ਕਾਂਵੜ ਯਾਤਰਾ ’ਤੇ ਲਿਜਾਣ ਬਹਾਨੇ ਨੌਜਵਾਨ ਦਾ ਕਤਲ
ਪੱਤਰ ਪ੍ਰੇਰਕ
ਯਮੁਨਾਨਗਰ, 18 ਅਗਸਤ
ਇੱਥੇ ਸਢੌਂਰਾ ਵਾਸੀ ਸੰਦੀਪ ਨੂੰ ਕਾਂਵੜ ਯਾਤਰਾ ’ਤੇ ਲਿਜਾਣ ਦੇ ਬਹਾਨੇ ਕਤਲ ਕਰਨ ਵਾਲੇ ਦੋ ਦੋਸਤਾਂ ਅਜੈ ਅਤੇ ਰਾਹੁਲ ਨੂੰ ਪੁਲੀਸ ਨੇ ਗ੍ਰਿਫਤਾਰ ਕਰ ਲਿਆ ਹੈ ਜਦਕਿ ਤੀਜਾ ਮੁਲਜ਼ਮ ਰਵਿੰਦਰ ਫਿਲਹਾਲ ਫਰਾਰ ਹੈ। ਇਹ ਤਿੰਨੋਂ ਪਿੰਡ ਸਢੌਰਾ ਦੇ ਰਹਿਣ ਵਾਲੇ ਹਨ ਅਤੇ ਸੰਦੀਪ ਦੇ ਦੋਸਤ ਹਨ। ਪੁਲੀਸ ਦੀ ਸ਼ੁਰੂਆਤੀ ਜਾਂਚ ਵਿੱਚ ਅਜੇ ਅਤੇ ਰਾਹੁਲ ਨੇ ਸੰਦੀਪ ਦੀ ਹੱਤਿਆ ਕਰਨ ਦੀ ਗੱਲ ਕਬੂਲ ਕਰ ਲਈ ਅਤੇ ਵਾਰਦਾਤ ਵਿੱਚ ਵਰਤੇ ਹਥਿਆਰ ਬਰਾਮਦ ਕਰ ਲਏ ਹਨ। ਪੁਲੀਸ ਨੇ ਦੋਵਾਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ’ਤੇ ਲਿਆ ਹੈ।
ਪੁਲੀਸ ਸੂਤਰਾਂ ਅਨੁਸਾਰ ਕਾਬੂ ਕੀਤੇ ਗਏ ਮੁਲਜ਼ਮਾਂ ਨੇ ਪੁਲੀਸ ਨੂੰ ਦੱਸਿਆ ਕਿ ਰਾਹੁਲ ਦਾ ਕੁਝ ਦਿਨ ਪਹਿਲਾਂ ਸੰਦੀਪ ਨਾਲ ਝਗੜਾ ਹੋਇਆ ਸੀ। ਉਦੋਂ ਤੋਂ ਰਾਹੁਲ ਦੀ ਸੰਦੀਪ ਨਾਲ ਰੰਜਿਸ਼ ਸੀ। ਜਦੋਂ ਕਾਂਵੜ ਯਾਤਰਾ ਸ਼ੁਰੂ ਹੋਈ ਤਾਂ 21 ਜੁਲਾਈ ਦੀ ਦੇਰ ਸ਼ਾਮ ਰਾਹੁਲ, ਅਜੈ ਅਤੇ ਰਵਿੰਦਰ ਨੇ ਸਾਜ਼ਿਸ਼ ਤਹਿਤ ਸੰਦੀਪ ਨੂੰ ਕਾਂਵੜ ਯਾਤਰਾ ’ਤੇ ਜਾਣ ਦੇ ਬਹਾਨੇ ਘਰੋਂ ਬੁਲਾ ਲਿਆ। ਇਸ ਤੋਂ ਬਾਅਦ ਉਸ ਨੂੰ ਇੰਦਰਾ ਕਲੋਨੀ ਨੇੜੇ ਖੇਤ ਵਿੱਚ ਲੱਗੇ ਟਿਊਬਵੈੱਲ ’ਤੇ ਲਿਜਾਇਆ ਗਿਆ। ਉੱਥੇ ਚਾਰੋਂ ਜਣਿਆਂ ਨੇ ਬਹੁਤ ਜ਼ਿਆਦਾ ਸ਼ਰਾਬ ਪੀਤੀ। ਜਦੋਂ ਸੰਦੀਪ ਸ਼ਰਾਬੀ ਹੋ ਗਿਆ ਤਾਂ ਰਾਹੁਲ, ਅਜੈ ਅਤੇ ਰਵਿੰਦਰ ਨੇ ਇੱਟਾਂ ਨਾਲ ਸੰਦੀਪ ’ਤੇ ਹਮਲਾ ਕਰ ਦਿੱਤਾ। ਇਸ ਹਮਲੇ ਕਾਰਨ ਸੰਦੀਪ ਬੇਹੋਸ਼ ਹੋ ਗਿਆ ਅਤੇ ਤਿੰਨੋਂ ਉਸ ਨੂੰ ਮ੍ਰਿਤਕ ਸਮਝ ਕੇ ਉਥੋਂ ਫਰਾਰ ਹੋ ਗਏ। ਜ਼ਿਕਰਯੋਗ ਹੈ ਕਿ 22 ਜੁਲਾਈ ਨੂੰ ਪੁਲੀਸ ਨੇ ਇਸੇ ਟਿਊਬਵੈੱਲ ਦੇ ਨੇੜਿਓਂ ਇੱਕ ਲਾਸ਼ ਬਰਾਮਦ ਕੀਤੀ ਸੀ, ਜਿਸ ਦੀ ਪਛਾਣ ਨਹੀਂ ਹੋ ਸਕੀ ਸੀ ਅਤੇ ਪੁਲੀਸ ਨੇ ਇੱਕ ਸਮਾਜਕ ਸੰਸਥਾ ਰਾਹੀਂ ਉਸ ਦਾ ਸਸਕਾਰ ਕਰਵਾਇਆ ਸੀ। ਕਤਲ ਦਾ ਖੁਲਾਸਾ ਉਦੋਂ ਹੋਇਆ ਜਦੋਂ 16 ਅਗਸਤ ਨੂੰ ਗੁਰੂ ਰਵਿਦਾਸ ਮੰਦਰ ਨੇੜੇ ਰਹਿਣ ਵਾਲੀ ਬਲਦੇਵੀ ਆਪਣੇ ਪੁੱਤਰ ਸੰਦੀਪ ਦੀ ਗੁੰਮਸ਼ੁਦਗੀ ਦੀ ਰਿਪੋਰਟ ਦੇਣ ਲਈ ਥਾਣੇ ਆਈ ਤਾਂ ਉਸ ਨੇ ਥਾਣੇ ਵਿੱਚ ਲਾਏ ਪੋਸਟਰ ਤੋਂ ਲਾਸ਼ ਦੀ ਪਛਾਣ ਆਪਣੇ ਪੁੱਤਰ ਸੰਦੀਪ ਦੀ ਵਜੋਂ ਕੀਤੀ। ਬਲਦੇਵੀ ਨੇ ਦੱਸਿਆ ਕਿ 21 ਜੁਲਾਈ ਨੂੰ ਸੰਦੀਪ ਦੇ ਦੋ ਦੋਸਤ ਅਜੈ ਅਤੇ ਰਵਿੰਦਰ ਉਰਫ ਰਵੀ ਉਸ ਨੂੰ ਘਰੋਂ ਕਾਂਵੜ ਯਾਤਰਾ ’ਤੇ ਜਾਣ ਲਈ ਲੈ ਗਏ ਸਨ। ਜਲ ਅਭਿਸ਼ੇਕ ਤੋਂ ਬਾਅਦ ਵੀ ਸੰਦੀਪ ਘਰ ਨਹੀਂ ਪਰਤਿਆ ਤਾਂ ਚਿੰਤਤ ਬਲਦੇਵੀ ਅਗਲੀ ਸਵੇਰ ਸੰਦੀਪ ਬਾਰੇ ਜਾਣਨ ਲਈ ਅਜੈ ਦੇ ਘਰ ਪਹੁੰਚੀ ਪਰ ਅਜੇ ਨੇ ਸੰਦੀਪ ਬਾਰੇ ਕੋਈ ਤਸੱਲੀਬਖਸ਼ ਜਵਾਬ ਨਹੀਂ ਦਿੱਤਾ। ਜਦੋਂ ਰਵਿੰਦਰ ਨੂੰ ਪੁੱਛਿਆ ਗਿਆ ਤਾਂ ਉਸ ਨੇ ਵੀ ਸੰਦੀਪ ਬਾਰੇ ਕੁਝ ਨਹੀਂ ਦੱਸਿਆ। ਬਲਦੇਵੀ ਨੇ ਪੁਲੀਸ ਨੂੰ ਸ਼ਿਕਾਇਤ ਦੇ ਕੇ ਅਜੈ ਅਤੇ ਰਵਿੰਦਰ ਸਮੇਤ ਉਨ੍ਹਾਂ ਦੇ ਕੁਝ ਹੋਰ ਸਾਥੀਆਂ ’ਤੇ ਸੰਦੀਪ ਦਾ ਕਤਲ ਕਰਨ ਦਾ ਦੋਸ਼ ਲਗਾਇਆ। ਜਦੋਂ ਪੁਲੀਸ ਨੇ ਪਹਿਲਾਂ ਅਜੈ ਨੂੰ ਕਾਬੂ ਕੀਤਾ ਤਾਂ ਉਸ ਨੇ ਇਸ ਘਟਨਾ ਵਿੱਚ ਰਾਹੁਲ ਅਤੇ ਰਵਿੰਦਰ ਦੀ ਮਿਲੀਭੁਗਤ ਦੀ ਗੱਲ ਕਬੂਲੀ। ਰਾਹੁਲ ਨੂੰ ਵੀ ਪੁਲੀਸ ਨੇ ਕਾਬੂ ਕਰ ਲਿਆ ਹੈ ਜਦਕਿ ਰਵਿੰਦਰ ਫਿਲਹਾਲ ਫਰਾਰ ਹੈ।