ਅਮਰੀਕਾ ਅਤੇ ਕੈਨੇਡਾ ਸਣੇ ਕਈ ਮੁਲਕਾਂ ਵਿੱਚ ਮਨਾਏ ਗਏ ਦੀਵਾਲੀ ਦੇ ਜਸ਼ਨ
ਵਾਸ਼ਿੰਗਟਨ/ਚੰਡੀਗੜ੍ਹ, 1 ਨਵੰਬਰ
ਅਮਰੀਕਾ ਅਤੇ ਕੈਨੇਡਾ ’ਚ ਦੀਵਾਲੀ ਤੇ ਬੰਦੀ ਛੋੜ ਦਿਵਸ ਦੇ ਜਸ਼ਨ ਧੂਮਧਾਮ ਨਾਲ ਮਨਾਏ ਗਏ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਅਗਵਾਈ ਹੇਠ ਅਮਰੀਕੀਆਂ ਨੇ ਮੰਦਰਾਂ ਅਤੇ ਕਈ ਹੋਰ ਥਾਵਾਂ ’ਤੇ ਰੌਸ਼ਨੀਆਂ ਦਾ ਤਿਉਹਾਰ ਮਨਾਇਆ। ਭਾਰਤ ਤੇ ਕੈਨੇਡਾ ਵਿਚਕਾਰ ਚੱਲ ਰਹੇ ਤਣਾਅ ਦਰਮਿਆਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਲੋਕਾਂ ਨੂੰ ਦੀਵਾਲੀ ਦੀਆਂ ਵਧਾਈਆਂ ਦਿੱਤੀਆਂ। ਬਰਤਾਨੀਆ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਪਰਿਵਾਰ ਨਾਲ ਆਪਣੀ ਸਰਕਾਰੀ ਰਿਹਾਇਸ਼ ’ਤੇ ਦੀਵੇ ਜਗਾ ਕੇ ਦੀਵਾਲੀ ਮਨਾਈ।
ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ‘ਐਕਸ’ ’ਤੇ ਕਿਹਾ, ‘‘ਆਓ ਇਸ ਦੀਵਾਲੀ ’ਤੇ ਅਸੀਂ ਰੌਸ਼ਨੀਆਂ ਦੇ ਇਸ ਤਿਉਹਾਰ ’ਚ ਇਕਜੁੱਟਤਾ ਦੀ ਤਾਕਤ ਦਿਖਾਈਏ। ਗਿਆਨ, ਏਕਤਾ, ਸੱਚ, ਆਜ਼ਾਦੀ ਅਤੇ ਲੋਕਤੰਤਰ ਦਾ ਪ੍ਰਕਾਸ਼ ਹੋਵੇ। ਇਕ ਅਜਿਹਾ ਅਮਰੀਕਾ ਹੋਵੇ ਜਿਥੇ ਸਾਰਾ ਕੁਝ ਸੰਭਵ ਹੋਵੇ।’’ ਅਮਰੀਕੀ ਰਾਸ਼ਟਰਪਤੀ ਨੇ ਇਸ ਹਫ਼ਤੇ ਦੇ ਸ਼ੁਰੂ ’ਚ ਦੇਸ਼ ਭਰ ਤੋਂ ਕਰੀਬ 600 ਭਾਰਤੀ-ਅਮਰੀਕੀਆਂ ਨੂੰ ਵ੍ਹਾਈਟ ਹਾਊਸ ’ਚ ਸੱਦ ਕੇ ਹੁਣ ਤੱਕ ਦੀ ਸਭ ਤੋਂ ਵੱਡੀ ਦੀਵਾਲੀ ਮਨਾਈ ਸੀ। ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ‘ਐਕਸ’ ’ਤੇ ਇਕ ਪੋਸਟ ’ਚ ਲੋਕਾਂ ਨੂੰ ਦੀਵਾਲੀ ਦੀ ਵਧਾਈ ਦਿੰਦਿਆਂ ਕਿਹਾ ਕਿ ਅਮਰੀਕਾ ਅਤੇ ਦੁਨੀਆ ਭਰ ’ਚ 100 ਕਰੋੜ ਤੋਂ ਵਧ ਲੋਕਾਂ ਨਾਲ ਦੀਵੇ ਜਗਾ ਕੇ ਬੁਰਾਈ ’ਤੇ ਚੰਗਿਆਈ, ਅਗਿਆਨਤਾ ’ਤੇ ਗਿਆਨ ਅਤੇ ਹਨੇਰੇ ’ਤੇ ਪ੍ਰਕਾਸ਼ ਦੀ ਜਿੱਤ ਦਾ ਜਸ਼ਨ ਮਨਾਇਆ। ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਕਿਹਾ ਕਿ ਦੀਵਾਲੀ ਹਨੇਰੇ ’ਤੇ ਪ੍ਰਕਾਸ਼ ਦੀ ਜਿੱਤ ਅਤੇ ਬੁਰਾਈ ’ਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਹੈ। ਮਿਨੇਸੋਟਾ ਦੇ ਗਵਰਨਰ ਅਤੇ ਉਪ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਟਿਮ ਵਾਲਜ਼ ਨੇ ਪੈਨਸਿਲਵੇਨੀਆ ਦੇ ਮੌਂਟਗੋਮਰੀ ਕਾਊਂਟੀ ਸਥਿਤ ਮੰਦਰ ’ਚ ਮੱਥਾ ਟੇਕ ਕੇ ਦੀਵੇ ਜਗਾਏ। ਗੂਗਲ ਦੇ ਸੀਈਓ ਸੁੰਦਰ ਪਿਚਾਈ ਨੇ ਵੀ ਲੋਕਾਂ ਨੂੰ ਰੌਸ਼ਨੀਆਂ ਨਾਲ ਭਰੇ ਤਿਉਹਾਰ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ।
ਭਾਰਤੀ-ਕੈਨੇਡੀਅਨ ਸੰਸਦ ਮੈਂਬਰ ਮਨਿੰਦਰ ਸਿੱਧੂ ਨੇ ਵੀਰਵਾਰ ਨੂੰ ਸੰਸਦ ਨੂੰ ਸੰਬੋਧਨ ਕਰਦਿਆਂ ਕੈਨੇਡਾ ਵਾਸੀਆਂ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਵਧਾਈਆਂ ਦਿੱਤੀਆਂ। ਇਸੇ ਤਰ੍ਹਾਂ ਕੈਨੇਡਾ ਦੀ ਉਪ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਪਰਵਾਸੀਆਂ ਨੂੰ ਦੀਵਾਲੀ ਦੀਆਂ ਵਧਾਈਆਂ ਦਿੱਤੀਆਂ। ਉਨ੍ਹਾਂ ਭਾਰਤੀ ਪਰਵਾਸੀਆਂ ਨਾਲ ਦੀਵਾਲੀ ਮਨਾਉਣ ਦੀਆਂ ਤਸਵੀਰਾਂ ‘ਐਕਸ’ ’ਤੇ ਸਾਂਝੀਆਂ ਕੀਤੀਆਂ। ਇਕ ਹੋਰ ਸੰਸਦ ਮੈਂਬਰ ਚੰਦਰ ਆਰੀਆ ਨੇ ਵੀ ਲੋਕਾਂ ਨੂੰ ਦੀਵਾਲੀ ਦੀਆਂ ਵਧਾਈਆਂ ਦਿੱਤੀਆਂ। ਸਰੀ ’ਚ ਲੋਕਾਂ ਨੇ ਧੂਮਧਾਮ ਨਾਲ ਦੀਵਾਲੀ ਮਨਾਈ। ਜਰਮਨੀ ’ਚ ਭਾਰਤ ਦੀਵਾਲੀ ਮੇਲਾ ਲਗਾਇਆ ਗਿਆ ਜਿਥੇ ਮਿਊਨਿਖ ’ਚ ਭਾਰਤੀ ਕੌਂਸੁਲ ਜਨਰਲ ਸ਼ਤਰੂ ਸਿਨਹਾ ਤੇ ਹੋਰ ਹਸਤੀਆਂ ਨੇ ਹਾਜ਼ਰੀ ਭਰੀ।
-ਪੀਟੀਆਈ/ਆਈਏਐੱਨਐੱਸ
ਆਸਟਰੇਲੀਆ ਦੇ ਪ੍ਰਧਾਨ ਮੰਤਰੀ ਨੇ ਮੰਦਰ ਅਤੇ ਗੁਰਦੁਆਰੇ ’ਚ ਮੱਥਾ ਟੇਕਿਆ
ਕੈਨਬਰਾ:
ਆਸਟਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਮੰਦਰ ਅਤੇ ਗੁਰਦੁਆਰੇ ’ਚ ਮੱਥਾ ਟੇਕ ਕੇ ਦੀਵਾਲੀ ਅਤੇ ਬੰਦੀ ਛੋੜ ਦਿਵਸ ਮਨਾਇਆ। ਉਨ੍ਹਾਂ ‘ਐਕਸ’ ’ਤੇ ਗਲੇਨਵੁੱਡ ਦੇ ਗੁਰਦੁਆਰੇ ’ਚ ਦਰਸ਼ਨ ਕਰਨ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ। ਉਹ ਕੇਸਰੀ ਦਸਤਾਰ ’ਚ ਸਜੇ ਦਿਖਾਈ ਦੇ ਰਹੇ ਹਨ ਅਤੇ ਉਨ੍ਹਾਂ ਗੁਰਦੁਆਰੇ ’ਚ ਨਵੇਂ ਬਣੇ ਲੰਗਰ ਹਾਲ ਦਾ ਵੀ ਉਦਘਾਟਨ ਕੀਤਾ। ਇਸ ਦੌਰਾਨ ਉਨ੍ਹਾਂ ਪਰਵਾਸੀ ਭਾਰਤੀਆਂ ਨਾਲ ਸੈਲਫੀਆਂ ਵੀ ਖਿਚਵਾਈਆਂ। ਅਲਬਨੀਜ਼ ਨੇ ਸਿਡਨੀ ਦੇ ਮੁਰੂਗਨ ਮੰਦਰ ’ਚ ਮੱਥਾ ਟੇਕ ਕੇ ਤਾਮਿਲ-ਆਸਟਰੇਲੀਅਨ ਭਾਈਚਾਰੇ ਨਾਲ ਦੀਵਾਲੀ ਮਨਾਈ। -ਪੀਟੀਆਈ
ਪੋਲੀਵਰ ਦੇ ਦੀਵਾਲੀ ਸਮਾਗਮ ’ਚ ਸ਼ਾਮਲ ਨਾ ਹੋਣ ’ਤੇ ਭਾਰਤੀਆਂ ’ਚ ਰੋਸ
ਵੈਨਕੂਵਰ (ਗੁਰਮਲਕੀਅਤ ਸਿੰਘ ਕਾਹਲੋਂ):
ਕੈਨੇਡਾ ਦੀ ਸੰਸਦ ਵਿੱਚ ਵਿਰੋਧੀ ਧਿਰ ਦੇ ਆਗੂ ਪੀਅਰ ਪੋਲੀਵਰ ਵੱਲੋਂ ਸੰਸਦ ਵਿੱਚ ਕਰਵਾਏ ਜਾਣ ਵਾਲੇ ਦੀਵਾਲੀ ਸਮਾਗਮ ਵਿੱਚ ਸ਼ਮੂਲੀਅਤ ਕਰਨ ਤੋਂ ਇਨਕਾਰ ਕਰਨ ’ਤੇ ਭਾਰਤੀਆਂ ਵਿੱਚ ਰੋਸ ਹੈ। ਇਸ ਦੌਰਾਨ ਬੇਸ਼ੱਕ ਸਮਾਗਮ ਤਾਂ ਹੋਇਆ ਪਰ ਇਸ ਵਿੱਚ ਉਹ ਰੌਣਕ ਅਤੇ ਰੰਗਤ ਨਾ ਆਈ, ਜਿਸ ਦੀ ਕਈ ਦਿਨਾਂ ਤੋਂ ਤਿਆਰੀ ਕੀਤੀ ਜਾ ਰਹੀ ਸੀ। ਪੀਅਰ ਵੱਲੋਂ ਇੱਕ ਦਿਨ ਪਹਿਲਾਂ ਸਮਾਗਮ ਵਿੱਚ ਸ਼ਮੂਲੀਅਤ ਨਾ ਕਰਨ ਦੇ ਐਲਾਨ ਮਗਰੋਂ ਉਨ੍ਹਾਂ ਦੇ ਖਾਸ ਭਾਰਤੀ ਭਾਈਚਾਰੇ ਦੇ ਆਗੂਆਂ ਨੂੰ ਵੱਡਾ ਝਟਕਾ ਲੱਗਾ ਹੈ। ਬੇਸ਼ੱਕ ਇਸ ਬਾਰੇ ਕੋਈ ਵੀ ਖੁੱਲ੍ਹ ਕੇ ਗੱਲ ਕਰਨ ਨੂੰ ਤਿਆਰ ਨਹੀਂ ਪਰ ਉਨ੍ਹਾਂ ਦੀ ਖਾਮੋਸ਼ੀ ਆਪਣੇ ਆਪ ਵਿੱਚ ਸਵਾਲ ਪੈਦਾ ਕਰ ਰਹੀ ਹੈ। ਸੰਸਦ ਵਿੱਚ ਦੀਵਾਲੀ ਦੇ ਜਸ਼ਨ ਮਨਾਉਣ ਦੀ ਸ਼ੁਰੂਆਤ 2001 ’ਚ ਸ਼ੁਰੂ ਹੋਈ ਸੀ ਤੇ ਹੁਣ ਤੱਕ ਹਰ ਸਾਲ ਇਸ ਨੂੰ ਧੂਮਧਾਮ ਤੇ ਭਾਈਚਾਰੇ ਦੀ ਸ਼ਮੂਲੀਅਤ ਨਾਲ ਮਨਾਇਆ ਜਾਂਦਾ ਹੈ। ਓਵਰਸੀਜ਼ ਫਰੈਂਡਜ਼ ਆਫ ਇੰਡੀਆ ਕੈਨੇਡਾ ਦੇ ਪ੍ਰਧਾਨ ਸ਼ਿਵ ਭਾਸਕਰ ਨੇ ਪੀਅਰ ਪੋਲੀਵਰ ਨੂੰ ਇਸ ਸਬੰਧੀ ਚਿੱਠੀ ਲਿਖ ਕੇ ਰੋਸ ਪ੍ਰਗਟਾਇਆ ਹੈ। ਉਨ੍ਹਾਂ ਕਿਹਾ ਕਿ ਜਸ਼ਨ ਵਿੱਚ ਸ਼ਮੂਲੀਅਤ ਤੋਂ ਇਨਕਾਰ ਕਰਕੇ ਉਨ੍ਹਾਂ ਭਾਰਤੀਆਂ ਦੇ ਮਨਾਂ ਵਿੱਚ ਬੇਗਾਨੇ ਅਤੇ ਵਿਦੇਸ਼ੀ ਹੋਣ ਦਾ ਅਹਿਸਾਸ ਜਗਾਇਆ ਗਿਆ ਹੈ। ਕਈ ਹੋਰ ਹਿੰਦੂ ਜਥੇਬੰਦੀਆਂ ਦੇ ਆਗੂਆਂ ਨੇ ਵੀ ਇਸ ਸਬੰਧੀ ਨਰਾਜ਼ਗੀ ਜਤਾਈ ਹੈ।