ਸੰਗੀਤ ਦਾ ਸਿਤਾਰਾ ਉਸਤਾਦ ਹੁਸੈਨ ਬਖ਼ਸ਼ ਗੁੱਲੋ
ਪ੍ਰੋ. ਡਾ. ਕ੍ਰਿਸ਼ਨ ਕੁਮਾਰ ਰੱਤੂ
ਉਸਤਾਦ ਹੁਸੈਨ ਬਖਸ਼ ਗੁੱਲੋ ਉਨ੍ਹਾਂ ਸੰਗੀਤ ਸਿਤਾਰਿਆਂ ਵਿਚੋਂ ਸਨ ਜਿਨ੍ਹਾਂ ਤਾਉਮਰ ਕਲਾਸੀਕਲ ਸੰਗੀਤ ਨਾਲ ਨਿਭਾਈ। ਸੰਗੀਤ ਪ੍ਰੇਮੀ ਉਨ੍ਹਾਂ ਨੂੰ ਸਾਹ ਰੋਕ ਕੇ ਸੁਣਦੇ ਸਨ। ਪੰਜ ਦਸੰਬਰ ਦੀ ਸ਼ਾਮ ਲਾਹੌਰ ਵਿਚ ਉਨ੍ਹਾਂ ਦਾ 75 ਵਰ੍ਹਿਆਂ ਦੀ ਉਮਰ ਵਿਚ ਦੇਹਾਂਤ ਹੋ ਗਿਆ। ਉਹ ਸੰਗੀਤ ਦੇ ਪ੍ਰਸਿੱਧ ਸ਼ਾਮ ਚੁਰਾਸੀ ਅਤੇ ਪਟਿਆਲਾ ਘਰਾਣੇ ਦੇ ਆਖਿ਼ਰੀ ਚਿਰਾਗ ਸਨ। ਉਨ੍ਹਾਂ ਦੇ ਵਿਦਾ ਹੋਣ ਨਾਲ ਭਾਰਤੀ ਅਤੇ ਪਾਕਿਸਤਾਨੀ ਕਲਾਸੀਕਲ ਸੰਗੀਤ ਦੀ ਦੁਨੀਆ ਵਿਚ ਜੋ ਖਿਲਾਅ ਪੈਦਾ ਹੋਇਆ ਹੈ, ਉਹ ਚਿਰਾਂ ਤੱਕ ਭਰਿਆ ਨਹੀਂ ਜਾ ਸਕੇਗਾ। ਉਸਤਾਦ ਹੁਸੈਨ ਬਖਸ਼ ਗੁੱਲੋ ਦੇ ਪਿਤਾ ਉਸਤਾਦ ਨੱਥੂ ਖਾਨ ਸਨ। ਉਨ੍ਹਾਂ ਦੇ ਦੋ ਪੁੱਤਰ ਸੂਰਜ ਅਤੇ ਚੰਦ ਹਨ ਜੋ ਹੁਣ ਪਰਿਵਾਰ ਦੀ ਸੰਗੀਤ ਵਿਰਾਸਤ ਨੂੰ ਅੱਗੇ ਲਿਜਾ ਰਹੇ ਹਨ।
ਉਸਤਾਦ ਹੁਸੈਨ ਬਖਸ਼ ਗੁੱਲੋ ਨੂੰ ਸੰਗੀਤ ਦਾ ਰਸ ਅਤੇ ਸੁਰ ਵਿਰਾਸਤ ਵਿਚੋਂ ਮਿਲਿਆ ਸੀ ਜਿਸ ਨੂੰ ਉਨ੍ਹਾਂ ਆਪਣੇ ਆਖਿ਼ਰੀ ਸਾਹਾਂ ਤੱਕ ਨਿਭਾਇਆ। ਉਨ੍ਹਾਂ ਦੀ ਖਣਕਦੀ ਆਵਾਜ਼ ਵਿਚ ਸੰਸਾਰ ਭਰ ਵਿਚ ਸੁਣੀ ਗਈ। ਉਨ੍ਹਾਂ ਦੀਆਂ ਕਈ ਮਹਿਫਿ਼ਲਾਂ ਮੈਂ ਬਰਮਿੰਘਮ, ਲੰਡਨ ਤੇ ਹੋਰ ਥਾਵਾਂ ’ਤੇ ਮਾਣੀਆਂ ਅਤੇ ਉਨ੍ਹਾਂ ਨਾਲ ਗੱਲ ਕਰਨ ਦਾ ਮੌਕਾ ਵੀ ਮਿਲਦਾ ਰਿਹਾ। ਅੱਜ ਉਨ੍ਹਾਂ ਦੇ ਜਾਣ ਨਾਲ ਸੰਗੀਤ ਦੀ ਦੁਨੀਆ ਵਿਚ ਸੁੰਨ ਪਸਰੀ ਹੋਈ ਹੈ। ਉਹ ਕਹਿੰਦੇ ਹੁੰਦੇ ਸਨ, “ਮੈਨੂੰ ਡਰ ਹੈ ਕਿ ਸ਼ਾਸਤਰੀ ਸੰਗੀਤ ਪੂਰੀ ਤਰ੍ਹਾਂ ਖ਼ਤਮ ਹੋ ਜਾਵੇਗਾ।” ਉਸਤਾਦ ਹੁਸੈਨ ਬਖਸ਼ ਗੁੱਲੋ ਖਾਸ ਤੌਰ ’ਤੇ ਠੁਮਰੀ ਅਤੇ ਮੁਲਤਾਨੀ ਕਾਫੀ ਲਈ ਜਾਣੇ ਜਾਂਦੇ ਸੀ। ਉਨ੍ਹਾਂ ਦੇ ਹੁਨਰ ਲਈ ਪਾਕਿਸਤਾਨ ਸਰਕਾਰ ਦੁਆਰਾ ਉਨ੍ਹਾਂ ਨੂੰ ‘ਪ੍ਰਾਈਡ ਆਫ ਪਰਫਾਰਮੈਂਸ’ ਨਾਲ ਨਿਵਾਜਿਆ ਗਿਆ।
ਬਹੁਤ ਸਾਲ ਪਹਿਲਾਂ ‘ਇਤਿਹਾਸ ਦੇ ਪੰਨੇ’ ਸੀਰੀਜ਼ ਵਿਚ ਜਦੋਂ ਮੈਂ ਦੂਰਦਰਸ਼ਨ ਲਈ ਸ਼ਾਮ ਚੁਰਾਸੀ ਘਰਾਣੇ ’ਤੇ ਫਿਲਮ ਬਣਾਈ ਤਾਂ ਉਸਤਾਦ ਗੁੱਲੋ ਦੇ ਖਾਨਦਾਨ ਬਾਰੇ ਇਧਰਲੇ ਪੰਜਾਬ ਵਿਚ ਸ਼ਾਮ ਚੁਰਾਸੀ ਵਿਚ ਉਨ੍ਹਾਂ ਦੇ ਬਜ਼ੁਰਗਾਂ ਨੂੰ ਜਾਣਨ ਵਾਲਿਆਂ ਨਾਲ ਮੁਲਾਕਾਤ ਕਰਨ ਦਾ ਮੌਕਾ ਮਿਲਿਆ। ਉਨ੍ਹਾਂ ਆਪਣੇ ਸਾਢੇ ਪੰਜ ਦਹਾਕਿਆਂ ਦੇ ਕਰੀਅਰ ਦੌਰਾਨ ਆਪਣੀ ਆਵਾਜ਼ ਅਤੇ ਸੰਗੀਤ ਸੁਰਾਂ ਦੁਨੀਆ ਦੇ ਕੋਨੇ ਕੋਨੇ ਅੰਦਰ ਅਪੜਾਈਆਂ।
ਨਵੀਆਂ ਸੰਗੀਤ ਮੰਡਲੀਆਂ ਅਤੇ ਗਾਇਕ ਉਸਤਾਦ ਹੁਸੈਨ ਬਖਸ਼ ਗੁੱਲੋ ਵੱਲ ਹਮੇਸ਼ਾ ਪ੍ਰੇਰਨਾ ਲਈ ਅਹੁਲਦੇ ਸਨ। ਉਸਤਾਦ ਹੁਸੈਨ ਬਖਸ਼ ਗੁੱਲੋ ਗਾਇਕਾਂ ਦੇ ਗਾਇਕ ਸਨ ਜਿਨ੍ਹਾਂ ਨੇ ਆਪਣੀ ਕਲਾ ਲਈ ਅਣਥੱਕ ਮਿਹਨਤ ਕੀਤੀ। ਰਿਸ਼ਤੇ ਵਿਚ ਉਹ ਉਸਤਾਦ ਸਲਾਮਤ ਅਲੀ ਖਾਨ ਦੇ ਜੀਜਾ ਜੀ ਸਨ ਅਤੇ ਗਾਇਕ ਸ਼ਫਕਤ ਅਮਾਨਤ ਅਲੀ ਖਾਨ ਉਨ੍ਹਾਂ ਦਾ ਭਤੀਜਾ ਹੈ। ਉਸਤਾਦ ਗੁੱਲੋ ਅਸਲ ਵਿਚ ਸੰਸਥਾ ਹੀ ਸਨ। ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਸ਼ਾਸਤਰੀ ਸੰਗੀਤ ਦੇ ਸ਼ਾਨਦਾਰ ਯੁੱਗ ਦਾ ਅੰਤ ਹੋ ਗਿਆ ਹੈ। ਉਨ੍ਹਾਂ ਨਾਲ ਆਪਣੀਆਂ ਮੁਲਾਕਾਤਾਂ ਦੌਰਾਨ ਮੈਂ ਮਹਿਸੂਸ ਕੀਤਾ ਸੀ ਕਿ ਉੱਘੇ ਸੰਗੀਤਕਾਰ ਅਤੇ ਕਲਾਸੀਕਲ ਸੰਗੀਤਕਾਰਾਂ ਵਿਚ ਸਭ ਤੋਂ ਮਿੱਠੀ ਆਵਾਜ਼ ਹੋਣ ਦੇ ਬਾਵਜੂਦ ਉਸਤਾਦ ਹੁਸੈਨ ਬਖਸ਼ ਗੁੱਲੋ ਨੂੰ ਉਹ ਸਨਮਾਨ ਨਹੀਂ ਮਿਲਿਆ ਜਿਸ ਦੇ ਉਹ ਹੱਕਦਾਰ ਸਨ। ਉਨ੍ਹਾਂ ਦੀ ਆਵਾਜ਼ ਕਲਾਸੀਕਲ ਗਾਇਕੀ ਲਈ ਆਦਰਸ਼ ਸੀ।
2017 ਦੀ ਇੱਕ ਇੰਟਰਵਿਊ ਵਿਚ ਉਸਤਾਦ ਗੁੱਲੋ ਨੇ ਦੋਹਾਂ ਦੇਸ਼ਾਂ ਵਿਚ ਸ਼ਾਸਤਰੀ ਸੰਗੀਤ ਦੇ ਭਵਿੱਖ ਬਾਰੇ ਆਪਣੀ ਨਿਰਾਸ਼ਾ ਪ੍ਰਗਟ ਕੀਤੀ ਸੀ। ਉਨ੍ਹਾਂ ਕਿਹਾ, “ਕੁਝ ਸਾਲ
ਪਹਿਲਾਂ ਉਦਯੋਗ ਵਿਚ ਸ਼ਾਸਤਰੀ ਸੰਗੀਤ ਦਬਦਬਾ ਸੀ ਪਰ ਲਗਦਾ ਹੈ, ਇਹ ਦਬਦਬਾ ਹੁਣ ਖਤਮ ਹੋ ਰਿਹਾ ਹੈ। ਹੁਣ ਕਿਸੇ ਨੂੰ ਸਿੱਖਣ ਦਾ ਜਨੂਨ ਨਹੀਂ ਹੈ। ਹਰ ਕੋਈ ਕੁਝ ਹੀ ਦਿਨਾਂ ਵਿਚ ਸਟਾਰ ਬਣਨਾ ਚਾਹੁੰਦਾ ਹੈ ਅਤੇ ਅਜਿਹਾ ਨਹੀਂ ਹੋ ਸਕਦਾ। ਮੈਨੂੰ ਨਹੀਂ ਪਤਾ ਕਿ ਉਸਤਾਦ-ਸ਼ਾਗਿਰਦ ਪਰੰਪਰਾ ਨੂੰ ਕੀ ਹੋਇਆ ਹੈ।”
‘ਪ੍ਰਾਈਡ ਆਫ ਪਰਫਾਰਮੈਂਸ’ ਇਨਾਮ ਵਿਜੇਤਾ ਉਸਤਾਦ ਹੁਸੈਨ ਬਖਸ਼ ਗੁੱਲੋ ਦੀ ਸੰਗੀਤ ਸ਼ੁਰੂਆਤ ਪਟਿਆਲਾ ਘਰਾਣੇ ਤੋਂ ਹੋਈ ਜੋ ਉਸਤਾਦ ਫਤਿਹ ਅਲੀ ਖਾਨ ਅਤੇ ਉਸਤਾਦ ਅਲੀ ਬਖਸ਼ ਖਾਨ ਦੁਆਰਾ ਸਥਾਪਿਤ ਹਿੰਦੋਸਤਾਨੀ ਸ਼ਾਸਤਰੀ ਸੰਗੀਤ ਦੇ ਗਾਇਕਾਂ ਨੂੰ ਜੋੜਨ ਵਾਲੀ ਸੰਸਥਾ ਹੈ। ਆਪਣੇ ਸਾਢੇ ਪੰਜ ਦਹਾਕਿਆਂ ਦੇ ਲੰਮੇ ਗਾਇਨ
ਕਰੀਅਰ ਵਿਚ ਉਸਤਾਦ ਗੁੱਲੋ ਨੇ ਕਈ ਐਲਬਮਾਂ ਰਿਲੀਜ਼ ਕੀਤੀਆਂ ਅਤੇ ਅਣਗਿਣਤ ਦਿਲ ਜਿੱਤੇ। ਹੁਣ ਵੀ ਉਹ ਸੰਗੀਤ ਨਾਲ ਡੂੰਘੇ ਜੁੜੇ ਹੋਏ ਸਨ ਅਤੇ ਅੱਜ ਕੱਲ੍ਹ ਅਲਹਮਰਾ ਹਾਲ, ਲਾਹੌਰ ਵਿਚ ਸੰਗੀਤ ਸਿਖਾ ਰਹੇ ਸਨ। ਉਹ ਆਖਦੇ ਹੁੰਦੇ ਸਨ, “ਮੈਂ ਆਪਣੇ 55 ਸਾਲਾਂ ਦੇ ਗਾਇਨ ਕਰੀਅਰ ਦੌਰਾਨ ਸ਼ਾਸਤਰੀ ਸੰਗੀਤ ਦਾ ਸ਼ਾਨਦਾਰ ਦੌਰ ਦੇਖਿਆ ਹੈ। ਕਹਿ ਸਕਦਾ ਹਾਂ ਕਿ ਪਾਕਿਸਤਾਨ ਤੇ ਭਾਰਤ ਨੇ ਕਲਾਸੀਕਲ ਸੰਗੀਤ ’ਤੇ ਰਾਜ ਕੀਤਾ ਹੈ।”
ਪੰਜਾਬੀ ਗਾਇਨ ਦੇ ਖੇਤਰ ਵਿਚ ਵੀ ਉਸਤਾਦ ਹੁਸੈਨ ਬਖਸ਼ ਗੁੱਲੋ ਨੇ ਨਵੇਂ ਪੂਰਨੇ ਪਾਏ। ਉਨ੍ਹਾਂ ਦਾ ਗਾਇਆ ਗੀਤ ‘ਸੋਹਣੀਏ ਜੇ ਤੇਰੇ ਨਾਲ ਦਗਾ ਮੈਂ ਕਮਾਵਾਂ, ਰੱਬ ਕਰੇ ਮੈਂ ਮਰ ਜਾਵਾਂ’ ਸਿੱਧਾ ਦਿਲ ਅੰਦਰ ਉੱਤਰਦਾ ਹੈ। ਇਹੋ ਜਿਹੇ ਗੀਤਾਂ ਦਾ ਕਲਾਸੀਕਲ ਅੰਦਾਜ਼ ਵਿਚ ਗਾਇਨ ਉਸਤਾਦ ਗੁੱਲੋ ਦਾ ਵਿਸ਼ੇਸ਼ ਹੁਨਰ ਸੀ ਅਤੇ ਇਹੀ ਸ਼ਾਮ ਚੁਰਾਸੀ ਘਰਾਣੇ ਦੀ ਵਿਰਾਸਤ ਸੀ। ਉਹ ਸ਼ਾਸਤਰੀ ਸੰਗੀਤ ਦੇ ਮਹਾਨ ਉਸਤਾਦ ਸਲਾਮਤ ਅਲੀ ਖਾਨ, ਉਸਤਾਦ ਨਜ਼ਾਕਤ ਅਲੀ ਖਾਨ ਦੇ ਪਟਿਆਲਾ ਅਤੇ ਸ਼ਾਮ ਚੁਰਾਸੀ ਘਰਾਣੇ ਨਾਲ ਸਬੰਧਿਤ ਅਸਾਧਾਰਨ ਸੰਗੀਤਕਾਰ ਸਨ। ਉਨ੍ਹਾਂ ਬਹੁਤ ਸਾਰੀਆਂ ਗ਼ਜ਼ਲਾਂ ਨੂੰ ਅਜਿਹੇ ਸੰਗੀਤ ਵਿਚ ਢਾਲਿਆ ਜੋ ਹੁਣ ਉਨ੍ਹਾਂ ਦੀ ਸੰਗੀਤ ਵਿਰਾਸਤ ਦਾ ਅੰਗ ਹਨ।
ਉਸਤਾਦ ਹੁਸੈਨ ਬਖਸ਼ ਗੁੱਲੋ ਨੇ ਯੂਰੋਪ, ਉੱਤਰੀ ਅਮਰੀਕਾ ਅਤੇ ਭਾਰਤ ਦੀ ਯਾਤਰਾ ਕੀਤੀ। ਚੰਡੀਗੜ੍ਹ ਕਲੱਬ ਨੇ ਉਨ੍ਹਾਂ ਨੂੰ ਚੰਡੀਗੜ ਪੁਰਸਕਾਰ ਨਾਲ ਸਨਮਾਨਿਤ ਕੀਤਾ ਸੀ। ਉਹ ਰੇਡੀਓ ਪਾਕਿਸਤਾਨ ਅਤੇ ਪਾਕਿਸਤਾਨ ਟੈਲੀਵਿਜ਼ਨ ਦੇ ਨਿਯਮਤ ਗਾਇਕ ਸਨ। ਮੈਨੂੰ ਯਾਦ ਹੈ ਕਿ ਚੰਡੀਗੜ੍ਹ ਦੂਰਦਰਸ਼ਨ ’ਤੇ ਵੀ ਉਨ੍ਹਾਂ ਦੀ ਮੁਲਾਕਾਤ ਰਿਕਾਰਡ ਕੀਤੀ ਸੀ ਜੋ ਯਾਦਗਾਰੀ ਹੋ ਨਬਿੜੀ।
ਉਸਤਾਦ ਹੁਸੈਨ ਬਖਸ਼ ਗੁੱਲੋ ਦੇ ਜਾਣ ਨਾਲ ਸੰਗੀਤ ਦੀਆਂ ਮਹਿਫਿਲਾਂ ਸੁੰਨੀਆਂ ਹੋ ਗਈਆਂ ਹਨ। ਉਨ੍ਹਾਂ ਨੂੰ ਭਾਰਤ ਅਤੇ ਪਾਕਿਸਤਾਨ, ਦੋਵਾਂ ਮੁਲਕਾਂ ਵਿਚ ਯਾਦ ਕੀਤਾ ਜਾ ਰਿਹਾ ਹੈ। ਉਹ ਸੰਗੀਤ ਪ੍ਰੇਮੀਆਂ ਲਈ ਬੇਅੰਤ ਖ਼ਜ਼ਾਨਾ ਛੱਡ ਗਏ ਹਨ। ਸੰਗੀਤ ਪ੍ਰੇਮੀ ਉਨ੍ਹਾਂ ਦੀ ਸੰਗੀਤ ਦੇ ਖੇਤਰ ਨੂੰ ਅਨੂਠੀ ਦੇਣ ਨੂੰ ਕਦੇ ਭੁਲਾ ਨਹੀਂ ਸਕਣਗੇ।
*ਲੇਖਕ ਦੂਰਦਰਸ਼ਨ ਦੇ ਉਪ ਮਹਾ ਨਿਰਦੇਸ਼ਕ ਰਹਿ ਚੁੱਕੇ ਹਨ।
ਸੰਪਰਕ: 94787-30156