ਮੇਰੇ ਵਾਰਿਸ
ਜਸਪ੍ਰੀਤ ਕੌਰ ਸੰਘਾ
ਮੈਂ ਭਗਤ ਸਿੰਘ
ਖ਼ੁਸ਼ ਹਾਂ ਮੈਂ
ਬਸੰਤੀ ਰੰਗ ਵਿੱਚ ਰੰਗਿਆ ਆਪਣਾ ਵਤਨ ਵੇਖ ਕੇ,
ਆਪਣੇ ਵਾਰਿਸਾਂ ਦੇ ਮੂੰਹੋਂ
ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਸੁਣ ਕੇ,
ਤੇ ਆਪਣੀ ਸਮਾਧ ’ਤੇ ਇਕੱਠ ਹੋਇਆ ਵੇਖ ਕੇ
ਪਰ
ਇੱਕ ਚਿੰਤਾ ਤਾਂ ਮੈਨੂੰ ਅੱਜ ਵੀ ਸਤਾ ਰਹੀ ਹੈ
ਚਿੰਤਾ ਕਿ ਮੇਰੇ ਵਾਰਿਸ
ਸਿਰਫ਼ ਬਸੰਤੀ ਰੰਗ,
ਇਨਕਲਾਬ ਜ਼ਿੰਦਾਬਾਦ ਦੇ ਨਾਅਰਿਆਂ
ਤੇ ਮੇਰੀ ਸਮਾਧ ’ਤੇ ਇਕੱਠ
ਨੂੰ ਹੀ ਇਨਕਲਾਬ ਤਾਂ ਨਹੀਂ ਸਮਝ ਰਹੇ!
ਓ ਭਲਿਓ ਲੋਕੋ
ਮੈਂ ਤੇ ਮੇਰੇ ਵੀਰ ਸ਼ਹੀਦਾਂ ਆਪਾ ਵਾਰਿਆ
ਆਪਣੇ ਸੁਪਨਿਆਂ ਦਾ ਸਮਾਜ ਸਿਰਜਣ ਲਈ
ਉਹ ਸਮਾਜ
ਜਿੱਥੇ ਬਰਾਬਰੀ ਹੋਵੇ,
ਵਿਚਾਰ ਰੱਖਣ ਦੀ ਆਜ਼ਾਦੀ ਹੋਵੇ,
ਬੰਦੂਕਾਂ ਨਹੀਂ
ਕਿਤਾਬਾਂ ਜ਼ਰੂਰੀ ਹੋਣ।
ਪਰ ਮੈਨੂੰ ਲੱਗਦਾ ਹੈ
ਮੇਰੇ ਸੁਪਨਿਆਂ ਦਾ ਸਮਾਜ ਅਜੇ ਬਹੁਤ ਦੂਰ ਹੈ
ਮੈਂ ਦਿਲੋਂ ਖ਼ੁਸ਼ ਹੋਵਾਂਗਾ
ਪਰ ਉਸ ਦਿਨ
ਜਦੋਂ
ਇਨਕਲਾਬ ਜ਼ਿੰਦਾਬਾਦ ਦਾ ਨਾਅਰਾ
ਤੁਹਾਡੇ ਲਈ ਸਿਰਫ਼ ਨਾਅਰਾ ਨਹੀਂ ਹੋਵੇਗਾ
ਸਗੋਂ ਇੱਕ ਸੋਚ ਬਣੇਗਾ
ਮੈਂ ਦਿਲੋਂ ਖ਼ੁਸ਼ ਹੋਵਾਂਗਾ
ਜਦੋਂ ਇਨਕਲਾਬ ਦੀ ਮਸ਼ਾਲ ਆਪਣੇ ਦਿਲ ਵਿੱਚ ਜਗਾ
ਤੁਸੀਂ ਸਹੀ ਮਾਅਨਿਆਂ ਵਿੱਚ ਇਨਕਲਾਬ ਲੈ ਕੇ ਆਵੋਗੇ
ਉਸ ਦਿਨ ਪੂਰੀ ਕਾਇਨਾਤ ਵਿੱਚ ਇੱਕ ਹੀ ਨਾਅਰਾ ਗੂੰਜੇਗਾ
‘ਇਨਕਲਾਬ ਜ਼ਿੰਦਾਬਾਦ’।
ਪਾਸ਼ ਦੇ ਨਾਂ
ਜਸਵੰਤ ਗਿੱਲ ਸਮਾਲਸਰ
ਉਸ ਨੂੰ ਜੇਲ੍ਹ ਵਿੱਚ
ਡੱਕ ਦਿੱਤਾ ਗਿਆ
ਇੱਕ ਵਾਰ ਨਹੀਂ
ਕਈ ਵਾਰ
ਜਦ ਵੀ ਉਸ ਨੇ
ਹਕੂਮਤ ਨੂੰ ਲਲਕਾਰਿਆ
ਤਾਂ ਜੇਲ੍ਹ ਦੇ ਬੂਹੇ
ਖੋਲ੍ਹ ਦਿੱਤੇ ਗਏ
ਉਹ ਕੈਦ ’ਚ ਹੁੰਦਾ
ਪਰ ਖ਼ਿਆਲ
ਆਜ਼ਾਦ ਅੱਖਰਾਂ ’ਚ
ਲਹੂ ਵਾਂਗ ਦੌੜਦੇ
ਨਿਡਰ ਹੋ ਘੁੰਮਦੇ...
ਹਾਕਮ ਨੂੰ ਤਾਂ ਛੱਡੋ
ਪਹਿਰਾ ਦਿੰਦੇ
ਸਿਪਾਹੀਆਂ ਨੂੰ ਵੀ
ਪਤਾ ਨਹੀਂ ਸੀ ਚੱਲਦਾ
ਕਦ ਖ਼ਿਆਲ
ਕਵਿਤਾ ਦੀ ਤਲਵਾਰ ਲੈ
ਤਖ਼ਤਾਂ ਨੂੰ
ਘੇਰਾ ਪਾ ਲੈਂਦੇ ਸਨ
ਤੇ ਉਧਰ
ਇਨਕਲਾਬੀ ਸ਼ਬਦਾਂ ਦੀ
ਗੋਦ ’ਚ ਪਿਆ ਪਾਸ਼
ਕਿਸੇ ਹੋਰ ਜੇਲ੍ਹ ਦਾ
ਬੂਹਾ ਖੁੱਲ੍ਹਣ ਦੀ
ਬੇਸਬਰੀ ਨਾਲ ਉਡੀਕ ਕਰਦਾ
ਉਹ ਕੈਦ ਹੋ ਕੇ ਵੀ
ਆਜ਼ਾਦ ਰਹਿੰਦਾ
ਇਤਿਹਾਸ ਗਵਾਹ ਹੈ
ਖ਼ਿਆਲਾਂ ਨੂੰ
ਸ਼ਬਦਾਂ ਨੂੰ
ਕਵਿਤਾ ਨੂੰ
ਕੈਦ ਨਹੀਂ ਕੀਤਾ ਜਾ ਸਕਦਾ
ਤੇ ਇਨ੍ਹਾਂ ਸੰਗ ਜਿਉਣ ਵਾਲਾ
ਕਦੇ ਮਰਦਾ ਨਹੀਂ...।
ਸੰਪਰਕ: 97804-51878