ਬਹੁਮੰਜ਼ਿਲਾ ਪਾਰਕਿੰਗ: ਸੜਕਾਂ ’ਤੇ ਉੱਤਰੇ ਬਠਿੰਡਾ ਵਾਸੀ
ਨਿੱਜੀ ਪੱਤਰ ਪ੍ਰੇਰਕ/ਪੱਤਰ ਪ੍ਰੇਰਕ
ਬਠਿੰਡਾ, 8 ਅਗਸਤ
ਇੱਥੇ ਮਾਲ ਰੋਡ ’ਤੇ ਬਣੀ ਬਹੁਮੰਜਿ਼ਲੀ ਪਾਰਕਿੰਗ ਦੇ ਪ੍ਰਬੰਧਕਾਂ ਦੀਆਂ ਕਾਰਵਾਈਆਂ ਤੋਂ ਦੁਖੀ ਸ਼ਹਿਰ ਦੇ ਸੰਗਠਨਾਂ ਨੇ ਅੱਜ ਇੱਥੇ ਹਨੂੰਮਾਨ ਚੌਕ ਤੋਂ ਨਗਰ ਨਿਗਮ ਦੇ ਦਫ਼ਤਰ ਤੱਕ ਰੋਸ ਮਾਰਚ ਕਰ ਕੇ ਨਿਗਮ ਦੇ ਅਧਿਕਾਰੀਆਂ ਨੂੰ ਦਖ਼ਲਅੰਦਾਜ਼ੀ ਕਰਨ ਲਈ ਮੰਗ ਪੱਤਰ ਦਿੱਤਾ।
ਰੋਸ ਮਾਰਚ ਵਿਚ ਵਪਾਰ ਮੰਡਲ, ਸਮਾਜ ਸੇਵੀ ਜਥੇਬੰਦੀਆਂ ਅਤੇ ਹੋਰ ਸਮਾਜਿਕ ਤੇ ਧਾਰਮਿਕ ਸੰਗਠਨਾਂ ਦੇ ਨੁਮਾਇੰਦੇ ਸ਼ਾਮਿਲ ਹੋਏ। ਇਸ ਮੌਕੇ ਸੰਬੋਧਨ ਕਰਦਿਆਂ ਸਾਬਕਾ ਮੰਤਰੀ ਚਿਰੰਜੀ ਲਾਲ ਗਰਗ, ਸਮਾਜ ਸੇਵੀ ਗੁਰਵਿੰਦਰ ਸ਼ਰਮਾ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਇਕਬਾਲ ਸਿੰਘ (ਬਬਲੀ ਢਿੱਲੋਂ), ਸਮਾਜ ਸੇਵਕ ਸੋਨੂੰ ਮਹੇਸ਼ਵਰੀ ਆਦਿ ਨੇ ਦੋਸ਼ ਲਾਇਆ ਕਿ ਪਾਰਕਿੰਗ ਠੇਕੇ ’ਤੇ ਚਲਾ ਰਹੇ ਸੰਚਾਲਕਾਂ ਵੱਲੋਂ ਸੜਕਾਂ ਤੋਂ ਪੀਲੀ ਪੱਟੀ ਖ਼ਤਮ ਕਰ ਦਿੱਤੀ ਗਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਆਟੋ ਅਤੇ ਟਰੱਕ ਤਾਂ ਸੜਕਾਂ ’ਤੇ ਆਮ ਖੜ੍ਹੇ ਮਿਲਣਗੇ ਪਰ ਕਾਰ ਨੂੰ ਸੜਕ ’ਤੇ ਵੇਖਦਿਆਂ ਹੀ ਕਰੇਨ ਆਉਂਦੀ ਹੈ ਅਤੇ ਟੋਅ ਕਰ ਕੇ ਲੈ ਜਾਂਦੀ ਹੈ। ਉਨ੍ਹਾਂ ਕਿਹਾ ਕਿ 800 ਰੁਪਏ ਦੀ ਵਸੂਲੀ ਕਰ ਕੇ ਕਾਰ ਵਾਪਸ ਕੀਤੀ ਜਾਂਦੀ ਹੈ, ਜੋ ਕਿ ਲੋਕਾਂ ਨਾਲ ਸਰਾਸਰ ਧੱਕਾ ਹੈ।
ਉਨ੍ਹਾਂ ਮੰਗ ਪੱਤਰ ’ਚ ਕਿਹਾ ਕਿ ਨਗਰ ਨਿਗਮ ਵੱਲੋਂ ਠੇਕੇ ’ਤੇ ਦਿੱਤੀ ਪਾਰਕਿੰਗ ਬਾਰੇ ਪੁਨਰ ਵਿਚਾਰ ਹੋਣਾ ਚਾਹੀਦਾ ਹੈ ਅਤੇ ਇਸ ਕਿਸਮ ਦੀ ਧੱਕੇਸ਼ਾਹੀ ਨੂੰ ਲਗਾਮ ਲੱਗਣੀ ਚਾਹੀਦੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਨਿਗਮ ਦੇ ਅਧਿਕਾਰੀਆਂ ਨੇ ਸ਼ਹਿਰੀਆਂ ਦੀ ਗੱਲ ਨਾ ਸੁਣੀ ਤਾਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਸ੍ਰੀ ਢਿੱਲੋਂ ਨੇ ਐਲਾਨ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ 16 ਅਗਸਤ ਤੋਂ ਤਿੰਨ ਦਿਨਾਂ ਦੀ ਭੁੱਖ ਹੜਤਾਲ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਨਗਰ ਨਿਗਮ ਦੇ ਕਮਿਸ਼ਨਰ ਅਤੇ ਮੇਅਰ ਨੂੰ ਚਾਹੀਦਾ ਹੈ ਕਿ ਉਹ ਜਲਦੀ ਤੋਂ ਜਲਦੀ ਹਾਊਸ ਮੀਟਿੰਗ ਬੁਲਾ ਕੇ ਮਸਲਾ ਹੱਲ ਕਰਨ।