ਕਾਰ ਦੀ ਟੱਕਰ ਕਾਰਨ ਮੋਟਰਸਾਈਕਲ ਸਵਾਰ ਹਲਾਕ
ਰਤਨ ਸਿੰਘ ਢਿੱਲੋਂ
ਅੰਬਾਲਾ, 18 ਨਵੰਬਰ
ਅੰਬਾਲਾ ਸ਼ਹਿਰ ਦੇ ਕਾਲਕਾ ਚੌਕ ਵਿੱਚ ਬੀਤੇ ਦਿਨ ਵਾਪਰੇ ਸੜਕ ਹਾਦਸੇ ਵਿੱਚ ਸਰਹਿੰਦ ਵਾਸੀ ਰਾਜ ਕੁਮਾਰ ਦੀ ਮੌਤ ਹੋ ਗਈ। ਅੱਜ ਪੁਲੀਸ ਨੇ ਪੋਸਟਮਾਰਟਮ ਕਰਵਾ ਕੇ ਉਸ ਦੀ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ।
ਅੰਬਾਲਾ ਸ਼ਹਿਰ ਦੇ ਨਜ਼ਦੀਕੀ ਪਿੰਡ ਜਨਸੂਆ ਦੇ ਰਹਿਣ ਵਾਲੇ ਰਾਮ ਪਾਲ ਨੇ ਬਲਦੇਵ ਨਗਰ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਕੱਲ੍ਹ ਦੇਰ ਸ਼ਾਮ ਉਸ ਦਾ ਜੀਜਾ ਰਾਜ ਕੁਮਾਰ ਵਾਸੀ ਪ੍ਰੀਤ ਨਗਰ ਸਰਹਿੰਦ (ਫ਼ਤਹਿਗੜ੍ਹ) ਮੋਟਰਸਾਈਕਲ ਤੇ ਡੈਹਰ ਅੰਬਲੀ (ਨਰਾਇਣਗੜ੍ਹ) ਇੱਕ ਸ਼ਾਦੀ ਵਿੱਚ ਜਾ ਰਿਹਾ ਸੀ। ਉਹ ਜਦੋਂ ਕਾਲਕਾ ਚੌਕ ਕੋਲ ਪਹੁੰਚਿਆ ਤਾਂ ਲੁਧਿਆਣਾ ਵੱਲੋਂ ਆ ਰਹੀ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ। ਹਸਪਤਾਲ ਲਿਜਾਣ ’ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲੀਸ ਨੇ ਕਾਰ ਚਾਲਕ ਗੌਰਵ ਕੁਮਾਰ ਵਾਸੀ ਅਮਨ ਨਗਰ ਜਲੰਧਰ ਖ਼ਿਲਾਫ਼ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਹਾਦਸੇ ਵਿਚ ਚਾਚੇ ਦੀ ਮੌਤ, ਭਤੀਜਾ ਜ਼ਖ਼ਮੀ
ਅੰਬਾਲਾ-ਜਗਾਧਰੀ ਹਾਈਵੇਅ ’ਤੇ ਸਾਹਾ ਚੌਕ ਵਿੱਚ ਸੋਮਵਾਰ ਸਵੇਰੇ ਕਰੀਬ 9 ਵਜੇ ਇੱਕ ਟਿੱਪਰ ਚਾਲਕ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ ਸੰਭਾਲਖਾ ਪਿੰਡ ਦੇ 55 ਸਾਲਾ ਗੁਰਮੇਲ ਸਿੰਘ ਦੀ ਮੌਤ ਹੋ ਗਈ ਜਦੋਂਕਿ ਉਸ ਦਾ 40 ਸਾਲਾ ਭਤੀਜਾ ਕੁਲਦੀਪ ਸਿੰਘ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਟਿੱਪਰ ਚਾਲਕ ਹਾਦਸੇ ਤੋਂ ਬਾਅਦ ਮੌਕੇ ਤੋਂ ਫ਼ਰਾਰ ਹੋ ਗਿਆ। ਹਾਦਸੇ ਮਗਰੋਂ ਜਦੋਂ ਕਾਫ਼ੀ ਦੇਰ ਤੱਕ ਪੁਲੀਸ ਘਟਨਾ ਸਥਾਨ ’ਤੇ ਨਾ ਪੁੱਜੀ ਤਾਂ ਮ੍ਰਿਤਕ ਦੇ ਸਕੇ-ਸਬੰਧੀਆਂ ਨੇ ਹਾਈਵੇਅ ’ਤੇ ਜਾਮ ਲਾ ਕੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਜਾਮ ਲੱਗਣ ਦੇ ਪੌਣੇ ਘੰਟੇ ਬਾਅਦ ਬਰਾੜਾ ਡੀਐੱਸਪੀ ਸੁਰੇਸ਼ ਕੁਮਾਰ ਭਾਰੀ ਪੁਲੀਸ ਫੋਰਸ ਲੈ ਕੇ ਪਹੁੰਚੇ ਅਤੇ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਜਿਸ ਤੋਂ ਬਾਅਦ ਜਾਮ ਖੋਲ੍ਹ ਦਿੱਤਾ ਗਿਆ। ਜ਼ਖ਼ਮੀ ਕੁਲਦੀਪ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ ਅੱਜ ਸਵੇਰੇ ਕਰੀਬ 8 ਵਜੇ ਉਹ ਆਪਣੇ ਚਾਚੇ ਗੁਰਮੇਲ ਸਿੰਘ ਨਾਲ ਸੰਭਾਲਖਾ ਤੋਂ ਸਾਹਾ ਮਜ਼ਦੂਰੀ ਲਈ ਜਾ ਰਿਹਾ ਸੀ। ਹਾਦਸੇ ਦੌਰਾਨ ਟਿੱਪਰ ਦਾ ਅਗਲਾ ਟਾਇਰ ਉਸ ਦੇ ਚਾਚੇ ਦੇ ਉੱਤੋਂ ਅਤੇ ਸ਼ਿਕਾਇਤਕਰਤਾ ਦੀਆਂ ਲੱਤਾਂ ਉੱਤੋਂ ਨਿਕਲ ਗਿਆ। ਪੁਲੀਸ ਨੇ ਕੁਲਦੀਪ ਸਿੰਘ ਦੇ ਬਿਆਨ ਤੇ ਅਣਪਛਾਤੇ ਖ਼ਿਲਾਫ਼ ਕੇਸ ਦਰਜ ਕੀਤਾ ਹੈ।