ਬਾਬਾ ਸਿੱਦੀਕੀ ਦੀ ਹੱਤਿਆ ਦੀ ਲਾਰੈਂਸ ਗਰੋਹ ਨੇ ਜ਼ਿੰਮੇਵਾਰੀ ਲਈ
ਮੁੰਬਈ, 13 ਅਕਤੂਬਰ
ਇਥੇ ਐਨਸੀਪੀ ਆਗੂ ਬਾਬਾ ਸਿੱਦੀਕੀ ਹੱਤਿਆ ਮਾਮਲੇ ਦੀ ਲਾਰੈਂਸ ਬਿਸ਼ਲੋਈ ਗਰੋਹ ਨੇ ਜ਼ਿੰਮੇਵਾਰੀ ਲੈ ਲਈ ਹੈ। ਸ਼ੁਭੂ ਲੋਨਕਰ ਮਹਾਰਾਸ਼ਟਰ ਨਾਂ ਦੇ ਯੂਜ਼ਰ ਨੇ ਸੋਸ਼ਲ ਮੀਡੀਆ ’ਤੇ ਲਾਰੈਂਸ ਤੇ ਉਸ ਦੇ ਸਾਥੀਆਂ ਨੂੰ ਟੈਗ ਕਰਦਿਆਂ ਕਿਹਾ,‘ਸਲਮਾਨ ਖਾਨ, ਅਸੀਂ ਇਹ ਜੰਗ ਨਹੀਂ ਚਾਹੁੰਦੇ ਸੀ ਪਰ ਤੂੰ ਸਾਡੇ ਭਾਈ ਦਾ ਨੁਕਸਾਨ ਕਰਵਾਇਆ,ਅੱਜ ਜੋ ਬਾਬਾ ਸਿੱਦੀਕੀ ਦੀਆਂ ਸਿਫਤਾਂ ਦੇ ਪੁਲ ਬੰਨ੍ਹ ਰਹੇ ਹੋ ਉਹ ਇਕ ਸਮੇਂ ਦਾਊਦ ਨਾਲ ਮਕੋਕਾ ਐਕਟ ਹੇਠ ਸੀ। ਜੇ ਕੋਈ ਸਾਡੇ ਭਾਈ ਨੂੰ ਮਰਵਾਏਗਾ ਤਾਂ ਅਸੀਂ ਜਵਾਬ ਦੇਵਾਂਗੇ।’ ਇਸ ਕਰ ਕੇ ਸਲਮਾਨ ਖਾਨ ਦੀ ਬਾਂਦਰਾ ਰਿਹਾਇਸ਼ ’ਤੇ ਪੁਲੀਸ ਸੁਰੱਖਿਆ ਵਧਾ ਦਿੱਤੀ ਗਈ ਹੈ ਕਿਉਂਕਿ ਸਲਮਾਨ ਖਾਨ ਨੂੰ ਲਾਰੈਂਸ ਬਿਸ਼ਨੋਈ ਨੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਹੋਈ ਹੈ।
ਜਾਣਕਾਰੀ ਅਨੁਸਾਰ ਬਾਬਾ ਕੋਲ ਵਾਈ ਸਕਿਉਰਿਟੀ ਸੀ ਪਰ ਵਾਰਦਾਤ ਵੇਲੇ ਉਨ੍ਹਾਂ ਨਾਲ ਕੋਈ ਵੀ ਕਾਂਸਟੇਬਲ ਨਹੀਂ ਸੀ। ਪੁਲੀਸ ਅਨੁਸਾਰ ਹਮਲਾਵਰਾਂ ਨੇ ਆਪਣੇ ਮੂੰਹ ਬੰਨ੍ਹੇ ਹੋਏ ਸਨ ਤੇ ਤਿੰਨ ਵਿਚੋਂ ਦੋ ਹਮਲਾਵਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁੱਛਗਿਛ ਵਿਚ ਉਨ੍ਹਾਂ ਨੇ ਦੱਸਿਆ ਕਿ ਉਹ ਪਿਛਲੇ ਦੋ ਮਹੀਨਿਆਂ ਤੋਂ ਬਾਬਾ ਦੀ ਰੇਕੀ ਕਰ ਰਹੇ ਸਨ। ਐੱਨਸੀਪੀ ਆਗੂ ’ਤੇ ਗੋਲੀਬਾਰੀ ਦੀ ਇਹ ਘਟਨਾ ਨਿਰਮਲ ਨਗਰ ’ਚ ਕੋਲਗੇਟ ਗਰਾਊਂਡ ਨੇੜੇ ਉਸ ਦੇ ਵਿਧਾਇਕ ਬੇਟੇ ਦੇ ਦਫ਼ਤਰ ਸਾਹਮਣੇ ਵਾਪਰੀ। ਉਨ੍ਹਾਂ ਦੱਸਿਆ ਕਿ ਵਾਰਦਾਤ ਦੌਰਾਨ ਦੋ ਤੋਂ ਤਿੰਨ ਗੋਲੀਆਂ ਚਲਾਈਆਂ ਗਈਆਂ।
ਦੱਸਣਯੋਗ ਹੈ ਕਿ ਸਿੱਦੀਕੀ ਹਾਲ ਹੀ ਦੌਰਾਨ ਕਾਂਗਰਸ ਪਾਰਟੀ ਨੂੰ ਛੱਡ ਕੇ ਐੱਨਸੀਪੀ ’ਚ ਸ਼ਾਮਲ ਹੋਏ ਸਨ। ਮੁੰਬਈ ਪੁਲੀਸ ਅਨੁਸਾਰ ਬਾਬਾ ਸਿੱਦੀਕੀ ਹੱਤਿਆਕਾਂਡ ਚ ਫੜੇ ਗਏ ਦੋ ਮੁਲਜ਼ਮਾਂ ਦੇ ਨਾਂ ਗੁਰਮੇਲ ਸਿੰਘ ਹੈ ਜੋ ਹਰਿਆਣਾ ਦਾ ਰਹਿਣ ਵਾਲਾ ਹੈ ਅਤੇ ਧਰਮਰਾਜ ਕਸ਼ਯਪ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ। ਤੀਜੇ ਮੁਲਜ਼ਮ ਦੀ ਭਾਲ ਜਾਰੀ ਹੈ, ਮੁੰਬਈ ਕ੍ਰਾਈਮ ਬ੍ਰਾਂਚ ਦੀਆਂ ਕਈ ਟੀਮਾਂ ਇਸ ਮਾਮਲੇ ਦੀ ਜਾਂਚ ਕਰ ਰਹੀਆਂ ਹਨ।