Murder: ਪਾਠੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
ਦਵਿੰਦਰ ਸਿੰਘ ਭੰਗੂ
ਰਈਆ, 12 ਦਸੰਬਰ
ਪੁਲੀਸ ਚੌਕੀ ਰਈਆ ਤੋਂ ਕੁਝ ਦੂਰ ਬੀਤੀ ਰਾਤ ਗੁਰਦੁਆਰੇ ਤੋਂ ਪਾਠੀ ਦੀ ਡਿਊਟੀ ਦੇ ਕੇ ਆ ਰਹੇ ਇਕ ਵਿਅਕਤੀ ਦਾ ਰਸਤੇ ਵਿੱਚ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਰਮਨਦੀਪ ਸਿੰਘ (28) ਪੁੱਤਰ ਦਿਲਬਾਗ ਸਿੰਘ ਵਾਸੀ ਪਿੰਡ ਮੱਧ ਵਜੋਂ ਹੋਈ ਹੈ।
ਅੱਜ ਥਾਣਾ ਬਿਆਸ ਦੇ ਮੁਖੀ ਗਗਨਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਦਿਲਬਾਗ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ ਉਹ ਅਤੇ ਉਸ ਦਾ ਲੜਕਾ ਰਮਨਦੀਪ ਸਿੰਘ ਬੀਤੀ ਰਾਤ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਤੋਂ ਡਿਊਟੀ ਦੇ ਕੇ ਵਾਪਸ ਘਰ ਆ ਰਹੇ ਸੀ। ਇਸ ਦੌਰਾਨ ਜਦੋਂ ਉਹ ਪੁਲੀਸ ਚੌਕੀ ਰਈਆ ਨੇੜੇ ਪੁੱਜੇ ਤਾਂ ਉਨ੍ਹਾਂ ਦੇ ਪਿੰਡ ਦੇ ਰਹਿਣ ਵਾਲੇ ਸਾਹਿਬ ਸਿੰਘ ਨੇ ਉਨ੍ਹਾਂ ਨੂੰ ਰੋਕ ਕੇ ਉਨ੍ਹਾਂ ਦੇ ਲੜਕੇ ’ਤੇ ਦਾਤਰ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਕਾਰਨ ਉਸ ਦੇ ਪੁੱਤਰ ਰਮਨਦੀਪ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲੀਸ ਨੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਟੀਮਾਂ ਦਾ ਗਠਨ ਕਰ ਦਿੱਤਾ ਹੈ। ਮ੍ਰਿਤਕ ਆਪਣੇ ਪਿੱਛੇ ਪਤਨੀ ਤੇ ਇਲਾਵਾ ਪੰਜ ਮਹੀਨੇ ਦਾ ਪੁੱਤਰ ਛੱਡ ਗਿਆ ਹੈ।