ਮੁਰਮੂ, ਮੋਦੀ ਅਤੇ ਕਾਂਗਰਸ ਆਗੂਆਂ ਵੱਲੋਂ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀਆਂ ਭੇਟ
ਨਵੀਂ ਦਿੱਲੀ, 30 ਜਨਵਰੀ
ਰਾਸ਼ਟਰਪਤੀ ਦਰੋਪਦੀ ਮੁਰਮੂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਕਈ ਆਗੂਆਂ ਨੇ ਅੱਜ ਮਹਾਤਮਾ ਗਾਂਧੀ ਨੂੰ ਉਨ੍ਹਾਂ ਦੀ ਬਰਸੀ ਮੌਕੇ ਸ਼ਰਧਾਂਜਲੀ ਭੇਟ ਕੀਤੀ। ਰਾਸ਼ਟਰਪਤੀ, ਪ੍ਰਧਾਨ ਮੰਤਰੀ ਤੇ ਹੋਰਾਂ ਨੇ ਮਹਾਤਮਾ ਗਾਂਧੀ ਦੀ ਸਮਾਧੀ ਰਾਜਘਾਟ ’ਤੇ ਸ਼ਰਧਾ ਦੇ ਫੁੱਲ ਭੇਟ ਕੀਤੇ। ਕਾਂਗਰਸ ਨੇ ਰਾਸ਼ਟਰਪਿਤਾ ਦੀ ਬਰਸੀ ’ਤੇ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਜੋ ਲੋਕ ਬਾਪੂ ਦੇ ਹੱਤਿਆਰੇ ਨੱਥੂਰਾਮ ਗੋਡਸੇ ਦਾ ਗੁਣਗਾਣ ਕਰਦੇ ਹਨ, ਉਨ੍ਹਾਂ ਨੂੰ ਭਾਰਤ ਦੀ ਧਾਰਨਾ ਨੂੰ ਪਰਿਭਾਸ਼ਿਤ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਮਹਾਤਮਾ ਗਾਂਧੀ ਦੇ ਵਿਚਾਰ ਦਾ ਹਵਾਲਾ ਦਿੰਦਿਆਂ ਲਿਖਿਆ, ‘‘ਦੁਸ਼ਮਣ ਦਹਿਸ਼ਤਜ਼ਦਾ ਹੈ। ਅਸੀਂ ਸੋਚਦੇ ਹਾਂ ਕਿ ਇਹ ਨਫਰਤ ਹੈ, ਪਰ ਇਹ ਡਰ ਹੈ। ਸ਼ਹੀਦੀ ਦਿਵਸ ਮੌਕੇ ਅਸੀਂ ਆਪਣੇ ਦੇਸ਼ ਦੇ ਨੈਤਿਕ ਰਾਹਦਸੇਰੇ ਬਾਪੂ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ। ਸਾਨੂੰ ਉਨ੍ਹਾਂ ਲੋਕਾਂ ਖ਼ਿਲਾਫ਼ ਲੜਨ ਦਾ ਪ੍ਰਣ ਲੈਣਾ ਚਾਹੀਦਾ ਹੈ ਜੋ ‘ਸੰਭਵ’ ਅਤੇ ‘ਸਰਵੋਦਿਆ’ ’ਤੇ ਆਧਾਰਿਤ ਉਨ੍ਹਾਂ ਦੇ ਵਿਚਾਰਾਂ ਨੂੰ ਨਸ਼ਟ ਕਰਨਾ ਚਾਹੁੰਦੇ ਹਨ।’’
ਕਾਂਗਰਸ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ‘ਐਕਸ’ ’ਤੇ ਲਿਖਿਆ, ‘‘ਉਸ ਵਿਚਾਰਧਾਰਾ ਅਤੇ ਉਸ ਨੂੰ ਮੰਨਣ ਵਾਲਿਆਂ ਖ਼ਿਲਾਫ਼ ਸਾਡੀ ਲੜਾਈ ਜਾਰੀ ਰਹੇਗੀ, ਜਿਨ੍ਹਾਂ ਨੇ ਮਹਾਤਮਾ ਗਾਂਧੀ ਦੇ ਜੀਵਨਕਾਲ ਦੌਰਾਨ ਤਾਂ ਉਨ੍ਹਾਂ ਦਾ ਵਿਰੋਧ ਕੀਤਾ, ਉਨ੍ਹਾਂ ਨੂੰ ਨਕਾਰਿਆ ਅਤੇ ਅਖ਼ੀਰ ਵਿੱਚ ਉਨ੍ਹਾਂ ਦੀ ਹੱਤਿਆ ਕਰ ਦਿੱਤੀ ਪਰ ਹੁਣ ਉਨ੍ਹਾਂ ਦੀ ਵਿਰਾਸਤ ਨੂੰ ਹਥਿਆਉਣ ਦਾ ਯਤਨ ਕਰ ਰਹੇ ਹਨ।’’ ਜ਼ਿਕਰਯੋਗ ਹੈ ਕਿ ਮਹਾਤਮਾ ਗਾਂਧੀ ਦੀ 1948 ਵਿੱਚ ਨੱਥੂਰਾਮ ਗੌਡਸੇ ਨੇ ਹੱਤਿਆ ਕਰ ਦਿੱਤੀ ਸੀ। ਉਧਰ, ਪ੍ਰਧਾਨ ਮੰਤਰੀ ਮੋਦੀ ਨੇ ‘ਐਕਸ’ ’ਤੇ ਲਿਖਿਆ, ‘‘ਮੈਂ ਸਤਿਕਾਰਯੋਗ ਬਾਪੂ ਨੂੰ ਉਨ੍ਹਾਂ ਦੀ ਬਰਸੀ ’ਤੇ ਸ਼ਰਧਾਂਜਲੀ ਦਿੰਦਾ ਹਾਂ। ਮੈਂ ਉਨ੍ਹਾਂ ਸਾਰੇ ਲੋਕਾਂ ਨੂੰ ਵੀ ਸ਼ਰਧਾਂਜਲੀ ਭੇਟ ਕਰਦਾ ਹਾਂ ਜੋ ਸਾਡੇ ਦੇਸ਼ ਲਈ ਸ਼ਹੀਦ ਹੋਏ ਹਨ।’’ ਇਸ ਮੌਕੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਵੱਲੋਂ ਮਹਾਤਮਾ ਗਾਂਧੀ ਨੂੰ ਉਨ੍ਹਾਂ ਦੀ ਯਾਦਗਾਰ ’ਤੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। -ਪੀਟੀਆਈ
ਰਾਹੁਲ ਵੱਲੋਂ ਰਾਸ਼ਟਰਪਿਤਾ ਨੂੰ ਸ਼ਰਧਾਂਜਲੀ
ਅਰਰੀਆ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਇੱਥੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ, ‘ਅੱਜ ਹੀ ਦੇ ਦਿਨ ਨਫਰਤ ਅਤੇ ਹਿੰਸਾ ਦੀ ਵਿਚਾਰਧਾਰਾ ਨੇ ਦੇਸ਼ ਤੋਂ ਉਨ੍ਹਾਂ ਦੇ ਪੂਜਣਯੋਗ ਬਾਪੂ ਨੂੰ ਖੋਹ ਲਿਆ ਸੀ ਅਤੇ ਅੱਜ ਉਹੀ ਸੋਚ ਉਨ੍ਹਾਂ ਦੇ ਸਿਧਾਂਤਾਂ ਅਤੇ ਆਦਰਸ਼ਾਂ ਨੂੰ ਵੀ ਸਾਡੇ ਤੋਂ ਖੋਹ ਲੈਣਾ ਚਾਹੁੰਦੀ ਹੈ ਪਰ ਨਫਰਤ ਦੀ ਇਸ ਹਨੇਰੀ ਵਿੱਚ ਸੱਚ ਅਤੇ ਸਦਭਾਵਨਾ ਦੇ ਦੀਪ ਨੂੰ ਬੁਝਣ ਨਹੀਂ ਦੇਣਾ। ਇਹ ਗਾਂਧੀ ਜੀ ਨੂੰ ਸਾਡੀ ਸੱਚੀ ਸ਼ਰਧਾਂਜਲੀ ਹੋਵੇਗੀ।’’ -ਪੀਟੀਆਈ
ਸੁਪਰੀਮ ਕੋਰਟ ਵਿੱਚ ਦੋ ਮਿੰਟ ਦਾ ਮੌਨ ਰੱਖਿਆ
ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਭਾਰਤ ਦੀ ਆਜ਼ਾਦੀ ਦੀ ਲੜਾਈ ਵਿੱਚ ਜਾਨਾਂ ਵਾਰਨ ਵਾਲੇ ਲੋਕਾਂ ਦੀ ਯਾਦ ਵਿੱਚ ਅੱਜ ਦੋ ਮਿੰਟ ਦਾ ਮੌਨ ਰੱਖਿਆ। ਚੀਫ ਜਸਟਿਸ ਡੀ ਵਾਈ ਚੰਦਰਚੂੜ ਦੀ ਅਗਵਾਈ ਵਾਲੀ ਸੱਤ ਮੈਂਬਰੀ ਸੰਵਿਧਾਨਕ ਬੈਂਚ, ਜੋ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ (ਏਐੱਮਯੂ) ਦੀ ਘੱਟਗਿਣਤੀ ਸਥਿਤੀ ਦੇ ਮੁੱਦੇ ’ਤੇ ਸੁਣਵਾਈ ਕਰ ਰਹੀ ਸੀ, ਸਵੇਰੇ 10.59 ਵਜੇ ਖੜ੍ਹੀ ਹੋਈ ਤੇ ਦੋ ਮਿੰਟ ਦਾ ਮੌਨ ਧਾਰਿਆ। ਇਸ ਮਗਰੋਂ ਸਾਰੀਆਂ ਬੈਂਚਾਂ ਨੇ ਦਿਨ ਦੀ ਕਾਰਵਾਈ ਮੁੜ ਸ਼ੁਰੂ ਕੀਤੀ। -ਪੀਟੀਆਈ