ਮਰ ਰਹੀ ਹੈ ਮੇਰੀ ਭਾਸ਼ਾ...
ਇਕਬਾਲ ਸਿੰਘ ਬਰਾੜ
ਕਿਸੇ ਵੀ ਭਾਸ਼ਾ ਲਈ ਸ਼ਬਦ, ਮਾਲਾ ਦੇ ਮਣਕਿਆਂ ਵਰਗੇ ਹੁੰਦੇ ਹਨ। ਭਾਸ਼ਾ ਦੀ ਖੂਬਸੂਰਤੀ ਨੂੰ ਸ਼ਬਦ ਦੇ ਪ੍ਰਗਟਾਵੇ ਰਾਹੀਂ ਦੇਖਿਆ ਜਾ ਸਕਦਾ ਹੈ। ਸੋਹਣੇ ਢੰਗ ਨਾਲ ਉਭਾਰੇ ਸ਼ਬਦ ਸੱਜ-ਵਿਆਹੀ ਦੇ ਸ਼ਿੰਗਾਰ ਵਾਂਗ ਭਾਸ਼ਾ ਨੂੰ ਚਾਰ ਚੰਨ ਲਾ ਦਿੰਦੇ ਹਨ ਪਰ ਕਈ ਵਾਰ ਸ਼ਬਦ ਦੀ ਬਣਤਰ ਇੰਨੀ ਬੇਢੱਬੀ ਹੁੰਦੀ ਹੈ ਕਿ ਅਰਥ ਦਾ ਅਨਰਥ ਹੋ ਜਾਂਦਾ ਹੈ। ਪੰਜਾਬੀ ਵਿਚ ਅੰਗਰੇਜ਼ੀ ਜਾਂ ਹਿੰਦੀ ਦੇ ਕੁਝ ਸ਼ਬਦ ਜਜ਼ਬ ਹੋ ਚੁੱਕੇ ਹਨ, ਇਹ ਕੋਈ ਅਣਹੋਣੀ ਨਹੀਂ ਪਰ ਸ਼ਬਦਾਂ ਰਾਹੀਂ ਭਾਵਨਾ ਨਾਲ ਹੀ ਖਿਲਵਾੜ ਕਰ ਦਿੱਤਾ ਜਾਵੇ, ਇਹ ਸਮਝੋਂ ਪਰ੍ਹੇ ਹੈ। ਅੰਗਰੇਜ਼ੀ ਦੇ ਸ਼ਬਦ ਸਕੂਲ, ਲਾਇਬਰ੍ਰੇਰੀ, ਕੈਫੇ, ਸਟਾਲ ਆਦਿ ਤਾਂ ਸਾਡੀ ਆਮ ਬੋਲਚਾਲ ਵਿਚ ਪ੍ਰਵਾਨ ਹੋ ਚੁੱਕੇ ਹਨ ਪਰ ਅੰਗਰੇਜ਼ੀ ਦੇ ਕੁਝ ਅਜਿਹੇ ਸ਼ਬਦਾਂ ਦਾ ਪੰਜਾਬੀਕਰਨ ਹੋ ਰਿਹਾ ਹੈ ਜੋ ਮਾਂ-ਬੋਲੀ ਨੂੰ ਪਿਆਰ ਕਰਨ ਵਾਲਿਆਂ ਦੇ ਮਨ ਵਲੂੰਧਰ ਦਿੰਦੇ ਹਨ। ਸ਼ਬਦਾਂ ਜਾਂ ਵਾਕ ਨੂੰ ਅੰਗਰੇਜ਼ੀ ਵਿਚ ਤਾਂ ਸੰਖੇਪ ਰੂਪ ਦਿੱਤਾ ਜਾ ਸਕਦਾ ਹੈ ਪਰ ਇਨ੍ਹਾਂ ਸ਼ਬਦਾਂ ਜਾਂ ਵਾਕ ਨੂੰ ਪੰਜਾਬੀ ਵਿਚ ਸੰਖੇਪ ਰੂਪ ਦੇਣ ਨਾਲ ਕਈ ਵਾਰ ਮਾਇਨੇ ਬਦਲ ਜਾਂਦੇ ਹਨ।
ਕੁਝ ਸਮਾਂ ਪਹਿਲਾਂ ਚੰਡੀਗੜ੍ਹ ਤੋਂ ਮੋਗਾ ਜਾਣ ਲਈ ਬੱਸ ਵਿਚ ਸਫ਼ਰ ਕਰਦਿਆਂ ਖਮਾਣੋਂ ਵਿਚੋਂ ਗੁਜ਼ਰ ਰਿਹਾ ਸੀ ਕਿ ਨਿਗ੍ਹਾ ਸਕੂਲ ਦੇ ਬੋਰਡ ਉਤੇ ਪਈ, ਮਨ ਬਹੁਤ ਦੁਖੀ ਹੋਇਆ। ਬੋਰਡ ਉਤੇ ਲਿਖਿਆ ਸੀ, “ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਖਮਾਣੋਂ (ਫ.ਗ.ਸ.)।” ਫਤਹਿਗੜ੍ਹ ਸਾਹਿਬ ਦਾ ਨਾਮ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦੇ ਬਾਬਾ ਫਤਹਿ ਸਿੰਘ ਜੀ ਦੇ ਨਾਮ ਉਤੇ ਰੱਖਿਆ ਗਿਆ ਹੈ ਜਿਨ੍ਹਾਂ ਦੀ ਮਹਾਨ ਕੁਰਬਾਨੀ ਅੱਗੇ ਸਿਰ ਝੁਕਦਾ ਹੈ। ਹੁਣ ਸਕੂਲ ਵਿਚ ਪ੍ਰਵੇਸ਼ ਕਰਨ ਵਾਲੇ ਬੱਚੇ ‘ਜ਼ਿਲ੍ਹਾ ਫ.ਗ.ਸ.’ ਦੀ ਬਜਾਇ ਫਤਹਿਗੜ੍ਹ ਸਾਹਿਬ ਪੜ੍ਹ ਕੇ ਲੰਘਣ ਤਾਂ ਹੀ ਸਰਹਿੰਦ ਦਾ ਨਾਮ ਬਦਲ ਕੇ ਫਤਹਿਗੜ੍ਹ ਰੱਖਣ ਦਾ ਉਦੇਸ਼ ਪੂਰਾ ਹੋ ਸਕਦਾ ਹੈ। ਇਉਂ ਫਤਹਿਗੜ੍ਹ ਸਾਹਿਬ ਬੱਚਿਆਂ ਦੇ ਮਨ ਮਸਤਕ ਉਤੇ ਸਦਾ ਲਈ ਉਕਰ ਜਾਵੇਗਾ। ਸਿਰਫ ਖਮਾਣੋਂ ਦੇ ਸਕੂਲ ਦੇ ਬੋਰਡ ਉਤੇ ਹੀ ਫ.ਗ.ਸ. ਨਹੀਂ ਲਿਖਿਆ ਸਗੋਂ ਹੋਰ ਵੀ ਬਹੁਤ ਸਾਰੇ ਸਕੂਲਾਂ ਵਿਚ ਲਿਖਿਆ ਹੋਇਆ ਹੈ।
ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦੀ ਕੁਰਬਾਨੀ ਦੇ ਸਤਿਕਾਰ ’ਚ ਮੁਹਾਲੀ ਦਾ ਨਾਮ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਰੱਖਿਆ ਸੀ। ਹੁਣ ਅਖ਼ਬਾਰੀ ਭਾਸ਼ਾ ਅਤੇ ਸਰਕਾਰੀ ਪੱਤਰਾਂ ’ਚ ਇਸ ਦਾ ਨਾਮ ਐਸ.ਏ.ਐਸ. ਨਗਰ ਪ੍ਰਚਲਿਤ ਹੋ ਗਿਆ। ਹੁਣ ਤਾਂ ਹੱਦ ਹੀ ਹੋ ਗਈ ਹੈ, ਸ਼ਹਿਰ ਵਿਚ ਨਵਾਂ ਵਸੇਬਾ ਕਰਨ ਵਾਲੇ ਲੋਕ ਐਸ.ਏ.ਐਸ. ਨਗਰ ਕਹਿਣ ਦੀ ਬਜਾਇ ‘ਸਾਸ ਨਗਰ’ ਹੀ ਕਹਿਣ ਲੱਗ ਪਏ ਹਨ। ਸਾਹਿਬਜ਼ਾਦਾ ਅਜੀਤ ਸਿੰਘ ਨਗਰ ਤੋਂ ‘ਸਾਸ ਨਗਰ’ ਹੋ ਜਾਣਾ ਸਿਤਮਜ਼ਰੀਫ਼ੀ ਹੀ ਹੈ। ਸਵਾਲ ਹੈ: ਕੀ ਸਾਡੇ ਬੱਚਿਆਂ ਦੇ ਸਰਟੀਫਿਕੇਟ, ਪਾਸਪੋਰਟ ਜਾਂ ਹੋਰ ਦਸਤਾਵੇਜ਼ ਉਤੇ ਸੰਖੇਪ ਰੂਪ ’ਚ ਨਾਮ ਦਰਜ ਹੁੰਦਾ? ਜੇਕਰ ਨਹੀਂ ਤਾਂ ਫਿਰ ਸਾਹਿਬਜ਼ਾਦਿਆਂ ਦੇ ਨਾਮ ਸੰਖੇਪ ਰੂਪ ਵਿਚ ਕਿਉਂ ਲਿਖੇ ਜਾਣ?
ਗੁਰੂ ਸਾਹਿਬਾਨ ਦੇ ਨਾਮ ਉਤੇ ਬਣੀਆਂ ਹੋਰ ਸੰਸਥਾਵਾਂ ਦੇ ਨਾਵਾਂ ਦਾ ਸੰਖੇਪ ਰੂਪ ਵਿਚ ਅੰਗਰੇਜ਼ੀ ਤੋਂ ਪੰਜਾਬੀ ਵਿਚ ਤਰਜਮਾ ਕਰ ਕੇ ਪੰਜਾਬੀ ਭਾਸ਼ਾ ਦਾ ਮੁਹਾਂਦਰਾ ਹੀ ਵਿਗਾੜ ਦਿੱਤਾ ਗਿਆ ਹੈ। ਲੁਧਿਆਣਾ ਵਿਚ ਗੁਰੂ ਅੰਗਦ ਦੇਵ ਵੈਟਨਰੀ ਐਂਡ ਐਨੀਮਲ ਸਾਇਸੰਜ਼ ਯੂਨੀਵਰਸਿਟੀ ਨੂੰ ‘ਗਡਵਾਸੂ’ ਕਹਿਣਾ ਸੋਭਾ ਨਹੀਂ ਦਿੰਦਾ। ਗੁਰਮੁਖੀ ਲਿਪੀ ਦੇ ਇਤਿਹਾਸ ਨਾਲ ਜੁੜੇ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਨਾਮ ਨੂੰ ਚੰਦ ਅੱਖਰਾਂ ਵਿਚ ਸਮੇਟ ਦੇਣਾ ਮੰਦਭਾਗਾ ਹੈ। ਯੂਨੀਵਰਸਿਟੀ ਨੇ ਤਾਂ ਪੱਤਰ ਜਾਰੀ ਕਰ ਕੇ ਇਸ ਯੂਨੀਵਰਸਿਟੀ ਨੂੰ ਸੰਖੇਪ ਰੂਪ ਵਿਚ ਲਿਖਣ ਦੀ ਬਜਾਇ ਪੂਰਾ ਨਾਮ ਲਿਖਣ ਅਤੇ ਜੇਕਰ ਪੂਰਾ ਨਾਮ ਨਹੀਂ ਵੀ ਲਿਖਣਾ ਤਾਂ ਘੱਟੋ-ਘੱਟ ‘ਗੁਰੂ ਅੰਗਦ ਦੇਵ ਯੂਨੀਵਰਸਿਟੀ’ ਲਿਖਣ ਦੀ ਅਪੀਲ ਵੀ ਕੀਤੀ ਹੈ ਤਾਂ ਕਿ ਸੰਸਥਾ ਦਾ ਨਾਮ ਗੁਰੂ ਸਾਹਿਬ ਜੀ ਦੇ ਨਾਮ ’ਤੇ ਰੱਖਣ ਦੀ ਭਾਵਨਾ ਦੀ ਸੁੱਚਮ ਬਣੀ ਰਹੇ। ਨਵਾਂਸ਼ਹਿਰ ਜਿ਼ਲ੍ਹੇ ਦਾ ਨਾਮ ਸ਼ਹੀਦ ਭਗਤ ਸਿੰਘ ਦੇ ਨਾਮ ’ਤੇ ਰੱਖਿਆ ਗਿਆ ਪਰ ਅਖਬਾਰ ਜਾਂ ਪੱਤਰ ਵਿਹਾਰ ਵਿਚ ਸ਼ਹੀਦ ਭਗਤ ਸਿੰਘ ਨਗਰ ਦੀ ਬਜਾਇ ਐਸ.ਬੀ.ਐਸ. ਨਗਰ ਹੀ ਲਿਖਿਆ ਜਾਂਦਾ ਹੈ।
ਅੰਗਰੇਜ਼ੀ ਨੂੰ ਸੰਖੇਪ ਸ਼ਬਦ ਮੁਬਾਰਕ ਹੋਣ ਪਰ ਪੰਜਾਬੀ ਸ਼ਬਦਾਂ ਖਾਸ ਕਰ ਕੇ ਸਤਿਕਾਰਯੋਗ ਸ਼ਖਸੀਅਤਾਂ ਨੂੰ ਚੰਦ ਅੱਖਰਾਂ ਵਿਚ ਸਮੇਟਣਾ ਮਾਂ-ਬੋਲੀ ਨੂੰ ਨੀਵਾਂ ਦਿਖਾਉਣ ਵਰਗਾ ਹੈ। ਪੰਜਾਬੀ ਦੀ ਹੋ ਰਹੀ ਇਸ ਦੁਰਗਤ ਬਾਰੇ ਪ੍ਰਸਿੱਧ ਕਵੀ ਸੁਰਜੀਤ ਪਾਤਰ ਨੇ ਚਿੰਤਾ ਜ਼ਾਹਰ ਕੀਤੀ ਹੈ: ਮਰ ਰਹੀ ਹੈ ਮੇਰੀ ਭਾਸ਼ਾ ਸ਼ਬਦ ਸ਼ਬਦ। ਮਰ ਰਹੀ ਹੈ ਮੇਰੀ ਭਾਸ਼ਾ ਵਾਕ ਵਾਕ...।
ਪੰਜਾਬ ਸਰਕਾਰ ਨੇ ਹਾਲ ਹੀ ਵਿਚ ਸੂਚਕ ਬੋਰਡ (ਸਾਈਨ ਬੋਰਡ) ਉਤੇ ਪੰਜਾਬੀ ਨੂੰ ਪਹਿਲ ਦੇਣ ਲਈ ਸਾਰੀਆਂ ਸਰਕਾਰੀ ਅਤੇ ਪ੍ਰਾਈਵੇਟ ਸੰਸਥਾਵਾਂ ਨੂੰ ਅਪੀਲ ਕੀਤੀ ਹੈ। ਇਸ ਅਪੀਲ ਨੂੰ ਹੁੰਗਾਰਾ ਵੀ ਮਿਲਿਆ ਹੈ। ਮਹਾਨ ਸ਼ਖਸੀਅਤਾਂ ਦੇ ਨਾਵਾਂ ਨੂੰ ਪੰਜਾਬੀ ਭਾਸ਼ਾ ਵਿਚ ਸੰਖੇਪ ਰੂਪ ’ਚ ਲਿਖਣ ਦੀ ਪ੍ਰਥਾ ਵੀ ਖਤਮ ਕੀਤੀ ਜਾਣੀ ਚਾਹੀਦੀ ਹੈ ਤਾਂ ਕਿ ਨਾਮ ਰੱਖਣ ਦੀ ਭਾਵਨਾ ਦਾ ਸਤਿਕਾਰ ਬਣਿਆ ਰਹੇ।
ਸੰਪਰਕ: 99880-09468