ਪੈਸੇ ਦੇ ਲੈਣ-ਦੇਣ ਕਾਰਨ ਵੇਟਰ ਦਾ ਕਤਲ
ਪੱਤਰ ਪ੍ਰੇਰਕ
ਜਲੰਧਰ, 12 ਅਕਤੂਬਰ
ਇੱਥੇ ਇੱਕ ਠੇਕੇਦਾਰ ਨੇ ਵੇਟਰ ਦਾ ਕੰਮ ਕਰਨ ਵਾਲੇ ਨੌਜਵਾਨ ਰਾਹੁਲ ਦਾ ਕਤਲ ਕਰ ਦਿੱਤਾ ਸੀ। ਥਾਣਾ ਰਾਮਾਮੰਡੀ ਦੀ ਪੁਲੀਸ ਨੇ ਸ਼ੁੱਕਰਵਾਰ ਦੇਰ ਰਾਤ ਨੂੰ ਤਿੰਨ ਜਣਿਆਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕੀਤਾ ਹੈ।
ਦਕੋਹਾ ਪੁਲੀਸ ਚੌਕੀ ਦੇ ਇੰਚਾਰਜ ਨਰਿੰਦਰ ਮੋਹਨ ਸ਼ਰਮਾ ਨੇ ਕਿਹਾ ਕਿ ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਰਾਹੁਲ ਉੱਤਰ ਪ੍ਰਦੇਸ਼ ਦੇ ਨਯਾ ਪਿੰਡ ਨਡੇਢਾ ਜ਼ਿਲ੍ਹਾ ਮੁਜ਼ੱਫਰਨਗਰ ਦਾ ਰਹਿਣ ਵਾਲਾ ਸੀ। ਉਹ ਪਿਛਲੇ ਕਈ ਸਾਲਾਂ ਤੋਂ ਥਾਣਾ ਪਤਾਰਾ ਅਧੀਨ ਆਉਂਦੇ ਪਿੰਡ ਨੌਲੀ ਵਿੱਚ ਰਹਿ ਰਿਹਾ ਸੀ। ਰਾਹੁਲ ਪਿਛਲੇ ਕਈ ਸਾਲਾਂ ਤੋਂ ਠੇਕੇਦਾਰ ਆਜ਼ਾਦ ਅੰਸਾਰੀ ਕੋਲ ਪੈਲੇਸਾਂ ’ਚ ਵੇਟਰ ਵਜੋਂ ਕੰਮ ਕਰਦਾ ਸੀ। ਉਸ ਨੇ ਠੇਕੇਦਾਰ ਤੋਂ ਡੇਢ ਲੱਖ ਰੁਪਏ ਲੈਣੇ ਸਨ ਪਰ ਠੇਕੇਦਾਰ ਟਾਲ-ਮਟੋਲ ਕਰ ਰਿਹਾ ਸੀ। ਇਸ ਕਾਰਨ ਆਪਸ ’ਚ ਕਈ ਵਾਰ ਬਹਿਸ ਵੀ ਹੋਈ ਸੀ। ਵੀਰਵਾਰ ਰਾਤ ਨੂੰ ਰਾਹੁਲ ਪਿੰਡ ਹਜ਼ਾਰਾ ਨਜ਼ਦੀਕ ਰਿਜ਼ੋਰਟ ਵਿੱਚ ਕੰਮ ਕਰਨ ਗਿਆ ਸੀ, ਜਿੱਥੇ ਦੇਰ ਰਾਤ ਠੇਕੇਦਾਰ ਤੇ ਉਸ ਦਾ ਭਰਾ ਇਹ ਕਹਿ ਕੇ ਰਾਹੁਲ ਨੂੰ ਪੈਲੇਸ ਤੋਂ ਲੈ ਗਏ ਕਿ ਉਸ ਦੇ ਚਾਚੇ ਦੀ ਕਿਸੇ ਗੱਡੀ ਨਾਲ ਟੱਕਰ ਹੋ ਗਈ ਹੈ ਅਤੇ ਉਸ ਦਾ ਸਾਈਕਲ ਟੁੱਟ ਗਿਆ ਹੈ।
ਸ੍ਰੀ ਸ਼ਰਮਾ ਨੇ ਦੱਸਿਆ ਉਸ ਨੂੰ ਮੈਰਿਜ ਪੈਲੇਸ ਤੋਂ ਬਾਹਰ ਸੁੰਨਸਾਨ ਜਗ੍ਹਾ ’ਤੇ ਲਿਜਾ ਕੇ ਦੋਵਾਂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਕਤਲ ਨੂੰ ਘਟਨਾ ਨੂੰ ਹਾਦਸਾ ਸਾਬਤ ਕਰਨ ਲਈ ਉਨ੍ਹਾਂ ਲਾਸ਼ ਨੂੰ ਸੜਕ ਵਿਚਕਾਰ ਸੁੱਟ ਦਿੱਤਾ ਸੀ ਪਰ ਜਾਂਚ ਦੌਰਾਨ ਪੁਲੀਸ ਨੇ ਕਤਲ ਦੇ ਭੇਤ ਦਾ ਪਰਦਾਫਾਸ਼ ਕਰ ਦਿੱਤਾ ਹੈ।