ਜਲੰਧਰ ਵਿੱਚ ਗੋਲੀਆਂ ਮਾਰ ਕੇ ਮਾਂ-ਧੀ ਦੀ ਹੱਤਿਆ
ਹਤਿੰਦਰ ਮਹਿਤਾ
ਜਲੰਧਰ, 17 ਅਕਤੂਬਰ
ਪਿੰਡ ਭੁਜਬਲ ਦੇ ਅਮਰ ਨਗਰ ਵਿੱਚ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਵੱਲੋਂ ਮਾਂ-ਧੀ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪਰਿਵਾਰ ਨੇ ਅਮਰੀਕਾ ਰਹਿੰਦੇ ਜਵਾਈ ’ਤੇ ਕਤਲ ਦਾ ਦੋਸ਼ ਲਾਇਆ ਹੈ। ਪੁਲੀਸ ਨੇ ਜਗਤਾਰ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਕਤਲ ਦਾ ਕੇਸ ਦਰਜ ਕਰ ਲਿਆ ਹੈ। ਹਮਲਾਵਰਾਂ ਨੇ ਅੱਜ ਸਵੇਰੇ ਜਗਤਾਰ ਸਿੰਘ ਦੀ ਪਤਨੀ ਰਣਜੀਤ ਕੌਰ ਅਤੇ ਉਸ ਦੀ ਧੀ ਗੁਰਪ੍ਰੀਤ ਕੌਰ ਉਰਫ ਪ੍ਰੀਤੀ ਨੂੰ ਗੋਲੀਆਂ ਮਾਰ ਦਿੱਤੀਆਂ ਸਨ। ਪਰਿਵਾਰ ਵਾਲਿਆਂ ਮੁਤਾਬਕ ਲੜਕੀ ਦਾ ਵਿਆਹ ਕਰੀਬ 4 ਸਾਲ ਪਹਿਲਾਂ ਹੋਇਆ ਸੀ। ਇਸ ਤੋਂ ਬਾਅਦ ਦੋਵਾਂ ਜੀਆਂ ਵਿਚਾਲੇ ਝਗੜਾ ਸ਼ੁਰੂ ਹੋ ਗਿਆ। ਦੋਵਾਂ ਦਾ ਇੱਕ ਬੱਚਾ ਹੈ। ਜਗਤਾਰ ਸਿੰਘ ਦਾ ਦੋਸ਼ ਹੈ ਕਿ ਮੁਲਜ਼ਮਾਂ ਨੇ ਉਸ ਦੀ ਪਤਨੀ ਦੀ ਲਾਸ਼ ਨੂੰ ਅੱਗ ਲਾ ਕੇ ਸਾੜਨ ਦੀ ਕੋਸ਼ਿਸ਼ ਕੀਤੀ। ਐੱਸਐੱਸਪੀ ਮੁਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਇੱਕ ਮੁਲਜ਼ਮ ਦੀ ਪਛਾਣ ਕਰਨਜੀਤ ਸਿੰਘ ਉਰਫ ਜੱਸਾ ਵਾਸੀ ਹੋਪੋਵਾਲ, ਥਾਣਾ ਬੰਗਾ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਜੋ ਹੋਈ ਹੈ। ਗੁਰਪ੍ਰੀਤ ਕੌਰ ਦਾ ਪਤੀ ਜਸਪ੍ਰੀਤ ਸਿੰਘ ਉਰਫ ਜੱਸਾ ਜੋ ਇਸ ਸਮੇਂ ਅਮਰੀਕਾ ਵਿੱਚ ਹੈ, ਨੇ ਘਰੇਲੂ ਕਲੇਸ਼ ਕਾਰਨ ਇਹ ਵਾਰਦਾਤ ਕਰਵਾਈ ਹੈ।