ਨਿਗਮ ਚੋਣਾਂ: ਪੰਜਾਬ ’ਚ ਕਾਗਜ਼ਾਂ ਦੀ ਪੜਤਾਲ ਮੁਕੰਮਲ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 13 ਦਸੰਬਰ
ਪੰਜਾਬ ਵਿੱਚ ਨਗਰ ਨਿਗਮਾਂ ਤੇ ਨਗਰ ਕੌਂਸਲਾਂ/ਨਗਰ ਪੰਚਾਇਤਾਂ ਦੀਆਂ ਚੋਣਾਂ ਲਈ ਦਾਖ਼ਲ ਹੋਈਆਂ ਨਾਮਜ਼ਦਗੀਆਂ ਦੀ ਪੜਤਾਲ ਦਾ ਕੰਮ ਅੱਜ ਮੁਕੰਮਲ ਹੋ ਗਿਆ ਹੈ। ਅੱਜ ਰਿਟਰਨਿੰਗ ਅਫਸਰਾਂ ਨੇ ਉਮੀਦਵਾਰਾਂ ਵੱਲੋਂ ਦਾਖਲ ਕਾਗਜ਼ਾਂ ਦੀ ਪੜਤਾਲ ਕੀਤੀ ਤੇ ਅਧੂਰੇ ਦਸਤਾਵੇਜ਼ਾਂ ਤੇ ਕਮੀਆਂ ਦੇ ਮੱਦੇਨਜ਼ਰ ਕਾਫੀ ਨਾਮਜ਼ਦਗੀਆਂ ਰੱਦ ਵੀ ਕੀਤੀਆਂ। ਭਲਕੇ ਕਾਗਜ਼ ਵਾਪਸੀ ਦਾ ਦਿਨ ਹੈ।
ਪਟਿਆਲਾ ਨਿਗਮ ਦੀ ਚੋਣ ਪ੍ਰਕਿਰਿਆ ਵਿੱਚ ਭਾਜਪਾ ਨੇ ਸੱਤਾਧਾਰੀ ਧਿਰ ’ਤੇ ਭਾਜਪਾ ਉਮੀਦਵਾਰਾਂ ਦੇ ਕਾਗਜ਼ ਖੋਹਣ ਤੇ ਕਾਗਜ਼ ਦਾਖਲ ਕਰਨ ਤੋਂ ਰੋਕਣ ਦਾ ਦੋਸ਼ ਲਾਇਆ। ਨਗਰ ਨਿਗਮ ਪਟਿਆਲਾ ਦੀਆਂ 173 ਨਾਮਜ਼ਦਗੀਆਂ ’ਚੋਂ ਅੱਠ ਰੱਦ ਕੀਤੀਆਂ ਗਈਆਂ ਹਨ ਜਦੋਂਕਿ 165 ਉਮੀਦਵਾਰ ਚੋਣ ਮੈਦਾਨ ’ਚ ਹਨ। ਨਗਰ ਨਿਗਮ ਫਗਵਾੜਾ ਵਿੱਚ ਇੱਕ ਨਾਮਜ਼ਦਗੀ ਰੱਦ ਹੋਈ ਤੇ 217 ਉਮੀਦਵਾਰ ਚੋਣ ਲੜਨਗੇ। ਜਲੰਧਰ ਨਿਗਮ ਦੇ 85 ਵਾਰਡਾਂ ਲਈ 448 ਨਾਮਜ਼ਦਗੀਆਂ ਦਾਖ਼ਲ ਹੋਈਆਂ ਸਨ, ਜਿਨ੍ਹਾਂ ’ਚੋਂ ਪੰਜ ਰੱਦ ਹੋ ਗਈਆਂ। ਲੁਧਿਆਣਾ ਨਿਗਮ ਲਈ 682 ਨਾਮਜ਼ਦਗੀਆਂ ਦਾਖ਼ਲ ਹੋਈਆਂ ਜਿਨ੍ਹਾਂ ’ਚੋਂ ਅੱਜ 19 ਰੱਦ ਹੋ ਗਈਆਂ। ਅੱਜ ਕਈ ਥਾਵਾਂ ’ਤੇ ਕਾਗਜ਼ ਰੱਦ ਤੇ ਸਹੀ ਪਾਈਆਂ ਗਈਆਂ ਨਾਮਜ਼ਦਗੀਆਂ ਦੀ ਸੂਚੀ ਨਾ ਲਾਏ ਜਾਣ ਤੋਂ ਰੌਲਾ ਵੀ ਪਿਆ ਹੈ। ਨਗਰ ਪੰਚਾਇਤ ਹੰਢਿਆਇਆ ’ਚ ਅਕਾਲੀ ਤੇ ਕਾਂਗਰਸੀ ਉਮੀਦਵਾਰਾਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਸਮਾਂ ਖ਼ਤਮ ਹੋਣ ਮਗਰੋਂ ਸੂਚੀਆਂ ਨਾ ਲਾਉਣ ਦਾ ਦੋਸ਼ ਲਾਇਆ। ਇਸੇ ਦੌਰਾਨ ਨਗਰ ਪੰਚਾਇਤ ਰਾਜਾਸਾਂਸੀ ਤੋਂ ਸਾਰੇ ਵਿਰੋਧੀ ਉਮੀਦਵਾਰਾਂ ਦੇ ਕਾਗਜ਼ ਰੱਦ ਕਰਨ ਤੋਂ ਕਾਂਗਰਸੀ ਤੇ ਅਕਾਲੀ ਆਗੂਆਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਮਲੋਟ ਕੌਂਸਲ ਦੇ ਵਾਰਡ ਨੰਬਰ-12 ਦੀ ਜ਼ਿਮਨੀ ਚੋਣ ’ਚ ਸਾਰੇ ਉਮੀਦਵਾਰਾਂ ਦੇ ਕਾਗਜ਼ ਰੱਦ ਹੋਏ ਹਨ। ਜ਼ਿਲ੍ਹਾ ਮੋਗਾ ’ਚ ਬਹੁਗਿਣਤੀ ਵਾਰਡਾਂ ’ਚ ਸਿਰਫ਼ ‘ਆਪ’ ਉਮੀਦਵਾਰ ਹੀ ਕਾਗਜ਼ ਦਾਖ਼ਲ ਕਰ ਸਕੇ ਹਨ। ਇਸੇ ਦੌਰਾਨ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਪਟਿਆਲਾ ਨਿਗਮ ਚੋਣ ਵਿਚ ਕਾਂਗਰਸ ਦੇ 20 ਉਮੀਦਵਾਰ ਹੀ ਕਾਗਜ਼ ਦਾਖ਼ਲ ਕਰਨ ਵਿਚ ਸਫਲ ਹੋ ਸਕੇ ਹਨ।
ਕਾਂਗਰਸੀਆਂ ਦੀ ਖਿੱਚ-ਧੂਹ ਵਿਧਾਇਕ ਦੀ ਸ਼ਹਿ ’ਤੇ ਹੋਈ: ਵੜਿੰਗ
ਧਰਮਕੋਟ (ਹਰਦੀਪ ਸਿੰਘ):
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕੱਲ੍ਹ ਧਰਮਕੋਟ ਵਿੱਚ ਪਾਰਟੀ ਦੇ ਸਾਬਕਾ ਵਿਧਾਇਕ ਕਾਕਾ ਲੋਹਗੜ੍ਹ ਦੀ ਕਾਂਗਰਸ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਉਣ ਮੌਕੇ ਪੁਲੀਸ ਵੱਲੋਂ ਕੀਤੀ ਖਿੱਚ-ਧੂਹ ਦੀ ਨਿਖੇਧੀ ਕੀਤੀ ਹੈ। ਦੇਰ ਸ਼ਾਮ ਸੋਸ਼ਲ ਮੀਡੀਆ ’ਤੇ ਲਾਈਵ ਹੁੰਦਿਆਂ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਪੁਲੀਸ ਵੱਲੋਂ ਇਹ ਸਭ ਕੁਝ ਵਿਧਾਇਕ ਦੀ ਸ਼ਹਿ ਉੱਤੇ ਕੀਤਾ ਗਿਆ ਹੈ। ਸ੍ਰੀ ਵੜਿੰਗ ਨੇ ਕਿਹਾ ਕਿ ਨਗਰ ਪੰਚਾਇਤ ਚੋਣਾਂ ਵਿੱਚ ਆਮ ਲੋਕਾਂ ਦੀ ਸਰਕਾਰ ਦੇ ਨੁਮਾਇੰਦੇ ਵੱਲੋਂ ਜਿਸ ਤਰ੍ਹਾਂ ਖ਼ੁਦ ਧੱਕੇਸ਼ਾਹੀ ਕਰਨ ਵਾਲਿਆਂ ਦੀ ਪੁਸ਼ਤਪਨਾਹੀ ਕੀਤੀ ਗਈ ਹੈ, ਉਹ ਚਿੰਤਾਜਨਕ ਤੇ ਗੰਭੀਰ ਹੈ। ਉਨ੍ਹਾਂ ਕਿਹਾ ਸਰਕਾਰਾਂ ਸਥਿਰ ਨਹੀਂ ਹੁੰਦੀਆਂ, ਇਸ ਨੌਜਵਾਨ ਵਿਧਾਇਕ ਨੂੰ ਇਸ ਬਾਰੇ ਸੋਚ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸੱਤਾ ਦੇ ਨਸ਼ੇ ਵਿੱਚ ਚੂਰ ਇਹ ਵਿਧਾਇਕ ਸਾਰੀ ਮਰਿਆਦਾ ਭੁੱਲ ਬੈਠਾ ਹੈ ਪਰ ਵਕਤ ਇਸ ਗੱਲ ਦਾ ਹਿਸਾਬ ਜ਼ਰੂਰ ਲਵੇਗਾ।