For the best experience, open
https://m.punjabitribuneonline.com
on your mobile browser.
Advertisement

ਕਤਲ ਮਾਮਲਾ: ਉਗਰਾਹਾਂ ਜਥੇਬੰਦੀ ਵੱਲੋਂ ਥਾਣਾ ਸਦਰ ਧੂਰੀ ਦਾ ਘਿਰਾਓ

06:54 AM Jul 04, 2024 IST
ਕਤਲ ਮਾਮਲਾ  ਉਗਰਾਹਾਂ ਜਥੇਬੰਦੀ ਵੱਲੋਂ ਥਾਣਾ ਸਦਰ ਧੂਰੀ ਦਾ ਘਿਰਾਓ
ਥਾਣਾ ਸਦਰ ਧੂਰੀ ਦਾ ਗੇਟ ਬੰਦ ਕਰਕੇ ਧਰਨਾ ਦਿੰਦੇ ਹੋਏ ਕਿਸਾਨ।
Advertisement

ਬੀਰਬਲ ਰਿਸ਼ੀ
ਧੂਰੀ, 3 ਜੁਲਾਈ
ਬੀਕੇਯੂ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਅੱਜ ਕਿਸਾਨਾਂ ਨੇ ਅੱਜ ਭੜੀਮਾਨਸਾ ਕਤਲ ਮਾਮਲੇ ਵਿੱਚ ਥਾਣਾ ਸਦਰ ਧੂਰੀ ਦਾ ਘਿਰਾਓ ਕਰਕੇ ਪੁਲੀਸ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਧਰਨਾਕਾਰੀ ਕਿਸਾਨ ਮੰਗ ਕਰ ਰਹੇ ਸਨ ਇਸ ਮਾਮਲੇ ਵਿੱਚ ਪਰਿਵਾਰ ਵੱਲੋਂ ਨਾਮਜ਼ਦ ਕੀਤੇ ਇੱਕ ਖਾਸ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜਿਆ ਜਾਵੇ।
ਵਰਨਣਯੋਗ ਹੈ ਕਿ ਮਰਹੂਮ ਗੁਰਜੰਟ ਸਿੰਘ ਦਾ ਪਿਛਲੇ ਦਿਨੀਂ ਫੈਕਟਰੀ ਵਿੱਚ ਕਤਲ ਹੋ ਗਿਆ ਸੀ ਜਿਸ ਵਿੱਚ ਪੁਲੀਸ ਨੇ ਕੁੱਝ ਵਿਅਕਤੀਆਂ ਨੂੰ ਨਾਮਜ਼ਦ ਕਰਕੇ ਜੇਲ੍ਹ ਭੇਜ ਦਿੱਤਾ ਪਰ ਪਰਿਵਾਰ ਵੱਲੋਂ ਨਾਮਜ਼ਦ ਕੀਤੇ ਗਏ ਫੈਕਟਰੀ ਨਾਲ ਸਬੰਧਿਤ ਇੱਕ ਖਾਸ ਵਿਅਕਤੀ ਨੂੰ ਕਥਿਤ ਤੌਰ ’ਤੇ ਕੇਸ ਤੋਂ ਦੂਰ ਰੱਖਣ ਕਾਰਨ ਮਰਹੂਮ ਗੁਰਜੰਟ ਸਿੰਘ ਦਾ ਅੱਜ ਸੱਤਵੇਂ ਦਿਨ ਵੀ ਸਸਕਾਰ ਨਹੀਂ ਹੋ ਸਕਿਆ। ਜਾਣਕਾਰੀ ਅਨੁਸਾਰ ਬੀਕੇਯੂ ਏਕਤਾ ਉਗਰਾਹਾਂ ਦੇ ਪੱਕੇ ਧਰਨੇ ਦੇ ਤੀਜੇ ਦਿਨ ਅੱਜ ਸਵੇਰ ਤੋਂ ਹੀ ਵੱਡੀ ਗਿਣਤੀ ਕਾਫ਼ਲੇ ਬੰਨ੍ਹ ਕੇ ਆ ਰਹੇ ਕਿਸਾਨਾਂ ਨੇ 12 ਵਜੇ ਧਰਨੇ ਤੋਂ ਐਲਾਨ ਕੀਤਾ ਕਿ ਜੇਕਰ ਪੁਲੀਸ ਨੇ 1 ਵਜੇ ਤੱਕ ਫੈਕਟਰੀ ਨਾਲ ਸਬੰਧਿਤ ਵਿਅਕਤੀ ਦੀ ਗ੍ਰਿਫ਼ਤਾਰੀ ਸਬੰਧੀ ਉਨ੍ਹਾਂ ਦੀ ਮੰਗ ਨਾ ਮੰਨੀ ਤਾਂ ਉਹ ਸੰਘਰਸ਼ ਨੂੰ ਤਿੱਖਾ ਕਰਨਗੇ। ਕਿਸਾਨਾਂ ਨੇ ਦੋ ਵਜੇ ਥਾਣੇ ਦਾ ਗੇਟ ਬੰਦ ਕਰਕੇ ਥਾਣੇ ਦਾ ਘਿਰਾਓ ਕਰ ਲਿਆ, ਜਿਸ ਮਗਰੋਂ ਡੀਐੱਸਪੀ ਧੂਰੀ ਤਲਵਿੰਦਰ ਸਿੰਘ, ਡੀਐੱਸਪੀ ਚਰਨਪਾਲ ਸਿੰਘ ਅਤੇ ਹੋਰ ਅਧਿਕਾਰੀਆਂ ਨੇ ਮਾਮਲੇ ਨੂੰ ਨਜਿੱਠਣ ਲਈ ਕਿਸਾਨਾਂ ਨਾਲ ਗੱਲਬਾਤ ਕੀਤੀ। ਕਿਸਾਨਾਂ ਵੱਲੋਂ ਪਰਿਵਾਰ ਵੱਲੋਂ ਨਾਮਜ਼ਦ ਵਿਆਕਤੀ ਦੀ ਤੁਰੰਤ ਗ੍ਰਿਫ਼ਤਾਰੀ ਕਰਕੇ ਜੇਲ੍ਹ ਭੇਜਣ ਦੀ ਮੰਗ ਰੱਖੀ ਲੰਬੀ ਮੀਟਿੰਗ ਮਗਰੋਂ ਆਖਿਰ ਗੱਲਬਾਤ ਟੁੱਟ ਗਈ। ਆਗੂਆਂ ਨੇ ਬਾਅਦ ਦੁਪਹਿਰ ਧਰਨਾ ਸਮਾਪਤ ਕਰਦਿਆਂ ਐਲਾਨ ਕੀਤਾ 4 ਜੁਲਾਈ ਨੂੰ ਉਹ ਆਪਣੇ ਸੰਘਰਸ਼ ਹੋਰ ਤਿੱਖਾ ਕਰਨ ਲਈ ਅਗਲਾ ਐਕਸ਼ਨ ਦੇਣਗੇ ਉਂਝ ਦਿਨ-ਰਾਤ ਦਾ ਪੱਕਾ ਧਰਨਾ ਜਾਰੀ ਰਹੇਗਾ। ਧਰਨੇ ਨੂੰ ਕਿਸਾਨ ਆਗੂ ਨਿਰਮਲ ਅਲੀਪੁਰ, ਸਰਬਜੀਤ ਭੁਰਥਲਾ, ਰਵਿੰਦਰ ਕਾਸ਼ਮਪੁਰ, ਰਾਮ ਸਿੰਘ ਕੱਕੜਵਾਲ, ਕਿਰਪਾਲ ਸਿੰਘ ਧੂਰੀ ਨੇ ਸੰਬੋਧਨ ਕੀਤਾ।

Advertisement

ਜਾਂਚ ਪੜਤਾਲ ਦੇ ਆਧਾਰ ’ਤੇ ਹੋਵੇਗੀ ਕਾਰਵਾਈ: ਐੱਸਐੱਚਓ

ਐੱਸਐੱਚਓ ਸਦਰ ਕਰਮਜੀਤ ਸਿੰਘ ਨੇ ਕਿਹਾ ਕਿ ਕਿਸਾਨ ਬਾਹਰ ਬੈਠੇ ਹੋਏ ਸਨ ਅਤੇ ਮੀਟਿੰਗ ਦੌਰਾਨ ਕਿਸਾਨਾਂ ਨੂੰ ਪਰਿਵਾਰ ਵੱਲੋਂ ਦਿੱਤੀ ਨਵੀਂ ਦਰਖਾਸਤ ਦੀ ਚੱਲ ਰਹੀ ਤਫ਼ਤੀਸ਼ ਵਿੱਚ ਤੱਥ ਸਾਹਮਣੇ ਆਉਣ ’ਤੇ ਬਣਦੀ ਕਾਰਵਾਈ ਲਈ ਕਿਹਾ ਗਿਆ ਹੈ।

Advertisement
Author Image

Advertisement
Advertisement
×