ਮੁਰਮੂ ਨੇ ਸਰਕਾਰੀ ਅਦਾਰਿਆਂ ਨੂੰ ਵਿੱਤੀ ਆਡਿਟ ਸਮੇਂ ਸਿਰ ਕਰਵਾਉਣ ਲਈ ਕਿਹਾ
ਨਵੀਂ ਦਿੱਲੀ, 24 ਸਤੰਬਰ
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਸਰਕਾਰੀ ਅਦਾਰਿਆਂ ਦੇ ਵਿੱਤ ਦੇ ਆਡਿਟ ਸਮੇਂ ਸਿਰ ਕਰਵਾਉਣ ਦੀ ਅਹਿਮੀਅਤ ’ਤੇ ਚਾਨਣਾ ਪਾਉਂਦਿਆਂ ਅੱਜ ਕਿਹਾ ਕਿ ਜੇ ਸਮਾਂ ਰਹਿੰਦਿਆਂ ਕਿਸੇ ਗ਼ਲਤੀ ਵੱਲ ਧਿਆਨ ਦਿਵਾਇਆ ਜਾਵੇ ਤਾਂ ਉਸ ਨੂੰ ਸੁਧਾਰਿਆ ਜਾ ਸਕਦਾ ਹੈ ਅਤੇ ਇਸ ਨੂੰ ਜਨਤਕ ਪੈਸੇ ਦੀ ਕਾਫ਼ੀ ਬੱਚਤ ਹੋ ਸਕਦੀ ਹੈ। ਰਾਸ਼ਟਰਪਤੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਆਡਿਟ ਸੰਸਥਾਵਾਂ ਨੂੰ ਤਕਨੀਕੀ ਵਿਕਾਸ ਨਾਲ ਤਾਲਮੇਲ ਬਣਾ ਕੇ ਰੱਖਣਾ ਚਾਹੀਦਾ ਹੈ ਤਾਂ ਕਿ ਉਹ ਆਪਣੇ ਨਿਗਰਾਨੀ ਕਾਰਜਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨੇਪਰੇ ਚਾੜ੍ਹ ਸਕਣ, ਕਿਉਂਕਿ ਤਕਨੀਕ ਦੀ ਵਰਤੋਂ ਕਰ ਕੇ ਵੱਧ ਤੋਂ ਵੱਧ ਜਨਤਕ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਉਹ ਇੱਥੇ ਸਰਵੋਤਮ ਆਡਿਟ ਸੰਸਥਾਵਾਂ ਦੇ ਏਸ਼ਿਆਈ ਸੰਗਠਨ (ਏਐੱਸਓਐੱਸਏਆਈ) ਦੀ 16ਵੀਂ ਸਭਾ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ, ‘ਜਨਤਕ ਅਦਾਰਿਆਂ ਦੇ ਵਿੱਤ ਦੇ ਆਡਿਟ ਲਈ ਸਮਾਂਬੱਧ ਤਰੀਕੇ ਨਾਲ ਕੰਮ ਕਰਨਾ ਵੀ ਅਹਿਮ ਹੈ। ਜੇ ਸਮੇਂ ਰਹਿੰਦੇ ਕਿਸੇ ਗ਼ਲਤੀ ਵੱਲ ਧਿਆਨ ਦਿਵਾਇਆ ਜਾਵੇ ਤਾਂ ਇਸ ਨੂੰ ਸੁਧਾਰਿਆ ਜਾ ਸਕਦਾ ਹੈ।’ ਉਨ੍ਹਾਂ ਕਿਹਾ ਕਿ ਇਸ ਦਾ ਅਰਥ ਇਹ ਹੈ ਕਿ ਆਡੀਟਰ ਨੂੰ ਨਾ ਸਿਰਫ਼ ਗਲਤੀਆਂ ਵੱਲ ਧਿਆਨ ਦੇਣ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ, ਸਗੋਂ ਪ੍ਰਸ਼ਾਸਨ ਦੀ ਗੁਣਵੱਤਾ ਨੂੰ ਸੁਧਾਰਨ ਲਈ ਉਪਾਅ ਸੁਝਾਉਣ ਦੀ ਵੀ ਜ਼ਿੰਮੇਵਾਰੀ ਸੌਂਪੀ ਗਈ ਹੈ। ਉਨ੍ਹਾਂ ਕਿਹਾ ਕਿ ਜਨਤਕ ਖੇਤਰ ਦੇ ਆਡਿਟ ਦਾ ਕਾਰਜਖੇਤਰ ਹੁਣ ਵਿਸ਼ਾਲ ਹੋ ਗਿਆ ਹੈ। -ਪੀਟੀਆਈ