ਨਗਰ ਨਿਗਮ ਚੋਣਾਂ: ਵਾਰਡਬੰਦੀ ਤੋਂ ਖਫ਼ਾ ਭਾਜਪਾ ਆਗੂਆਂ ਵਲੋਂ ਇਤਰਾਜ਼ ਦਾਖ਼ਲ
ਜਸਬੀਰ ਸਿੰਘ ਚਾਨਾ
ਫਗਵਾੜਾ, 8 ਜੂਨ
ਨਗਰ ਨਿਗਮ ਚੋਣਾਂ ਸਬੰਧੀ ਕੀਤੀ ਗਈ ਵਾਰਡਬੰਦੀ ਤੋਂ ਭਾਵੇਂ ਸਾਰੀਆਂ ਵਿਰੋਧੀ ਪਾਰਟੀਆਂ ਖਫ਼ਾ ਹਨ ਪਰ ਅੱਜ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੇ ਬਲਾਕ ਪ੍ਰਧਾਨ ਵਿੱਕੀ ਸੂਦ ਦੀ ਅਗਵਾਈ ਹੇਠ 20 ਇਤਰਾਜ਼ ਨਿਗਮ ਦਫ਼ਤਰ ‘ਚ ਦਾਖ਼ਲ ਕੀਤੇ ਤੇ ਇਸ ਵਾਰਡਬੰਦੀ ਨੂੰ ਪੂਰੀ ਤਰ੍ਹਾਂ ਦਰੁੱਸਤ ਕਰਨ ਦੀ ਮੰਗ ਕੀਤੀ ਹੈ। ਇਸ ਤੋਂ ਪਹਿਲਾ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਦੇ ਘਰ ਪਾਰਟੀ ਵਰਕਰਾ ਦੀ ਮੀਟਿੰਗ ਹੋਈ ਜਿਸ ‘ਚ ਇਸ ਮੁੱਦੇ ਨੂੰ ਗੰਭੀਰਤਾ ਨਾਲ ਲਿਆ ਗਿਆ ਤੇ ਕਿਹਾ ਕਿ ਬਹੁਤ ਜਲਦੀ ਨਵੀਂ ਸਰਕਾਰ ਨੇ ਵਾਰਡਬੰਦੀ ਦਾ ਕੰਮ ਕਰਕੇ ਸਾਰਾ ਕੁੱਝ ਉੱਥਲ ਪੁੱਥਲ ਕਰ ਦਿੱਤਾ ਹੈ। ਇਥੋਂ ਦੇ ਨਗਰ ਨਿਗਮ ਦੇ ਅਫ਼ਸਰ ਵੀ ਨਹੀਂ ਚਾਹੁੰਦੇ ਕਿ ਚੋਣ ਹੋਵੇ ਤੇ ਉਹ ਚਾਹੁੰਦੇ ਹਨ ਕਿ ਅਫ਼ਸਰ ਰਾਜ ਕਰਦੇ ਰਹਿਣ।
ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਵਾਰਡਬੰਦੀ ਦਾ ਕੰਮ ਦਰੁੱਸਤ ਨਾ ਕੀਤਾ ਤਾਂ ਉਹ ਇਸ ਸਬੰਧ ‘ਚ ਉੱਚ ਪੱਧਰੀ ਕਾਨੂੰਨੀ ਕਾਰਵਾਈ ਕਰਨ ਲਈ ਮਜਬੂਰ ਹੋਣਗੇ ਤੇ ਅਫ਼ਸਰਸ਼ਾਹੀ ਤੇ ਸਥਾਨਕ ਲੀਡਰਾਂ ਦੀਆਂ ਇਹ ਕੋਝੀਆਂ ਚਾਲਾਂ ਨਹੀਂ ਚੱਲਣ ਦੇਣਗੇ। ਇਸ ਮੌਕੇ ਪਰਮਜੀਤ ਪੰਮਾ, ਸਾਬਕਾ ਮੇਅਰ ਅਰੁਨ ਖੋਸਲਾ, ਰੀਟਾ, ਪਰਦੀਪ ਅਹੂਜਾ, ਮਹਿੰਦਰਪਾਲ ਥਾਪਰ, ਜਸਵਿੰਦਰ ਕੌਰ, ਨਿਤਿਨ ਚੱਢਾ, ਨਿਤਿਨ ਸ਼ਾਲੂ, ਰਾਜੀਵ ਪਾਹਵਾ, ਚੰਦਰੇਸ਼ ਕੌਲ ਸਮੇਤ ਕਈ ਆਗੂ ਸ਼ਾਮਿਲ ਸਨ। ਉਨ੍ਹਾਂ ਕਿਹਾ ਕਿ ਇਸ ਮਸਲੇ ਦਾ ਜਲਦੀ ਹੱਲ ਕੱਢਿਆ ਜਾਵੇ।