ਪਰਿਵਾਰ ਦੇ ਤਿੰਨ ਜੀਆਂ ਦੀ ਭੇਤ-ਭਰੀ ਹਾਲਤ ’ਚ ਹੱਤਿਆ
ਗੁਰਬਖਸ਼ਪੁਰੀ/ਬੇਅੰਤ ਸਿੰਘ ਸੰਧੂ
ਤਰਨ ਤਾਰਨ/ਪੱਟੀ, 8 ਨਵੰਬਰ
ਥਾਣਾ ਹਰੀਕੇ ਅਧੀਨ ਆਉਂਦੇ ਪਿੰਡ ਤੁੰਗ ਵਿੱਚ ਬੀਤੀ ਰਾਤ ਇਕ ਕਿਸਾਨ ਪਰਿਵਾਰ ਦੇ ਤਿੰਨ ਜੀਆਂ ਦੀ ਭੇਤ-ਭਰੀ ਹਾਲਤ ਵਿੱਚ ਗਲਾ ਘੁੱਟ ਕੇ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ| ਮ੍ਰਤਿਕਾਂ ਵਿੱਚ ਕਿਸਾਨ ਇਕਬਾਲ ਸਿੰਘ (55) ਉਸ ਦੀ ਪਤਨੀ ਲਖਵਿੰਦਰ ਕੌਰ (53) ਅਤੇ ਵੱਡੀ ਵਿਧਵਾ ਭਰਜਾਈ ਸੀਤਾ ਕੌਰ (60) ਸ਼ਾਮਲ ਹਨ| ਐੱਸਐੱਸਪੀ ਅਸ਼ਵਨੀ ਕਪੂਰ ਸਮੇਤ ਹੋਰ ਅਧਿਕਾਰੀਆਂ ਨੇ ਘਟਨਾ ਸਥਾਨ ਦਾ ਦੌਰਾ ਕਰਕੇ ਜਾਣਕਾਰੀ ਹਾਸਲ ਕੀਤੀ। ਪਰਿਵਾਰ ਨਾਲ ਬੀਤੇ 20 ਸਾਲ ਤੋਂ ਰਾਂਚੀ ਤੋਂ ਆ ਕੇ ਖੇਤ ਮਜ਼ਦੂਰ ਦਾ ਕੰਮ ਕਰਦੇ ਆ ਰਹੇ ਨੌਕਰ ਅਸ਼ੋਕ (55) ਨੂੰ ਹਤਿਆਰੇ ਆਪਣੇ ਨਾਲ ਲੈ ਗਏ ਸਨ ਪਰ ਕਾਤਲਾਂ ਨੇ ਉਸ ਨੂੰ ਰਾਹ ਵਿੱਚ ਆਪਣੇ ਵੱਲੋਂ ਮਾਰ ਕੇ ਨਹਿਰ ਵਿੱਚ ਸੁੱਟ ਦਿੱਤਾ ਸੀ ਪਰ ਉਹ ਕਿਸੇ ਤਰ੍ਹਾਂ ਘਰ ਪਰਤ ਆਇਆ। ਉਹ ਨੀਮ ਬੇਹੋਸ਼ੀ ਦੀ ਹਾਲਤ ਵਿੱਚ ਹੈ|
ਇਸ ਵਾਰਦਾਤ ਦੀ ਸਭ ਤੋਂ ਪਹਿਲਾਂ ਜਾਣਕਾਰੀ ਇਕਬਾਲ ਸਿੰਘ ਦੇ ਜਵਾਈ ਚਰਨਜੀਤ ਸਿੰਘ ਨੂੰ ਸਵੇਰ ਵੇਲੇ ਮਿਲੀ ਜਦੋਂ ਉਹ ਪਿੰਡ ਸਭਰਾ ਤੋਂ ਮੱਝਾਂ ਦੀ ਧਾਰ ਕੱਢਣ ਲਈ ਆਇਆ ਸੀ| ਪਰਿਵਾਰ ਦੇ ਆਪਣੇ ਲੜਕੇ ਆਸਟਰੇਲੀਆ ਗਏ ਹੋਏ ਹਨ ਜਿਸ ਕਰਕੇ ਪਰਿਵਾਰ ਦੀ ਦੇਖ-ਰੇਖ ਅਤੇ ਕਾਰੋਬਾਰ ਆਦਿ ਦੀ ਜ਼ਿੰਮੇਵਾਰੀ ਚਰਨਜੀਤ ਸਿੰਘ ਦੇ ਸਿਰ ’ਤੇ ਹੈ| ਚਰਨਜੀਤ ਸਿੰਘ ਨੇ ਦੱਸਿਆ ਕਿ ਹਤਿਆਰਿਆਂ ਨੇ ਜੀਆਂ ਨੂੰ ਵੱਖ ਵੱਖ ਕਮਰਿਆਂ ਅੰਦਰ ਬੰਨ੍ਹ ਕੇ ਗਲਾ ਘੁੱਟ ਕੇ ਮਾਰਿਆ| ਉਹ ਮੌਕੇ ਤੋਂ ਫਰਾਰ ਹੋਣ ਲੱਗਿਆਂ ਘਰੋਂ ਇਕਬਾਲ ਸਿੰਘ ਦੀ ਰਾਈਫਲ ਅਤੇ ਅਲਮਾਰੀਆਂ ਆਦਿ ਦੇ ਤਾਲੇ ਤੋੜ ਕੇ ਲੱਖਾਂ ਰੁਪਏ ਦੀ ਨਕਦੀ, ਸੋਨੇ ਦੇ ਗਹਿਣੇ ਤੇ ਹੋਰ ਕੀਮਤੀ ਸਾਮਾਨ ਆਦਿ ਲੈ ਗਏ ਹਨ| ਐੱਸਐੱਸਪੀ ਅਸ਼ਵਨੀ ਕਪੂਰ ਨੇ ਦੱਸਿਆ ਕਿ ਇਕਬਾਲ ਸਿੰਘ ਨੂੰ ਐਤਵਾਰ ਰਾਤ ਵੇਲੇ ਇਕ ਮੋਨਾ ਅਤੇ ਇਕ ਸਿੱਖ ਵਿਅਕਤੀ ਮਿਲਣ ਲਈ ਆਏ ਸਨ ਅਤੇ ਉਨ੍ਹਾਂ ਸ਼ਰਾਬ ਆਦਿ ਪੀਤੀ ਸੀ| ਉਹ ਰਾਤ ਘਰ ਦੇ ਨੌਕਰ ਅਸ਼ੋਕ ਨਾਲ ਉਸ ਦੇ ਕਮਰੇ ਵਿੱਚ ਸੁੱਤੇ ਸਨ| ਐੱਸਐੱਸਪੀ ਨੇ ਦੱਸਿਆ ਕਿ ਨੌਕਰ ਅਸ਼ੋਕ ਦੇ ਦੱਸਣ ਅਨੁਸਾਰ ਬੀਤੀ ਰਾਤ ਵੀ ਚਾਰ ਵਜੇ ਦੇ ਕਰੀਬ ਅਣਪਛਾਤੇ ਵਿਅਕਤੀ ਘਰ ਆਏ ਸਨ ਜਿਹੜੇ ਇਹ ਕਾਰਾ ਕਰ ਕੇ ਉਸ ਨੂੰ ਆਪਣੇ ਨਾਲ ਲੈ ਗਏ ਸਨ| ਪੋਸਟਮਾਰਟਮ ਲਈ ਲਾਸ਼ਾਂ ਪੱਟੀ ਦੇ ਸਿਵਲ ਹਸਪਤਾਲ ਵਿੱਚ ਰੱਖੀਆਂ ਗਈਆਂ ਹਨ। ਪੁਲੀਸ ਇਸ ਮਾਮਲੇ ਵਿੱਚ ਹੋਰ ਥਿਉਰੀਆਂ ਦੇ ਨਾਲ ਨਾਲ ਆਪਣੇ ਸ਼ੱਕ ਦੀ ਸੂਈ ਨੌਕਰ ਅਸ਼ੋਕ ਵੱਲ ਵੀ ਘੁਮਾਉਂਦੀ ਹੈ| ਪੁਲੀਸ ਅਸ਼ੋਕ ਦੇ ਬਚ ਜਾਣ ਨੂੰ ਆਪਣੇ ਸ਼ੱਕ ਲਈ ਇਕ ਠੋਸ ਸਬੂਤ ਮੰਨਦੀ ਹੈ| ਲਾਸ਼ਾਂ ਦਾ ਸਸਕਾਰ ਕਰਨ ਲਈ ਮ੍ਰਤਿਕਾਂ ਦੇ ਲੜਕਿਆਂ ਦੀ ਵਿਦੇਸ਼ ਤੋਂ ਵਾਪਸੀ ਦੀ ਉਡੀਕ ਕੀਤੀ ਜਾ ਰਹੀ ਹੈ| ਐੱਸਐੱਸਪੀ ਅਸ਼ਵਨੀ ਕਪੂਰ ਨੇ ਕਿਹਾ ਕਿ ਕਾਤਲਾਂ ਦਾ ਸੁਰਾਗ ਲਗਾਉਣ ਲਈ ਤਕਨੀਤੀ ਨੁਕਤਿਆਂ ਦੀ ਵਰਤੋਂ ਕੀਤੀ ਜਾ ਰਹੀ ਹੈ|