ਰਸੂਖਵਾਨਾਂ ਵੱਲੋਂ ਕੀਤੇ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਨਗਰ ਕੌਂਸਲ ਸਖ਼ਤ
ਜਸਵੰਤ ਜੱਸ
ਫ਼ਰੀਦਕੋਟ, 26 ਜੂਨ
ਨਗਰ ਕੌਂਸਲ ਫ਼ਰੀਦਕੋਟ ਨੇ ਅੱਜ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਕਾਰਵਾਈ ਕਰਦਿਆਂ ਯੂਨੀਵਰਸਿਟੀ ਰੋਡ ’ਤੇ ਜਨਤਕ ਥਾਵਾਂ ਉੱਪਰੋਂ ਨਾਜਾਇਜ਼ ਕਬਜ਼ੇ ਹਟਾਏ। ਨਗਰ ਕੌਂਸਲ ਨੇ ਟਿੱਲਾ ਬਾਬਾ ਫ਼ਰੀਦ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚੋਂ ਵੀ ਨਾਜਾਇਜ਼ ਕਬਜ਼ੇ ਹਟਾਏ। ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਸਿੰਘ ਨਿੰਦਾ ਨੇ ਕਿਹਾ ਕਿ ਸ਼ਹਿਰ ਵਿੱਚ ਰਸੂਖ਼ਵਾਨਾਂ ਵੱਲੋਂ ਜਨਤਕ ਰਸਤਿਆਂ, ਸਰਕਾਰੀ ਜਾਇਦਾਦਾਂ ਅਤੇ ਖੁੱਲ੍ਹੀਆਂ ਥਾਵਾਂ ਉੱਪਰ ਕਬਜ਼ੇ ਕੀਤੇ ਹੋਏ ਹਨ ਜਿਸ ਕਰ ਕੇ ਆਵਾਜਾਈ ਵਿੱਚ ਦਿੱਕਤ ਆ ਰਹੀ ਹੈ। ਉਨ੍ਹਾਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਯੂਨੀਵਰਸਿਟੀ ਨੂੰ ਜਾਂਦੀ ਸੜਕ ਉੱਪਰ ਸੈਂਕੜਿਆਂ ਦੀ ਗਿਣਤੀ ਵਿੱਚ ਕਬਜ਼ੇ ਹੋਏ ਹਨ। ਇਸ ਕਰ ਕੇ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ। ਕੁਝ ਸਮਾਂ ਪਹਿਲਾਂ ਬਾਬਾ ਫ਼ਰੀਦ ਯੂਨੀਵਰਸਿਟੀ ਨੇ ਇਨ੍ਹਾਂ ਕਬਜ਼ਿਆਂ ਉੱਪਰ ਸਖ਼ਤ ਇਤਰਾਜ਼ ਵੀ ਕੀਤਾ ਸੀ।
ਫ਼ਰੀਦਕੋਟ ਦੇ ਵਿਧਾਇਕ ਗੁਰਦਿਤ ਸਿੰਘ ਸੇਖੋਂ ਨੇ ਕਿਹਾ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਵੀ ਫ਼ਰੀਦਕੋਟ ਸ਼ਹਿਰ ਦੀਆਂ ਸੜਕਾਂ ਦੇ ਆਸ-ਪਾਸ ਹੋਏ ਕਬਜ਼ਿਆਂ ਨੂੰ ਹਟਾਉਣ ਲਈ ਨਗਰ ਕੌਂਸਲ ਨੂੰ ਹਦਾਇਤ ਦਿੱਤੀ ਹੋਈ ਹੈ। ਜ਼ਿਲ੍ਹਾ ਪੁਲੀਸ ਮੁਖੀ ਹਰਜੀਤ ਸਿੰਘ ਨੇ ਕਿਹਾ ਕਿ ਨਗਰ ਕੌਂਸਲ ਦੀ ਮਦਦ ਲਈ ਅੱਜ ਪੁਲੀਸ ਟੀਮ ਵੀ ਮੌਕੇ ’ਤੇ ਹਾਜ਼ਰ ਸੀ। ਉਨ੍ਹਾਂ ਕਿਹਾ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ’ਤੇ ਹੀ ਨਾਜਾਇਜ਼ ਕਬਜ਼ੇ ਹਟਾਏ ਜਾ ਰਹੇ ਹਨ ਤੇ ਅੱਜ ਨਗਰ ਕੌਂਸਲ ਨੇ ਇਸ ਮੁਹਿੰਮ ਤਹਿਤ ਮੈਡੀਕਲ ਕਾਲਜ ਤੱਕ ਸੜਕ ਨੂੰ ਖਾਲੀ ਕਰਵਾ ਦਿੱਤਾ ਹੈ। ਨਗਰ ਕੌਂਸਲ ਦੇ ਪ੍ਰਧਾਨ ਨੇ ਕਿਹਾ ਕਿ ਸ਼ਹਿਰ ਦੀਆਂ ਬਾਕੀ ਥਾਵਾਂ ਉੱਪਰੋਂ ਕਬਜ਼ੇ ਹਟਾਉਣ ਦੀ ਮੁਹਿੰਮ ਲਗਾਤਾਰ ਜਾਰੀ ਰਹੇਗੀ। ਭਲਕੇ ਯੂਨੀਵਰਸਿਟੀ ਤੇ ਮੈਡੀਕਲ ਕਾਲਜ ਉੱਪਰ ਰਹਿੰਦੇ ਕਬਜ਼ਿਆਂ ਨੂੰ ਹਟਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਨਾਜਾਇਜ਼ ਕਬਜ਼ੇ ਹਟਾਉਣ ਤੋਂ ਪਹਿਲਾਂ ਕਬਜ਼ਕਾਰਾਂ ਨੂੰ ਬਕਾਇਦਾ ਤੌਰ ’ਤੇ ਸੂਚਿਤ ਕੀਤਾ ਗਿਆ ਸੀ ਇਸ ਦੇ ਬਾਵਜੂਦ ਉਨ੍ਹਾਂ ਕਬਜ਼ੇ ਨਹੀਂ ਹਟਾਏ।
ਦੱਸਣਯੋਗ ਹੈ ਕਿ ਸ਼ਹਿਰ ਦੀਆਂ ਪ੍ਰਮੁੱਖ ਥਾਵਾਂ ਅਤੇ ਸੜਕ ਦੇ ਆਸ ਪਾਸ ਛੱਡੀਆਂ ਖੁੱਲ੍ਹੀਆਂ ਥਾਵਾਂ ਉੱਪਰ ਰਸੂਖ਼ਵਾਨਾਂ ਨੇ ਕਬਜ਼ੇ ਕੀਤੇ ਹੋਏ ਹਨ। ਇਸ ਕਰ ਕੇ ਬਾਬਾ ਫ਼ਰੀਦ ਯੂਨੀਵਰਸਿਟੀ ਤੇ ਮੈਡੀਕਲ ਕਾਲਜ ਨੂੰ ਜਾਣ ਵਾਲੀਆਂ ਗੱਡੀਆਂ ਅਤੇ ਐਂਬੂਲੈਂਸਾਂ ਲਈ ਮੁਸ਼ਕਲ ਆਉਂਦੀ ਹੈ।
ਪ੍ਰਸ਼ਾਸਨ ਨੇ ਪੰਚਾਇਤੀ ਜ਼ਮੀਨ ਤੋਂ ਨਾਜਾਇਜ਼ ਕਬਜ਼ੇ ਹਟਾਏ
ਸ੍ਰੀ ਮੁਕਤਸਰ ਸਾਹਿਬ (ਗੁਰਸੇਵਕ ਪ੍ਰੀਤ): ਸਥਾਨਕ ਪ੍ਰਸ਼ਾਸਨ ਨੇ ਮਲੋਟ ਬਲਾਕ ਦੇ ਪਿੰਡ ਦਬੜਾ ਵਿੱਚ 4 ਏਕੜ 2 ਕਨਾਲ ਅਤੇ 10 ਮਰਲੇ ਪੰਚਾਇਤੀ ਜ਼ਮੀਨ ਉੱਪਰ ਹੋਏ ਨਾਜਾਇਜ਼ ਕਬਜ਼ੇ ਹਟਾਉਂਦਿਆਂ ਜ਼ਮੀਨ ਦਾ ਕਬਜ਼ਾ ਹਾਸਲ ਲੈ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸੁਰਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਨਿਰਦੇਸ਼ਾਂ ਹੇਠ ਡੀਸੀ ਹਰਪ੍ਰੀਤ ਸਿੰਘ ਸੂਦਨ ਅਤੇ ਸੀਨੀਅਰ ਪੁਲੀਸ ਕਪਤਾਨ ਭਾਗੀਰਥ ਸਿੰਘ ਮੀਨਾ ਦੇ ਯਤਨਾਂ ਸਦਕਾ ਇਸ ਜ਼ਮੀਨ ਦਾ ਕਬਜ਼ਾ ਪ੍ਰਸ਼ਾਸਨ ਨੂੰ ਹਾਸਲ ਹੋਇਆ ਹੈ। ਉਨ੍ਹਾਂ ਦੱਸਿਆ ਕਿ ਹੁਣ ਇਹ ਜ਼ਮੀਨ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਹਵਾਲੇ ਕਰ ਦਿੱਤੀ ਹੈ। ਇਸ ਮੌਕੇ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਸੁਖਵਿੰਦਰ ਸਿੰਘ ਟਿਵਾਣਾ ਅਤੇ ਨਾਇਬ ਤਹਿਸੀਲਦਾਰ ਗੁਰਵਿੰਦਰ ਸਿੰਘ ਵਿਰਕ ਵੀ ਮੌਜੂਦ ਸਨ।