ਜਨ ਸੈਨਾਨੀ ਨਹੀਂ, ਸਗੋਂ ਜਨ ਪ੍ਰਤੀਨਿਧ ਵਜੋਂ ਹੋਵੇਗਾ ਮੇਰਾ ਪਹਿਲਾ ਸਫ਼ਰ: ਪ੍ਰਿਯੰਕਾ
ਨਵੀਂ ਦਿੱਲੀ, 26 ਅਕਤੂਬਰ
ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ ਹੈ ਕਿ ਵਾਇਨਾਡ ਤੋਂ ਚੁਣੇ ਜਾਣ ਮਗਰੋਂ ਉਨ੍ਹਾਂ ਦਾ ਜਨ ਸੈਨਾਨੀ ਨਹੀਂ, ਸਗੋਂ ਜਨ ਪ੍ਰਤੀਨਿਧ ਵਜੋਂ ਪਹਿਲਾ ਸਫ਼ਰ ਜ਼ਰੂਰ ਸ਼ੁਰੂ ਹੋਵੇਗਾ ਕਿਉਂਕਿ ਸੰਵਿਧਾਨ ਤਹਿਤ ਲੋਕਤੰਤਰ, ਨਿਆਂ ਅਤੇ ਕਦਰਾਂ-ਕੀਮਤਾਂ ਲਈ ਲੜਨਾ ਉਨ੍ਹਾਂ ਦੇ ਜੀਵਨ ਦੀ ਬੁਨਿਆਦ ਹੈ।
ਨਾਮਜ਼ਦਗੀ ਕਾਗਜ਼ ਦਾਖ਼ਲ ਕਰਨ ਮਗਰੋਂ ਉਨ੍ਹਾਂ ਵਾਇਨਾਡ ਦੇ ਲੋਕਾਂ ਨੂੰ ਲਿਖੇ ਖੁੱਲ੍ਹੇ ਪੱਤਰ ’ਚ ਕਿਹਾ ਕਿ ਉਹ ਉਨ੍ਹਾਂ ਨਾਲ ਮਿਲ ਕੇ ਕੰਮ ਕਰੇਗੀ ਅਤੇ ਉਨ੍ਹਾਂ ਦੀਆਂ ਚੁਣੌਤੀਆਂ ਦੇ ਹੱਲ ਕੱਢਣ ’ਚ ਸਹਾਇਤਾ ਕਰੇਗੀ। ਲੋਕਾਂ ਨੂੰ 13 ਨਵੰਬਰ ਦੀ ਜ਼ਿਮਨੀ ਚੋਣ ’ਚ ਉਸ ਨੂੰ ਸੰਸਦ ਮੈਂਬਰ ਵਜੋਂ ਚੁਣਨ ਦੀ ਅਪੀਲ ਕਰਦਿਆਂ ਪ੍ਰਿਯੰਕਾ ਨੇ ਵਾਅਦਾ ਕੀਤਾ ਕਿ ਉਨ੍ਹਾਂ ਦਾ ਕੰਮ ਵਾਇਨਾਡ ਦੇ ਲੋਕਾਂ ਨਾਲ ਸਬੰਧ ਹੋਰ ਮਜ਼ਬੂਤ ਬਣਾਏਗਾ ਅਤੇ ਉਹ ਉਨ੍ਹਾਂ ਦੀ ਜੰਗ ਲੜਨ ਲਈ ਹਰਸੰਭਵ ਕੋਸ਼ਿਸ਼ਾਂ ਕਰੇਗੀ। ਕਾਂਗਰਸ ਆਗੂ ਨੇ ਕਿਹਾ ਕਿ ਵਾਇਨਾਡ ਦੇ ਲੋਕ ਇਸ ਸਫ਼ਰ ’ਚ ਉਨ੍ਹਾਂ ਦੇ ਮਾਰਗਦਰਸ਼ਕ ਅਤੇ ਅਧਿਆਪਕ ਹੋਣਗੇ। -ਪੀਟੀਆਈ
ਭਾਜਪਾ ਦਾ ਪ੍ਰਿਯੰਕਾ ’ਤੇ ਸੰਪਤੀ ਦੇ ਪੂਰੇ ਵੇਰਵੇ ਨਸ਼ਰ ਨਾ ਕਰਨ ਦਾ ਦੋਸ਼
ਨਵੀਂ ਦਿੱਲੀ: ਭਾਜਪਾ ਨੇ ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ’ਤੇ ਵਾਇਨਾਡ ’ਚ ਦਾਖ਼ਲ ਹਲਫ਼ਨਾਮੇ ’ਚ ਆਪਣੀ ਅਤੇ ਪਤੀ ਰੌਬਰਟ ਵਾਡਰਾ ਦੀ ਸੰਪਤੀ ਦੇ ਪੂਰੇ ਵੇਰਵੇ ਨਸ਼ਰ ਨਾ ਕਰਨ ਦੇ ਦੋਸ਼ ਲਾਏ ਹਨ। ਭਾਜਪਾ ਦੇ ਕੌਮੀ ਤਰਜਮਾਨ ਗੌਰਵ ਭਾਟੀਆ ਨੇ ਦਾਅਵਾ ਕੀਤਾ ਕਿ ਪ੍ਰਿਯੰਕਾ ਨੇ ਸੁਪਰੀਮ ਕੋਰਟ ਦੇ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇ ਹਲਫ਼ਨਾਮੇ ’ਚ ਕੋਈ ਗਲਤ ਜਾਣਕਾਰੀ ਭਰਦਾ ਹੈ ਤਾਂ ਉਸ ਨੂੰ ਚੋਣ ਲੜਨ ਦਾ ਕੋਈ ਹੱਕ ਨਹੀਂ ਹੁੰਦਾ ਹੈ। ਭਾਟੀਆ ਨੇ ਕਿਹਾ ਕਿ ਜੇ ਕਾਂਗਰਸ ਨੇ ਕਾਨੂੰਨ ਦੀ ਪਾਲਣਾ ਨਾ ਕੀਤੀ ਤਾਂ ਭਾਜਪਾ ਜ਼ਰੂਰੀ ਕਦਮ ਚੁੱਕੇਗੀ। -ਪੀਟੀਆਈ