ਮੁੰਬਈ ਪੁਲੀਸ ਨੇ ਅਨਮੋਲ ਬਿਸ਼ਨੋਈ ਦੀ ਹਵਾਲਗੀ ਦਾ ਪ੍ਰਸਤਾਵ ਗ੍ਰਹਿ ਮੰਤਰਾਲੇ ਨੂੰ ਭੇਜਿਆ
ਮੁੰਬਈ, 2 ਨਵੰਬਰ
ਮੁੰਬਈ ਪੁਲੀਸ ਨੇ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਛੋਟੇ ਭਰਾ ਅਨਮੋਲ ਬਿਸ਼ਨੋਈ ਦੀ ਹਵਾਲਗੀ ਦਾ ਪ੍ਰਸਤਾਵ ਗ੍ਰਹਿ ਮੰਤਰਾਲੇ ਨੂੰ ਭੇਜਿਆ ਹੈ। ਅਨਮੋਲ, ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨਸੀਪੀ) ਆਗੂ ਅਤੇ ਸਾਬਕਾ ਵਿਧਾਇਕ ਬਾਬਾ ਸਿੱਦੀਕੀ ਦੀ ਹੱਤਿਆ ਸਣੇ ਕੁਝ ਚਰਚਿਤ ਮਾਮਲਿਆਂ ਵਿੱਚ ਨਾਮਜ਼ਦ ਮੁਲਜ਼ਮ ਹੈ। ਸੀਨੀਅਰ ਪੁਲੀਸ ਅਧਿਕਾਰੀ ਨੇ ਅੱਜ ਦੱਸਿਆ ਕਿ ਅਮਰੀਕੀ ਅਧਿਕਾਰੀਆਂ ਨੇ ਮੁੰਬਈ ਪੁਲੀਸ ਨੂੰ ਅਨਮੋਲ ਬਿਸ਼ਨੋਈ ਦੇ ਉਨ੍ਹਾਂ ਦੇ ਦੇਸ਼ ਵਿੱਚ ਹੋਣ ਦੀ ਸੂਚਨਾ ਦਿੱਤੀ, ਜਿਸ ਮਗਰੋਂ ਇਹ ਪ੍ਰਸਤਾਵ ਭੇਜਿਆ ਗਿਆ ਹੈ। ਪਿਛਲੇ ਮਹੀਨੇ ਮੁੰਬਈ ਪੁਲੀਸ ਦੀ ਅਪਰਾਧ ਸ਼ਾਖਾ ਨੇ ਵਿਸ਼ੇਸ਼ ਮਹਾਰਾਸ਼ਟਰ ਸੰਗਠਿਤ ਅਪਰਾਧ ਕੰਟਰੋਲ ਐਕਟ (ਮਕੋਕਾ) ਅਦਾਲਤ ਵਿੱਚ ਪਟੀਸ਼ਨ ਦਾਇਰ ਕਰ ਕੇ ਕਿਹਾ ਸੀ ਕਿ ਉਹ ਭਗੌੜੇ ਅਪਰਾਧੀ ਅਨਮੋਲ ਬਿਸ਼ਨੋਈ ਦੀ ਹਵਾਲਗੀ ਦੀ ਪ੍ਰਕਿਰਿਆ ਸ਼ੁਰੂ ਕਰਨਾ ਚਾਹੁੰਦੀ ਹੈ। ਉਸ ਨੇ ਅਗਲੀ ਜ਼ਰੂਰੀ ਕਾਰਵਾਈ ਲਈ ਹਲਫ਼ਨਾਮਾ ਦਾਖ਼ਲ ਕੀਤਾ ਸੀ, ਜਿਸ ਨੂੰ ਵਿਸ਼ੇਸ਼ ਅਦਾਲਤ ਨੇ ਸਵੀਕਾਰ ਕਰ ਲਿਆ ਸੀ। ਮੁੰਬਈ ਪੁਲੀਸ ਨੇ ਅਨਮੋਲ ਬਿਸ਼ਨੋਈ ਦੀ ਹਵਾਲਗੀ ਦਾ ਪ੍ਰਸਤਾਵ ਗ੍ਰਹਿ ਮੰਤਰਾਲੇ ਨੂੰ ਭੇਜਿਆ ਹੈ, ਜਿਸ ਨੂੰ ਉੱਥੋਂ ਵਿਦੇਸ਼ ਮੰਤਰਾਲੇ ਨੂੰ ਭੇਜਿਆ ਜਾਵੇਗਾ। -ਪੀਟੀਆਈ
ਬਿਸ਼ਨੋਈ ਭਰਾ ਗਲੈਕਸੀ ਅਪਾਰਟਮੈਂਟ ਗੋਲੀ ਕਾਂਡ ਦੇ ਮੁਲਜ਼ਮ
ਲਾਰੈਂਸ ਬਿਸ਼ਨੋਈ ਅਤੇ ਅਨਮੋਲ ਬਿਸ਼ਨੋਈ ਨੂੰ 14 ਅਪਰੈਲ ਨੂੰ ਮੁੰਬਈ ਦੇ ਬਾਂਦਰਾ ਇਲਾਕੇ ਵਿੱਚ ਬੌਲੀਵੁੱਡ ਅਦਾਕਾਰ ਸਲਮਾਨ ਖਾਨ ਦੇ ਗੈਲੇਕਸੀ ਅਪਾਰਟਮੈਂਟ ਦੇ ਬਾਹਰ ਹੋਈ ਗੋਲੀਬਾਰੀ ਦੀ ਘਟਨਾ ’ਚ ਲੋੜੀਂਦੇ ਮੁਲਜ਼ਮਾਂ ਵਜੋਂ ਨਾਮਜ਼ਦ ਕੀਤਾ ਗਿਆ ਸੀ। ਵਿੱਕੀ ਗੁਪਤਾ ਤੇ ਸਾਗਰ ਪਾਲ ਨੇ ਇਹ ਗੋਲੀਬਾਰੀ ਕੀਤੀ ਸੀ। ਉਨ੍ਹਾਂ ਨੂੰ ਸੋਨੂੰ ਕੁਮਾਰ ਬਿਸ਼ਨੋਈ, ਮੁਹੰਮਦ ਰਫ਼ੀਕ ਚੌਧਰੀ ਅਤੇ ਹਰਪਾਲ ਸਿੰਘ ਦੇ ਨਾਲ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਹ ਫਿਲਹਾਲ ਨਿਆਂਇਕ ਹਿਰਾਸਤ ’ਚ ਹਨ। ਇਕ ਹੋਰ ਮੁਲਜ਼ਮ ਅਨੁਜ ਕੁਮਾਰ ਥਾਪਨ ਨੇ ਪੁਲੀਸ ਹਿਰਾਸਤ ’ਚ ਖ਼ੁਦਕੁਸ਼ੀ ਕਰ ਲਈ ਸੀ। ਸਿੱਦੀਕੀ ਦੀ 12 ਅਕਤੂਬਰ ਨੂੰ ਉਸ ਦੇ ਪੁੱਤਰ ਤੇ ਵਿਧਾਇਕ ਜੀਸ਼ਾਨ ਸਿੱਦੀਕੀ ਦੇ ਦਫ਼ਤਰ ਕੋਲ ਤਿੰਨ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ। -ਪੀਟੀਆਈ
ਸਥਾਪਤ ਪ੍ਰਕਿਰਿਆ ਤਹਿਤ ਕਾਰਵਾਈ ਕੀਤੀ ਜਾਵੇਗੀ: ਵਿਦੇਸ਼ ਮੰਤਰਾਲਾ
ਨਵੀਂ ਦਿੱਲੀ: ਮੁੰਬਈ ਪੁਲੀਸ ਵੱਲੋਂ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਛੋਟੇ ਭਰਾ ਅਨਮੋਲ ਦੀ ਹਵਾਲਗੀ ਸਬੰਧੀ ਪ੍ਰਸਤਾਵ ਗ੍ਰਹਿ ਮੰਤਰਾਲੇ ਨੂੰ ਭੇਜੇ ਜਾਣ ਦੇ ਮੱਦੇਨਜ਼ਰ ਵਿਦੇਸ਼ ਮੰਤਰਾਲੇ ਨੇ ਅੱਜ ਕਿਹਾ ਕਿ ਇਹ ਮਸਲੇ ਕਾਨੂੰਨ ਦੇ ਦਾਇਰੇ ਵਿੱਚ ਆਉਂਦੇ ਹਨ, ਇਸ ਵਾਸਤੇ ਸਥਾਪਤ ਪ੍ਰਕਿਰਿਆ ਤਹਿਤ ਕਾਰਵਾਈ ਕੀਤੀ ਜਾਵੇਗੀ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਣਧੀਰ ਜੈਸਵਾਲ ਨੇ ਇੱਥੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ, ‘‘ਤੁਸੀਂ ਅਨਮੋਲ ਬਿਸ਼ਨੋਈ ਦੀ ਗੱਲ ਕਰ ਰਹੇ ਸੀ। ਜਾਂਚ ਅਜੇ ਜਾਰੀ ਹੈ। ਇਹ ਮਾਮਲੇ ਕਾਨੂੰਨ ਦੇ ਦਾਇਰੇ ਵਿੱਚ ਆਉਂਦੇ ਹਨ, ਇਸ ਵਾਸਤੇ ਇਸ ਮੁੱਦੇ ’ਤੇ ਸਥਾਪਤ ਪ੍ਰਕਿਰਿਆ ਤਹਿਤ ਕਾਰਵਾਈ ਕੀਤੀ ਜਾਵੇਗੀ।’’ -ਪੀਟੀਆਈ