For the best experience, open
https://m.punjabitribuneonline.com
on your mobile browser.
Advertisement

ਸੰਗਰੂਰ ਵਿੱਚ ਪੰਜ ਥਾਵਾਂ ’ਤੇ ਅੱਜ ਚੱਕਾ ਜਾਮ ਕਰਨਗੇ ਕਿਸਾਨ

07:54 AM Oct 25, 2024 IST
ਸੰਗਰੂਰ ਵਿੱਚ ਪੰਜ ਥਾਵਾਂ ’ਤੇ ਅੱਜ ਚੱਕਾ ਜਾਮ ਕਰਨਗੇ ਕਿਸਾਨ
ਸੰਯੁਕਤ ਕਿਸਾਨ ਮੋਰਚੇ ’ਚ ਸ਼ਾਮਲ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂ ਮੀਟਿੰਗ ਮਗਰੋਂ ਜਾਣਕਾਰੀ ਦਿੰਦੇ ਹੋਏ।
Advertisement

ਗੁਰਦੀਪ ਸਿੰਘ ਲਾਲੀ
ਸੰਗਰੂਰ, 24 ਅਕਤੂਬਰ
ਸੰਯੁਕਤ ਕਿਸਾਨ ਮੋਰਚੇ ਵੱਲੋਂ ਭਲਕੇ 25 ਅਕਤੂਬਰ ਨੂੰ ਪੰਜਾਬ ਭਰ ਵਿੱਚ ਸੜਕਾਂ ਜਾਮ ਕਰਨ ਦੇ ਦਿੱਤੇ ਸੱਦੇ ਦੀਆਂ ਤਿਆਰੀਆਂ ਲਈ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਕਿਰਤੀ ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਸੁਖਦੇਵ ਸਿੰਘ ਉਭਾਵਾਲ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਝੋਨੇ ਦੀ ਖਰੀਦ ਅਤੇ ਡੀਏਪੀ ਦੀ ਕਿੱਲਤ ਦੇ ਮਾਮਲੇ ਨੂੰ ਲੈ ਕੇ ਜ਼ਿਲ੍ਹੇ ਵਿੱਚ ਪੰਜ ਥਾਵਾਂ ਲਹਿਰਾ, ਛਾਜਲੀ, ਭਵਾਨੀਗੜ੍ਹ, ਬਹਾਦਰਪੁਰ ਅਤੇ ਧੂਰੀ ਵਿੱਚ ਚੱਕਾ ਜਾਮ ਕਰਨ ਦਾ ਫੈਸਲਾ ਕੀਤਾ ਗਿਆ ਅਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਦੀਆਂ ਡਿਊਟੀਆਂ ਲਾਈਆਂ ਗਈਆਂ।
ਮੀਟਿੰਗ ਤੋਂ ਬਾਅਦ ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਆਗੂ ਮੇਜਰ ਸਿੰਘ ਪੁੰਨਾਂਵਾਲ, ਜਮਹੂਰੀ ਕਿਸਾਨ ਸਭਾ ਦੇ ਸੂਬਾ ਆਗੂ ਊਧਮ ਸਿੰਘ ਸੰਤੋਖਪੁਰਾ, ਬੀਕੇਯੂ ਡਕੌਂਦਾ ਧਨੇਰ ਦੇ ਜ਼ਿਲ੍ਹਾ ਸਕੱਤਰ ਜਗਤਾਰ ਸਿੰਘ ਦੁੱਗਾਂ, ਬੀਕੇਯੂ ਰਾਜੇਵਾਲ ਦੇ ਬਲਾਕ ਪ੍ਰਧਾਨ ਜਸਵਿੰਦਰ ਸਿੰਘ ਚੰਗਾਲ, ਕੁੱਲ ਹਿੰਦ ਕਿਸਾਨ ਫੈੱਡਰੇਸ਼ਨ ਦੇ ਆਗੂ ਨਿਰੰਜਨ ਸਿੰਘ ਸਫੀਪੁਰ, ਕੁੱਲ ਹਿੰਦ ਕਿਸਾਨ ਸਭਾ ਅਜੇ ਭਵਨ ਦੇ ਜ਼ਿਲ੍ਹਾ ਆਗੂ ਨਿਰਮਲ ਸਿੰਘ ਬਟੜਿਆਣਾ ਅਤੇ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਆਗੂ ਬਲਵੀਰ ਸਿੰਘ ਜਲੂਰ ਨੇ ਦੱਸਿਆ ਕਿ ਪਿਛਲੇ ਦਿਨੀਂ ਸੰਯੁਕਤ ਕਿਸਾਨ ਮੋਰਚੇ ਨਾਲ 19 ਅਕਤੂਬਰ ਨੂੰ ਚੰਡੀਗੜ੍ਹ ਵਿੱਚ ਹੋਈ ਮੀਟਿੰਗ ਵਿੱਚ ਮੁੱਖ ਮੰਤਰੀ ਨੇ ਕਿਹਾ ਸੀ ਕਿ ਉਹ ਦੋ ਦਿਨਾਂ ਵਿੱਚ ਮੰਡੀਆਂ ਵਿੱਚ ਰੁਲ ਰਹੇ ਕਿਸਾਨਾਂ ਦਾ ਝੋਨਾ ਖਰੀਦਣ ਦਾ ਪ੍ਰਬੰਧ ਕਰ ਦੇਣਗੇ ਅਤੇ ਕੋਈ ਸਮੱਸਿਆ ਨਹੀਂ ਆਵੇਗੀ ਪਰ ਅੱਜ ਚਾਰ ਦਿਨ ਬੀਤਣ ਦੇ ਬਾਵਜੂਦ ਸਥਿਤੀ ਜਿਉਂ ਦੀ ਤਿਉਂ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਦਾ 120 ਹਜ਼ਾਰ ਮੀਟਰਕ ਟਨ ਚਾਵਲ ਪੰਜਾਬ ਦੇ ਗੋਦਾਮਾਂ ਵਿਚ ਪਿਆ ਹੈ ਅਤੇ ਕੇਂਦਰ ਵੱਲੋਂ ਇਹ ਗੋਦਾਮ ਖਾਲੀ ਨਹੀਂ ਕੀਤੇ ਅਤੇ ਨਾ ਹੀ ਝੋਨਾ ਰੱਖਣ ਲਈ ਜਗ੍ਹਾ ਦਾ ਪ੍ਰਬੰਧ ਕੀਤਾ ਹੈ। ਉਨ੍ਹਾਂ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਭਲਕੇ 25 ਅਕਤੂਬਰ ਨੂੰ ਚੱਕਾ ਜਾਮ ਦੇ ਪ੍ਰੋਗਰਾਮ ਵਿੱਚ ਵੱਡੀ ਗਿਣਤੀ ’ਚ ਸ਼ਾਮਲ ਹੋਣ। ਜੇਕਰ ਫਿਰ ਵੀ ਮਸਲਾ ਹੱਲ ਨਾ ਹੋਇਆ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ। ਮੀਟਿੰਗ ’ਚ ਇੰਦਰਪਾਲ ਸਿੰਘ ਪੁੰਨਾਂਵਾਲ, ਗੁਰਮੇਲ ਸਿੰਘ, ਗੁਰਜੀਤ ਸਿੰਘ ਉੱਭਾਵਾਲ, ਅਮਰੀਕ ਸਿੰਘ ਅਕਬਰਪੁਰ, ਬਹਾਦਰ ਸਿੰਘ ਦੁੱਗਾਂ, ਪ੍ਰੀਤਮ ਸਿੰਘ ਬਡਰੁੱਖਾਂ, ਰਾਮਪਾਲ ਸਿੰਘ ਬੁਸੈਹਰਾ, ਮੱਖਣ ਸਿੰਘ ਘਾਬਦਾਂ ਅਤੇ ਲਾਭ ਸਿੰਘ ਨਮੋਲ ਆਦਿ ਕਿਸਾਨ ਆਗੂ ਮੌਜੂਦ ਸਨ।

Advertisement

Advertisement
Advertisement
Author Image

sanam grng

View all posts

Advertisement