For the best experience, open
https://m.punjabitribuneonline.com
on your mobile browser.
Advertisement

ਕੇਂਦਰੀ ਕੈਬਨਿਟ ’ਚ ਮੇਰੀ ਸ਼ਮੂਲੀਅਤ ‘ਪੰਜਾਬ ਨੂੰ ਤੋਹਫ਼ਾ’: ਬਿੱਟੂ

06:58 AM Jun 10, 2024 IST
ਕੇਂਦਰੀ ਕੈਬਨਿਟ ’ਚ ਮੇਰੀ ਸ਼ਮੂਲੀਅਤ ‘ਪੰਜਾਬ ਨੂੰ ਤੋਹਫ਼ਾ’  ਬਿੱਟੂ
Advertisement

ਨਿਤਿਨ ਜੈਨ
ਲੁਧਿਆਣਾ, 9 ਜੂਨ
ਲੋਕ ਸਭਾ ਚੋਣਾਂ ਤੋਂ ਐਨ ਪਹਿਲਾਂ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਰਵਨੀਤ ਸਿੰਘ ਬਿੱਟੂ ਨੇ ਅੱਜ ਕਿਹਾ ਕਿ ਉਹ ਮੋਦੀ ਸਰਕਾਰ ਵਿੱਚ ਮੰਤਰੀ ਵਜੋਂ ਹਲਫ਼ ਲੈਣ ਮਗਰੋਂ ਪੰਜਾਬ ਅਤੇ ਨਵੀਂ ਦਿੱਲੀ ਦਰਮਿਆਨ ਪੁਲ ਦਾ ਕੰਮ ਕਰਨਗੇ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਮਰਹੂਮ ਬੇਅੰਤ ਸਿੰਘ ਦੇ ਪੋਤਰੇ ਬਿੱਟੂ ਨੂੰ ਅੱਜ ਨਵੀਂ ਕੇਂਦਰੀ ਵਜ਼ਾਰਤ ਦੇ ਹਿੱਸੇ ਵਜੋਂ ਹਲਫ਼ਦਾਰੀ ਸਮਾਗਮ ਵਿੱਚ ਸ਼ਾਮਲ ਹੋਣ ਦਾ ਰਸਮੀ ਤੌਰ ’ਤੇ ਸੱਦਾ ਦਿੱਤਾ ਗਿਆ ਸੀ। ਬਿੱਟੂ ਨੇ ਦਾਅਵਾ ਕੀਤਾ ਕਿ ਭਾਜਪਾ ਵੱਲੋਂ ਸੂਬੇ ਦੀਆਂ ਸਾਰੀਆਂ ਸੀਟਾਂ ਗੁਆਉਣ ਦੇ ਬਾਵਜੂਦ ਉਨ੍ਹਾਂ ਨੂੰ ਕੇਂਦਰੀ ਕੈਬਨਿਟ ਵਿੱਚ ਸ਼ਾਮਲ ਕਰਨਾ ਪੰਜਾਬ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਤੋਹਫ਼ਾ ਹੈ। ਦਿੱਲੀ ਤੋਂ ‘ਦਿ ਟ੍ਰਿਬਿਊਨ’ ਨਾਲ ਫੋਨ ’ਤੇ ਵਿਸ਼ੇਸ਼ ਗੱਲਬਾਤ ਦੌਰਾਨ ਬਿੱਟੂ ਨੇ ਕਿਹਾ ਕਿ ਲੁਧਿਆਣਾ ਤੋਂ ਚੋਣ ਹਾਰਨ ਮਗਰੋਂ ਉਨ੍ਹਾਂ ਨੂੰ ਕੇਂਦਰੀ ਕੈਬਨਿਟ ਵਿੱਚ ਸ਼ਮੂਲੀਅਤ ਸਬੰਧੀ ਦਿੱਲੀ ਤੋਂ ਸੱਦਾ ਆਉਣ ਦੀ ਕੋਈ ਉਮੀਦ ਨਹੀਂ ਸੀ। ਬਿੱਟੂ ਨੇ ਕਿਹਾ, ‘‘ਅੱਜ ਸਵੇਰੇ ਆਏ ਇਸ ਸੱਦੇ ਦੀ ਮੈਨੂੰ ਕੋਈ ਆਸ ਨਹੀਂ ਸੀ। ਸੱਦਾ ਮਿਲਣ ਮਗਰੋਂ ਮੈਂ ਪ੍ਰਧਾਨ ਮੰਤਰੀ ਦੀ ਰਿਹਾਇਸ਼ ’ਤੇ ਪੁੱਜਾ, ਜਿੱਥੇ ਮੈਨੂੰ ਦੱਸਿਆ ਗਿਆ ਕਿ ਮੈਂ ਮੋਦੀ ਸਰਕਾਰ 3.0 (ਤੀਸਰੇ ਕਾਰਜਕਾਲ) ਦਾ ਹਿੱਸਾ ਹੋਵਾਂਗਾ।’’ ਬਿੱਟੂ ਨੇ ਕਿਹਾ, ‘‘ਕੇਂਦਰੀ ਕੈਬਨਿਟ ਵਿੱਚ ਮੇਰੀ ਨਾਮਜ਼ਦਗੀ ਨੇ ਬਿਨਾਂ ਸ਼ੱਕ ਇਹ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਪ੍ਰਧਾਨ ਮੰਤਰੀ ਦੇ ਤਰਜੀਹੀ ਸੂਬਿਆਂ ਵਿੱਚ ਸਭ ਤੋਂ ਉੱਪਰ ਹੈ। ਭਾਜਪਾ ਨੇ ਪੰਜਾਬ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ ਗੁਆ ਲਈਆਂ ਹਨ ਅਤੇ ਫਿਰ ਵੀ ਕੇਂਦਰੀ ਕੈਬਨਿਟ ਵਿੱਚ ਸ਼ਾਮਲ ਹੋਣਾ ਪੰਜਾਬ ਨੂੰ ਮੋਦੀ ਦਾ ਤੋਹਫ਼ਾ ਹੈ।’’ ਬਿੱਟੂ (48) ਨੇ ਕਿਹਾ ਕਿ ਉਹ ਪੰਜਾਬ ਤੇ ਕੇਂਦਰ ਸਰਕਾਰ ਵਿਚਾਲੇ ਸੇਤੂ (ਪੁਲ) ਵਜੋਂ ਕੰਮ ਕਰਦਿਆਂ ਸਾਰੇ ਮੁੱਦਿਆਂ ਖਾਸ ਕਰਕੇ ਕਿਸਾਨਾਂ ਦੇ ਮਸਲਿਆਂ ਨੂੰ ਹੱਲ ਕਰਵਾਉਣਗੇ।
ਕਿਸਾਨਾਂ ਦੇ ਵਿਰੋਧ ਨੂੰ ਮੁੱਖ ਮਸਲਿਆਂ ਵਿੱਚੋਂ ਇੱਕ ਦੱਸਦਿਆਂ ਕਾਂਗਰਸ ਤੋਂ ਭਾਜਪਾ ਆਗੂ ਬਣੇ ਬਿੱਟੂ ਨੇ ਕਿਹਾ ਕਿ ਉਹ ਕਿਸਾਨ ਆਗੂਆਂ ਨਾਲ ਗੱਲ ਕਰਨਗੇ ਅਤੇ ਸਾਰੀਆਂ ਹੱਕੀ ਮੰਗਾਂ ਨੂੰ ਪੂਰਾ ਕਰਨ ਅਤੇ ਇਸ ਮੁੱਦੇ ਦਾ ਸਥਾਈ ਹੱਲ ਕੱਢਣ ਲਈ ਉਨ੍ਹਾਂ ਦੀ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਕਰਵਾਉਣਗੇ। ਉਨ੍ਹਾਂ ਕਿਹਾ ਕਿ ਨਵੀਂ ਮੋਦੀ ਸਰਕਾਰ ਵਿੱਚ ਪੰਜਾਬ ਸਾਰੇ ਵੱਡੇ ਲਾਭਪਾਤਰੀ ਸੂਬਿਆਂ ਵਿੱਚ ਸ਼ਾਮਲ ਹੋਵੇਗਾ। ਬਿੱਟੂ ਨੇ ਕਿਹਾ, ‘‘ਮੈਂ ਪੰਜਾਬ ਦੀਆਂ ਸਾਰੀਆਂ ਮੰਗਾਂ ਅਤੇ ਮਸਲੇ ਪ੍ਰਧਾਨ ਮੰਤਰੀ ਕੋਲ ਉਠਾਵਾਂਗਾ ਅਤੇ ਉਨ੍ਹਾਂ ਦਾ ਜਲਦੀ ਤੋਂ ਜਲਦੀ ਹੱਲ ਕਰਵਾਇਆ ਜਾਵੇਗਾ।’’
ਉਨ੍ਹਾਂ ਕਿਹਾ ਕਿ ਵੱਡੇ ਬੁਨਿਆਦੀ ਵਿਕਾਸ ਪ੍ਰਾਜੈਕਟ ਲਿਆਉਣਾ ਤੇ ਖੇਤੀਬਾੜੀ, ਸਿਹਤ, ਸਿੱਖਿਆ, ਉਦਯੋਗ ’ਤੇ ਮੁੱਖ ਜ਼ੋਰ ਦੇਣਾ ਅਤੇ ‘ਵਿਗੜਦੀ’ ਕਾਨੂੰਨ ਵਿਵਸਥਾ ਦੀ ਸਥਿਤੀ ਉਨ੍ਹਾਂ ਦੇ ਤਰਜੀਹੀ ਏਜੰਡੇ ਹੋਣਗੇ। ਲਗਾਤਾਰ ਤਿੰਨ ਲੋਕ ਸਭਾ ਚੋਣਾਂ ਜਿੱਤਣ ਵਾਲੇ ਰਵਨੀਤ ਬਿੱਟੂ ਲੁਧਿਆਣਾ ਵਿੱਚ ਸੰਸਦੀ ਹਲਕੇ ਤੋਂ ਆਪਣੇ ਮਿੱਤਰ ਤੋਂ ਵਿਰੋਧੀ ਬਣੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੋਂ 20,000 ਤੋਂ ਵੱਧ ਵੋਟਾਂ ਦੇ ਫ਼ਰਕ ਨਾਲ ਹਾਰ ਗਏ। ਪਹਿਲਾਂ ਉਨ੍ਹਾਂ ਨੂੰ ‘ਰਾਹੁਲ (ਗਾਂਧੀ) ਦੇ ਸਿਪਾਹੀ’ ਵਜੋਂ ਜਾਣਿਆ ਜਾਂਦਾ ਸੀ। ਬਿੱਟੂ ਨੇ ਇਨ੍ਹਾਂ ਆਮ ਚੋਣਾਂ ਦੌਰਾਨ ਖੁਦ ਨੂੰ ‘ਮੋਦੀ ਦਾ ਬੰਦਾ’ ਆਖਿਆ ਸੀ। ਲੁਧਿਆਣਾ ਵਿੱਚ ਇੱਕ ਚੋਣ ਰੈਲੀ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲੋਕਾਂ ਨੂੰ ਭਰੋਸਾ ਦਿੱਤਾ ਸੀ ਕਿ ਜੇਕਰ ਲੁਧਿਆਣਾ ਉਨ੍ਹਾਂ ਨੂੰ ਮੁੜ ਲੋਕ ਸਭਾ ਵਿੱਚ ਭੇਜੇਗਾ ਤਾਂ ਉਹ ਬਿੱਟੂ ਨੂੰ ‘ਵੱਡਾ ਆਦਮੀ’ ਬਣਾਉਣਗੇ।

Advertisement

ਰਵਨੀਤ ਬਿੱਟੂ ਦੀ ਦੌੜਦੇ ਦੀ ਵੀਡੀਓ ਵਾਇਰਲ

ਨਵੀਂ ਦਿੱਲੀ (ਮਨਧੀਰ ਸਿੰਘ ਦਿਓਲ): ਭਾਜਪਾ ਆਗੂ ਰਵਨੀਤ ਸਿੰਘ ਬਿੱਟੂ ਦੀ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰਿਹਾਇਸ਼ ਵੱਲ ਦੌੜਦੇ ਦੀ ਵੀਡੀਓ ਵਾਇਰਲ ਹੋ ਗਈ। ਉਨ੍ਹਾਂ ਦੀ ਦੌੜਦਿਆਂ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਉਹ ਪ੍ਰਧਾਨ ਮੰਤਰੀ ਦੀ ਰਿਹਾਇਸ਼ ਨੇੜੇ ਭਾਰੀ ਆਵਾਜਾਈ ਕਾਰਨ ਆਪਣੀ ਕਾਰ ਨੂੰ ਛੱਡ ਕੇ ਆਪਣੇ ਸੁਰੱਖਿਆ ਕਰਮਚਾਰੀਆਂ ਨਾਲ ਸੜਕ ’ਤੇ ਦੌੜ ਰਹੇ ਹਨ। ਉਨ੍ਹਾਂ ਨੇ ਗੁਲਾਬੀ ਰੰਗ ਦੀ ਪੱਗ ਬੰਨ੍ਹੀ ਹੋਈ ਹੈ ਅਤੇ ਰਸਮੀ ਚਿੱਟੇ ਕੱਪੜੇ ਪਾਏ ਹੋਏ ਹਨ। ਲੁਧਿਆਣਾ ਤੋਂ ਲੋਕ ਸਭਾ ਚੋਣਾਂ ਹਾਰਨ ਦੇ ਬਾਵਜੂਦ ਕੇਂਦਰੀ ਵਜ਼ਾਰਤ ਵਿੱਚ ਸ਼ਾਮਲ ਹੋਏ ਬਿੱਟੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਣ ਦਾ ਇਨਾਮ ਉਨ੍ਹਾਂ ਨੂੰ ਕੇਂਦਰੀ ਰਾਜ ਮੰਤਰੀ ਬਣਾ ਕੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਸਰਕਾਰ ਵਿਚ ਪੰਜਾਬ ਨੂੰ ਅਹਿਮੀਅਤ ਦਿੱਤੀ ਜਾ ਰਹੀ ਹੈ। ਬਿੱਟੂ ਨੇ ਕਿਹਾ‌ ਕਿ ਜੇਕਰ ਭਾਜਪਾ ਸੱਤਾ ਵਿੱਚ ਆਉਂਦੀ ਹੈ ਤਾਂ ਉਹ ਪੰਜਾਬ ਦਾ ਮੁੱਖ ਮੰਤਰੀ ਬਣਨਾ ਪਸੰਦ ਕਰਨਗੇ।

Advertisement
Author Image

sukhwinder singh

View all posts

Advertisement
Advertisement
×