ਮੁੰਬਈ ਤੇ ਦਿੱਲੀ ਆਈਆਈਟੀਜ਼ ਸਿਖਰਲੀਆਂ 150 ਯੂਨੀਵਰਸਿਟੀਆਂ ਵਿੱਚ ਸ਼ਾਮਲ
ਨਵੀਂ ਦਿੱਲੀ, 5 ਜੂਨ
ਬੰਬੇ ਅਤੇ ਦਿੱਲੀ ਦੇ ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ (ਆਈਆਈਟੀਜ਼) ਦੁਨੀਆ ਦੀਆਂ 150 ਯੂਨੀਵਰਸਿਟੀਆਂ ’ਚ ਸ਼ਾਮਲ ਹਨ ਜਦਕਿ ਮੈਸਾਚੁਸੈਟਸ ਇੰਸਟੀਚਿਊਟ ਆਫ਼ ਟੈਕਨਾਲੋਜੀ (ਐੱਮਆਈਟੀ) ਨੇ 13ਵੀਂ ਵਾਰ ਆਲਮੀ ਪੱਧਰ ’ਤੇ ਬਿਹਤਰੀਨ ਯੂਨੀਵਰਸਿਟੀ ਦਾ ਰੈਂਕ ਕਾਇਮ ਰੱਖਿਆ ਹੈ। ਕਿਊਐੱਸ ਵਰਲਡ ਯੂਨੀਵਰਸਿਟੀ ਰੈਂਕਿੰਗ, 2025 ’ਚ ਆਈਆਈਟੀ ਮੁੰਬਈ ਪਿਛਲੇ ਸਾਲ ਦੇ 149ਵੇਂ ਤੋਂ 31 ਰੈਂਕ ਉਪਰ ਚੜ੍ਹ ਕੇ 118ਵੇਂ ਨੰਬਰ ’ਤੇ ਆ ਗਿਆ ਹੈ। ਇਸੇ ਤਰ੍ਹਾਂ ਆਈਆਈਟੀ ਦਿੱਲੀ ਨੇ ਆਪਣੀ ਰੈਂਕਿੰਗ ’ਚ 47 ਅੰਕਾਂ ਦਾ ਸੁਧਾਰ ਕਰਦਿਆਂ ਆਲਮੀ ਪੱਧਰ ’ਤੇ 150ਵਾਂ ਸਥਾਨ ਹਾਸਲ ਕੀਤਾ ਹੈ। ਲੰਡਨ ਆਧਾਰਿਤ ਉਚੇਰੀ ਸਿੱਖਿਆ ਬਾਰੇ ਅਧਿਐਨ ਕਰਨ ਵਾਲੇ ‘ਕੁਆਕਿਊਰੇਲੀ ਸਾਇਮੰਡਸ’ (ਕਿਊਐੱਸ) ਵੱਲੋਂ ਪ੍ਰਕਾਸ਼ਿਤ ਰੈਂਕਿੰਗ ਮੁਤਾਬਕ ਦਿੱਲੀ ਯੂਨੀਵਰਸਿਟੀ ਦੀ ਆਪਣੇ ਗਰੈਜੁਏਟਸ ਦੀ ਰੁਜ਼ਗਾਰ ਸਮਰੱਥਾ ਦੇ ਮਾਮਲੇ ’ਚ ਹਾਲਤ ਵਧੀਆ ਹੈ ਅਤੇ ‘ਰੁਜ਼ਗਾਰ ਨਤੀਜਿਆਂ’ ਦੇ ਵਰਗ ’ਚ ਆਲਮੀ ਪੱਧਰ ’ਤੇ 44ਵੇਂ ਸਥਾਨ ’ਤੇ ਹੈ। ਰੈਂਕਿੰਗ ’ਚ 46 ਯੂਨੀਵਰਸਿਟੀਆਂ ਨੂੰ ਸ਼ਾਮਲ ਕੀਤੇ ਜਾਣ ਨਾਲ ਭਾਰਤੀ ਉੱਚ ਸਿੱਖਿਆ ਪ੍ਰਣਾਲੀ ਨੁਮਾਇੰਦਗੀ ਦੇ ਮਾਮਲੇ ’ਚ ਆਲਮੀ ਪੱਧਰ ’ਤੇ ਸੱਤਵੇਂ ਅਤੇ ਏਸ਼ੀਆ ’ਚ ਤੀਜੇ ਨੰਬਰ ਉਪਰ ਹੈ। ਉਧਰ ਦੁਨੀਆ ਦੀਆਂ ਸਿਖਰਲੀਆਂ 400 ਯੂਨੀਵਰਸਿਟੀਆਂ ’ਚ ਦੋ ਹੋਰ ਦਿੱਲੀ ਯੂਨੀਵਰਸਿਟੀ (328) ਅਤੇ ਅੰਨਾ ਯੂਨੀਵਰਸਿਟੀ (383) ਸ਼ਾਮਲ ਹੋਈਆਂ ਹਨ। -ਪੀਟੀਆਈ