ਵਿਦਿਆਰਥੀਆਂ ਦੇ ਧਰਨੇ ਵਿੱਚ ਪੁੱਜੇ ਸੰਸਦ ਮੈਂਬਰ ਡਾ. ਗਾਂਧੀ
ਗੁਰਨਾਮ ਸਿੰਘ ਅਕੀਦਾ
ਪਟਿਆਲਾ, 29 ਸਤੰਬਰ
ਇੱਥੇ ਦੀ ਭਾਦਸੋਂ ਰੋਡ ’ਤੇ ਸਥਿਤ ਰਾਜੀਵ ਗਾਂਧੀ ਨੈਸ਼ਨਲ ਲਾਅ ਯੂਨੀਵਰਸਿਟੀ ਦੇ ਵਿਦਿਆਰਥੀਆਂ ਦਾ ਵਾਈਸ ਚਾਂਸਲਰ ਨੂੰ ਹਟਾਉਣ ਲਈ ਅੱਜ ਸੱਤਵੇਂ ਦਿਨ ਵੀ ਸੰਘਰਸ਼ ਜਾਰੀ ਰਿਹਾ। ਅੱਜ ਵਿਦਿਆਰਥੀ ਸੰਘਰਸ਼ ਵਿੱਚ ਸਿਆਸੀ ਸ਼ਮੂਲੀਅਤ ਵੀ ਹੋ ਗਈ ਹੈ ਜਿਸ ਤਹਿਤ ਅੱਜ ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਵਿਦਿਆਰਥੀ ਸੰਘਰਸ਼ ਵਿਚ ਸ਼ਾਮਲ ਹੋਏ। ਇੱਥੇ ਸ਼ਾਮ ਵੇਲੇ ਵਿਦਿਆਰਥੀਆਂ ਤੇ ਵਿਦਿਆਰਥਣਾਂ ਨੇ ਯੂਨੀਵਰਸਿਟੀ ਦੀਆਂ ਸੜਕਾਂ ’ਤੇ ਵਾਈਸ ਚਾਂਸਲਰ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਰੋਸ ਮਾਰਚ ਕੀਤਾ।
ਡਾ. ਧਰਮਵੀਰ ਗਾਂਧੀ ਨੇ ਕਿਹਾ ਕਿ ਵਾਈਸ ਚਾਂਸਲਰ ਪਿਤਰੀ ਸੱਤਾ ਦੇ ਪ੍ਰਭਾਵ ਵਿੱਚ ਵਿਦਿਆਰਥੀਆਂ ’ਤੇ ਪੁਰਾਣੇ ਜ਼ਮਾਨੇ ਦੇ ਨਿਯਮ ਲਾਗੂ ਕਰ ਰਹੇ ਹਨ। ਉਹ ਲਾਅ ਯੂਨੀਵਰਸਿਟੀ ਵਰਗੀ ਕੌਮੀ ਸੰਸਥਾ ਦੀਆਂ ਕੁੜੀਆਂ ਨੂੰ ਪੁਰਾਣੇ ਤੇ ਰੂੜੀਵਾਦੀ ਯੁੱਗ ਦਾ ਅਹਿਸਾਸ ਕਰਵਾ ਰਹੇ ਹਨ। ਵਾਈਸ ਚਾਂਸਲਰ ਵੱਲੋਂ ਕੁੜੀਆਂ ਦੇ ਪਹਿਰਾਵੇ ’ਤੇ ਟਿੱਪਣੀਆਂ ਕਰਨੀਆਂ ਨਿੰਦਣਯੋਗ ਹਨ ਤੇ ਉਹ ਯੂਨੀਵਰਸਿਟੀ ਨੂੰ ਇਕ ਗ਼ੁਲਾਮ ਸੰਸਥਾ ਬਣਾਉਣਾ ਚਾਹੁੰਦੇ ਹਨ, ਇਸ ਕਰਕੇ ਪੰਜਾਬ ਵਾਸੀਆਂ ਨੂੰ ਇਸ ਯੂਨੀਵਰਸਿਟੀ ਵਿਚ ਚੱਲ ਰਹੇ ਵਿਦਿਆਰਥੀ ਸੰਘਰਸ਼ ਵਿਚ ਵਿਦਿਆਰਥੀਆਂ ਦੀ ਮਦਦ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ, ਕਿਉਂਕਿ ਇਹ ਪੰਜਾਬ ਦੀ ਕੌਮੀ ਯੂਨੀਵਰਸਿਟੀ ਹੈ, ਜਿੱਥੇ ਭਾਰਤ ਦੇ ਵੱਖ ਵੱਖ ਸੂਬਿਆਂ ਦੇ ਬੱਚੇ ਕਾਨੂੰਨ ਦੀ ਪੜ੍ਹਾਈ ਕਰਨ ਲਈ ਆਉਂਦੇ ਹਨ, ਜੇ ਪੰਜਾਬ ਨੇ ਇਨ੍ਹਾਂ ਬੱਚਿਆਂ ਦੀਆਂ ਮੁਸ਼ਕਲਾਂ ਨੂੰ ਨਾ ਸਮਝਿਆ ਤੇ ਇਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਪਿਤਰੀ ਸੱਤਾ ਜਿੱਤ ਜਾਵੇਗੀ ਜਿਸ ਦਾ ਨੁਕਸਾਨ ਆਉਣ ਵਾਲੇ ਸਮੇਂ ਵਿਚ ਸਾਨੂੰ ਝੱਲਣਾ ਪਵੇਗਾ।