ਮੁਤਵਾਜ਼ੀ ਜਥੇਦਾਰ ਨੇ ਗਿਆਨੀ ਇਕਬਾਲ ਸਿੰਘ ਨੂੰ ਪੰਥ ’ਚੋਂ ਛੇਕਿਆ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 20 ਅਗਸਤ
ਸਰਬੱਤ ਖਾਲਸਾ ਵੱਲੋਂ ਥਾਪੇ ਗਏ ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਸਿੱਖ ਗੁਰੂਆਂ ਨੂੰ ਲਵ ਕੁਸ਼ ਦੇ ਵੰਸ਼ਜ਼ ਦੱਸਣ ਦੇ ਮਾਮਲੇ ਵਿੱਚ ਅੱਜ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਨੂੰ ਸਿੱਖ ਪੰਥ ’ਚੋਂ ਛੇਕਣ ਦਾ ਐਲਾਨ ਕੀਤਾ ਹੈ। ਉਨ੍ਹਾਂ ਸਾਬਕਾ ਜਥੇਦਾਰ ਕੋਲੋਂ ਆਪਣੇ ਨਾਂ ਨਾਲ ਗਿਆਨੀ, ਜਥੇਦਾਰ ਅਤੇ ਸਿੰਘ ਲਾਉਣ ਦਾ ਹੱਕ ਵੀ ਵਾਪਸ ਲੈ ਲਿਆ। ਉਨ੍ਹਾਂ ਗੋਬਿੰਦ ਰਮਾਇਣ ਬਿਆਨ ਮਾਮਲੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣਾ ਬਿਆਨ ਵਾਪਸ ਲੈਣ ਅਤੇ ਸਿੱਖ ਕੌਮ ਕੋਲੋਂ ਮੁੜ ਮੁਆਫ਼ੀ ਮੰਗਣ ਵਾਸਤੇ ਆਖਿਆ ਹੈ।
ਸ੍ਰੀ ਦਰਬਾਰ ਸਾਹਿਬ ਦੇ ਪ੍ਰਵੇਸ਼ ਦੁਆਰ ਪਲਾਜ਼ਾ ਵਿਖੇ ਮੀਡੀਆ ਨਾਲ ਗੱਲ ਕਰਦਿਆਂ ਭਾਈ ਮੰਡ ਨੇ ਆਖਿਆ ਕਿ ਅੱਜ ਪੰਜ ਸਿੰਘਾਂ ਨਾਲ ਮੀਟਿੰਗ ਤੋਂ ਬਾਅਦ ਇਹ ਫੈਸਲਾ ਕੀਤਾ ਹੈ। ਉਨ੍ਹਾਂ ਆਖਿਆ ਕਿ 12 ਅਗਸਤ ਨੂੰ ਗਿਆਨੀ ਇਕਬਾਲ ਸਿੰਘ ਨੂੰ ਆਦੇਸ਼ ਦਿੱਤਾ ਸੀ ਕਿ ਉਹ 20 ਅਗਸਤ ਨੂੰ ਸ੍ਰੀ ਅਕਾਲ ਤਖ਼ਤ ’ਤੇ ਪੇਸ਼ ਹੋ ਕੇ ਆਪਣਾ ਪੱਖ ਰੱਖੇ ਪਰ ਉਹ ਨਹੀਂ ਆਇਆ ਹੈ। ਉਨ੍ਹਾਂ ਆਖਿਆ ਕਿ ਉਸ ਨੇ ਸਿੱਖ ਗੁਰੂਆਂ ਨੂੰ ਲਵ ਕੁਸ਼ ਦੇ ਵੰਸ਼ਜ਼ ਦੱਸ ਕੇ ਸਿੱਖ ਕੌਮ ਨੂੰ ਹਿੰਦੂ ਧਰਮ ਦਾ ਅੰਗ ਸਾਬਤ ਕਰਨ ਦਾ ਯਤਨ ਕੀਤਾ ਹੈ। ਇਸ ਸਬੰਧੀ ਵੱਡੀ ਗਿਣਤੀ ਵਿੱਚ ਸ਼ਿਕਾਇਤਾਂ ਵੀ ਆਈਆਂ ਹਨ। ਗਿਆਨੀ ਇਕਬਾਲ ਸਿੰਘ ਕੋਲੋਂ ਸਪੱਸ਼ਟੀਕਰਨ ਵੀ ਮੰਗਿਆ ਗਿਆ ਸੀ। ਉਨ੍ਹਾਂ ਆਖਿਆ ਕਿ ਹੁਣ ਉਨ੍ਹਾਂ ਦਾ ਸਿੱਖ ਪੰਥ ਨਾਲ ਕੋਈ ਵਾਸਤਾ ਨਹੀਂ ਹੈ। ਇਸੇ ਤਰ੍ਹਾਂ ਸਿੱਖ ਸੰਗਤ ਵੀ ਉਸ ਨਾਲ ਕੋਈ ਸਬੰਧ ਨਾ ਰੱਖੇ। ਉਨ੍ਹਾਂ ਆਖਿਆ ਕਿ ਪੰਥ ਵਿਚੋਂ ਛੇਕਣ ਤੋਂ ਬਾਅਦ ਉਸ ਨੂੰ ਆਜ਼ਾਦੀ ਹੈ ਕਿ ਉਹ ਆਪਣਾ ਨਵਾਂ ਨਾਮਕਰਨ ਕਰਕੇ ਕਿਸੇ ਵੀ ਹੋਰ ਕੌਮ ਦਾ ਹਿੱਸਾ ਬਣ ਸਕਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱੱਲੋਂ ਗੋਬਿੰਦ ਰਮਾਇਣ ਸਬੰਧੀ ਦਿੱਤੇ ਬਿਆਨ ਬਾਰੇ ਉਨ੍ਹਾਂ ਆਖਿਆ ਕਿ ਪ੍ਰਧਾਨ ਮੰਤਰੀ ਨੂੰ ਆਪਣਾ ਬਿਆਨ ਵਾਪਸ ਲੈਣ ਅਤੇ ਸਿੱਖ ਕੌਮ ਕੋਲੋਂ ਮਾਫੀ ਮੰਗਣ ਲਈ 15 ਦਿਨ ਦਾ ਸਮਾਂ ਦਿੱਤਾ ਗਿਆ ਹੈ, ਜੋ 27 ਅਗਸਤ ਨੂੰ ਪੂਰਾ ਹੋਵੇਗਾ। ਜੇਕਰ ਉਹ ਆਪਣਾ ਬਿਆਨ ਵਾਪਸ ਨਹੀਂ ਲੈਂਦੇ ਅਤੇ ਸਿੱਖ ਕੌਮ ਕੋਲੋਂ ਮੁਆਫ਼ੀ ਨਹੀਂ ਮੰਗਦੇ ਤਾਂ ਇਸ ਸਬੰਧੀ ਅਗਲਾ ਫੈਸਲਾ ਸਮਾਂ ਪੂਰਾ ਹੋਣ ਤੋਂ ਬਾਅਦ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਸਿੱਖ ਕੌਮ ਵਿਚਾਲੇ ਏਕਤਾ ਬਾਰੇ ਵੀ ਆਖਿਆ। ਮੁਤਵਾਜ਼ੀ ਜਥੇਦਾਰਾਂ ਵਿਚਾਲੇ ਆਪਸੀ ਏਕਤਾ ਨਾ ਹੋਣ ਬਾਰੇ ਉਹ ਕੋਈ ਵੀ ਤਸੱਲੀਬਖ਼ਸ਼ ਜਵਾਬ ਨਾ ਦੇ ਸਕੇ। ਦਸਮ ਗ੍ਰੰਥ ਨੂੰ ਮਾਨਤਾ ਦੇਣ ਦੇ ਮਾਮਲੇ ਬਾਰੇ ਵੀ ਉਨ੍ਹਾਂ ਅਸਪਸ਼ਟ ਜਵਾਬ ਦਿੱਤਾ।