ਨਰੈਣ ਸਿੰਘ ਚੌੜਾ ਦੇ ਪੁਲੀਸ ਰਿਮਾਂਡ ’ਚ ਤਿੰਨ ਦਿਨ ਦਾ ਹੋਰ ਵਾਧਾ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 11 ਦਸੰਬਰ
ਸੁਖਬੀਰ ਸਿੰਘ ਬਾਦਲ ’ਤੇ ਜਾਨਲੇਵਾ ਹਮਲਾ ਕਰਨ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਨਰੈਣ ਸਿੰਘ ਚੌੜਾ ਦਾ ਤਿੰਨ ਦਿਨ ਦਾ ਪੁਲੀਸ ਰਿਮਾਂਡ ਖਤਮ ਹੋਣ ਮਗਰੋਂ ਅੱਜ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਸ ਦੌਰਾਨ ਪੁਲੀਸ ਨੇ ਅੱਠ ਦਿਨ ਦਾ ਹੋਰ ਪੁਲੀਸ ਰਿਮਾਂਡ ਦੇਣ ਦੀ ਮੰਗ ਕੀਤੀ ਪਰ ਅਦਾਲਤ ਨੇ ਦੋਵਾਂ ਧਿਰਾਂ ਦਾ ਪੱਖ ਸੁਣਨ ਮਗਰੋਂ ਮੁਲਜ਼ਮ ਨੂੰ ਤਿੰਨ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਹੁਣ ਉਸ ਨੂੰ 14 ਦਸੰਬਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਇਸ ਦੌਰਾਨ ਪੁਲੀਸ ਨੇ ਅਦਾਲਤ ਵਿੱਚ ਦਰਖਾਸਤ ਦਾਇਰ ਕਰਕੇ ਦੋਸ਼ ਲਾਇਆ ਕਿ ਸ਼੍ਰੋਮਣੀ ਕਮੇਟੀ ਇਸ ਮਾਮਲੇ ਦੀ ਜਾਂਚ ਦੌਰਾਨ ਲੋੜੀਂਦੀ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਮੁਹੱਈਆ ਨਹੀਂ ਕਰ ਰਹੀ। ਪੁਲੀਸ ਨੂੰ ਇਸ ਮਾਮਲੇ ਦੀ ਜਾਂਚ ਦੌਰਾਨ 2 ਤੋਂ 4 ਦਸੰਬਰ ਤੱਕ ਹਰਿਮੰਦਰ ਸਾਹਿਬ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਲੋੜ ਹੈ। ਉਨ੍ਹਾਂ ਇਸ ਮਾਮਲੇ ਵਿੱਚ ਅਦਾਲਤ ਨੂੰ ਲੋੜੀਂਦੇ ਦਿਸ਼ਾ ਨਿਰਦੇਸ਼ ਦੇਣ ਲਈ ਕਿਹਾ ਹੈ। ਉਨ੍ਹਾਂ ਇਸ ਮਾਮਲੇ ਵਿੱਚ ਹਰਿਮੰਦਰ ਸਾਹਿਬ ਦੇ ਮੈਨੇਜਰ ਨੂੰ ਹਦਾਇਤ ਕਰਨ ਲਈ ਕਿਹਾ ਸੀ। ਅਦਾਲਤ ਵੱਲੋਂ ਇਸ ਮਾਮਲੇ ਵਿੱਚ ਕਾਰਵਾਈ ਲਈ ਦਿਸ਼ਾ ਨਿਰਦੇਸ਼ ਦਿੱਤੇ ਗਏ ਸਨ। ਪੁਲੀਸ ਦੇ ਇੱਕ ਅਧਿਕਾਰੀ , ਜੋ ਨਰੈਣ ਸਿੰਘ ਚੌੜਾ ਨੂੰ ਅਦਾਲਤ ਵਿੱਚ ਪੇਸ਼ੀ ਲਈ ਲੈ ਕੇ ਆਇਆ ਸੀ, ਨੇ ਮੀਡੀਆ ਨੂੰ ਜਾਣਕਾਰੀ ਦਿੱਤੀ ਕਿ ਸ਼੍ਰੋਮਣੀ ਕਮੇਟੀ ਵੱਲੋਂ ਸਬੰਧਤ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਪੁਲੀਸ ਨੂੰ ਮੁਹੱਈਆ ਕਰਵਾ ਦਿੱਤੀ ਹੈ ਅਤੇ ਪੁਲੀਸ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਘੋਖ ਰਹੀ ਹੈ। ਇਹ ਤੱਥ ਵੀ ਸਾਹਮਣੇ ਆਏ ਹਨ ਕਿ ਮੁਲਜ਼ਮ ਦੇ ਨਾਲ ਹਰਿਮੰਦਰ ਸਾਹਿਬ ਵਿਖੇ ਉਸ ਦੇ ਕੁਝ ਹੋਰ ਸਾਥੀ ਵੀ ਦੇਖੇ ਗਏ ਸਨ ,ਜਿਸ ਦੀ ਪੁਲੀਸ ਵੱਲੋਂ ਪੁਸ਼ਟੀ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਮਿਲੀ ਜਾਣਕਾਰੀ ਦੇ ਮੁਤਾਬਿਕ ਪੁਲੀਸ ਵੱਲੋਂ ਉਸ ਦੇ ਇੱਕ ਸਾਥੀ ਨੂੰ ਪੁੱਛਗਿਛ ਲਈ ਹਿਰਾਸਤ ਵਿੱਚ ਵੀ ਲਿਆ ਗਿਆ ਹੈ ਅਤੇ ਇੱਕ ਹੋਰ ਸਾਥੀ ਦੀ ਭਾਲ ਕੀਤੀ ਜਾ ਰਹੀ ਹੈ। ਪੁਲੀਸ ਇਸ ਤੋਂ ਪਹਿਲਾਂ ਮੁਲਜ਼ਮ ਦਾ ਛੇ ਦਿਨ ਦਾ ਪੁਲੀਸ ਰਿਮਾਂਡ ਹਾਸਲ ਕਰ ਚੁੱਕੀ ਹੈ।
ਪੁਲੀਸ ਜਾਣ-ਬੁੱਝ ਕੇ ਮਾਮਲੇ ਨੂੰ ਲਟਕਾ ਰਹੀ ਹੈ: ਰੰਧਾਵਾ
ਨਰੈਣ ਸਿੰਘ ਦੇ ਵਕੀਲ ਜੀਐੱਸ ਰੰਧਾਵਾ ਨੇ ਦੋਸ਼ ਲਾਇਆ ਕਿ ਪੁਲੀਸ ਜਾਣ-ਬੁੱਝ ਕੇ ਜਾਂਚ ਦੇ ਮਾਮਲੇ ਨੂੰ ਲਟਕਾ ਰਹੀ ਹੈ। ਉਨ੍ਹਾਂ ਦੱਸਿਆ ਕਿ ਹੁਣ ਪੁਲੀਸ ਵੱਲੋਂ ਅਦਾਲਤ ਵਿੱਚ ਉਸ ਦੇ ਫੋਨ ਦਾ ਕਾਲ ਰਿਕਾਰਡ ਪੇਸ਼ ਕੀਤਾ ਗਿਆ ਹੈ ਅਤੇ ਪੁਲੀਸ ਨੇ ਦਾਅਵਾ ਕੀਤਾ ਹੈ ਕਿ ਉਹ ਪਹਿਲੀ ਦਸੰਬਰ ਨੂੰ ਸਰਹੱਦ ’ਤੇ ਸੀ। ਪੁਲੀਸ ਨੇ ਅਦਾਲਤ ਨੂੰ ਦਲੀਲ ਦਿੱਤੀ ਹੈ ਕਿ ਉਹ ਉਸ ਦੀ ਸਰਹੱਦ ਤੇ ਆਮਦ ਬਾਰੇ ਪਤਾ ਕਰਨਾ ਚਾਹੁੰਦੀ ਹੈ। ਉਨ੍ਹਾਂ ਇਹ ਵੀ ਖੁਲਾਸਾ ਕੀਤਾ ਕਿ ਨਰੈਣ ਸਿੰਘ 4 ਦਸੰਬਰ ਨੂੰ ਹਰਿਮੰਦਰ ਸਾਹਿਬ ਕੰਪਲੈਕਸ ਵਿੱਚ ਬੇਰ ਬਾਬਾ ਬੁੱਢਾ ਸਾਹਿਬ ਦੇ ਨੇੜੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਵੀ ਮਿਲਿਆ ਸੀ। ਉਨ੍ਹਾਂ ਕਿਹਾ ਕਿ ਜਿਵੇਂ ਉਹ ਹਰਿਮੰਦਰ ਸਾਹਿਬ ਕੰਪਲੈਕਸ ਵਿੱਚ ਪੁਲੀਸ ਅਧਿਕਾਰੀ ਨੂੰ ਮਿਲਿਆ, ਉਸੇ ਤਰ੍ਹਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਵੀ ਮਿਲਿਆ ਸੀ, ਕਿਉਂਕਿ ਉਹ ਇੱਕ ਨਾਮੀ ਵਿਅਕਤੀ ਹੈ ਅਤੇ ਸਿੱਖ ਵਿਦਵਾਨ ਵੀ ਹੈ। ਉਸ ਦੀਆਂ ਕਈ ਕਿਤਾਬਾਂ ਛਪੀਆਂ ਹਨ।