ ਹੋਣ ਵਾਲੇ ਵਿਦਿਆਰਥੀਆਂ ਦੀ ਫੀਸ, ਕਿਤਾਬਾਂ, ਕਮਰੇ, ਲੈਬ ਅਤੇ ਅਧਿਆਪਕਾਂ ਦੀਆਂ ਤਨਖਾਹਾਂ ਦਾ ਬੋਝ ਉਠਾਏਗੀ। ਉਸ ਨਾਲ ਮਨਜ਼ੂਰੀ ਮਿਲ ਗਈ ਤੇ ਪਿੰਡ ਦੇ ਸਕੂਲ ਵਿਚ ਸਾਇੰਸ ਦੀ ਪੜ੍ਹਾਈ ਸ਼ੁਰੂ ਹੋ ਗਈ। ਕਈ ਪਿੰਡਾਂ ਦੇ ਸਕੂਲਾਂ ਵਿਚ ਵਿਗਿਆਨ ਦੇ ਲੈਕਚਰਾਰ ਸਨ ਪਰ ਵਿਦਿਆਰਥੀ ਨਹੀਂ ਸਨ। ਸਾਡੇ ਸਕੂਲ ਦੇ ਗਰੁੱਪ ਨੂੰ ਦੇਖ ਕੇ ਸਿੱਖਿਆ ਵਿਭਾਗ ਨੇ ਲੈਕਚਰਾਰਾਂ ਦੀਆਂ ਅਸਾਮੀਆਂ ਤੇ ਲੈਕਚਰਾਰ ਵੀ ਭੇਜ ਦਿੱਤੇ। ਸਾਡੀ ਸੁਸਾਇਟੀ ਨੇ ਫੈਸਲਾ ਕੀਤਾ ਕਿ ਕਮਰਸ ਦਾ ਗਰੁੱਪ ਵੀ ਸ਼ੁਰੂ ਕਰ ਲਿਆ ਜਾਵੇ, ਉਸ ਦੀ ਪ੍ਰਵਾਨਗੀ ਵੀ ਮਿਲ ਗਈ। ਇਉਂ ਮੇਰੇ ਪਿੰਡ ਦਾ ਸਕੂਲ ਸਾਰਿਆਂ ਵਿਸ਼ਿਆਂ ਨਾਲ ਸੈਕੰਡਰੀ ਸਕੂਲ ਬਣ ਗਿਆ। ਸਕੂਲ ਦੀ ਬਿਲਡਿੰਗ, ਸਕੂਲ ਵਿਚ ਕਾਰਜਸ਼ੀਲ ਅਧਿਆਪਕਾਂ, ਵਿਦਿਆਰਥੀਆਂ ਤੇ ਲੋਕਾਂ ਦੀ ਰੁਚੀ ਵਧ ਗਈ ਤੇ ਸੁਸਾਇਟੀ ਨੂੰ ਵੀ ਮਾਣ ਹੋਣ ਲੱਗਾ ਕਿ ਇਸ ਨੇ ਜੋ ਟੀਚਾ ਮਿਥਿਆ ਸੀ, ਪੂਰਾ ਹੋ ਗਿਆ। ਇਸ ਦੇ ਨਾਲ ਹੀ ਸੁਸਾਇਟੀ ਨੇ ਦੋ ਪਿੰਡਾਂ ਦੇ ਪ੍ਰਾਇਮਰੀ ਸਕੂਲਾਂ ਨੂੰ ਵੀ ਆਪਣੇ ਨਾਲ ਜੋੜ ਲਿਆ।

ਮੈਂ ਸੋਚਦਾ ਹਾਂ ਕਿ ਛੋਟੇ ਜਿਹੇ ਕਦਮ ਨਾਲ ਅਸੀਂ ਪਿੰਡ ਦਾ ਕਰਜ਼ ਉਤਾਰ ਸਕਦੇ ਹਾਂ। ਹਰ ਪੜ੍ਹਿਆ ਲਿਖਿਆ ਸੂਝਵਾਨ ਆਪਣੇ ਪਿੰਡ ਦੇ ਸਕੂਲ, ਭਾਈਚਾਰੇ ਅਤੇ ਆਲੇ-ਦੁਆਲੇ ਲਈ ਯੋਗਦਾਨ ਪਾ ਕੇ ਪੰਜਾਬ ਦੇ ਨਿਰਮਾਣ ਨੂੰ ਵਿਕਸਿਤ ਕਰਨ ਵਿਚ ਹੁਲਾਰਾ ਦੇ ਸਕਦਾ ਹੈ। ਬਸ ਜ਼ਰੂਰਤ ਸ੍ਰੀ ਰਣਜੀਤ ਸਿੰਘ ਵਰਗੇ ਪ੍ਰਤੀਬੱਧ ਇਨਸਾਨਾਂ ਦੀ ਅਗਵਾਈ ਦੀ ਹੈ ਜੋ ਤੁਹਾਡੇ ਲਈ ਪ੍ਰਰੇਨਾ ਸਰੋਤ ਬਣ ਸਕਣ ਅਤੇ ਸਮਾਜ ਦੇ ਨਿਰਮਾਣ ਵਿਚ ਯੋਗਦਾਨ ਲਈ ਤੁਹਾਡਾ ਸਾਥ ਲੈ ਸਕਣ। ਸੰਕਟ ਦੇ ਇਸ ਦੌਰ ਵਿਚ ਪੰਜਾਬ ਦੇ ਪਿੰਡਾਂ ਨੂੰ ਤੁਹਾਡੀ ਲਿਆਕਤ, ਸੂਝ ਅਤੇ ਮਦਦ ਦੀ ਜ਼ਰੂਰਤ ਹੈ। ਆਓ ਆਪਣੇ ਅੰਦਰ ਛੁਪੀ ਸਮਾਜਿਕ ਸੇਵਾ ਭਾਵਨਾ ਲੈ ਕੇ ਪੇਂਡੂ ਸਮਾਜ ਨੂੰ ਬਦਲਣ ਲਈ ਆਪਣਾ ਯੋਗਦਾਨ ਪਾਈਏ। ਮੇਰੇ ਪਿੰਡ ਦੇ ਸਕੂਲ ਦੇ ਸਾਬਕਾ ਵਿਦਿਆਰਥੀ, ਸ਼ਾਇਰ ਪ੍ਰਭਜੋਤ ਸੋਹੀ ਨੇ ਸਕੂਲ ਦੇ ਇਕ ਪ੍ਰੋਗਰਾਮ ਦੌਰਾਨ ਆਪਣੇ ਜਜ਼ਬਾਤ ਇੰਝ ਸਾਂਝੇ ਕੀਤੇ:

ਮੇਰੇ ਪਿੰਡ ਦੇ ਬੱਚਿਓ… ਨੌਜਵਾਨ ਦੋਸਤੋ

ਅੱਜ ਤੁਹਾਡਾ ਪੰਜਾਬ

ਬੇਹੱਦ ਮੁਸ਼ਕਿਲ ਘੜੀ ‘ਚੋਂ ਰਿਹੈ ਗੁਜ਼ਰ

ਤੇ ਕਰ ਰਿਹੈ ਭਾਲ ਕਿਸੇ ਭਗਤ ਸਿੰਘ ਵਰਗੇ ਨਾਇਕ ਦੀ

ਹਾਂ, ਭਗਤ ਸਿੰਘ ਜੋ ਤੁਹਾਡੇ ‘ਚੋਂ ਹੀ ਉਠੇਗਾ

ਐ ਬੱਚਿਓ

ਐ ਨੌਜਵਾਨ ਮਿੱਤਰੋ

ਹੁਣ ਆਪਣੇ ਅੰਦਰਲੇ ਨਾਇਕ ਨੂੰ

ਜਗਾਉਣ ਦਾ ਵੇਲਾ ਹੈ।

ਸੰਪਰਕ: 98151-15429

Advertisement
Author Image

Courtney Milan writes books about carriages, corsets, and smartwatches. Her books have received starred reviews in Publishers Weekly, Library Journal, and Booklist. She is a New York Times and a USA Today Bestseller.

Advertisement
Advertisement
×