ਨਿਗਮ ਚੋਣਾਂ: ਬਿਨਾਂ ਜਰਨੈਲ ਤੋਂ ਸ਼੍ਰੋਮਣੀ ਅਕਾਲੀ ਦਲ ਲੜ ਰਿਹਾ ਹੈ ਚੋਣ
ਨਗਰ ਨਿਗਮ ਚੋਣਾਂ ਲਈ ਸਿਆਸੀ ਪਾਰਟੀਆਂ ਨੇ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਹੀ ਇੱਕੋ-ਇੱਕ ਪਾਰਟੀ ਹੈ ਜੋ ਬਿਨਾਂ ਜਰਨੈਲ ਤੋਂ ਚੋਣ ਲੜ ਰਹੀ ਹੈ। ਜ਼ਿਲ੍ਹਾ ਅਕਾਲੀ ਜਥਾ ਸ਼ਹਿਰੀ ਦੇ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ ਨੇ ਪ੍ਰਧਾਨਗੀ ਤੋਂ ਅਸਤੀਫ਼ਾ ਦਿੱਤਾ ਹੋਇਆ ਹੈ ਪਰ ਹਾਈ ਕਮਾਂਡ ਨੇ ਉਨ੍ਹਾਂ ਨੂੰ ਵਾਰਡ 60 ਤੋਂ ਉਮੀਦਵਾਰ ਬਣਾਇਆ ਹੋਇਆ ਹੈ। ਪਾਰਟੀ ਵੱਲੋਂ ਹਾਲੇ ਅਸਤੀਫ਼ਾ ਪ੍ਰਵਾਨ ਨਹੀਂ ਕੀਤਾ ਗਿਆ ਪਰ ਭਿੰਦਾ ਨੇ ਸਰਗਰਮੀਆਂ ਸੀਮਤ ਕੀਤੀਆਂ ਹੋਈਆਂ ਹਨ।
ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦਾ ਜ਼ਿਲ੍ਹਾ ਯੂਥ ਵਾਂਗ ਪਹਿਲਾਂ ਹੀ ਲਗਪਗ ਖ਼ਤਮ ਹੈ ਕਿਉਂਕਿ ਛੇ ਮਹੀਨੇ ਪਹਿਲਾਂ ਮਨਪ੍ਰੀਤ ਸਿੰਘ ਮੰਨਾ ਦੀ ਥਾਂ ਨਿਯੁਕਤ ਕੀਤੇ ਨਵੇਂ ਪ੍ਰਧਾਨ ਵੱਲੋਂ ਅੱਜ ਤੱਕ ਨਾ ਤਾਂ ਕੋਈ ਯੂਥ ਵਿੰਗ ਦੀ ਮੀਟਿੰਗ ਬੁਲਾਈ ਗਈ ਹੈ ਤੇ ਨਾ ਹੀ ਯੂਥ ਵਿੰਗ ਦੇ ਅਹੁਦੇਦਾਰ ਨਿਯੁਕਤ ਕੀਤੇ ਗਏ ਹਨ। ਦੂਜੇ ਪਾਸੇ ਯੂਥ ਅਕਾਲੀ ਦਲ ਦੇ ਬਹੁਤੇ ਸੀਨੀਅਰ ਆਗੂ ‘ਅਪਾ’ ਤੇ ਭਾਜਪਾ ਵਿੱਚ ਸ਼ਾਮਲ ਹੋ ਚੁੱਕੇ ਹਨ।
ਯੂਥ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ ਜਦਕਿ ਤਨਵੀਰ ਸਿੰਘ ਧਾਲੀਵਾਲ, ਮਨਪ੍ਰੀਤ ਸਿੰਘ ਮੰਨਾ, ਗੁਰਪ੍ਰੀਤ ਸਿੰਘ ਬੱਬਲ ਅਤੇ ਗੁਰਪ੍ਰੀਤ ਸਿੰਘ ਬੇਦੀ ‘ਆਪ’ ਵਿੱਚ ਸ਼ਾਮਲ ਹੋ ਗਏ ਹਨ। ‘ਆਪ’ ਵੱਲੋਂ ਤਨਵੀਰ ਸਿੰਘ ਧਾਲੀਵਾਲ, ਮਨਪ੍ਰੀਤ ਸਿੰਘ ਮੰਨਾ ਤੇ ਗੁਰਪ੍ਰੀਤ ਸਿੰਘ ਬੱਬਲ ਨੂੰ ਨਗਰ ਨਿਗਮ ਦੀ ਚੋਣ ਲੜਾਈ ਜਾ ਰਹੀ ਹੈ ਜਦਕਿ ਗੁਰਪ੍ਰੀਤ ਸਿੰਘ ਬੇਦੀ ਦੀ ਮਾਤਾ ਵੀਰਾਂ ਬੇਦੀ ਨੂੰ ਵੀ ਉਮੀਦਵਾਰ ਬਣਾਇਆ ਗਿਆ ਹੈ। ਯੂਥ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਮੀਤਪਾਲ ਸਿੰਘ ਦੁੱਗਰੀ ਪਹਿਲਾਂ ਹੀ ਸਿਆਸਤ ਤੋਂ ਲਾਂਭੇ ਹੋ ਚੁੱਕੇ ਹਨ।
ਇਸਤਰੀ ਅਕਾਲੀ ਦਲ ਦਾ ਵੀ ਇਸ ਵੇਲੇ ਕੋਈ ਵਾਲੀ-ਵਾਰਸ ਨਹੀਂ ਹੈ। ਜ਼ਿਲ੍ਹਾ ਪ੍ਰਧਾਨ ਸੁਰਿੰਦਰ ਕੌਰ ਦਿਆਲ ਨੇ ਬੀਬੀ ਜਗੀਰ ਕੌਰ ਦੇ ਨਾਲ ਹੀ ਅਕਾਲੀ ਦਲ ਨੂੰ ਅਲਵਿਦਾ ਕਹਿ ਦਿੱਤਾ ਸੀ ਤੇ ਮਗਰੋਂ ਨਵੀਂ ਪ੍ਰਧਾਨ ਨਹੀਂ ਚੁਣੀ ਗਈ। ਅਗਲੇ ਦਿਨਾਂ ਦੌਰਾਨ ਅਕਾਲੀ ਦਲ ਨੂੰ ਵਰਕਰਾਂ ਪੱਖੋਂ ਕਈ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਬਹੁਤੇ ਵਰਕਰ ਤਾਂ ਆਗੂਆਂ ਦੇ ਨਾਲ ਹੀ ਦੂਜੀਆਂ ਪਾਰਟੀਆਂ ਵਿੱਚ ਚੱਲੇ ਗਏ ਹਨ ਜਦਕਿ ਟਕਸਾਲੀ ਵਰਕਰ ਮੌਜੂਦਾ ਪੰਥਕ ਹਾਲਾਤਾਂ ਨੂੰ ਵੇਖਦਿਆਂ ਆਪਣੇ ਘਰੀਂ ਬੈਠੇ ਹੋਏ ਹਨ। ਇਸ ਦੌਰਾਨ ਸਾਬਕਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਢਿੱਲੋਂ ਸਾਬਕਾ ਵਿਧਾਇਕ ਨੇ ਕਿਹਾ ਹੈ ਕਿ ਅਕਾਲੀ ਵਰਕਰਾਂ ਵਿੱਚ ਚੋਣਾਂ ਲਈ ਭਾਰੀ ਉਤਸ਼ਾਹ ਹੈ ਅਤੇ ਵਰਕਰ ਅਕਾਲੀ ਉਮੀਦਵਾਰਾਂ ਦੇ ਹੱਕ ਵਿੱਚ ਪ੍ਰਚਾਰ ਕਰਕੇ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ।