ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮੇਰਾ ਆਪਣੇ ਮਿਹਦੇ ਨਾਲ ਵਾਰਤਾਲਾਪ

07:07 AM Sep 01, 2024 IST

ਇੰਜ. ਈਸ਼ਰ ਸਿੰਘ

Advertisement

ਆਪਣੇ ਢਿੱਡ ਤੋਂ ਦੋ-ਤਿੰਨ ਦਿਨ ਪ੍ਰੇਸ਼ਾਨ ਰਹਿਣ ਪਿੱਛੋਂ ਮੈਂ ਲੱਭ-ਲਭਾ ਕੇ ਇੱਕ ਦਿਨ ਢਿੱਡ ਦਾ (ਆਪਣੇ ਜਾਣੇ) ਮੋਬਾਈਲ ਮਿਲਾਇਆ। ਕਿਸੇ ਨੇ ਅੱਗਿਓਂ ਸਤਿਕਾਰ ਨਾਲ ਹੈਲੋ ਕਿਹਾ ਪਰ ਮੈਂ ਔਖਾ ਜਿਹਾ ਹੋ ਕੇ ਪੁੱਛਿਆ,
“ਸੁਣਾ ਬਈ ਢਿੱਡ ਸਿੰਹਾਂ, ਕੀ ਹਾਲ ਐ ਤੇਰਾ? ਕਈ ਦਿਨਾਂ ਤੋਂ ਪ੍ਰੇਸ਼ਾਨ ਕਰੀ ਜਾਂਦਾ ਐਂ!”
ਅੱਗਿਓਂ ਜਵਾਬ ਆਇਆ, “ਸਰ ਜੀ, ਕੀਹਦੇ ਨਾਲ ਗੱਲ ਕਰਨੀ ਐ? ਢਿੱਡ ’ਚ ਤਾਂ ਅਸੀਂ ਕਈ ਜਣੇ ਆਂ। ਜਿਗਰ ਐ, ਪਿੱਤਾ ਐ, ਮਿਹਦਾ, ਛੋਟੀ ਅੰਤੜੀ, ਗੁਰਦਾ ਤੇ ਹੋਰ ਕਈ ਕੁਝ। ਫੇਫੜਿਆਂ ਤੋਂ ਲੈ ਕੇ ਥੱਲੇ ਤੱਕ ਤੁਹਾਡਾ ਮੂਹਰਲਾ ਹਿੱਸਾ ਸਭ ਢਿੱਡ ਈ ਐ, ਪੇਟ ਐ, ‘ਐਬਡੌਮਨ’ ਐ।”
ਥੋੜ੍ਹੀ ਕਿਰਕਿਰੀ ਹੋਈ ਦੇਖ ਕੇ ਮੈਂ ਕਿਹਾ, “ਉਹ ਤਾਂ ਠੀਕ ਐ। ਮੇਰਾ ਮਤਲਬ ਓਸ ਭਲੇਮਾਣਸ ਤੋਂ ਐ ਜਿਹੜਾ ਮੇਰੇ ਖਾਣੇ ਨੂੰ ਹਜ਼ਮ ਕਰਦੈ।”
ਜਵਾਬ ਆਇਆ, “ਪਰ ਇਹ ਕੰਮ ਵੀ ਕੋਈ ਇੱਕ ਜਣਾ ਨਹੀਂ ਕਰਦਾ। ਏਸ ਕੰਮ ਵਾਸਤੇ ਵੀ ਕਈ ਅੰਗਾਂ ਦੀ ਇੱਕ ਟੀਮ ਐ। ਮੂੰਹ ਤੋਂ ਲੈ ਕੇ ਥੱਲੇ ਤੱਕ ਏਸ ਟੀਮ ਦੇ ਕਈ ਅੰਗ ਨੇ ਜਿਹੜੇ ਖਾਣੇ ਨੂੰ ਚਿੱਥਣ ਤੋਂ ਲੈ ਕੇ ਮਲ਼ ਖਾਰਜ ਹੋਣ ਤੱਕ ਆਪੋ-ਆਪਣੀ ਭੂਮਿਕਾ ਨਿਭਾਉਂਦੇ ਨੇ। ਏਹਨੂੰ ‘ਪਾਚਨ-ਪ੍ਰਣਾਲੀ’ ਜਾਂ ‘ਪਾਚਨ-’ਸਿਸਟਮ’’ ਕਹਿੰਦੇ ਨੇ। ਮੈਨੂੰ ਲੱਗਦੈ ਤੁਸੀਂ ਮਿਹਦੇ ਦੀ, ‘ਸਟੱਮਕ’ ਦੀ ਗੱਲ ਕਰਦੇ ਹੋ ਕਿਉਂਕਿ ਬਹੁਤੇ ਏਸੇ ਨੂੰ ਢਿੱਡ ਸਮਝੀ ਜਾਂਦੇ ਨੇ। ਮੈਂ ਤੁਹਾਡੀ ਉਹਦੇ ਨਾਲ ਗੱਲ ਕਰਾਉਂਦਾ ਹਾਂ।”
ਨਮੋਸ਼ੀ ਦੇ ਮਾਰੇ ਦਾ ਮੇਰਾ ਦਿਮਾਗ਼ ਵੀ ਥੋੜ੍ਹਾ ਟਿਕਾਣੇ ਆ ਚੁੱਕਿਆ ਸੀ ਤੇ ਮਿਹਦਾ ਵੀ ਪੂਰੀ ਨਰਮਾਈ ਨਾਲ ਬੋਲਿਆ, “ਸ਼ੁਕਰ ਐ ਸਰ ਜੀ, ਮੈਂ ਵੀ ਤੁਹਾਨੂੰ ਯਾਦ ਆਇਆ। ਤੁਸੀਂ ਸੁਣ ਹੀ ਲਿਐ ਕਿ ਮੈਂ ਤਾਂ ਖਾਣੇ ਦੇ ਪਾਚਨ ‘ਸਿਸਟਮ’ ਦਾ ਇੱਕ ਹਿੱਸਾ ਹਾਂ। ਸਰੀਰ ’ਚ ਪਾਚਨ ‘ਸਿਸਟਮ’ ਵਰਗੇ ਦਸ-ਗਿਆਰਾਂ ਹੋਰ ‘ਸਿਸਟਮ’ ਕੰਮ ਕਰਦੇ ਨੇ: ਦਿਮਾਗ ਦੇ ਤਾਣੇ-ਬਾਣੇ ਦਾ ‘ਸਿਸਟਮ’, ਸਾਹ ਦਾ ‘ਸਿਸਟਮ’, ਖ਼ੂਨ ਦੇ ਦੌਰੇ ਦਾ, ਹੱਡੀਆਂ ਦੇ ਢਾਂਚੇ ਦਾ, ਪਿਸ਼ਾਬ ਖਾਰਜ ਕਰਨ ਦਾ ‘ਸਿਸਟਮ’ ਆਦਿ। ਪਰ ਤੁਸੀਂ ਗੱਲ ਪ੍ਰੇਸ਼ਾਨੀ ਤੋਂ ਸ਼ੁਰੂ ਕਰੀ ਐ। ਪ੍ਰੇਸ਼ਾਨ ਤੁਹਾਨੂੰ ਮੈਂ ਨਹੀਂ ਕਰਦਾ, ਇਹਦੇ ਜ਼ਿੰਮੇਵਾਰ ਤਾਂ ਤੁਸੀਂ ਆਪ ਹੋ। ਜੀਹਨੂੰ ਤੁਸੀਂ ਪ੍ਰੇਸ਼ਾਨੀ ਸਮਝਦੇ ਹੋ ਇਹ ਤਾਂ ਮੇਰੇ ਸੁਨੇਹੇ ਨੇ ਕਿ ਸੰਭਲ ਜਾਉ। ਨਾਲੇ ਸੁਨੇਹਾ ਵੀ ਉਦੋਂ ਹੀ ਭੇਜੀਦਾ ਐ ਜਦ ਗੱਲ ਵੱਸੋਂ ਬਾਹਰ ਹੋ ਜਾਵੇ। ਜਦ ਕਦੇ ਤੁਹਾਨੂੰ ਇਉਂ ਲੱਗਦਾ ਐ ਕਿ ਮੈਂ ਪ੍ਰੇਸ਼ਾਨ ਕਰ ਰਿਹਾ ਹਾਂ ਤਾਂ ਸਮਝ ਲਉ ਕਿ ਇਹ ਦਿੱਕਤ ਕਿਤੇ ਹੋਰ ਹੈ। ਕਈ ਵਾਰ ਤਾਂ ਲੋਕ ਦਿਲ ਦੇ ਦੌਰੇ ਤੱਕ ਨੂੰ ਮੇਰਾ ਦਰਦ ਸਮਝ ਕੇ ਅਣਗੌਲ਼ਿਆਂ ਕਰ ਦਿੰਦੇ ਨੇ। ਇਸੇ ਤਰ੍ਹਾਂ ਪਿੱਤੇ ਦੇ ਦਰਦ ਨੂੰ ਵੀ ਨਹੀਂ ਸਮਝ ਸਕਦੇ।”
ਮੈਂ ਫਿਰ ਤੜੀ ਦਿਖਾਉਣੀ ਚਾਹੀ, “ਕਮਾਲ ਕਰਦੈਂ, ਮੇਰਾ ਹੀ ਕਸੂਰ ਕੱਢੀਂ ਜਾਂਦੈਂ। ਮੇਰਾ ਬਹੁਤਾ ਵਾਹ ਤਾਂ ਤੇਰੇ ਨਾਲ ਈ ਪੈਂਦੈ, ਇਸੇ ਕਰਕੇ ਕਦੇ ਤੈਨੂੰ ਕਿਸੇ ਗੱਲੋਂ ਵਿਰਵਾ ਨਹੀਂ ਰੱਖਿਆ। ਦਿਨ ਦੇ ਘੰਟੇ ਚੌਵੀ ਹੁੰਦੇ ਨੇ ਤੇ ਭੋਜਨ ਤੈਨੂੰ ਛੱਤੀ ਪ੍ਰਕਾਰ ਦੇ ਖਵਾਈਦੇ ਨੇ।”
ਪਰ ਮਿਹਦਾ ਸਿੱਧਾ ਹੋ ਗਿਆ, “ਬਹੁਤ ਭੁਲੇਖੇ ’ਚ ਹੋ ਸਰ ਜੀ। ਜਿਨ੍ਹਾਂ ਨੂੰ ਤੁਸੀਂ ਛੱਤੀ ਪ੍ਰਕਾਰ ਦੇ ਭੋਜਨ ਕਹਿੰਦੇ ਹੋ, ਉਹੀ ਤਾਂ ਮੇਰੀ ਜਾਨ ਦਾ ਖੌਅ ਬਣੇ ਹੋਏ ਨੇ। ਨਾਲੇ ਇਹ ਕਿਹੜਾ ਮੇਰੇ ਵਾਸਤੇ ਕਰਦੇ ਹੋ? ਲਾਡਲੀ ਜੀਭ ਵਾਸਤੇ ਕਰਦੇ ਹੋ। ਉਹਨੂੰ ਐਨਾ ਸਿਰ ਚੜ੍ਹਾ ਰੱਖਿਐ ਕਿ ਉਹਦੀ ਹਰ ਛੋਟੀ-ਵੱਡੀ ਰਿਹਾੜ ਪੂਰੀ ਕਰਦੇ ਓ। ਉਹਨੇ ਤਾਂ ਕੋਈ ਚੀਜ਼ ਆਪਣੇ ਕੋਲ ਰੱਖਣੀ ਨਹੀਂ। ਸੁਆਦ ਲਿਆ ਤੇ ਚੀਜ਼ ਅੱਗੇ ਮੇਰੇ ਹਵਾਲੇ ਕਰ ਦਿੱਤੀ। ਖ਼ੈਰ! ਰੱਖਣਾ ਤਾਂ ਕੁਝ ਮੈਂ ਵੀ ਆਪਣੇ ਕੋਲ ਨਹੀਂ, ਪਰ ਮੈਂ ਆਪਣੀ ਪੂਰੀ ਵਾਹ ਲਾ ਕੇ ਬਣਦੀ ਕਾਰਵਾਈ ਕਰਕੇ ਹੀ ਸਭ ਕੁਝ ਅੱਗੇ ਛੋਟੀ ਅੰਤੜੀ ਨੂੰ ਭੇਜਦਾ ਹਾਂ।”
ਮੈਂ ਢੈਲਾ ਜਿਹਾ ਹੋ ਕੇ ਬੋਲਿਆ, “ਆਹ ਜੀਭ ਵਾਲੀ ਗੱਲ ਤਾਂ ਤੇਰੀ ਠੀਕ ਐ। ਰਿਹਾੜਣ ਤਾਂ ਖ਼ੈਰ ਇਹ ਸ਼ੁਰੂ ਤੋਂ ਹੀ ਐ, ਮੈਂ ਮੰਨਦਾ ਹਾਂ ਪਰ ਹੁਣ ਤਾਂ ਗੱਲ ਮੇਰੇ ਵੀ ਵੱਸ ਤੋਂ ਬਾਹਰ ਹੋਈ ਜਾਂਦੀ ਐ।”
ਮਿਹਦਾ ਹੋਰ ਕਰੜਾ ਹੋ ਗਿਆ, “ਛੱਤੀ ਪ੍ਰਕਾਰ ਦੇ ਭੋਜਨ ਖਾ-ਖਾ ਕੇ ਕਿਹੜਾ ਉਹ ਰਿਹਾੜ ਕਰਨੋਂ ਹਟ ਗਈ। ਉਹਨੂੰ ਤਾਂ ਜਿੰਨਾ ਚਮ੍ਹਲਾਈ ਜਾਵੋਗੇ, ਓਨਾ ਹੀ ਹੋਰ ਚਾਮ੍ਹਲੂ। ਨਾ ਉਹ ਕਿਸੇ ਨੂੰ ਸਿੱਧਾ ਬੋਲਦੀ ਐ, ਅਖੇ ਚੰਗਾ ਖਾਣਾ ਤੇ ਮੰਦਾ ਬੋਲਣਾ, ਪਰ ਇਹ ਕੰਮ ਹੁਣ ਬਹੁਤੀ ਦੇਰ ਚੱਲਣਾ ਨਹੀਂ। ਕਰੜੇ ਹੋ ਕੇ ਉਹਨੂੰ ਸਮਝਾਉਣਾ ਪੈਣੈ। ਪਰ ਉਹਨੂੰ ਸਮਝਾ ਤਾਂ ਸਕੋਗੇ ਜੇ ਪਹਿਲਾਂ ਆਪਣੇ-ਆਪ ’ਤੇ ਕਾਬੂ ਕਰੋਗੇ। ਮੇਰੀਆਂ ਗੱਲਾਂ ਕੌੜੀਆਂ ਨੇ ਪਰ ਸਰੀਰ-ਪਰਿਵਾਰ ਦੇ ਭਲੇ ਲਈ ਸਮਝਣੀਆਂ ਪੈਣੀਆਂ ਨੇ, ਮੰਨਣੀਆਂ ਪੈਣੀਆਂ ਨੇ।”
ਮੈਂ ਗੰਭੀਰ ਹੋ ਗਿਆ, “ਜ਼ਰੂਰ ਮੰਨਾਂਗੇ, ਪਰ ਪਹਿਲਾਂ ਸਮਝਾ ਤੇਰਾ ਕੰਮ ਕੀ ਐ?”
ਮਿਹਦਾ ਸਮਝਾਉਣ ਲੱਗਿਆ, “ਸਰਲ ਸ਼ਬਦਾਂ ’ਚ ਮੇਰਾ ਕੰਮ ਮਾਂ ਵਰਗਾ ਐ। ਸਰੀਰ ਦੇ ਸਾਰੇ ਅੰਗਾਂ ਵਾਸਤੇ ਖੁਰਾਕ ਤਿਆਰ ਕਰਨੀ। ਇਹ ਊੁਰਜਾ ’ਚ ਤਬਦੀਲ ਹੁੰਦੀ ਐ ਜਿਸ ਨਾਲ ਸਾਰਿਆਂ ਨੂੰ ਆਪੋ-ਆਪਣਾ ਕੰਮ ਕਰਨ ਦੀ ਸ਼ਕਤੀ ਮਿਲਦੀ ਐ। ਜੋ ਕੁਝ ਵੀ ਤੁਸੀਂ ਮੂੰਹ ’ਚ ਪਾਉਂਦੇ ਹੋ, ਉਹਦਾ ਕਿਣਕਾ-ਕਿਣਕਾ ਖਾਣੇ ਦੀ ਨਾਲ਼ੀ ਰਾਹੀਂ ਮੇਰੇ ’ਚ ਆਉਂਦੈ ਤੇ ਮੈਂ ਇਹਨੂੰ ਸਟੋਰ ਕਰਦਾ ਹਾਂ। ਇਸ ’ਚ ਲੋੜੀਂਦਾ ਤੇਜ਼ਾਬ ਤੇ ਕੁਝ ਹੋਰ ਰਸਾਂ ਨੂੰ ਮਿਲਾਉਂਦਾ ਹਾਂ। ਇਸ ਇਕੱਠੇ ਹੋਏ ਸਾਰੇ ਖਾਣੇ ਨੂੰ ਸਹਿਜ-ਮਤੇ ਨਾਲ ਹਿਲਾ-ਹਿਲਾ ਕੇ ਇੱਕ-ਰਸ ਵਰਗਾ ਕਰ ਲੈਂਦਾ ਹਾਂ ਤੇ ਇਸ ਨੂੰ ਹਜ਼ਮ ਹੋਣ ਜੋਗਾ ਕਰਦਾ ਹਾਂ। ਫੇਰ ਥੋੜ੍ਹਾ-ਥੋੜ੍ਹਾ ਕਰ ਕੇ ਹੇਠਾਂ ਛੋਟੀ ਅੰਤੜੀ ’ਚ ਭੇਜਦਾ ਰਹਿੰਦਾ ਹਾਂ ਤੇ ਆਪ ਪੂਰਾ ਵਿਹਲਾ ਹੋ ਜਾਂਦਾ ਹਾਂ। ਹਾਜ਼ਮੇ ਦਾ ਬਹੁਤਾ ਕੰਮ ਤਾਂ ਛੋਟੀ ਅੰਤੜੀ ’ਚ ਹੁੰਦਾ ਐ। ਭਾਵੇਂ ਮੈਂ ਆਪਣਾ ਸਾਰਾ ਕੰਮ ਬਹੁਤ ਵਧੀਆ ਢੰਗ ਨਾਲ ਕਰਦਾ ਹਾਂ, ਪਰ ਖੁਰਾਕ ਤਿਆਰ ਤਾਂ ਉਸੇ ਸਮੱਗਰੀ ’ਚੋਂ ਕਰਨੀ ਐ ਜਿਹੜੀ ਤੁਸੀਂ ਖਾਂਦੇ ਹੋ। ਮੈਨੂੰ ਦੁੱਖ ਹੁੰਦਾ ਏ ਜਦ ਮੈਂ ਤੁਹਾਡਾ ਖਾਧਾ ਅਵਲ਼ਾ-ਸਵਲ਼ਾ ਅੱਗੇ ਭੇਜਦਾ ਹਾਂ। ਕਿਉਂਕਿ ਮੈਂ ਮਾਂ ਦੀ ਭੂਮਿਕਾ ਨਿਭਾਉਂਦਾ ਹਾਂ, ਇਸੇ ਕਰਕੇ ਮੈਨੂੰ ਸਾਰੇ ਅੰਗਾਂ ਬਾਰੇ ਫ਼ਿਕਰ ਤੇ ਗਿਆਨ ਹੈ।’’
ਮੈਂ ਹੈਰਾਨੀ ਨਾਲ ਪੁੱਛਿਆ, “ਆਹ ਤੇਜ਼ਾਬ ਵਾਲੀ ਗੱਲ ਤਾਂ ਬਹੁਤ ਔਖਾ ਕੰਮ ਹੈ। ਇਹ ਤੈਨੂੰ ਕੁਝ ਨਹੀਂ ਕਹਿੰਦਾ?”
ਮਿਹਦਾ ਹੌਸਲੇ ’ਚ ਬੋਲਿਆ, “ਔਖਾ ਕੰਮ ਤਾਂ ਹੈ ਈ ਪਰ ਡਿਊਟੀ ਤਾਂ ਫੇਰ ਡਿਊਟੀ ਹੈ। ਤੇਜ਼ਾਬ ਤੋਂ ਬਗੈਰ ਖਾਣਾ ਹਜ਼ਮ ਹੀ ਨਹੀਂ ਹੋ ਸਕਦਾ। ਜੇ ਇਹ ਤੇਜ਼ਾਬ ਕਿਤੇ ਵਾਪਸ ਖੁਰਾਕ ਦੀ ਨਾਲ਼ੀ ’ਚ ਜਾਂ ਹੇਠਾਂ ਛੋਟੀ ਅੰਤੜੀ ’ਚ ਚਲਿਆ ਜਾਵੇ ਤਾਂ ਬਹੁਤ ਖਰਾਬੀ ਕਰਦਾ ਹੈ। ਇਸੇ ਕਰਕੇ ਜਦ ਮੈਂ ਖਾਣੇ ਨੂੰ ਰਲ਼-ਗਡ ਕਰਦਾ ਹਾਂ ਤਾਂ ਆਪਣੇ ਦੋਵੇਂ ਪਾਸੇ ਦੇ ਵਾਲਵ ਬੰਦ ਰੱਖਦਾ ਹਾਂ। ਪਰ ਜੇ ਇਉਂ ਹੀ ਧੱਕਾ ਹੁੰਦਾ ਰਿਹਾ ਤਾਂ ਇਹ ਪੂਰਾ ਕੰਮ ਕਰਨੋਂ ਹਟ ਜਾਣਗੇ। ਖੱਟੇ ਡਕਾਰ, ਛੋਟੀ ਅੰਤੜੀ ’ਚ ‘ਅਲਸਰ’ ਤੇ ਫੇਰ ਹੋਰ ਵੱਡੀਆਂ ਬਿਮਾਰੀਆਂ...।”
ਮੈਂ ਅਧੀਨਗੀ ਜਿਹੀ ਨਾਲ ਪੁੱਛਿਆ, “ਮੇਰੀ ਖਾਧੀ ਖੁਰਾਕ ’ਚ ਤੈਨੂੰ ਕੀ ਗਲਤ ਲੱਗਦਾ ਹੈ?”
ਮਿਹਦਾ ਚੜ੍ਹਤ ’ਚ ਬੋਲਿਆ, “ਅੱਜ ਦੀ ਘੜੀ ਤਾਂ ਬਹੁਤਾ ਗ਼ਲਤ ਹੀ ਲੱਗਦਾ ਹੈ। ਤੁਸੀਂ ਆਪਣੀ ਪੈਟਰੋਲ ਦੀ ਕਾਰ ’ਚ ਕਦੇ ਡੀਜ਼ਲ ਨਹੀਂ ਪੁਆਉਂਦੇ, ਪਰ ਮੇਰੇ ਨਾਲ ਇਸ ਤਰ੍ਹਾਂ ਦਾ ਧੱਕਾ ਰੋਜ਼ ਕਰਦੇ ਹੋ। ਜਿਹੜਾ ਕੁਝ ਮੈਨੂੰ ਦਰਕਾਰ ਐ, ਉਹ ਤੁਸੀਂ ਖਾਂਦੇ ਨਹੀਂ। ਏਧਰਲਾ-ਓਧਰਲਾ ਖਾਂਦੇ ਰਹਿੰਦੇ ਓ ਤੇ ਖਾ-ਖਾ ਕੇ ਢਿੱਡ ਬਾਹਰ ਕੱਢ ਲੈਂਦੇ ਹੋ। ਇਸ ਤਰ੍ਹਾਂ ਸਭ ਤੋਂ ਵੱਧ ਧੱਕਾ ਤੇ ਬਦਸਲੂਕੀ ਤੁਸੀਂ ਮੇਰੇ ਨਾਲ ਕਰਦੇ ਹੋ। ਇਹ ਤਾਂ ਸਦਕੇ ਉੱਪਰ ਵਾਲੇ ਦੇ ਕਿ ਉਹਨੇ ਮੈਨੂੰ ਬਣਾਇਆ ਹੀ ਇੰਨਾ ਸਖ਼ਤ-ਜਾਨ ਹੈ ਬਈ ਮੈਂ ਇਹ ਧੱਕਾ-ਧੋੜਾ ਬਰਦਾਸ਼ਤ ਕਰਨ ਜੋਗਾ ਹਾਂ। ਥੋੜ੍ਹਾ ਕੀਤਿਆਂ ਭਾਵੇਂ ਮੈਨੂੰ ਕੁਝ ਨਹੀਂ ਹੁੰਦਾ, ਪਰ ਮੇਰੀ ਵੀ ਕੋਈ ਹੱਦ ਹੈ।”
ਮੈਂ ਗੱਲ ਅੱਗੇ ਤੋਰੀ, “ਫਿਰ ਮੈਂ ਕੀ ਖਾਵਾਂ ਤੇ ਕੀ ਛੱਡਾਂ?”
‘‘ਇੰਨੇ ਥੋੜ੍ਹੇ ਸਮੇਂ ’ਚ ਮੈਂ ਤੁਹਾਨੂੰ ਇਹ ਸਭ ਨਹੀਂ ਦੱਸ ਸਕਦਾ। ਇਹ ਤਾਂ ਆਪਣੇ-ਆਪ ’ਚ ਇੱਕ ਵੱਡਾ ਵਿਸ਼ਾ ਹੈ। ਇਸ ਵਾਸਤੇ ਤਾਂ ਬੜੇ ਸਿਆਣੇ ਸਲਾਹਕਾਰ, ਡਾਕਟਰ ਤੇ ਡਾਈਟੀਸ਼ੀਅਨ ਮਿਲ ਜਾਂਦੇ ਨੇ। ਹੋਰ ਇੰਨੀਆਂ ਕਿਤਾਬਾਂ, ਨਾਵਲ, ਕਿੱਸੇ, ਕਹਾਣੀਆਂ ਪੜ੍ਹਦੇ ਹੋ। ਏਧਰਲੀਆਂ-ਓਧਰਲੀਆਂ ਵੀਡੀਓਜ਼ ਦੇਖਦੇ ਹੋ। ਕਦੇ ਮੇਰੇ ਬਾਰੇ ਜਾਂ ਮੇਰੇ ਹੋਰ ਭੈਣਾਂ-ਭਰਾਵਾਂ ਬਾਰੇ ਵੀ ਕੋਈ ਚੰਗੀ ਕਿਤਾਬ ਪੜ੍ਹ ਲਿਆ ਕਰੋ। ਇਹ ਤਾਂ ਤੁਹਾਡੀ ਜ਼ਿੰਮੇਵਾਰੀ ਹੈ, ਕਿਸੇ ਨੇ ਤੁਹਾਨੂੰ ਘਰੇ ਬੈਠਿਆਂ ਨੂੰ ਤਾਂ ਦੱਸਣ ਆਉਣਾ ਨਹੀਂ। ਸਿਹਤਵਰਧਕ ਤੇ ਠੀਕ ਮਿਕਦਾਰ ’ਚ ਖਾਣਾ ਤਾਂ ਤੁਹਾਡੀ ਜ਼ਿੰਮੇਵਾਰੀ ਤੇ ਤੁਹਾਡੇ ਹੱਥ ’ਚ ਹੈ। ਅਮਰੀਕਾ ਦੇ
ਮਸ਼ਹੂਰ ਡਾਕਟਰ ਐਂਡਰਿਊ ਵ੍ਹੀਲ ਦਾ ਕਹਿਣਾ ਹੈ ਕਿ ਦਵਾਈ ਤੇ ਜ਼ਹਿਰ ’ਚ ਮਾਤਰਾ ਤੋਂ ਬਗੈਰ ਹੋਰ ਬਹੁਤਾ ਫ਼ਰਕ ਨਹੀਂ ਹੁੰਦਾ। ਹਫ਼ਤੇ ’ਚ ਇੱਕ ਵਾਰ ਮੈਨੂੰ ਛੁੱਟੀ ਮਿਲ ਜਾਵੇ ਤਾਂ ਕੰਮ ਫਿੱਟ ਹੈ।”
ਮੈਂ ਬੌਂਦਲ ਗਿਆ ਤੇ ਕਿਹਾ, “ਤੂੰ ਬੜਾ ਕੁਝ ਦੱਸੀਂ ਜਾਂਦਾ ਏਂ, ਮੈਂ ਕਦੇ ਇਨ੍ਹਾਂ ਗੱਲਾਂ ਬਾਰੇ ਬਹੁਤਾ ਸੋਚਿਆ ਹੀ ਨਹੀਂ। ਨਾ ਇਹ ਮੇਰੀ ਸਮਝ ’ਚ ਆ ਰਹੀਆਂ ਨੇ।”
ਮਿਹਦੇ ਨੇ ਦਿਲਾਸਾ ਦਿੱਤਾ, “ਮੇਰੇ ਅੰਦਰ ਕੀ ਕੁਦਰਤੀ ਵਰਤਾਰੇ ਵਰਤਦੇ ਨੇ ਉਹ ਤੁਹਾਨੂੰ ਸਮਝ ਨਹੀਂ ਆ ਸਕਦੇ। ਇਹ ਤਾਂ ਡਾਕਟਰਾਂ ਦਾ ਕੰਮ ਹੈ। ਤੁਹਾਨੂੰ ਇਹ ਸਭ ਸਮਝਣ ਦੀ ਲੋੜ ਵੀ ਨਹੀਂ। ਜਿਵੇਂ ਕਾਰ ਦੀ ਅੰਦਰਲੀ ਮਸ਼ੀਨਰੀ ਬਾਰੇ ਕਿਹੜਾ ਤੁਸੀਂ ਕੁਝ ਜਾਣਦੇ ਹੋ। ਉਹਦੇ ਸਿਰਫ਼ ਪੰਜ-ਸੱਤ ਪੁਰਜ਼ਿਆਂ ਨੂੰ ਜਾਣਦੇ ਓ, ਉਨ੍ਹਾਂ ਦੇ ਸਿਰ ’ਤੇ ਕਾਰ ਭਜਾਈ ਫਿਰਦੇ ਹੋ। ਇਹੀ ਗੱਲ ਸਰੀਰ ਦੀ ਹੈ। ਤੁਹਾਨੂੰ ਇਹਦੇ ਬਾਰੇ ਖੋਜਾਂ ਕਰਨ ਦੀ ਲੋੜ ਨਹੀਂ। ਜਾਣਕਾਰਾਂ ਨੇ ਪਹਿਲਾਂ ਹੀ ਬਥੇਰੀਆਂ ਕਰ ਰੱਖੀਆਂ ਨੇ ਜਿਹੜੇ ਸਰੀਰ ਨੂੰ ਤੰਦਰੁਸਤ ਰੱਖਣ ਦੇ ਗੁਰ ਦੱਸਦੇ ਆ ਰਹੇ ਹਨ। ਉਨ੍ਹਾਂ ਨੂੰ ਜਾਣੋ ਤੇ ਪੂਰਾ ਪਹਿਰਾ ਦਿਓ।’’
ਮੈਂ ਹੋਰ ਜਾਣਨ ਲਈ ਕਾਹਲ਼ਾ ਹੋ ਗਿਆ, “ਇਹ ਗੱਲ ਤਾਂ ਮੈਂ ਸਮਝ ਗਿਆ। ਅੱਗੇ ਦੱਸ ਕਿ ਮੇਰੇ ਹੱਥ-ਵੱਸ ਹੋਰ ਕੀ ਹੈ?”
ਮਿਹਦੇ ਨੇ ਅਗਲੀ ਮੱਤ ਦਿੱਤੀ, “ਤੁਸੀਂ ਖਾਣੇ ਨੂੰ ਚੰਗੀ ਤਰ੍ਹਾਂ ਚਿੱਥ ਸਕਦੇ ਹੋ। ਮਾਹਿਰਾਂ ਦਾ ਕਹਿਣਾ ਕਿ ਇੱਕ ਬੁਰਕੀ ਨੂੰ 40-45 ਵਾਰ ਚਿੱਥੋ, ਪਰ ਤੁਸੀਂ ਬੁਰਕੀ ਨੂੰ ਪੰਜ-ਸੱਤ ਵਾਰ ਦਰੜ-ਫਰੜ ਕਰ ਕੇ ਮੇਰੇ ਹਵਾਲੇ ਕਰ ਦਿੰਦੇ ਹੋ। ਸਮਝਣ ਦੀ ਲੋੜ ਹੈ ਕਿ ਮੇਰੇ ਅੰਦਰ ਕੋਈ ਬਿਜਲੀ ਦੀ ਮਧਾਣੀ ਤਾਂ ਲੱਗੀ ਨਹੀਂ ਹੋਈ ਕਿ ਵੱਡੇ-ਵੱਡੇ ਟੁਕੜਿਆਂ ਨੂੰ ਪੀਹ ਸਕਾਂ। ਨਾਲੇ ਇਹ ਕੰਮ ਮੇਰਾ ਹੈ ਹੀ ਨਹੀਂ। ਮੇਰੇ ਕਰਨ ਵਾਲੇ ਮੇਰੇ ਆਪਣੇ ਕੰਮ ਬਥੇਰੇ ਨੇ। ਮੈਂ ਆਪਣੇ ਕੰਮ ਕਰਾਂ ਕਿ ਦੰਦਾਂ ਦਾ ਕੰਮ ਕਰਾਂ? ਮੈਂ ਤਾਂ ਆਏ ਖਾਣੇ ਨੂੰ ਸਹਿਜ-ਮਤੇ ਨਾਲ ਮਿਲਾਉਂਦਾ ਹਾਂ ਜਿਵੇਂ ਕਿ ਹੱਥ ਦੀਆਂ ਚਾਰ ਉਂਗਲ਼ਾਂ ਤੇ ਅੰਗੂਠੇ ਵਿਚਾਲੇ ਕਿਸੇ ਗਿੱਲੀ ਚੀਜ਼ ਨੂੰ ਪੋਲੇ-ਪੋਲੇ ਮਸਲਦੇ ਹਾਂ।”
ਮੈਂ ਆਪਣੀ ਜਾਣਕਾਰੀ ਲਈ ਪੁੱਛਿਆ, “ਤੂੰ ਸ਼ੁਰੂ ’ਚ ਸਰੀਰ ਦੇ 11-12 ਸਿਸਟਮਾਂ ਦੀ ਗੱਲ ਕੀਤੀ ਸੀ, ਉਨ੍ਹਾਂ ਬਾਰੇ ਵੀ ਕੁਝ ਸਮਝਾ ਦੇ।”
ਮਿਹਦੇ ਨੇ ਗੱਲ ਸਮਝਾਈ, “ਹਾਂ ਜੀ ਕੀਤੀ ਸੀ। ਇਹ ਸਭ ‘ਸਿਸਟਮ’ ਬਣਾਏ ਤਾਂ ਕੁਦਰਤ ਦੇ ਹੋਏ ਨੇ, ਡਾਕਟਰਾਂ ਨੇ ਸਰੀਰ ਦੀ ਅਨਾਟਮੀ ਸਮਝਣ-ਸਮਝਾਉਣ ਲਈ ਇਨ੍ਹਾਂ ਨੂੰ 12 ਸਿਸਟਮਾਂ ’ਚ ਵੰਡ ਲਿਆ। ਹਰ ‘ਸਿਸਟਮ’ ਦੇ ਅੱਗੇ ਅਨੇਕਾਂ ਅੰਗ ਨੇ ਤੇ ਸਾਰੇ ਅੰਗਾਂ ਦਾ ਆਪਸ ’ਚ ਪੂਰਾ ਤਾਲਮੇਲ ਐ। ਅੱਗੇ ਸਾਰੇ ਸਿਸਟਮਾਂ ਦਾ ਆਪਸ ’ਚ ਪੂਰਾ ਤਾਲਮੇਲ ਐ। ਮਨੁੱਖੀ ਸਰੀਰ ਦਾ ਸਾਰੀ ਸ੍ਰਿਸ਼ਟੀ ’ਚ ਕੋਈ ਜੋੜ ਨਹੀਂ। ਇਹ ਤਾਂ ਕੁਦਰਤ ਦੀ ਅਦੁੱਤੀ ਬਣਤ ਹੈ। ਸਰੀਰ ਦੀ ਤਾਂ ਗੱਲ ਹੀ ਵੱਡੀ ਹੈ। ਇਹਦੇ ਕਿਸੇ ਇੱਕ ਅੰਗ ਦਾ ਵੀ ਕੋਈ ਜੋੜ ਨਹੀਂ। ਤੁਸੀਂ ਸਤਿੰਦਰ ਸਰਤਾਜ ਦਾ ਗਾਣਾ ਸੁਣਦੇ ਹੀ ਓ ਕਿ ‘ਬੰਦੇ ਦੇ ਹੱਥਾਂ ਵਰਗਾ ਕੋਈ ਔਜ਼ਾਰ ਨੀ ਬਣਿਆ...।’ ਸਰੀਰ ਦੇ ਹਰ ਅੰਗ ਵਾਸਤੇ ਇਸ ਤਰ੍ਹਾਂ ਦਾ ਗਾਣਾ ਲਿਖਿਆ ਜਾ ਸਕਦਾ ਹੈ।
ਮੈਂ ਪੁੱਛਿਆ, “ਇੰਨੀ ਮਿਹਨਤ ਕਰਕੇ ਕਿੰਨਾ ਕੁ ਫ਼ਾਇਦਾ ਹੋ ਜਾਊ?”
ਮਿਹਦਾ ਬੋਲਿਆ, “ਮੇਰੀ ਗਰੰਟੀ ਹੈ ਕਿ ਜੇ ਮੇਰੇ ਆਖੇ ਲੱਗ ਜਾਉ ਤਾਂ ਤੁਹਾਡੀਆਂ ਕਈ ਬਿਮਾਰੀਆਂ ਦਾ ਇਲਾਜ ਹੋ ਸਕਦਾ ਹੈ।”
ਮੈਂ ਹੈਰਾਨ ਹੋ ਕੇ ਕਿਹਾ, “ਇੰਨਾ ਕੁਝ ਕਰਕੇ ਤਾਂ ਸਰੀਰ ਦੀਆਂ ਸਭ ਬਿਮਾਰੀਆਂ ਦਾ ਇਲਾਜ ਹੋਣਾ ਚਾਹੀਦਾ ਹੈ।’’
ਮਿਹਦੇ ਨੇ ਅਸਲੀਅਤ ਸਮਝਾਈ, “ਨਹੀਂ ਨਹੀਂ, ਇਸ ਵਾਸਤੇ ਤਾਂ ਹੋਰ ਵੀ ਬੜਾ ਕੁਝ ਕਰਨਾ ਪੈਂਦਾ ਹੈ। ਇਹ ਗੱਲ ਪੱਲੇ ਬੰਨ ਲਉ ਕਿ ਚੰਗੀ ਖੁਰਾਕ ਪੂਰੀ ਸਿਹਤ ਲਈ ਜ਼ਰੂਰੀ ਹੈ, ਪਰ ਪੂਰੀ ਨਹੀਂ। ਸਰੀਰ ਦੇ ਹਰ ਅੰਗ ਦੀ ਕਸਰਤ ਤੇ ਮਨ ਦੀ ਸਾਧਨਾ ਵੀ ਇੰਨੀਆਂ ਹੀ ਜ਼ਰੂਰੀ ਨੇ। ਇਨ੍ਹਾਂ ਤਿੰਨੇ ਗੱਲਾਂ ਨਾਲ ਤਾਂ ਤੁਹਾਡਾ ਕਾਇਆ-ਕਲਪ ਹੋਵੇਗਾ ਤੇ ਤੁਸੀਂ ਸਰੀਰਕ ਪੱਖੋਂ ਤੇ ਮਾਨਸਿਕ ਪੱਖੋਂ ਵੀ ਇੱਕ ਦੇ ਦੋ ਬਣ ਜਾਉਗੇ।”
ਮੈਂ ਆਪਣੇ ਅੰਦਰ ਦਾ ਪਾਲ਼ਾ ਸਾਂਝਾ ਕੀਤਾ, “ਤੇਰੀਆਂ ਗੱਲਾਂ ਨੇ ਤਾਂ ਮੇਰੀਆਂ ਅੱਖਾਂ ਖੋਲ੍ਹ ਦਿੱਤੀਆਂ, ਪਰ ਆਦਤਾਂ ਬਦਲਣੀਆਂ ਬਹੁਤ ਔਖੀਆਂ ਲੱਗਦੀਆਂ ਨੇ।”
ਮਿਹਦੇ ਨੇ ਸਿਰੇ ਦੀ ਸਲਾਹ ਦਿੱਤੀ, “ਕੋਈ ਔਖੀਆਂ ਨਹੀਂ। ਸਿਰੜ ਤੇ ਅਭਿਆਸ ਨਾਲ ਕੋਈ ਕੰਮ ਇੱਕ ਮਹੀਨਾ ਕਰ ਲਉ ਤਾਂ ਉਹ ਨਵੀਂ ਆਦਤ ਬਣ ਜਾਂਦਾ ਹੈ। ਨਾਲੇ ਆਪਣੇ ਵਾਸਤੇ ਕਰਨਾ ਏ। ਇੱਕ ਜ਼ਰੂਰੀ ਬੇਨਤੀ ਹੋਰ ਹੈ ਜਿਵੇਂ ਮੇਰੇ ਨਾਲ ਅੱਜ ਗੰਭੀਰਤਾ ਨਾਲ ਗੱਲ ਕੀਤੀ ਹੈ, ਉਵੇਂ ਹੋਰ ਅੰਗਾਂ ਨਾਲ ਵੀ ਜ਼ਰੂਰ ਕਰਿਆ ਕਰੋ। ਇਹਨੂੰ ਨੇਮ ਹੀ ਬਣਾ ਲਉ ਤੇ ਸਿੱਖੇ ਸਬਕਾਂ ’ਤੇ ਅਮਲ ਵੀ ਕਰੋ।”
ਅਖੀਰ ’ਚ ਮੈਂ ਟਿੱਚਰ ਕੀਤੀ, “ਤੂੰ ਤਾਂ ਬਹੁਤ ਵਧੀਆ ਪੰਜਾਬੀ ਬੋਲਦਾ ਏਂ ਤੇ ਅੰਗਰੇਜ਼ੀ ਵੀ ਖਾਸੀ ਜਾਣਦਾ ਏਂ।”
ਮਿਹਦੇ ਨੇ ਫੜੱਕ ਜਵਾਬ ਦਿੱਤਾ, “ਸਰ ਜੀ! ਚੌਵੀ ਘੰਟੇ ਤੁਹਾਡੇ ਨਾਲ ਰਹੀਦੈ।”
ਪਰ ਮੈਂ ਪੂਰੀ ਤਰ੍ਹਾਂ ਗੰਭੀਰ ਤੇ ਸਰੀਰ ਦੀ ਰੱਬੀ ਰਹਿਮਤ ਦੀ ਸੁਹਿਰਦਤਾ ਨਾਲ ਸੰਭਾਲ ਕਰਨ ਲਈ ਦ੍ਰਿੜ੍ਹ ਸੰਕਲਪ ਸੀ।
ਸੰਪਰਕ: 647-640-2014

Advertisement
Advertisement