Farmer Protest: ਕਿਸਾਨ ਮਾਰਚ ਤੋਂ ਪਹਿਲਾਂ 12 ਪਿੰਡਾਂ ਵਿੱਚ ਮੋਬਾਈਲ ਇੰਟਰਨੈੱਟ, ਐਸਐਮਐਸ ਸੇਵਾਵਾਂ ਮੁਅੱਤਲ
ਚੰਡੀਗੜ੍ਹ, 14 ਦਸੰਬਰ
ਕਿਸਾਨਾਂ ਦੇ ਰੋਸ ਮਾਰਚ ਦੇ ਸ਼ੰਭੂ ਸਰਹੱਦ ਤੋਂ ਦਿੱਲੀ ਤੱਕ ਮੁੜ ਸ਼ੁਰੂ ਹੋਣ ਤੋਂ ਕੁਝ ਘੰਟੇ ਪਹਿਲਾਂ ਹਰਿਆਣਾ ਸਰਕਾਰ ਨੇ ਸ਼ਨਿੱਚਰਵਾਰ ਅੰਬਾਲਾ ਜ਼ਿਲ੍ਹੇ ਦੇ 12 ਪਿੰਡਾਂ ਵਿੱਚ ਜਨਤਕ ਸ਼ਾਂਤੀ ਬਣਾਈ ਰੱਖਣ ਲਈ ਬਲਕ ਐਸਐਮਐਸ ਸੇਵਾਵਾਂ ਨੂੰ ਮੋਬਾਈਲ ਇੰਟਰਨੈਟ ਮੁਅੱਤਲ ਕਰ ਦਿੱਤਾ। ਵਧੀਕ ਮੁੱਖ ਸਕੱਤਰ (ਗ੍ਰਹਿ) ਸੁਮਿਤਾ ਮਿਸ਼ਰਾ ਵੱਲੋਂ ਜਾਰੀ ਹੁਕਮਾਂ ਅਨੁਸਾਰ ਇਹ ਮੁਅੱਤਲੀ 17 ਦਸੰਬਰ ਤੱਕ ਲਾਗੂ ਰਹੇਗੀ।
ਹੁਕਮਾਂ ਵਿਚ ਕਿਹਾ ਗਿਆ ਹੈ ਕਿ, “ਮੇਰੇ ਧਿਆਨ ਵਿਚ ਵਧੀਕ ਡਾਇਰੈਕਟਰ ਜਨਰਲ ਪੁਲੀਸ, ਸੀ.ਆਈ.ਡੀ., ਹਰਿਆਣਾ ਅਤੇ ਡਿਪਟੀ ਕਮਿਸ਼ਨਰ ਅੰਬਾਲਾ ਨੇ ਲਿਆਂਦਾ ਹੈ ਕਿ ਕੁਝ ਕਿਸਾਨ ਸੰਗਠਨਾਂ ਦੁਆਰਾ ਦਿੱਲੀ ਕੂਚ ਦੇ ਸੱਦੇ ਦੇ ਮੱਦੇਨਜ਼ਰ, ਤਣਾਅ, ਗੁੱਸਾ, ਅੰਦੋਲਨ ਪੈਦਾ ਹੋਣ ਦਾ ਖਦਸ਼ਾ ਹੈ। ਮਿਸ਼ਰਾ ਨੇ ਦੱਸਿਆ ਕਿ ਅੰਬਾਲਾ ਦੇ ਡਾਂਗਡੇਹਰੀ, ਲਹਿਰਗੜ੍ਹ, ਮਾਣਕਪੁਰ, ਡਡਿਆਣਾ, ਬੜੀ ਘੱਲ, ਛੋਟੀ ਘੱਲ, ਲਹਿਰਾ, ਕਾਲੂ ਮਾਜਰਾ, ਦੇਵੀ ਨਗਰ (ਹੀਰਾ ਨਗਰ, ਨਰੇਸ਼ ਵਿਹਾਰ), ਸੱਦੋਪੁਰ, ਸੁਲਤਾਨਪੁਰ ਅਤੇ ਕਾਕਰੂ ਪਿੰਡਾਂ ਵਿੱਚ ਮੋਬਾਈਲ ਇੰਟਰਨੈੱਟ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਇਹ ਮੁਅੱਤਲੀ 14 ਦਸੰਬਰ ਨੂੰ ਸਵੇਰੇ 6 ਵਜੇ ਤੋਂ 17 ਦਸੰਬਰ ਰਾਤ 11.59 ਵਜੇ ਤੱਕ ਲਾਗੂ ਰਹੇਗੀ।
ਜ਼ਿਕਰਯੋਗ ਹੈ ਕਿ ਕਿਸਾਨ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਲਈ ਕੇਂਦਰ ਨੂੰ ਮਜਬੂਰ ਕਰਨ ਲਈ ਮਾਰਚ ਕਰ ਰਹੇ ਹਨ। ਉਨ੍ਹਾਂ ਦੇ ਮਸਲਿਆਂ ਦੇ ਹੱਲ ਲਈ ਕੇਂਦਰ ’ਤੇ ਉਨ੍ਹਾਂ ਨਾਲ ਗੱਲਬਾਤ ਕਰਨ ਲਈ ਵੀ ਦਬਾਅ ਪਾਇਆ ਜਾ ਰਿਹਾ ਹੈ। ਸਰਹੱਦ ਦੇ ਹਰਿਆਣਾ ਵਾਲੇ ਪਾਸੇ ਪਹਿਲਾਂ ਹੀ ਸੁਰੱਖਿਆ ਕਰਮੀਆਂ ਦੀ ਭਾਰੀ ਤਾਇਨਾਤੀ ਕੀਤੀ ਗਈ ਹੈ। ਇਸ ਤੋਂ ਪਹਿਲਾਂ ਹਰਿਆਣਾ ਸਰਕਾਰ ਨੇ 6 ਤੋਂ 9 ਦਸੰਬਰ ਤੱਕ ਮੋਬਾਈਲ ਇੰਟਰਨੈਟ ਸੇਵਾਵਾਂ, ਬਲਕ ਐਸਐਮਐਸ ਅਤੇ ਡੋਂਗਲ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਸੀ।
ਅਧਿਕਾਰੀ ਨੇ ਕਿਹਾ ਇਹ ਹੁਕਮ ਵਿਅਕਤੀਗਤ ਐਸਐਮਐਸ, ਮੋਬਾਈਲ ਰੀਚਾਰਜ, ਬੈਂਕਿੰਗ ਐਸਐਮਐਸ, ਵੌਇਸ ਕਾਲਾਂ, ਬ੍ਰਾਡਬੈਂਡ ਦੁਆਰਾ ਪ੍ਰਦਾਨ ਕੀਤੀਆਂ ਜਾਂਦੀਆਂ ਇੰਟਰਨੈਟ ਸੇਵਾਵਾਂ ਅਤੇ ਕਾਰਪੋਰੇਟ ਅਤੇ ਘਰੇਲੂ ਪਰਿਵਾਰਾਂ ਦੀਆਂ ਲੀਜ਼ ਲਾਈਨਾਂ ਤੋਂ ਛੋਟ ਦੇ ਕੇ ਜਨਤਕ ਸਹੂਲਤ ਦਾ ਪੂਰਾ ਧਿਆਨ ਰੱਖਦੇ ਹੋਏ ਜਾਰੀ ਕੀਤਾ ਜਾ ਰਿਹਾ ਹੈ, ਇਸ ਤਰ੍ਹਾਂ ਵਪਾਰਕ/ਵਿੱਤੀ ਹਿੱਤਾਂ ਨੂੰ ਪ੍ਰਭਾਵਿਤ ਨਹੀਂ ਕੀਤਾ ਜਾ ਰਿਹਾ ਹੈ। ਪੀਟੀਆਈ