ਨਗਰ ਨਿਗਮ ਵੱਲੋਂ ਸ਼ਹਿਰ ਦੇ 8 ਹੋਟਲ ਸੀਲ
ਨਗਰ ਨਿਗਮ ਦੀ ਬਿਲਡਿੰਗ ਬਰਾਂਚ ਦੀ ਟੀਮ ਨੇ ਅੱਜ ਪਾਰਕਿੰਗ ਦੀ ਉਲੰਘਣਾ ਕਰਨ ਵਾਲੇ ਹੋਟਲਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕਰਦਿਆਂ ਸ਼ਹਿਰ ਦੇ ਅੱਠ ਹੋਟਲਾਂ ਨੂੰ ਸੀਲ ਕਰ ਦਿੱਤਾ। ਇਹ ਹੋਟਲ ਨਗਰ ਨਿਗਮ ਦੇ ਜ਼ੋਨ-ਡੀ ਅਧੀਨ ਆਉਂਦੇ ਹਨ ਤੇ ਵੱਖ-ਵੱਖ ਇਲਾਕਿਆਂ ਵਿੱਚ ਸਥਿਤ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਨਿਗਮ ਵੱਲੋਂ ਸੀਲ ਕੀਤੇ ਗਏ ਹੋਟਲ ਬਾੜੇਵਾਲ ਰੋਡ, ਫਿਰੋਜ਼ਪੁਰ ਰੋਡ, ਸ਼ਾਮ ਨਗਰ ਰੋਡ, ਹਰਨਾਮ ਨਗਰ ਰੋਡ ਤੇ ਦੁੱਗਰੀ ਰੋਡ ’ਤੇ ਸਥਿਤ ਹਨ। ਜ਼ਿਕਰਯੋਗ ਹੈ ਕਿ ਪਿਛਲੇ ਸਮੇਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਜਾਰੀ ਹੁਕਮਾਂ ਦੀ ਪਾਲਣਾ ਕਰਦਿਆਂ ਅੱਜ ਨਿਗਮ ਦੀ ਬਿਲਡਿੰਗ ਬਰਾਂਚ ਦੀ ਟੀਮ ਨੇ ਉਕਤ ਕਾਰਵਾਈ ਕੀਤੀ ਹੈ।
ਨਗਰ ਨਿਗਮ ਜ਼ੋਨ-ਡੀ ਦੀ ਬਿਲਡਿੰਗ ਬਰਾਂਚ ਦੇ ਅਧਿਕਾਰੀਆਂ ਨੇ ਦੱਸਿਆ ਕਿ ਨਗਰ ਨਿਗਮ ਕਮਿਸ਼ਨਰ ਆਦਿੱਤਿਆ ਡੇਚਲੱਵਾਲ ਦੇ ਨਿਰਦੇਸ਼ਾਂ ’ਤੇ ਇਹ ਸੀਲਿੰਗ ਅਭਿਆਨ ਚਲਾਇਆ ਗਿਆ ਸੀ ਅਤੇ ਆਉਣ ਵਾਲੇ ਦਿਨਾਂ ਵਿੱਚ ਅਜਿਹੀਆਂ ਉਲੰਘਣਾਵਾਂ ਵਾਲੇ ਹੋਰ ਹੋਟਲਾਂ ਵਿਰੁੱਧ ਵੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਇਹ ਅਜਿਹੇ ਹੋਟਲ ਹਨ, ਜਿਨ੍ਹਾਂ ਨੋ ਛੋਟੀ ਛੋਟੀ ਥਾਵਾਂ ’ਤੇ ਹੋਟਲ ਬਣਾਏ ਹੋਏ ਹਨ। ਉਨ੍ਹਾਂ ਕੋਲ ਕਮਰੇ ਤਾਂ ਨਹੀਂ, ਪਰ ਪਾਰਕਿੰਗ ਲਈ ਬਿਲਕੁਲ ਵੀ ਥਾਂ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਹੋਟਲ ਵਾਲਿਆਂ ਨੂੰ ਪਹਿਲਾਂ ਵੀ ਨੋਟਿਸ ਜਾਰੀ ਕੀਤੇ ਗਏ ਸਨ, ਕਿ ਉਹ ਪਾਰਕਿੰਗ ਦਾ ਇੰਤਜਾਮ ਕੀਤਾ ਜਾਵੇ। ਪਰ ਬਾਰ ਬਾਰ ਕਹਿਣ ਦੇ ਬਾਵਜੂਦ ਪਾਰਕਿੰਗ ਸਥਾਨ ਦਾ ਇੰਤਜ਼ਾਮ ਨਹੀਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਹੁਣ ਸਖ਼ਤ ਕਾਰਵਾਈ ਕਰਦੇ ਹੋਏ ਨਗਰ ਨਿਗਮ ਦੀ ਟੀਮ ਨੇ 8 ਹੋਟਲਾਂ ਨੂੰ ਸੀਲ ਕਰ ਦਿੱਤਾ ਹੈ। ਇਹ ਹੋਟਲ ਬਸ ਸਟੈਂਡ ਤੇ ਹੋਰਨਾਂ ਰਿਹਾਇਸ਼ੀ ਇਲਾਕਿਆਂ ਦੇ ਨੇੜੇ ਬਣੇ ਹੋਏ ਸਨ।