ਹੜ੍ਹ ਪ੍ਰਭਾਵਿਤ ਇਲਾਕਿਆਂ ’ਚ ਗਾਰ ਬਣੀ ਸਮੱਸਿਆ
ਪੱਤਰ ਪ੍ਰੇਰਕ
ਜਲੰਧਰ, 26 ਜੁਲਾਈ
ਜ਼ਿਲ੍ਹੇ ਵਿਚ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਜਿੱਥੇ ਹੁਣ ਪਾਣੀ ਘਟ ਰਿਹਾ ਹੈ, ਉਸ ਥਾਂ ’ਤੇ ਸਫ਼ਾਈ ਦੀ ਸਮੱਸਿਆ ਪੇਸ਼ ਆ ਰਹੀ ਹੈ। ਘਰਾਂ, ਸਕੂਲਾਂ ਅਤੇ ਹੋਰ ਥਾਵਾਂ ਵਿੱਚ ਗਾਰ ਜਾਣ ਕਾਰਨ ਇੱਕ-ਇੱਕ ਕਮਰੇ ਦੀ ਸਫ਼ਾਈ ਲਈ ਦਨਿ ਭਰ ਤੋਂ ਜ਼ਿਆਦਾ ਸਮਾਂ ਲੱਗ ਰਿਹਾ ਹੈ। ਪਿੰਡ ਮੰਡਾਲਾ ਛੱਨਾਂ ਤੇ ਹੋਰ ਪਿੰਡਾਂ ਵਿਚ ਪਾਣੀ ਘਟਣ ਮਗਰੋਂ ਲੋਕ ਤੇ ਸਮਾਜ ਸੇਵੀ ਸੰਸਥਾਵਾਂ ਹੁਣ ਸਫ਼ਾਈ ਕਰਨ ਵਿੱਚ ਲੱਗ ਗਈਆਂ ਹਨ। ਨੌਜਵਾਨਾਂ ਵੱਲੋਂ ਮਸ਼ੀਨਾਂ ਲਾ ਕੇ ਸਕੂਲ ਵਿੱਚੋਂ ਗਾਰ ਕੱਢੀ ਗਈ ਜਿਸ ਨੂੰ ਦੋ ਦਨਿ ਤੋਂ ਵੱਧ ਸਮਾਂ ਲੱਗ ਗਿਆ। ਇਸੇ ਤਰ੍ਹਾਂ ਪਿੰਡ ਵਿੱਚ ਲੋਕ ਪਸ਼ੂਆਂ ਵਾਲੇ ਸੈੱਡਾਂ ਵਿਚ ਵੀ ਸਫ਼ਾਈ ਕਰ ਰਹੇ ਹਨ ਤਾਂ ਜੋ ਉਹ ਆਪਣੇ ਪਸ਼ੂਆਂ ਨੂੰ ਸਾਫ਼ ਥਾਂ ’ਤੇ ਰੱਖ ਸਕਣ।
ਇਸ ਮੌਕੇ ਪਿੰਡ ਵਾਸੀਆਂ ਨੇ ਦੱਸਿਆ ਕਿ ਪਾਣੀ ਘਟ ਜਾਣ ਤੋਂ ਬਾਅਦ ਹੁਣ ਉਨ੍ਹਾਂ ਨੂੰ ਸਫ਼ਾਈ ਕਰਨ ਵਿਚ ਦਿੱਕਤ ਪੇਸ਼ ਆ ਰਹੀ ਹੈ ਤੇ ਪਿੰਡਾਂ ਦੇ ਲੋਕ ਸਫ਼ਾਈ ਕਰਨ ਲਈ ਇੱਕ-ਦੂਜੇ ਦਾ ਸਾਥ ਦੇ ਰਹੇ ਹਨ। ਪਿੰਡਾਂ ਵਿਚ ਹਰ ਪਾਸੇ ਗਾਰ ਹੀ ਦਿਖਾਈ ਦੇ ਰਹੀ ਹੈ। ਦੂਜੇ ਪਾਸੇ, ਖੇਤਾਂ ਵਿਚ ਪਾਣੀ ਖੜ੍ਹਾ ਹੋਣ ਕਾਰਨ ਪਸ਼ੂਆਂ ਦੇ ਚਾਰੇ ਦੀ ਫ਼ਸਲ ਖ਼ਤਮ ਹੀ ਹੋ ਗਈ ਹੈ ਜਿਸ ਕਾਰਨ ਪਸ਼ੂਆਂ ਦੇ ਹਰੇ ਚਾਰੇ ਦੀ ਘਾਟ ਹੋ ਰਹੀ ਹੈ। ਭੁੱਖੇ ਰਹਿਣ ਕਾਰਨ ਪਸ਼ੂਆਂ ਨੂੰ ਪੇਟ ਅਤੇ ਕਮਜ਼ੋਰੀ ਦੀਆਂ ਸਮੱਸਿਆ ਹੋ ਰਹੀ ਹੈ। ਪਸ਼ੂ ਪਾਲਕਾਂ ਨੇ ਦੱਸਿਆ ਕਿ ਕਈ ਸੰਸਥਾਵਾਂ ਦੇ ਕਾਰਕੁਨ ਪਸ਼ੂਆਂ ਨੂੰ ਚਾਰਾ ਪਾ ਕੇ ਜਾਂਦੇ ਹਨ ਪਰ ਫਿਰ ਵੀ ਵੱਡੀ ਗਿਣਤੀ ਪਸ਼ੂ ਭੁੱਖੇ ਰਹਿ ਜਾਂਦੇ ਹਨ।