ਮੈਂ ਤੇ ਮੇਰੀ ਸੰਪਾਦਨਾ ਇਕ ਦੂਜੇ ਨੂੰ ਮਾਣਦੇ ਹਾਂ
ਕੰਵਰਜੀਤ ਭੱਠਲ
ਸੁਖ਼ਨ ਭੋਇੰ 42
ਮੈਂ ਆਪਣੀ ਸਿਰਜਣ ਪ੍ਰਕਿਰਿਆ ਦਾ ਆਰੰਭ ਕੋਈ 60 ਵਰ੍ਹੇ ਪਹਿਲਾਂ ਸਾਲ 1963 ਤੋਂ ਮੰਨਦਾ ਹਾਂ ਜਦੋਂ ਮੈਂ ਐੱਸ.ਡੀ. ਕਾਲਜ, ਬਰਨਾਲਾ ਵਿਚ ਬੀ.ਏ. ਫਾਈਨਲ ਦਾ ਵਿਦਿਆਰਥੀ ਸਾਂ। ਅਸੀਂ ਵਿਦਿਆਰਥੀਆਂ ਨੇ ਆਪਣੇ ਪੰਜਾਬੀ ਦੇ ਪ੍ਰੋਫੈਸਰ ਮੇਹਰ ਸਿੰਘ ਨੂੰ ਕਿਹਾ ਕਿ ਵਿਦਿਆਰਥੀਆਂ ਦਾ ਕਹਾਣੀ ਮੁਕਾਬਲਾ ਕਰਵਾਇਆ ਜਾਵੇ। ਪ੍ਰੋਫੈਸਰ ਸਾਹਿਬ ਨੇ ਹਾਮੀ ਭਰ ਦਿੱਤੀ। ਦਸ-ਬਾਰ੍ਹਾਂ ਵਿਦਿਆਰਥੀਆਂ ਨੇ ਇਸ ਮੁਕਾਬਲੇ ’ਚ ਭਾਗ ਲਿਆ। ਮੇਰੀ ਕਹਾਣੀ ‘ਬਦਲਾ’ ਮੁਕਾਬਲੇ ’ਚ ਪਹਿਲੇ ਨੰਬਰ ’ਤੇ ਆਈ ਤੇ ਕਾਲਜ ਦੇ 1963 ਦੇ ਮੈਗਜ਼ੀਨ ‘ਦਿ ਸਟਰੀਮ’ ਵਿਚ ਛਪ ਗਈ। ਇਸ ਨਾਲ ਹੀ ਮੇਰਾ ਕਹਾਣੀ ਲਿਖਣ ਦਾ ਸਿਲਸਿਲਾ ਸ਼ੁਰੂ ਹੋ ਗਿਆ। ਇਸ ਨੂੰ ਮੇਰੀ ਸਿਰਜਣ ਪ੍ਰਕਿਰਿਆ ਦਾ ਆਰੰਭ ਕਿਹਾ ਜਾ ਸਕਦਾ ਹੈ। ਮੇਰੀਆਂ ਕਹਾਣੀਆਂ ਉਸ ਸਮੇਂ ਪ੍ਰਕਾਸ਼ਿਤ ਹੁੰਦੇ ਰਸਾਲਿਆਂ - ਕਵਿਤਾ, ਚੇਤਨਾ, ਸੂਰਜਮੁਖੀ, ਤ੍ਰਿੰਝਣ, ਪਰਦੇਸੀ ਢੋਲਾ ਆਦਿ ਵਿਚ ਛਪਣ ਲੱਗੀਆਂ।
ਸ਼ਾਇਰ ਜੋਗਾ ਸਿੰਘ ਮੇਰਾ ਜਮਾਤੀ ਸੀ ਤੇ ਮੇਰਾ ਮਿੱਤਰ ਵੀ। ਉਹ ਕਵਿਤਾ ਲਿਖਦਾ ਸੀ ਤੇ ਮੈਂ ਵੀ ਕਹਾਣੀਆਂ ਦੇ ਨਾਲ-ਨਾਲ ਕਵਿਤਾ ’ਤੇ ਵੀ ਹੱਥ ਅਜ਼ਮਾਉਣ ਲੱਗਾ। ਅਨੇਕਾਂ ਕਵਿਤਾਵਾਂ ਲਿਖੀਆਂ ਜੋ ਰਸਾਲਿਆਂ ਵਿਚ ਛਾਪਣ ਲੱਗੀਆਂ। ਦਸੰਬਰ 1964 ਦੇ ‘ਪ੍ਰੀਤ ਲੜੀ’ ਰਸਾਲੇ ਵਿਚ ਮੇਰੀਆਂ ਦੋ ਕਵਿਤਾਵਾਂ - ‘ਵਾਈਪਰ’ ਤੇ ‘ਧੁਰਾ’ ਛਪੀਆਂ। ਪ੍ਰੀਤ ਲੜੀ ਦਾ ਉਹ ਅੰਕ ਮੈਂ ਅੱਜ ਤੱਕ ਸੰਭਾਲ ਕੇ ਰੱਖਿਆ ਹੋਇਆ ਹੈ। ਸਾਲ 1965 ਵਿਚ ਮੈਂ ਪਹਿਲਾ ਕਹਾਣੀ ਸੰਗ੍ਰਹਿ ‘ਕੋਈ ਫੇਰ ਨਾ ਲੁੱਟੇ’ ਸੰਪਾਦਿਤ ਕੀਤਾ ਜਿਸ ਵਿਚ ਅੰਮ੍ਰਿਤਾ ਪ੍ਰੀਤਮ, ਅਜੀਤ ਕੌਰ, ਪ੍ਰਭਜੋਤ ਕੌਰ, ਉਰਮਿਲਾ ਅਨੰਦ, ਐਨ. ਕੌਰ ਆਦਿ 15 ਇਸਤਰੀ ਕਹਾਣੀਕਾਰਾਂ ਦੀਆਂ ਕਹਾਣੀਆਂ ਸ਼ਾਮਲ ਕੀਤੀਆਂ। ਇਸ ਸੰਗ੍ਰਹਿ ਨੂੰ ਛਾਪਣ ਦਾ ਮਕਸਦ ਇਕੋ ਸੀ ਕਿ ਔਰਤ ਨਾਲ ਹੋ ਰਹੀਆਂ ਵਧੀਕੀਆਂ ਨੂੰ ਔਰਤ ਦੀ ਜ਼ਬਾਨੀ ਹੀ ਵਰਣਨ ਕੀਤਾ ਜਾਵੇ। ਘਰ ਦੀ ਹਾਲਤ ਕੋਈ ਬਹੁਤੀ ਚੰਗੀ ਨਾ ਹੋਣ ਕਾਰਨ ਮੈਨੂੰ ਚਰਖੀ ਦਾਦਰੀ, ਭਿਵਾਨੀ (ਉਦੋਂ ਪੰਜਾਬ ਵਿਚ ਹੀ ਸੀ) ਵਿਖੇ ਪੰਜਾਬੀ ਅਧਿਆਪਕ ਵਜੋਂ ਨੌਕਰੀ ਕਰਨੀ ਪਈ। ਇੱਥੇ ਮੇਰਾ ਮੇਲ ਪੰਜਾਬੀ ਦੇ ਲੇਖਕ ਨਿਰੰਜਨ ਸਿੰਘ ਸਾਥੀ ਨਾਲ ਹੋਇਆ। ਅਸੀਂ ਮਿਲ ਕੇ ਪੰਜਾਬੀ ਸਾਹਿਤ ਸਭਾ, ਚਰਖੀ ਚਾਦਰੀ ਦੀ ਸਥਾਪਨਾ 1965 ਵਿਚ ਕੀਤੀ। ਸਾਥੀ ਹੋਰੀਂ ਪ੍ਰਧਾਨ ਤੇ ਮੈਂ ਜਨਰਲ ਸਕੱਤਰ ਬਣਿਆ। ਇੱਥੇ ਬਿਤਾਏ ਇਕ ਸਾਲ ਦੌਰਾਨ ਸਾਹਿਤਕ ਗਤੀਵਿਧੀਆਂ ਜਾਰੀ ਰਹੀਆਂ।
ਫਿਰ ਮੈਂ 1966 ਵਿਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਬਤੌਰ ਪਰੂਫ ਰੀਡਰ ਪ੍ਰੈਸ ਵਿਖੇ ਜੁਆਇਨ ਕੀਤਾ। ਇੱਥੇ ਕਹਾਣੀਕਾਰ ਕੁਲਦੀਪ ਸਿੰਘ ਸੇਠੀ ਪ੍ਰੈਸ ਮੈਨੇਜਰ ਸਨ। ਇੱਥੇ ਹੀ ਲੇਖਕ ਕੁਲਬੀਰ ਸਿੰਘ ਕਾਂਗ ਵੀ ਕੰਮ ਕਰਦੇ ਸਨ। ਸੁਰਜੀਤ ਸਿੰਘ ਸੇਠੀ, ਸੂਬਾ ਸਿੰਘ, ਡਾ. ਦਲੀਪ ਕੌਰ ਟਿਵਾਣਾ, ਡਾ. ਹਰਚਰਨ ਸਿੰਘ ਵਰਗੇ ਅਨੇਕਾਂ ਲੇਖਕਾਂ ਦਾ ਪ੍ਰੈਸ ਵਿਚ ਆਉਣਾ ਜਾਣਾ ਲੱਗਾ ਰਹਿੰਦਾ ਸੀ। ਪਟਿਆਲੇ ਰਹਿੰਦਿਆਂ ਮੈਂ ਛੇ ਪੁਸਤਕਾਂ- ਕਾਲੀ ਧੁੱਪ ਦਾ ਚਾਨਣ, ਲਾਲ ਪਰੀ, ਗ਼ਮ ਦਾ ਸੂਰਜ, ਨਿਹੋਰੇ, ਯਾਦਾਂ ਦੀ ਗੱਠੜੀ ਤੇ ਲੋਰੀਆਂ ਦੇ ਸੰਪਾਦਨ ਦਾ ਕਾਰਜ ਕੀਤਾ।
ਪਟਿਆਲਾ ਰਹਿੰਦਿਆਂ ਹੀ ਸਾਲ 1968 ਵਿਚ ਦਰਸ਼ਨ ਸਿੰਘ ਅਵਾਰਾ ਨਾਲ ਮਿਲ ਕੇ ਪੰਜਾਬੀ ਸਾਹਿਤ ਸਭਾ ਦੀ ਸਥਾਪਨਾ ਕੀਤੀ। ਅਵਾਰਾ ਹੋਰੀਂ ਪ੍ਰਧਾਨ ਤੇ ਮੈਂ ਜਨਰਲ ਸਕੱਤਰ ਬਣਿਆ। ਉਦੋਂ ਸੁਰਜੀਤ ਪਾਤਰ ਇੱਥੇ ਐਮ.ਏ. ਕਰ ਰਿਹਾ ਸੀ। ਉਸ ਨੂੰ ਸਭਾ ਦਾ ਮੀਤ ਪ੍ਰਧਾਨ ਤੇ ਨਾਟਕਕਾਰ ਦਵਿੰਦਰ ਦਮਨ ਨੂੰ ਖ਼ਜ਼ਾਨਚੀ ਬਣਾਇਆ ਗਿਆ। ਸਭਾ ਵਿਚ ਸਾਹਿਤਕ ਸਰਗਰਮੀਆਂ ਚਲਦੀਆਂ ਰਹੀਆਂ ਤੇ ਮੇਰੀ ਸਿਰਜਣ ਪ੍ਰਕਿਰਿਆ ਨੂੰ ਢੇਰ ਸਾਰਾ ਹੁੰਗਾਰਾ ਮਿਲਿਆ। ਫਿਰ ਮੈਂ 1973 ਵਿਚ ਪਟਿਆਲਾ ਛੱਡ ਕੇ ਚੰਡੀਗੜ੍ਹ ਵਿਖੇ ਪੰਜਾਬ ਯੂਨੀਵਰਸਿਟੀ ’ਚ ਪਰੂਫ ਰੀਡਰ ਦੇ ਤੌਰ ’ਤੇ ਜਾ ਲੱਗਾ। ਚੰਡੀਗੜ੍ਹ ਪੁੱਜ ਕੇ ਵੀ ਮੈਨੂੰ ਪੂਰਾ ਸਾਹਿਤਕ ਮਾਹੌਲ ਮਿਲਿਆ ਜੋ ਸਿਰਜਣ ਪ੍ਰਕਿਰਿਆ ਲਈ ਅਤਿਅੰਤ ਜ਼ਰੂਰੀ ਹੁੰਦਾ ਹੈ। ਇੱਥੇ ਮੇਰਾ ਰਾਬਤਾ ਪ੍ਰੇਮ ਗੋਰਖੀ, ਮੋਹਨ ਭੰਡਾਰੀ, ਜਸਬੀਰ ਭੁੱਲਰ, ਮਨਮੋਹਨ ਸਿੰਘ ਦਾਊਂ, ਡਾ. ਗੁਰਮਿੰਦਰ ਸਿੱਧੂ, ਮਨਜੀਤ ਇੰਦਰਾ ਆਦਿ ਅਨੇਕਾਂ ਸਾਹਿਤਕਾਰਾਂ ਨਾਲ ਬਣਿਆ ਤੇ ਮੈਂ ਆਪਣਾ ਸਾਹਿਤਕ ਸਫ਼ਰ ਜਾਰੀ ਰੱਖਿਆ।
ਮੇਰੀਆਂ ਰਚਨਾਵਾਂ ਅਖ਼ਬਾਰਾਂ, ਰਸਾਲਿਆਂ ਵਿਚ ਛਪਦੀਆਂ ਰਹੀਆਂ। ਇੱਥੋਂ ਹੀ ਮੈਂ ਆਪਣਾ ਪਹਿਲਾ ਮੌਲਿਕ ਕਾਵਿ-ਸੰਗ੍ਰਹਿ 1990 ਵਿਚ ਪ੍ਰਕਾਸ਼ਿਤ ਕਰਵਾਇਆ ਜਿਸ ਦਾ ਨਾਂ ਸੀ ‘ਦਰਦ ਦਿਲਾਂ ਦੇ’। ਇਸ ਵਿਚ ਤਕਰੀਬਨ ਪਿਛਲੇ 25 ਸਾਲਾਂ ਦੀਆਂ ਨਜ਼ਮਾਂ, ਗ਼ਜ਼ਲਾਂ ਤੇ ਗੀਤਾਂ ਨੂੰ ਸ਼ਾਮਲ ਕੀਤਾ ਸੀ। ਇੱਥੇ ਫਿਰ ਮੇਰਾ ਰੁਝਾਨ ਸੰਪਾਦਨ ਕਾਰਜ ਨਾਲ ਹੋਰ ਡੂੰਘੇਰਾ ਹੋ ਗਿਆ ਜਦੋਂ ਮੈਂ 1993 ਵਿਚ ‘ਕਲਾਕਾਰ’ ਨਾਂ ਦਾ ਰਸਾਲਾ ਸ਼ੁਰੂ ਕਰ ਲਿਆ। ਫਿਰ ਮੇਰਾ ਸਾਰਾ ਧਿਆਨ ਕਵਿਤਾ, ਕਹਾਣੀ ਲਿਖਣ ਵੱਲੋਂ ਹਟ ਕੇ ਪਰਚੇ ਨੂੰ ਪੱਕੇ ਪੈਰੀਂ ਕਰਨ ਵੱਲ ਹੋ ਗਿਆ। ਜੇ ਮੈਂ ਇਹ ਕਹਿ ਦਿਆਂ ਕਿ ਮੇਰੇ ਅੰਦਰ ਦੇ ਸ਼ਾਇਰ ਤੇ ਕਹਾਣੀਕਾਰ ਨੂੰ ਇਸ ‘ਕਲਾਕਾਰ’ ਨੇ ਖਾ ਲਿਆ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਪਰਚਾ ਪਿਛਲੇ 31 ਸਾਲਾਂ ਤੋਂ ਨਿਰਵਿਘਨ ਛਪ ਰਿਹਾ ਹੈ। ਇਸ ਪਰਚੇ ਨੇ ਪਿਛਲੇ 31 ਸਾਲਾਂ ਦੌਰਾਨ 29 ਵਿਸ਼ੇਸ਼ ਅੰਕ ਪ੍ਰਕਾਸ਼ਿਤ ਕੀਤੇ ਹਨ ਜਿਨ੍ਹਾਂ ਵਿਚ ਜਸਵੰਤ ਸਿੰਘ ਕੰਵਲ, ਦਲੀਪ ਕੌਰ ਟਿਵਾਣਾ, ਅਜਮੇਰ ਔਲਖ, ਕੇ.ਐਲ. ਗਰਗ, ਸਵਰਨ ਚੰਦਨ, ਐੱਸ. ਸਾਕੀ, ਪ੍ਰੋ. ਰਵਿੰਦਰ ਭੱਠਲ, ਜਰਨੈਲ ਸਿੰਘ ਸੇਖਾ, ਓਮ ਪ੍ਰਕਾਸ਼ ਗਾਸੋ, ਡਾ. ਜੋਗਿੰਦਰ ਸਿੰਘ ਨਿਰਾਲਾ, ਹਰਭਜਨ ਹਲਵਾਰਵੀ, ਮਨਮੋਹਨ ਸਿੰਘ ਦਾਊਂ ਆਦਿ ਸ਼ਾਮਲ ਹਨ। ਇਨ੍ਹਾਂ ਅੰਕਾਂ ਦੀ ਪੰਜਾਬੀ ਜਗਤ ਅੰਦਰ ਭਰਪੂਰ ਪ੍ਰਸੰਸਾ ਹੋਈ ਤੇ ਕਲਾਕਾਰ ਕਾਰਨ ਮੈਨੂੰ ਭਾਸ਼ਾ ਵਿਭਾਗ, ਪੰਜਾਬ ਦਾ 2019 ਦਾ ਸ਼੍ਰੋਮਣੀ ਪੰਜਾਬੀ ਸਾਹਿਤਕ ਪੱਤਰਕਾਰ ਪੁਰਸਕਾਰ ਪ੍ਰਾਪਤ ਹੋਇਆ।
‘ਕਲਾਕਾਰ’ ਦੇ ਕਾਰਜ ਦੇ ਨਾਲ-ਨਾਲ ਮੈਂ ਹੁਣ ਤੱਕ 30 ਪੁਸਤਕਾਂ ਦਾ ਸੰਪਾਦਨ ਕੀਤਾ ਹੈ ਜਿਨ੍ਹਾਂ ਵਿਚੋਂ 19 ਕਹਾਣੀ-ਸੰਗ੍ਰਹਿ ਹਨ। ‘ਦਰਦ ਦਿਲਾਂ ਦੇ’ ਤੋਂ ਬਾਅਦ 2017 ਵਿਚ ਮੇਰਾ ਦੂਜਾ ਕਾਵਿ-ਸੰਗ੍ਰਹਿ ‘ਰੂਹ ਦੀ ਉਮਰ’ ਪ੍ਰਕਾਸ਼ਿਤ ਹੋਇਆ। ਇਸ ਵਿਚ ਵੀ 25 ਸਾਲਾਂ ਦੀਆਂ ਨਜ਼ਮਾਂ ਸ਼ਾਮਲ ਹਨ। 2018 ਵਿਚ ਹੀ ਮੇਰੇ ਇਸ ਕਾਵਿ-ਸੰਗ੍ਰਹਿ ਉੱਤੇ ਡਾ. ਭੂਪਿੰਦਰ ਕੌਰ ਨੇ ਆਲੋਚਨਾ ਦੀ ਪੁਸਤਕ ‘ਰੂਹ ਦੀ ਉਮਰ ਦੇ ਕਾਵਿ ਸਰੋਕਾਰ’ ਛਪਵਾਈ ਜਿਸ ਵਿਚ 17 ਵਿਦਵਾਨ ਆਲੋਚਕਾਂ ਦੇ ਲੇਖ ਸ਼ਾਮਲ ਹਨ।
ਮੈਂ ਆਪਣੇ ਪਿਛਲੇ ਤਕਰੀਬਨ 60 ਸਾਲਾਂ ਦੇ ਸਾਹਿਤਕ ਕੰਮਾਂ ਦਾ ਲੇਖਾ-ਜੋਖਾ ਕਰਾਂ ਤਾਂ ਇਸ ਵਿਚ ਮੇਰੇ ਵੱਲੋਂ ਪਿਛਲੇ 25 ਸਾਲਾਂ ਤੋਂ ਕਰਵਾਇਆ ਜਾ ਰਿਹਾ ‘ਭੱਠਲ ਕਹਾਣੀ ਮੁਕਾਬਲਾ’ ਵੀ ਆ ਜਾਂਦਾ ਹੈ। ਇਸ ਕਹਾਣੀ ਮੁਕਾਬਲੇ ਨੇ ਉੱਭਰ ਰਹੇ ਕਹਾਣੀਕਾਰਾਂ ਨੂੰ ਇਕ ਪਲੇਟਫਾਰਮ ਮੁਹੱਈਆ ਕੀਤਾ। ਇਸ ਕਰਕੇ ਉਨ੍ਹਾਂ ਦੀਆਂ ਕਹਾਣੀਆਂ ਵਿਚ ਨਿਖਾਰ ਆਇਆ। ਪਰਗਟ ਸਤੌਜ, ਕੇਸਰਾ ਰਾਮ, ਜਸਵੀਰ ਰਾਣਾ, ਜਤਿੰਦਰ ਹਾਂਸ, ਗੁਰਮੀਤ ਕੜਿਆਲਵੀ ਆਦਿ ਇਸ ਕਹਾਣੀ ਮੁਕਾਬਲੇ ਵਿਚ ਭਾਗ ਲੈਂਦੇ ਰਹੇ ਹਨ। ਪਿਛਲੇ 25 ਸਾਲਾਂ ਦੇ ਕਹਾਣੀ ਮੁਕਾਬਲੇ ’ਚ ਪਹਿਲੇ ਤੇ ਦੂਜੇ ਨੰਬਰ ’ਤੇ ਰਹੀਆਂ ਕਹਾਣੀਆਂ ਵਿਚੋਂ 25 ਕਹਾਣੀਆਂ ਦੀ ਚੋਣ ਕਰ ਕੇ ਕਹਾਣੀ-ਸੰਗ੍ਰਹਿ ‘ਢਾਈ ਦਹਾਕੇ’ ਛਪਵਾਇਆ ਹੈ।
ਆਪਣੀ ਸਿਰਜਣ ਪ੍ਰਕਿਰਿਆ ਨਾਲ-ਨਾਲ ਹੀ 1995 ਵਿਚ ਮੈਂ ਸਾਹਿਤਕ ਤੇ ਸੱਭਿਆਚਾਰਕ ਸੰਸਥਾ ‘ਕਲਾਕਾਰ ਸੰਗਮ ਪੰਜਾਬ’ ਦੀ ਸਥਾਪਨਾ ਕੀਤੀ ਜੋ ਸਮਾਂ ਪਾ ਕੇ ‘ਕੌਮਾਂਤਰੀ ਕਲਾਕਾਰ ਸੰਗਮ, ਪੰਜਾਬ’ ਵਜੋਂ ਜਾਣੀ ਜਾਣ ਲੱਗੀ। ਇਸ ਸੰਸਥਾ ਵੱਲੋਂ ਪਿਛਲੇ 26-27 ਸਾਲਾਂ ਦੌਰਾਨ ਤਕਰੀਬਨ 74 ਸਮਾਗਮ ਪੰਜਾਬ ਦੇ ਵੱਖੋ-ਵੱਖ ਸ਼ਹਿਰਾਂ- ਮੋਗਾ, ਲੁਧਿਆਣਾ, ਪਟਿਆਲਾ, ਬਠਿੰਡਾ, ਚੰਡੀਗੜ੍ਹ, ਸੰਗਰੂਰ ਆਦਿ ਵਿਖੇ ਕਰਵਾਏ ਹਨ।
ਆਪਣੀ ਸਾਹਿਤ ਸਾਧਨਾ ਤੇ ਸਿਰਜਣ ਪ੍ਰਕਿਰਿਆ ਦੇ ਨਾਲ-ਨਾਲ ਮੈਂ ਹੋਰ ਕਈ ਸਾਹਿਤਕ ਕਾਰਜ ਲਗਾਤਾਰ ਜਾਰੀ ਰੱਖੇ ਹਨ ਜਿਨ੍ਹਾਂ ਵਿਚੋਂ ਇਕ ਹੈ 2015 ਤੋਂ ਹਰ ਸਾਲ ਆਪਣੇ ਪੜਦਾਦਾ ਕਰਨਲ ਨਰੈਣ ਸਿੰਘ ਭੱਠਲ ਹੁਰਾਂ ਦੀ ਯਾਦ ਨੂੰ ਸਮਰਪਿਤ ਸਾਹਿਤਕ ਪੁਰਸਕਾਰ ਪੰਜਾਬੀ ਦੇ ਕਿਸੇ ਪ੍ਰਸਿੱਧ ਕਵੀ, ਕਹਾਣੀਕਾਰ, ਨਾਵਲਕਾਰ, ਨਾਟਕਕਾਰ ਆਦਿ ਨੂੰ ਪ੍ਰਦਾਨ ਕਰਨਾ ਹੁੰਦਾ ਹੈ। ਹੁਣ ਤੱਕ ਪੰਜਾਬੀ ਦੇ 21 ਨਾਮਵਰ ਲੇਖਕ ਇਹ ਪੁਰਸਕਾਰ ਹਾਸਲ ਕਰ ਚੁੱਕੇ ਹਨ ਜਿਨ੍ਹਾਂ ਵਿਚ ਬ੍ਰਹਮਜਗਦੀਸ਼ ਸਿੰਘ, ਜਸਵੰਤ ਜ਼ਫ਼ਰ, ਮੁਖਤਾਰ ਗਿੱਲ, ਧਰਮ ਕੰਮੇਆਣਾ, ਪ੍ਰੇਮ ਗੋਰਖੀ, ਸਤਿੰਦਰ ਨੰਦਾ, ਕਸ਼ਮੀਰ ਪੰਨੂੰ, ਸੁਖਦੇਵ ਸਿੰਘ ਸਿਰਸਾ, ਬਲਵੀਰ ਪਰਵਾਨਾ, ਕੇ.ਐਲ. ਗਰਗ ਆਦਿ ਸ਼ਾਮਲ ਹਨ।
ਪਿੱਛੇ ਜਿਹੇ ਮੈਂ ਇਕ ਉਪਰਾਲਾ ਕੀਤਾ ਸੀ ਕਿ ਲੇਖਕਾਂ ਦਾ ਬਰਨਾਲਾ ਵਿਖੇ ਲੇਖਕ ਭਵਨ ਬਣੇ। ਮੈਂ ਆਪਣੇ ਪੁਰਖਿਆਂ ਦੀ ਦੋ ਕਨਾਲ ਜ਼ਮੀਨ ਇਸ ਭਵਨ ਲਈ ਲੇਖਕਾਂ ਨੂੰ ਦਾਨ ਕਰਨ ਦਾ ਐਲਾਨ ਕੀਤਾ। ਇਹ ਜਗ੍ਹਾ ਬਸ ਸਟੈਂਡ ਤੋਂ ਸਿਰਫ਼ ਦੋ ਕਿਲੋਮੀਟਰ ਪੱਤੀ ਰੋਡ ’ਤੇ ਹੈ ਪਰ ਲੇਖਕਾਂ ਨੇ ਇਹ ਕਹਿ ਕੇ ਲੈਣ ਤੋਂ ਇਨਕਾਰ ਕਰ ਦਿੱਤਾ ਕਿ ‘ਬਹੁਤ ਦੂਰ ਹੈ।’
ਹਰ ਲੇਖਕ ਤੇ ਕਲਾਕਾਰ ਆਪਣੀ ਲਿਖਤ ਵਿਚ ਆਪਣੇ ਅਨੁਭਵਾਂ ਨੂੰ ਪ੍ਰਗਟ ਕਰਦਾ ਹੈ। ਮੈਂ ਆਪਣੀ ਲਿਖਤ, ਸੰਪਾਦਨਾ ਤੇ ਹੋਰ ਸਾਹਿਤਕ ਕਾਰਜਾਂ ਰਾਹੀਂ ਆਪਣੇ ਅੰਦਰ ਦੀ ਪ੍ਰਤਿਭਾ ਨੂੰ ਉਜਾਗਰ ਕਰਨ ਦਾ ਇਕ ਯਤਨ ਮਾਤਰ ਹੀ ਕਰ ਸਕਿਆ ਹਾਂ।
ਸੰਪਰਕ: 93165-16951