For the best experience, open
https://m.punjabitribuneonline.com
on your mobile browser.
Advertisement

ਮੁਹੱਬਤੀ ਪੈਗ਼ਾਮ ਦੀ ਰਸੀਦੀ ਟਿਕਟ

07:40 AM Sep 01, 2024 IST
ਮੁਹੱਬਤੀ ਪੈਗ਼ਾਮ ਦੀ ਰਸੀਦੀ ਟਿਕਟ
ਅੰਮ੍ਰਿਤਾ ਪ੍ਰੀਤਮ
Advertisement

ਰੇਣੂ ਸੂਦ ਸਿਨਹਾ

Advertisement

ਅੰਮ੍ਰਿਤਾ ਪ੍ਰੀਤਮ ਆਪਣੇ ਸਮਿਆਂ ਤੋਂ ਬਹੁਤ ਅੱਗੇ ਸੀ। ਇਸੇ ਕਾਰਨ ਉਸ ਦੀਆਂ ਲਿਖਤਾਂ ਸਮੇਂ ਤੋਂ ਪਾਰ ਦੀਆਂ ਹਨ। ਉਸ ਦੀਆਂ ਨਾਇਕਾਵਾਂ ਉਸ ਦੇ ਆਪਣੇ ਬਿੰਬ ਵਾਂਗ ਹੀ ਨਿਡਰ ਅਤੇ ਸਵੈ-ਭਰੋਸੇ ਵਾਲੀਆਂ ਸਨ। ... ਕਲਪਨਾ ਕਰੋ; 1960ਵਿਆਂ ’ਚ ਭਲਾ ਕੋਈ ਬਿਨਾਂ ਵਿਆਹ ਕਰਵਾਏ ਆਪਣੇ ਮਨਪਸੰਦ ਸਾਥੀ ਨਾਲ ਰਹਿਣ ਦਾ ਹੌਸਲਾ ਕਰ ਸਕਦਾ ਸੀ! ਉਸ ਨੇ ਕਦੇ ਸਮਾਜ ਤੇ ਇਸ ਦੀਆਂ ਰੋਕਾਂ ਦੀ ਪਰਵਾਹ ਨਹੀਂ ਕੀਤੀ। ਉਸ ਦੇ ਕਿਸੇ ਵੀ ਰਿਸ਼ਤੇ ਦਾ ਇੱਕੋ ਇੱਕ ਪੈਮਾਨਾ ਸਿਰਫ਼ ਮੁਹੱਬਤ ਸੀ।

Advertisement

ਅੱਜ ਆਖਾਂ ਵਾਰਸ ਸ਼ਾਹ ਨੂੰ ਕਿਤੋਂ ਕਬਰਾਂ ਵਿਚੋਂ ਬੋਲ!
ਤੇ ਅੱਜ ਕਿਤਾਬੇ-ਇਸ਼ਕ ਦਾ ਕੋਈ ਅਗਲਾ ਵਰਕਾ ਫੋਲ!
ਇਕ ਰੋਈ ਸੀ ਧੀ ਪੰਜਾਬ ਦੀ ਤੂੰ ਲਿਖ ਲਿਖ ਮਾਰੇ ਵੈਣ
ਅੱਜ ਲੱਖਾਂ ਧੀਆਂ ਰੋਂਦੀਆਂ ਤੈਨੂੰ ਵਾਰਿਸ ਸ਼ਾਹ ਨੂੰ ਕਹਿਣ:

ਉਠ ਦਰਦਮੰਦਾਂ ਦਿਆ ਦਰਦੀਆ! ਉਠ ਤੱਕ ਆਪਣਾ ਪੰਜਾਬ
ਅੱਜ ਬੇਲੇ ਲਾਸ਼ਾਂ ਵਿਛੀਆਂ ਤੇ ਲਹੂ ਦੀ ਭਰੀ ਚਨਾਬ
ਕਿਸੇ ਨੇ ਪੰਜਾਂ ਪਾਣੀਆਂ ਵਿੱਚ ਦਿੱਤੀ ਜ਼ਹਿਰ ਰਲਾ
ਤੇ ਉਹਨਾਂ ਪਾਣੀਆਂ ਧਰਤ ਨੂੰ ਦਿੱਤਾ ਪਾਣੀ ਲਾ

ਇਸ ਜ਼ਰਖੇਜ਼ ਜ਼ਮੀਨ ਦੇ ਲੂੰ ਲੂੰ ਫੁਟਿਆ ਜ਼ਹਿਰ
ਗਿਠ ਗਿਠ ਚੜ੍ਹੀਆਂ ਲਾਲੀਆਂ ਫੁੱਟ ਫੁੱਟ ਚੜ੍ਹਿਆ ਕਹਿਰ
ਵਿਹੁ ਵਲਿੱਸੀ ਵਾ ਫਿਰ ਵਣ ਵਣ ਵੱਗੀ ਜਾ
ਉਹਨੇ ਹਰ ਇਕ ਵਾਂਸ ਦੀ ਵੰਝਲੀ ਦਿੱਤੀ ਨਾਗ ਬਣਾ

ਪਹਿਲਾ ਡੰਗ ਮਦਾਰੀਆਂ ਮੰਤ੍ਰ ਗਏ ਗੁਆਚ
ਦੂਜੇ ਡੰਗ ਦੀ ਲੱਗ ਗਈ ਜਣੇ ਖਣੇ ਨੂੰ ਲਾਗ
ਲਾਗਾਂ ਕੀਲੇ ਲੋਕ ਮੂੰਹ ਬੱਸ ਫਿਰ ਡੰਗ ਹੀ ਡੰਗ
ਪਲੋ ਪਲੀ ਪੰਜਾਬ ਦੇ ਨੀਲੇ ਪੈ ਗਏ ਅੰਗ

ਗਲਿਓਂ ਟੁੱਟੇ ਗੀਤ ਫਿਰ ਤ੍ਰਕਲਿਓਂ ਟੁੱਟੀ ਤੰਦ
ਤ੍ਰਿੰਜਣੋਂ ਟੁੱਟੀਆਂ ਸਹੇਲੀਆਂ ਚਰੱਖੜੇ ਘੂਕਰ ਬੰਦ
ਸਣੇ ਸੇਜ ਦੇ ਬੇੜੀਆਂ ਲੁੱਡਣ ਦਿੱਤੀਆਂ ਰੋੜ੍ਹ
ਸਣੇ ਡਾਲੀਆਂ ਪੀਂਘ ਅੱਜ ਪਿੱਪਲਾਂ ਦਿੱਤੀ ਤੋੜ

ਜਿਥੇ ਵਜਦੀ ਸੀ ਫੂਕ ਪਿਆਰ ਦੀ ਵੇ ਉਹ ਵੰਝਲੀ ਗਈ ਗੁਆਚ
ਰਾਂਝੇ ਦੇ ਸਭ ਵੀਰ ਅੱਜ ਭੁੱਲ ਗਏ ਉਸਦੀ ਜਾਚ
ਧਰਤੀ ਤੇ ਲਹੂ ਵੱਸਿਆ ਕਬਰਾਂ ਪਈਆਂ ਚੋਣ
ਪ੍ਰੀਤ ਦੀਆਂ ਸ਼ਾਹਜ਼ਾਦੀਆਂ ਅੱਜ ਵਿੱਚ ਮਜ਼ਾਰਾਂ ਰੋਣ

ਅੱਜ ਸੱਭੇ ਕੈਦੋਂ ਬਣ ਗਏ, ਹੁਸਨ ਇਸ਼ਕ ਦੇ ਚੋਰ
ਅੱਜ ਕਿਥੋਂ ਲਿਆਈਏ ਲੱਭ ਕੇ ਵਾਰਿਸ ਸ਼ਾਹ ਇਕ ਹੋਰ

ਸਾਿਹਰ ਲੁਧਿਆਣਵੀ ਚਿੱਤਰ:ਸੰਦੀਪ ਜੋਸ਼ੀ

ਜਦੋਂ ਅੰਮ੍ਰਿਤਾ ਦਾ ਜ਼ਿਕਰ ਹੁੰਦਾ ਹੈ ਤਾਂ ਲੋਕਾਂ ਨੂੰ ਅਕਸਰ ਉਸ ਦੀ ਕੇਵਲ ਇਹੋ ਕਵਿਤਾ ਯਾਦ ਆਉਂਦੀ ਹੈ। ਦੇਸ਼ ਵੰਡ ਨਾਲ ਸਬੰਧਿਤ ਇਹ ਸ਼ਾਹਕਾਰ ਰਚਨਾ ਭਾਵੇਂ ਉਸ ਦਾ ਹਸਤਾਖ਼ਰ ਹੋ ਚੁੱਕੀ ਹੈ, ਪਰ 31 ਅਗਸਤ 1919 ਨੂੰ ਪਾਕਿਸਤਾਨ ਦੇ ਗੁੱਜਰਾਂਵਾਲਾ ’ਚ ਜਨਮੀ ਅੰਮ੍ਰਿਤਾ ਪ੍ਰੀਤਮ ਨੇ ਪੰਜਾਬੀ ਸਾਹਿਤ ਲਈ ਜੋ ਕੁਝ ਕੀਤਾ, ਉਸ ਦਾ ਕੋਈ ਜਵਾਬ ਨਹੀਂ। ਉਸ ਦੇ ਵੱਡੇ ਸਾਹਿਤਕ ਕਾਰਜ ’ਚ ਕਵਿਤਾਵਾਂ, ਕਹਾਣੀਆਂ, ਨਾਵਲ, ਡਾਇਰੀ ’ਚ ਲਿਖੀਆਂ ਯਾਦਾਂ, ਨਿਬੰਧ ਅਤੇ ਕਈ ਕੁਝ ਹੋਰ ਸ਼ਾਮਿਲ ਹੈ। ਇੱਥੋਂ ਤੱਕ ਕਿ ਉਸ ਨੇ ਆਪਣੀ ਜ਼ਿੰਦਗੀ ਦੇ ਲੰਮਾ ਸਮਾਂ ਹਮਰਾਹ ਰਹੇ ਇਮਰੋਜ਼ ਨੂੰ ਜਿਹੜੇ ਖ਼ਤ ਲਿਖੇ ਉਹ ਵੀ ਕਿਸੇ ਸਾਹਿਤਕ ਰਚਨਾ ਤੋਂ ਘੱਟ ਨਹੀਂ ਹਨ। ਉਸ ਦੀਆਂ ਕਵਿਤਾਵਾਂ ਦਾ ਪਹਿਲਾ ਸੰਗ੍ਰਹਿ ‘ਠੰਢੀਆਂ ਕਿਰਨਾਂ’ 1935 ’ਚ ਪ੍ਰਕਾਸ਼ਿਤ ਹੋਇਆ। ਉਦੋਂ ਉਹ ਮਹਿਜ਼ 16 ਸਾਲ ਦੀ ਸੀ। 1956 ’ਚ ਉਸ ਨੂੰ ਆਪਣੇ ਕਾਵਿ-ਸੰਗ੍ਰਹਿ ‘ਸੁਨੇਹੜੇ’ ਲਈ ਸਾਹਿਤ ਅਕੈਡਮੀ ਐਵਾਰਡ ਮਿਲਿਆ ਤੇ ਇਹ ਹਾਸਿਲ ਕਰਨ ਵਾਲੀ ਉਹ ਪਹਿਲੀ ਲੇਖਿਕਾ ਸੀ। ਪਦਮ ਸ੍ਰੀ (1969) ਹਾਸਿਲ ਕਰਨ ਵਾਲੀ ਉਹ ਪਹਿਲੀ ਪੰਜਾਬਣ ਸੀ। ਕਾਵਿ ਸੰਗ੍ਰਹਿ ‘ਕਾਗਜ਼ ਤੇ ਕੈਨਵਸ’ ਵਾਸਤੇ ਉਸ ਨੂੰ ਗਿਆਨਪੀਠ ਐਵਾਰਡ (1981) ਨਾਲ ਸਨਮਾਨਿਆ ਗਿਆ। ਫਿਰ 2004 ’ਚ ਅਕੈਡਮੀ ਨੇ ਉਸ ਨੂੰ ਆਪਣੇ ਸਰਬਉੱਚ ਸਨਮਾਨ ‘ਸਾਹਿਤ ਅਕਾਡਮੀ ਫੈਲੋਸ਼ਿਪ’ ਨਾਲ ਨਿਵਾਜ਼ਦਿਆਂ ਉਸ ਨੂੰ ਪੰਜਾਬ ਦੀ ‘ਅਜ਼ੀਮ ਸ਼ਖ਼ਸੀਅਤ’ ਕਰਾਰ ਦਿੱਤਾ। ਉਸ ਨੂੰ 1986 ’ਚ ਰਾਜ ਸਭਾ ਦਾ ਮੈਂਬਰ ਨਾਮਜ਼ਦ ਕੀਤਾ ਗਿਆ ਅਤੇ 2004 ’ਚ ਪਦਮ ਵਿਭੂਸ਼ਣ ਨਾਲ ਸਨਮਾਨਿਆ ਗਿਆ।
ਅੰਮ੍ਰਿਤਾ ਨੇ ਸੌ ਤੋਂ ਵਧੇਰੇ ਕਿਤਾਬਾਂ ਲਿਖੀਆਂ ਜਿਨ੍ਹਾਂ ’ਚ 18 ਕਾਵਿ ਸੰਗ੍ਰਹਿ, 31 ਨਾਵਲ, ਛੋਟੀਆਂ ਕਹਾਣੀਆਂ ਦੇ 20 ਸੰਗ੍ਰਹਿ, ਵਾਰਤਕ ਦੇ 40 ਸੰਗ੍ਰਹਿ ਅਤੇ ਸਵੈ-ਜੀਵਨੀ ‘ਰਸੀਦੀ ਟਿਕਟ’ ਤੋਂ ਇਲਾਵਾ ਜ਼ਿੰਦਗੀ ਦੀ ਬਾਤ ਪਾਉਂਦੀਆਂ ‘ਲਾਲ ਧਾਗੇ ਦਾ ਰਿਸ਼ਤਾ’ ਅਤੇ ‘ਹੁਜਰੇ ਦੀ ਮਿੱਟੀ’ ਸ਼ਾਮਿਲ ਹਨ। ਪੰਜਾਬੀ ’ਚ ਮਾਸਿਕ ਸਾਹਿਤਕ ਰਸਾਲਾ ‘ਨਾਗਮਣੀ’ ਸ਼ੁਰੂ ਕਰਨਾ ਵੀ ਅੰਮ੍ਰਿਤਾ ਦੇ ਹਿੱਸੇ ਆਇਆ। ‘ਨਾਗਮਣੀ’ ’ਚ ਆਪਣੀ ਨਜ਼ਮ ਪ੍ਰਕਾਸ਼ਿਤ ਹੋਣ ਪਿੱਛੋਂ ਕਵਿਤਰੀ ਤੇ ਲੇਖਿਕਾ ਨਾਲ ਸਹਾਇਕ ਵਜੋਂ ਕੰਮ ਕਰਨ ਵਾਲੇ ਪਟਿਆਲਾ ਦੇ ਸੁਰਿੰਦਰ ਸ਼ਰਮਾ ਨੇ ਦੱਸਿਆ ਕਿ ਅੰਮ੍ਰਿਤਾ ਨੇ ਇਮਰੋਜ਼ ਨਾਲ ਮਿਲ ਕੇ ਲਗਾਤਾਰ 36 ਸਾਲ ਇਸ ਦਾ ਪ੍ਰਕਾਸ਼ਨ ਕੀਤਾ। ‘ਨਾਗਮਣੀ’ ਦੇ ਪ੍ਰਕਾਸ਼ਨ ਲਈ ਉਨ੍ਹਾਂ ਕਦੇ ਇਸ਼ਤਿਹਾਰਾਂ ਦਾ ਆਸਰਾ ਨਹੀਂ ਸੀ ਤੱਕਿਆ ਤੇ ਸਿਰਫ਼ ਆਪਣੇ ਜਨੂੰਨ ਤੇ ਪ੍ਰਤੀਬੱਧਤਾ ਸਦਕਾ ਪ੍ਰਕਾਸ਼ਨਾ ਦੀ ਲੜੀ ਟੁੱਟਣ ਨਹੀਂ ਦਿੱਤੀ। ਉਹ ਦੱਸਦਾ ਹੈ, ‘‘ਲੋਕ ਕੇਵਲ ਉਸ ਨੂੰ ਲੇਖਿਕਾ ਜਾਂ ਕਵਿੱਤਰੀ ਵਜੋਂ ਜਾਣਦੇ ਹਨ ਪਰ ਲੇਖਿਕਾ ਅੰਮ੍ਰਿਤਾ ਨਾਲੋਂ ਸੰਪਾਦਕਾ ਅੰਮ੍ਰਿਤਾ ਕਿਤੇ ਵੱਡੀ ਸੀ। ਉਸ ਨੇ ਆਪਣੇ ਰਸਾਲੇ ’ਚ ਵਿਸ਼ਵ ਸਾਹਿਤ ਦੀਆਂ ਚੋਣਵੀਆਂ ਰਚਨਾਵਾਂ ਪ੍ਰਕਾਸ਼ਿਤ ਕੀਤੀਆਂ ਅਤੇ ਪੰਜਾਬੀ ਸਾਹਿਤ ਜਗਤ ’ਚ ਉੱਭਰ ਰਹੀਆਂ ਨਵੀਆਂ ਆਵਾਜ਼ਾਂ ਨੂੰ ਵੀ ਮੰਚ ਮੁਹੱਈਆ ਕਰਵਾਇਆ ਜਿਸ ਨਾਲ ਪੰਜਾਬੀ ਲੇਖਕਾਂ ਦੀ ਇੱਕ ਨਵੀਂ ਪੀੜ੍ਹੀ ਪੈਦਾ ਹੋਈ ਜਿਨ੍ਹਾਂ ’ਚ ਪ੍ਰੇਮ ਗੋਰਖੀ, ਕ੍ਰਿਪਾਲ ਕਜ਼ਾਕ, ਬਲਦੇਵ ਸਿੰਘ ਸੜਕਨਾਮਾ ਅਤੇ ਕਈ ਹੋਰ ਸ਼ਾਮਿਲ ਹਨ। ਉਸ ਵਾਸਤੇ ਲਿਖਤ ਦਾ ਮਿਆਰ ਹੀ ਉਸ ਦੀ ਚੋਣ ਦਾ ਆਧਾਰ ਸੀ ਅਤੇ ਕਈ ਵਾਰ ਉਹ ਕਹਿੰਦੇ ਕਹਾਉਂਦੇ ਲੇਖਕਾਂ ਦੀਆਂ ਲਿਖਤਾਂ ਵੀ ਨਕਾਰ ਦਿੰਦੀ ਸੀ।’’
ਅੰਮ੍ਰਿਤਾ ਦੀ ਸਿਹਤ ਖ਼ਰਾਬ ਰਹਿਣ ਲੱਗੀ ਤਾਂ 2002 ’ਚ ਨਾਗਮਣੀ ਦਾ ਪ੍ਰਕਾਸ਼ਨ ਬੰਦ ਕਰਨਾ ਪਿਆ। ਉਹ ਦੱਸਦਾ ਹੈ, ‘‘ਉਸ ਨੇ ਅਤੇ ਇਮਰੋਜ਼ ਨੇ ‘ਨਾਗਮਣੀ’ ਨੂੰ ਆਪਣੇ ਬੱਚੇ ਵਾਂਗ ਪਾਲਿਆ ਸੀ। ਅੰਮ੍ਰਿਤਾ ਜਿੱਥੇ ਸੰਪਾਦਨ ਦਾ ਕੰਮ ਸੰਭਾਲਦੀ ਸੀ ਉੱਥੇ ਇਮਰੋਜ਼ ਸਾਰਾ ਆਰਟ ਵਰਕ ਕਰਦਾ ਸੀ। ਕੋਈ ਵੀ ਇਸ ਨੂੰ ਉਨ੍ਹਾਂ ਵਰਗੇ ਮੋਹ ਨਾਲ ਨਹੀਂ ਸੰਭਾਲ ਸਕਦਾ ਸੀ। ਜਦੋਂ ‘ਨਾਗਮਣੀ’ ਦਾ ਪ੍ਰਕਾਸ਼ਨ ਬੰਦ ਹੋ ਗਿਆ ਤਾਂ ਉਨ੍ਹਾਂ ਚੰਦੇ ਦੇ ਬਾਕੀ ਪੈਸੇ ਪਾਠਕਾਂ ਨੂੰ ਵਾਪਸ ਕਰ ਦਿੱਤੇ।’’ ਸੁਰਿੰਦਰ ਸ਼ਰਮਾ ਯਾਦ ਕਰਦਾ ਹੈ ਕਿ ਉਸ ਨੂੰ ਵੀ ਮਨੀਆਰਡਰ ਰਾਹੀਂ ਉਸ ਦੇ ਪੈਸੇ ਮਿਲੇ ਸਨ। ‘ਨਾਗਮਣੀ’ ਰਾਹੀਂ ਆਪਣੀ ਸਾਹਿਤਕ ਯਾਤਰਾ ਸ਼ੁਰੂ ਕਰਨ ਵਾਲੇ ਗੁਰਦਾਸਪੁਰ ਦੇ ਪੰਜਾਬੀ ਲੇਖਕ ਬੀਬਾ ਬਲਵੰਤ ਨੇ ਇਸ ਦੇ ਤਕਰੀਬਨ ਸਾਰੇ ਅੰਕ ਸੰਭਾਲੇ ਹੋਏ ਹਨ। ਉਹ ਆਪਣੀ ਜਮ੍ਹਾਂ ਪੂੰਜੀ ’ਚੋਂ ਹਰ ਸਾਲ ਲੇਖਕਾਂ, ਕਲਾਕਾਰਾਂ ਅਤੇ ਕਵੀਆਂ ਦਾ ‘ਅੰਮ੍ਰਿਤਾ-ਇਮਰੋਜ਼’ ਐਵਾਰਡ ਨਾਲ ਸਨਮਾਨ ਵੀ ਕਰਦਾ ਹੈ। ਉਹ ਦੱਸਦਾ ਹੈ, ‘‘ਅੰਮ੍ਰਿਤਾ ਦੇ ਪਿਆਰ ਦਾ ਫਲਸਫ਼ਾ ਤੇ ਉਸ ਦੀ ਵਫ਼ਾਦਾਰੀ ਉਸ ਦੀਆਂ ਲਿਖਤਾਂ ਵਾਂਗ ਉਸ ਦੀ ਜ਼ਿੰਦਗੀ ਵਿੱਚੋਂ ਵੀ ਝਲਕਦੇ ਹਨ। ਸਾਡੇ ’ਚੋਂ ਬਹੁਤੇ ਇਸ ਬਾਰੇ ਕੇਵਲ ਗੱਲਾਂ ਹੀ ਕਰ ਸਕਦੇ ਹਨ ਪਰ ਉਨ੍ਹਾਂ ਆਪਣੇ ਫਲਸਫ਼ੇ ਨੂੰ ਹਰ ਪਲ ਅਤੇ ਪਲ ਪਲ ਜੀਵਿਆ।’’
ਅੰਮ੍ਰਿਤਾ ਆਪਣੇ ਸਮਿਆਂ ਤੋਂ ਬਹੁਤ ਅੱਗੇ ਸੀ। ਲੇਖਿਕਾ ਤੇ ਕਵਿਤਰੀ ਅਮੀਆ ਕੁੰਵਰ ਦਾ ਕਹਿਣਾ ਹੈ ਕਿ ਇਸ ਕਾਰਨ ਹੀ ਉਸ ਦੀਆਂ ਲਿਖਤਾਂ ਸਮੇਂ ਤੋਂ ਪਾਰ ਦੀਆਂ ਹਨ। ਉਸ ਦੀ ਦੋਸਤ ਅਤੇ ਲੰਮਾ ਸਮਾਂ ਸਾਂਝ ਨਿਭਾਉਣ ਵਾਲੀ ਅਮੀਆ ਦੱਸਦੀ ਹੈ ਕਿ ਅੰਮ੍ਰਿਤਾ ਦੀਆਂ ਰਚਨਾਵਾਂ ਹਿੰਦੀ ਤੇ ਅੰਗਰੇਜ਼ੀ ਸਮੇਤ 34 ਭਾਸ਼ਾਵਾਂ ਵਿੱਚ ਅਨੁਵਾਦ ਹੋ ਚੁੱਕੀਆਂ ਹਨ। ਇਸ ਅਨੁਵਾਦ, ਉਸ ਦੀਆਂ ਰਚਨਾਵਾਂ ਦੀ ਗਹਿਰਾਈ ਅਤੇ ਸੋਸ਼ਲ ਮੀਡੀਆ ਨੇ ਉਸ ਨੂੰ ਅੱਜ ਵੀ ਜਿਊਂਦੀ ਰੱਖਿਆ ਹੋਇਆ ਹੈ ਅਤੇ ਨਵੀਆਂ ਪੀੜ੍ਹੀਆਂ ਲਈ ਵੀ ਇਨ੍ਹਾਂ ਦੀ ਸਾਰਥਕਤਾ ਬਣੀ ਹੋਈ ਹੈ। ਅੰਮ੍ਰਿਤਾ ਬਾਰੇ ਕਈ ਕਿਤਾਬਾਂ ਲਿਖਣ, ਸੰਪਾਦਿਤ ਅਤੇ ਅਨੁਵਾਦ ਕਰਨ ਵਾਲੀ ਅਮੀਆ ਹੁਣ ਹੋਰਨਾਂ ਵੱਲੋਂ ਅੰਮ੍ਰਿਤਾ ਬਾਰੇ ਲਿਖੀਆਂ ਕਵਿਤਾਵਾਂ ਦਾ ਸੰਗ੍ਰਹਿ ਲਿਆਉਣ ਦੀ ਤਿਆਰੀ ਕਰ ਰਹੀ ਹੈ।
ਉਸ ਦੀਆਂ ਨਾਇਕਾਵਾਂ ਉਸ ਦੇ ਆਪਣੇ ਬਿੰਬ ਵਾਂਗ ਹੀ ਨਿਡਰ ਅਤੇ ਸਵੈ-ਭਰੋਸੇ ਵਾਲੀਆਂ ਸਨ। ਚੰਡੀਗੜ੍ਹ ਰਹਿਣ ਵਾਲੀ ਅਰਵਿੰਦਰ ਕੌਰ, ਜਿਸ ਨੇ ਉਸ ਦੇ ਤੇ ਇਮਰੋਜ਼ ਦੇ ਖ਼ਤਾਂ ਦਾ ਪੰਜਾਬੀ ਤੋਂ ਅੰਗਰੇਜ਼ੀ ’ਚ ਅਨੁਵਾਦ ਕੀਤਾ ਹੈ ਤੇ ਜੋ ਅੰਮ੍ਰਿਤਾ ਦੀ ਬੇਬਾਕ ਸ਼ਖ਼ਸੀਅਤ ਦੀ ਮੁਰੀਦ ਹੈ, ਦਾ ਕਹਿਣਾ ਹੈ, ‘‘ਕਲਪਨਾ ਕਰੋ; 1960ਵਿਆਂ ’ਚ ਭਲਾ ਕੋਈ ਬਿਨਾਂ ਵਿਆਹ ਕਰਵਾਏ ਆਪਣੇ ਮਨਪਸੰਦ ਸਾਥੀ ਨਾਲ ਰਹਿਣ ਦਾ ਹੌਸਲਾ ਕਰ ਸਕਦਾ ਸੀ! ਉਸ ਨੇ ਕਦੇ ਸਮਾਜ ਤੇ ਇਸ ਦੀਆਂ ਰੋਕਾਂ ਦੀ ਪਰਵਾਹ ਨਹੀਂ ਕੀਤੀ। ਉਸ ਦੇ ਕਿਸੇ ਵੀ ਰਿਸ਼ਤੇ ਦਾ ਇੱਕੋ ਇੱਕ ਪੈਮਾਨਾ ਸਿਰਫ਼ ਮੁਹੱਬਤ ਸੀ।’’ ਮੁੰਬਈ ਦੇ ਡਾਕਟਰ ਗੁਰਪ੍ਰੀਤ ਸਿੰਘ ਨੂੰ ਅੰਮ੍ਰਿਤਾ ਦੀ ਬੇਬਾਕ ਸ਼ਖ਼ਸੀਅਤ ਨੇ ਹੀ ਉਸ ਦੀਆਂ ਲਿਖਤਾਂ ਵੱਲ ਖਿੱਚਿਆ। ਉਹ ਦੱਸਦਾ ਹੈ ਕਿ ਅੰਮ੍ਰਿਤਾ ਦੀ ਸਵੈ-ਜੀਵਨੀ ‘ਰਸੀਦੀ ਟਿਕਟ’ ਉਸ ਨੇ ਅਣਗਿਣਤ ਵਾਰ ਪੜ੍ਹੀ ਹੈ। ਉਸ ਨੇ ਅੰਮ੍ਰਿਤਾ ਦੀਆਂ ਰਚਨਾਵਾਂ ਹੀ ਨਹੀਂ ਪੜ੍ਹੀਆਂ ਸਗੋਂ ਉਨ੍ਹਾਂ ਦੀ ਕਾਵਿਕਤਾ ਦਾ ਅਸਰ ਵੀ ਕਬੂਲਿਆ। ਗੁਰਪ੍ਰੀਤ ਦੀਆਂ ਆਪਣੀਆਂ ਕਵਿਤਾਵਾਂ ਦੀਆਂ ਦੋ ਕਿਤਾਬਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਡਾ. ਗੁਰਪ੍ਰੀਤ ਦਾ ਕਹਿਣਾ ਹੈ, ‘‘ਮੈਨੂੰ ਇੱਕੋ ਪਛਤਾਵਾ ਹੈ ਕਿ ਮੈਂ ਉਨ੍ਹਾਂ ਨੂੰ ਮਿਲ ਨਹੀਂ ਸਕਿਆ।’’
ਬਹੁਤ ਸਾਰੇ ਲੋਕ ਅੰਮ੍ਰਿਤਾ ਦੀਆਂ ਕਵਿਤਾਵਾਂ ਦੇ ਉਪਾਸ਼ਕ ਹਨ ਪਰ ਜਲੰਧਰ ਰਹਿੰਦੇ ਵਕੀਲ ਅਮਿਤ ਜਿੰਦਲ ਨੂੰ ਉਸ ਦੀਆਂ ਕਹਾਣੀਆਂ ਖਿੱਚ ਪਾਉਂਦੀਆਂ ਹਨ। ਉਹ ਦੱਸਦਾ ਹੈ, ‘‘ਅੰਮ੍ਰਿਤਾ ਨੇ ਪੰਜਾਬੀ ਗਲਪ ’ਚ ਸ਼ਹਿਰੀ ਜ਼ਿੰਦਗੀ ਨੂੰ ਰੂਪਮਾਨ ਕੀਤਾ ਜਦੋਂਕਿ ਉਸ ਤੋਂ ਪਹਿਲਾਂ ਦੇ ਪੰਜਾਬੀ ਲੇਖਕਾਂ ਦਾ ਨਜ਼ਰੀਆ ਅਜਿਹਾ ਨਹੀਂ ਸੀ। ਉਸ ਦੀ ਕਹਾਣੀ ‘25,26,27 ਜਨਵਰੀ’ ’ਤੇ ਆਧਾਰਿਤ ਨਾਟਕ ‘377’ ਲਿਖਣ ਵਾਲੇ ਜਿੰਦਲ ਦਾ ਕਹਿਣਾ ਹੈ ਕਿ ਉਸ ਦੇ ਮਹਿਲਾ ਕਿਰਦਾਰ ਜਾਣੇ-ਪਛਾਣੇ ਲੱਗਦੇ ਹਨ। ਉਨ੍ਹਾਂ ਦੀ ਜ਼ਿੰਦਗੀ ਦਾ ਸੰਘਰਸ਼ ਠੀਕ ਉਸੇ ਤਰ੍ਹਾਂ ਦਾ ਹੈ ਜਿਵੇਂ ਉਸ ਦੀ ਆਪਣੀ ਮਾਂ ਅਤੇ ਭੈਣਾਂ ਨੂੰ ਕਰਨਾ ਪਿਆ ਹੈ। ਅੰਮ੍ਰਿਤਾ ਦਾ ਨਾਵਲ ‘ਪਿੰਜਰ’ ਜਿਸ ’ਤੇ 2003 ’ਚ ਇਸ ਨਾਂ ਹੇਠ ਫਿਲਮ ਬਣੀ ਤੇ ਕਾਫ਼ੀ ਸਰਾਹੀ ਵੀ ਗਈ ਅਤੇ ‘ਅੱਜ ਆਖਾਂ ਵਾਰਿਸ ਸ਼ਾਹ ਨੂੰ...’ ਭਾਰਤ ਵਿੱਚ ਹੀ ਨਹੀਂ ਸਗੋਂ ਉਸ ਦੀ ਆਪਣੀ ਜਨਮ ਭੋਇੰ ’ਤੇ ਵੀ ਦੇਸ਼ ਵੰਡ ਸਬੰਧੀ ਸਭ ਤੋਂ ਵੱਧ ਚਰਚਿਤ ਸਾਹਿਤਕ ਰਚਨਾਵਾਂ ਹਨ। ਜਿਵੇਂ ਉਹ ਆਪਣੀ ਸਵੈ-ਜੀਵਨੀ ‘ਰਸੀਦੀ ਟਿਕਟ’ ’ਚ ਲਿਖਦੀ ਹੈ, ‘‘1975 ’ਚ ਮੁਲਤਾਨ ਤੋਂ ਮਸ਼ਕੂਰ ਸਾਬਰੀ ਉਰਸ ’ਤੇ ਗਾਉਣ ਲਈ ਦਿੱਲੀ ਆਏ। ਉਨ੍ਹਾਂ ਸਾਨੂੰ ਦੱਸਿਆ ਕਿ ਮੁਲਤਾਨ ਦੇ ਸਾਲਾਨਾ ਕਵੀ ਦਰਬਾਰ ‘ਜਸ਼ਨ-ਏ-ਵਾਰਿਸ ਸ਼ਾਹ’ ’ਚ ਮੇਰੀ ਨਜ਼ਮ ‘ਅੱਜ ਆਖਾਂ ਵਾਰਿਸ ਸ਼ਾਹ ਨੂੰ...’ ਹਮੇਸ਼ਾ ਪੜ੍ਹੀ ਜਾਂਦੀ ਹੈ।’’ ਪਾਕਿਸਤਾਨ ਦੇ ਸਰਗੋਧਾ ’ਚ ਵਸਦਾ ਕਵੀ ਅਤੇ ਨਾਟਕਕਾਰ ਇਕਰਾਮ ਬਸਰਾ ਦੱਸਦਾ ਹੈ, ‘‘ਅੰਮ੍ਰਿਤਾ ਨੂੰ ਇਹ ਨਜ਼ਮ ਲਿਖਿਆਂ 77 ਸਾਲ ਹੋ ਗਏ ਹਨ। 1947 ’ਚ ਪਾਕਿਸਤਾਨ ਤੋਂ ਉੱਜੜ ਕੇ ਜਾਂਦਿਆਂ ਉਸ ਨੇ ਹਿੰਸਾ ਅਤੇ ਦੰਗਿਆਂ ਦੀ ਦਹਿਸ਼ਤ ਤੇ ਵਹਿਸ਼ਤ ਵੇਖੀ ਸੀ, ਜਿਸ ਪਿੱਛੋਂ ਉਸਨੇ ਇਹ ਨਜ਼ਮ ਲਿਖੀ। ਹੁਣ ਵੀ ਸਾਡੇ ਦੇਸ਼ ’ਚ ਜਿੱਥੇ ਵੀ, ਜਦੋਂ ਵੀ ਕਿਤੇ ਵੰਡ ਦੀ ਗੱਲ ਹੁੰਦੀ ਹੈ ਤਾਂ ਉੱਥੇ ‘ਅੱਜ ਆਖਾਂ ਵਾਰਿਸ ਸ਼ਾਹ ਨੂੰ...’ ਦਾ ਜ਼ਿਕਰ ਵੀ ਖ਼ਾਸ ਤੌਰ ’ਤੇ ਹੁੰਦਾ ਹੈ।’’ ਉਹ ਦੱਸਦਾ ਹੈ, ‘‘ਜਦੋਂ ਪਹਿਲੀ ਵਾਰ ਇਹ ਨਜ਼ਮ ਪੜ੍ਹੀ ਤਾਂ ਉਸ ਦੇ ਬੇਖ਼ੌਫ਼ ਅੰਦਾਜ਼ ਨੇ ਮੈਨੂੰ ਹੈਰਾਨ ਕਰ ਦਿੱਤਾ ਅਤੇ ਮੈਨੂੰ ਇਉਂ ਲੱਗਿਆ ਜਿਵੇਂ ਮੈਂ ਥਾਂ ’ਤੇ ਹੀ ਜਕੜਿਆ ਗਿਆ ਹੋਵਾਂ। ਸੂਫ਼ੀ ਸੰਤਾਂ ਦੀਆਂ ਰਚਨਾਵਾਂ ’ਚ ਅਜਿਹਾ ਰੱਬੀ ਸੰਵਾਦ ਮਿਲਦਾ ਹੈ ਪਰ ਅੱਜ ਤੱਕ ਕੋਈ ਵੀ ਉਨ੍ਹਾਂ ਨੂੰ ਵੰਗਾਰਨ ਦਾ ਹੌਸਲਾ ਨਹੀਂ ਕਰ ਸਕਿਆ।’’
‘ਰਸੀਦੀ ਟਿਕਟ’ ਵਿੱਚ ਅੰਮ੍ਰਿਤਾ ਨੇ ਵੀ ਦੱਸਿਆ ਹੈ ਕਿ ਉਸ ਦੀ ਇਸ ਨਜ਼ਮ ਨੂੰ ਕਿਸ ਤਰ੍ਹਾਂ ਆਲੋਚਨਾ ਦਾ ਸਾਹਮਣਾ ਕਰਨਾ ਪਿਆ। ‘‘ਜਦੋਂ ਮੈਂ ਇਹ ਨਜ਼ਮ ਲਿਖੀ ਤਾਂ ਪੰਜਾਬ ਦੇ ਬਹੁਤ ਸਾਰੇ ਰਸਾਲੇ ਮੇਰੇ ਖ਼ਿਲਾਫ਼ ਲਿਖਤਾਂ ਨਾਲ ਭਰ ਗਏ ਸਨ। ਸਿੱਖ ਭਾਈਚਾਰਾ ਮੇਰੇ ਨਾਲ ਇਸ ਗੱਲੋਂ ਖਫ਼ਾ ਸੀ ਕਿ ਮੈਨੂੰ ਵਾਰਿਸ ਸ਼ਾਹ ਦੀ ਥਾਂ ਬਾਬੇ ਨਾਨਕ ਤੋਂ ਖ਼ੈਰ ਮੰਗਣੀ ਚਾਹੀਦੀ ਸੀ ਜਦੋਂਕਿ ਖੱਬੇ ਪੱਖੀ ਵਿਚਾਰਧਾਰਾ ਵਾਲਿਆਂ ਦੀ ਨਾਰਾਜ਼ਗੀ ਇਹ ਸੀ ਕਿ ਮੈਂ ਲੈਨਿਨ ਜਾਂ ਸਟਾਲਿਨ ਨੂੰ ਸੰਬੋਧਨ ਕਿਉਂ ਨਹੀਂ ਕੀਤਾ।’’
ਇਹ ਵੀ ਇੱਕ ਦਿਲਚਸਪ ਕਿੱਸਾ ਹੈ ਕਿ ‘ਰਸੀਦੀ ਟਿਕਟ’ ਦਾ ਇਹ ਨਾਂ ਕਿਉਂ ਰੱਖਿਆ ਗਿਆ। ‘ਦਿ ਟ੍ਰਿਬਿਊਨ’ (19 ਫਰਵਰੀ, 2009) ਦੇ ਇੱਕ ਲੇਖ ’ਚ ਉੱਘੇ ਲੇਖਕ ਖੁਸ਼ਵੰਤ ਸਿੰਘ ਨੇ ਲਿਖਿਆ ਸੀ, ‘‘ਇੱਕ ਵੇਲਾ ਸੀ ਜਦੋਂ ਅੰਮ੍ਰਿਤਾ ਪ੍ਰੀਤਮ ਨਾਲ ਮੇਰੀ ਬਹੁਤ ਬਣਦੀ ਸੀ। ਉਹ ਸੋਹਣੀ ਸੁਨੱਖੀ, ਚੰਗੇ ਦਿਲ ਤੇ ਖੁੱਲ੍ਹੇ ਖ਼ਿਆਲਾਂ ਵਾਲੀ ਸੀ। ਰੱਬ ਵੱਲੋਂ ਉਸ ਨੂੰ ਕਵਿਤਾ ਦੀ ਦਾਤ ਮਿਲੀ ਸੀ ਪਰ ਕਿੱਸਾਗੋਈ ’ਚ ਉਸ ਦਾ ਹੱਥ ਤੰਗ ਸੀ। ਉਹ ਸਿਰਫ਼ ਪੰਜਾਬੀ ’ਚ ਲਿਖਦੀ ਸੀ ਤੇ ਪੰਜਾਬ ਤੋਂ ਬਾਹਰ ਬਹੁਤੀ ਨਹੀਂ ਸੀ ਜਾਣੀ ਜਾਂਦੀ। ਮੈਂ ਆਪ ਹੀ ਇਹ ਫੈਸਲਾ ਕਰ ਲਿਆ ਕਿ ਉਸ ਦੀਆਂ ਲਿਖਤਾਂ ਦਾ ਅੰਗਰੇਜ਼ੀ ’ਚ ਤਰਜਮਾ ਕਰਾਂ ਤਾਂ ਜੋ ਭਾਰਤ ਅਤੇ ਅੰਗਰੇਜ਼ੀ ਜਗਤ ’ਚ ਵੀ ਲੋਕ ਉਸ ਨੂੰ ਵਧੇਰੇ ਚੰਗੀ ਤਰ੍ਹਾਂ ਜਾਣ ਸਕਣ। ਸਭ ਤੋਂ ਪਹਿਲਾਂ ਮੈਂ ਉਸ ਦੇ ਨਾਵਲ ‘ਪਿੰਜਰ’ ਦਾ ਤਰਜਮਾ ਕੀਤਾ। ਇਹ ਪ੍ਰਕਾਸ਼ਿਤ ਹੋ ਗਿਆ ਅਤੇ ਫਿਰ ਇਸ ਦੇ ਕਈ ਐਡੀਸ਼ਨ ਛਪੇ। ਫਿਰ ਮੈਂ ਉਸ ਦੀਆਂ ਕੁਝ ਕਵਿਤਾਵਾਂ ਦਾ ਅਨੁਵਾਦ ਕੀਤਾ। ਇਨ੍ਹਾਂ ਪ੍ਰਕਾਸ਼ਨਾਵਾਂ ਤੋਂ ਜੋ ਰਾਇਲਟੀ ਮਿਲਦੀ ਸੀ, ਮੈਂ ਉਸ ਵਿੱਚੋਂ ਹਿੱਸਾ ਲੈਣ ਤੋਂ ਨਾਂਹ ਕਰ ਦਿੱਤੀ। ਮੈਂ ਉਸ ਨੂੰ ਸਿਰਫ਼ ਇੱਕੋ ਗੱਲ ਪੁੱਛੀ ਕਿ ਉਹ ਮੈਨੂੰ ਆਪਣੀ ਮੁਹੱਬਤ ਦੇ ਕਿੱਸਿਆਂ ਦੀ ਸਾਰੀ ਸਚਾਈ ਦੱਸੇ ਕਿਉਂਕਿ ਉਸ ਨਾਲ ਕਈ ਨਾਂ ਜੋੜੇ ਜਾਂਦੇ ਸਨ। ਫੇਰ ਜਦੋਂ ਆਪਣੀ ਮੁਹੱਬਤੀ ਜ਼ਿੰਦਗੀ ਬਾਰੇ ਦੱਸਣ ਦੀ ਉਸਦੀ ਵਾਰੀ ਆਈ ਤਾਂ ਉਸ ਨੇ ਸਿਰਫ਼ ਇੱਕ ਨਾਮ ਲਿਆ, ਸਾਹਿਰ ਲੁਧਿਆਣਵੀ।’’ ਜ਼ਾਹਿਰ ਸੀ ਮੈਂ ਉਸ ਦੇ ਜਵਾਬ ਤੋਂ ਨਿਰਾਸ਼ ਹੋਇਆ ਸਾਂ ਤੇ ਮੈਂ ਤੁਰੰਤ ਕਿਹਾ, ‘‘ਜੇ ਇਹੋ ਗੱਲ ਹੈ ਤਾਂ ਫਿਰ ਤੇਰੀ ਮੁਹੱਬਤ ਦਾ ਕਿੱਸਾ ਰਸੀਦੀ ਟਿਕਟ ਦੇ ਪਿੱਛੇ ਲਿਖਣ ਜੋਗਾ ਹੀ ਹੈ।’’
ਖ਼ੈਰ! ਉਸ ਵੱਲੋਂ ਵਿਰਾਸਤ ’ਚ ਛੱਡੇ ਗਏ ਵਿਸ਼ਾਲ ਸਾਹਿਤਕ ਸੰਸਾਰ ਨੂੰ ਸ਼ਬਦਾਂ ’ਚ ਨਹੀਂ ਸਮੇਟਿਆ ਜਾ ਸਕਦਾ। ਉਸਨੇ ਜਿਸ ਤਰ੍ਹਾਂ ਆਪਣੀ ਮਰਜ਼ੀ ਦੀ ਜ਼ਿੰਦਗੀ ਬਿਤਾਈ ਅਤੇ ਉਸਦੀਆਂ ਰਚਨਾਵਾਂ ਹਰ ਇੱਕ ਦੇ ਮਨ ਨੂੰ ਖਿੱਚ ਪਾਉਂਦੀਆਂ ਹਨ। ਇਸ ਲਈ ਆਉਣ ਵਾਲੀਆਂ ਪੀੜ੍ਹੀਆਂ ਵੀ ਅੰਮ੍ਰਿਤਾ ਦੇ ਸਾਹਿਤਕ ਜਗਤ ਨਾਲ ਜੁੜੀਆਂ ਰਹਿਣਗੀਆਂ ਅਤੇ ਫਿਲਮਸਾਜ਼ ਤੇ ਨਾਟਕਕਾਰ ਇਨ੍ਹਾਂ ’ਤੇ ਆਧਾਰਿਤ ਕਲਾਕ੍ਰਿਤਾਂ ਰਚਣ ਲਈ ਪ੍ਰੇਰਿਤ ਹੁੰਦੇ ਰਹਿਣਗੇ।
ਸੰਪਰਕ: 9815551458

Advertisement
Author Image

Advertisement