ਸੰਤੋਖ ਗਿੱਲਗੁਰੂਸਰ ਸੁਧਾਰ, 14 ਦਸੰਬਰਸੈਂਟਰ ਆਫ਼ ਇੰਡੀਅਨ ਟਰੇਡ ਯੂਨੀਅਨ (ਸੀਟੂ) ਦੇ ਸੂਬਾਈ ਸਕੱਤਰ ਦਲਜੀਤ ਕੁਮਾਰ ਗੋਰਾ ਨੇ ਅੱਜ ਇਥੇ ਲੁਧਿਆਣਾ-ਬਠਿੰਡਾ ਮਾਰਗ ’ਤੇ ਲਾਲ ਝੰਡਾ ਰੇਹੜੀ-ਫੜ੍ਹੀ ਮਜ਼ਦੂਰ ਯੂਨੀਅਨ ਦੇ ਕਾਮਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਿਹਨਤ ਮਜ਼ਦੂਰੀ ਕਰ ਕੇ ਆਪਣਾ ਪਰਿਵਾਰ ਪਾਲ ਰਹੇ ਮਜ਼ਦੂਰ ਪਰਿਵਾਰਾਂ ਨੂੰ ਕੁਝ ਸਵਾਰਥੀ ਲੋਕ ਉਜਾੜਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਇੱਕ ਵਫ਼ਦ ਨੇ ਰਾਏਕੋਟ ਦੇ ਉਪ ਮੰਡਲ ਮੈਜਿਸਟ੍ਰੇਟ ਸਿਮਰਨਦੀਪ ਸਿੰਘ ਨਾਲ ਮੁਲਾਕਾਤ ਕਰ ਕੇ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਵੀ ਲਿਆਂਦਾ ਹੈ।ਮਜ਼ਦੂਰ ਆਗੂ ਦਲਜੀਤ ਕੁਮਾਰ ਗੋਰਾ ਅਨੁਸਾਰ ਐੱਸ.ਡੀ.ਐੱਮ ਸਿਮਰਨਦੀਪ ਸਿੰਘ ਨੇ ਮਜ਼ਦੂਰਾਂ ਨੂੰ ਸ਼ਾਂਤਮਈ ਢੰਗ ਨਾਲ ਕੰਮ ਜਾਰੀ ਰੱਖਣ ਦੀ ਆਗਿਆ ਦਿੱਤੀ ਹੈ। ਮਜ਼ਦੂਰ ਆਗੂ ਨੇ ਕਿਹਾ ਕਿ ਗਰੀਬ ਮਜ਼ਦੂਰ ਦਹਾਕਿਆਂ ਤੋਂ ਇਸ ਰਾਜ ਮਾਰਗ ਉਪਰ ਫਲ਼ ਤੇ ਸਬਜ਼ੀਆਂ ਦੀਆਂ ਰੇਹੜੀਆਂ ਲਾਉਂਦੇ ਆ ਰਹੇ ਹਨ, ਹੁਣ ਤੱਕ ਤਾਂ ਕਦੇ ਉਨ੍ਹਾਂ ਕਾਰਨ ਦੇਸ਼ ਦੀ ਸੁਰੱਖਿਆ ਨੂੰ ਕੋਈ ਖ਼ਤਰਾ ਨਹੀਂ ਹੋਇਆ ਸੀ। ਆਗੂਆਂ ਨੇ ਮਜ਼ਦੂਰਾਂ ਨੂੰ ਤੰਗ ਪ੍ਰੇਸ਼ਾਨ ਅਤੇ ਬਲੈਕਮੇਲ ਕਰਨ ਵਾਲੇ ਅਨਸਰਾਂ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਇਹ ਕਾਰਵਾਈ ਬੰਦ ਨਾ ਕੀਤੀ ਗਈ ਤਾਂ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਸੀਟੂ ਗੁਰਪ੍ਰੀਤ ਸਿੰਘ ਟੂਸਾ, ਪ੍ਰਿਤਪਾਲ ਸਿੰਘ ਬਿੱਟਾ, ਲਾਲ ਝੰਡਾ ਰੇਹੜੀ-ਫੜ੍ਹੀ ਮਜ਼ਦੂਰ ਯੂਨੀਅਨ ਦੇ ਆਗੂ ਅਮਰਜੀਤ ਗੁਪਤਾ, ਬਿੱਟੂ ਕੁਮਾਰ, ਵਿਸ਼ਵ ਨਾਥ ਕੁਮਾਰ, ਪ੍ਰਦੀਪ ਕੁਮਾਰ, ਰਾਮ ਕੁਮਾਰ, ਕਪਿਲ ਦੇਵ, ਸ਼ਿਵਾਲਕ ਗੁਪਤਾ, ਬਿਠਲ ਗੁਪਤਾ, ਨੀਰਜ ਕੁਮਾਰ ਅਤੇ ਚੰਦਨ ਕੁਮਾਰ ਵੀ ਮੌਜੂਦ ਸਨ।