ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਾਂ ਦੀਆਂ ਗੱਲਾਂ

07:57 AM May 03, 2024 IST

ਰਾਵਿੰਦਰ ਫਫ਼ੜੇ

"ਦਰਸ਼ਨਾ ਕੀ ਹਾਲ ਐ, ਕਿਵੇਂ ਖੜ੍ਹਾ ਐਂ ਇੱਥੇ?’’ ਪਿੰਡੋਂ ਮੰਡੀ ਜਾਂਦਿਆਂ ਅਤੇ ਗੁਆਂਢੀ ਪਿੰਡ ’ਚੋਂ ਲੰਘਦਿਆਂ, ਸੜਕ ’ਤੇ ਗੁਰਦੁਆਰਾ ਸਾਹਿਬ ਮੂਹਰੇ ਕੁਝ ਮੁੰਡਿਆਂ ਨਾਲ ਖੜ੍ਹੇ ਦਰਸ਼ਨ ਨੂੰ ਵੇਖਕੇ ਮੈਂ ਮੋਟਰਸਾਈਕਲ ਰੋਕਣ ਤੋਂ ਪਹਿਲਾਂ ਹੀ ਰਿਵਾਜ਼ਨ ਪੁੱਛ ਲਿਆ। ‘‘ਬਾਈ ਕੁਝ ਦਿਨ ਪਹਿਲਾਂ ਪਿੰਡ ਦਾ ਚੰਨਣ ਸਿੰਘ ਅਕਾਲ ਚਲਾਣਾ ਕਰ ਗਿਆ ਸੀ, ਉਸ ਦਾ ਅੱਜ ਭੋਗ ਸੀ, ਭਾਂਡਾ-ਟੀਂਡਾ ਸਾਂਭ-ਸੰਭਾਲ ਰਹੇ ਹਾਂ।’’ ਉਸ ਨੇ ਉੱਤਰ ਦਿੱਤਾ। ‘‘ਤੁਹਾਡਾ ਗੁਆਂਢੀ ਹੋਣਾ?’’ ਉਸ ਦਾ ਉੱਤਰ ਪੂਰਾ ਹੋਣ ਤੋਂ ਪਹਿਲਾਂ ਹੀ ਮੈਂ ਉਸ ਨੂੰ ਸਵਾਲ ਕਰ ਦਿੱਤਾ। ‘‘ਨਹੀਂ! ਘਰ ਤਾਂ ਸਾਡੇ ਤੋਂ ਖਾਸਾ ਦੂਰ ਹੈ, ‘ਵਿਚਾਰੇ’ ਇਕੱਲੇ ਸੀ ਪਤੀ-ਪਤਨੀ, ਪੁੱਤ-ਧੀ ਕੈਨੇਡਾ ਨੇ ਜੋ ਛੁੱਟੀ ਨਾ ਮਿਲਣ ਕਾਰਨ ਆ ਨਹੀਂ ਸਕੇ -ਸਸਕਾਰ ਤੋਂ ਅੰਤਿਮ ਅਰਦਾਸ ਤੱਕ ਸਾਰਾ ਕੁਝ ਪਿੰਡ ਵਾਸੀਆਂ ਅਤੇ ਰਿਸ਼ਤੇਦਾਰਾਂ ਨੇ ਮਿਲ ਕੇ ਨਿਬੇੜਿਆ ਹੈ, ਪੈਸਾ-ਧੇਲਾ ਜਵਾਕਾਂ ਨੇ ਭੇਜ ਦਿੱਤਾ।’’ ਉਸ ਨੇ ਉੱਤਰ ਦਿੱਤਾ।
ਪੰਜਾਬ ਤੋਂ ਵੱਡੀ ਗਿਣਤੀ ਬੱਚੇ-ਵਿਦਿਆਰਥੀ ਬਾਹਰਲੇ ਦੇਸ਼ਾਂ ਨੂੰ ਪ੍ਰਵਾਸ ਕਰ ਰਹੇ ਹਨ। ਪਿੰਡਾਂ ਦੇ ਪਿੰਡ ਖਾਲੀ ਹੋ ਰਹੇ ਹਨ। ਮੇਰੇ ਸਕੇ ਭਤੀਜੀ-ਭਤੀਜਾ, ਕਈ ਰਿਸ਼ਤੇਦਾਰਾਂ ਦੇ ਬੱਚੇ ਅਤੇ ਸਾਡੇ ਗੁਆਂਢ ’ਚੋਂ ਵੀ ਕਈ ਬੱਚੇ ਕੈਨੇਡਾ ਉਡਾਰੀ ਮਾਰ ਗਏ ਹਨ। ਮਾਪੇ ਖੁਸ਼ੀ-ਖੁਸ਼ੀ ਬੱਚਿਆਂ ਨੂੰ ਕਮਾਈਆਂ ਲਈ ਭੇਜਦੇ ਹਨ। ਉਨ੍ਹਾਂ ਦੀ ਤਰੱਕੀ ’ਤੇ ਖੁਸ਼ ਹੁੰਦੇ ਹਨ। ਵਿਦੇਸ਼ਾਂ ਦੀਆਂ ਲੁਭਾਉਣੀਆਂ ਥਾਵਾਂ ਅਤੇ ਵੱਡੀਆਂ ਗੱਡੀਆਂ ਨਾਲ ਖਿਚਵਾਈਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਸਾਂਝੀਆਂ ਕਰਕੇ ਮਾਣ ਮਹਿਸੂਸ ਕਰਦੇ ਹਨ। ਮਾਂ-ਬਾਪ ਆਪਣੀ ਔਲਾਦ ਦੀ ਕਾਮਯਾਬੀ ਵੇਖ ਆਪਣੀਆਂ ਮੁਸੀਬਤਾਂ ਭੁੱਲ ਜਾਂਦੇ ਹਨ ਪਰ ਕਹਿੰਦੇ ਨੇ ਤਰੱਕੀਆਂ ਬੜਾ ਕੁਝ ਖੋਹ ਲੈਂਦੀਆਂ ਹਨ, ਬਾਰ੍ਹਾਂ ਜਮਾਤਾਂ ਕਰਾ ਕੇ ਕੋਹਾਂ ਦੂਰ ਮਸ਼ੀਨਾਂ ਬਣਨ ਤੋਰੇ ਪੁੱਤਾਂ-ਧੀਆਂ ਤੋਂ ਉਨ੍ਹਾਂ ਦੀ ਜਵਾਨੀ, ਬੁਢਾਪੇ ’ਚ ਮਾਪਿਆਂ ਦਾ ਸਹਾਰਾ। ਖੁਸ਼ੀਆਂ ਦੇ ਪਲ ਰਲ-ਮਿਲ ਮਨਾਉਣੇ ਤਾਂ ਦੂਰ, ਅੰਤਿਮ ਸਮੇਂ ਜਾਂ ਅੰਤਿਮ-ਰਸਮਾਂ ’ਤੇ ਵੀ ਸਮੇਂ ਸਿਰ ਨਹੀਂ ਪਹੁੰਚ ਹੁੰਦੀ। ਮਾਂ ਨੂੰ ਸਾਡੇ ਤੋਂ ਹਮੇਸ਼ਾ ਲਈ ਵਿਛੜਿਆਂ 11-12 ਸਾਲ ਹੋ ਗਏ ਹਨ ਪਰ ਜਦੋਂ ਕਦੇ ਅਜਿਹੀ ਗੱਲ ਵੇਖਦਾ ਜਾਂ ਸੁਣਦਾ ਹਾਂ ਤਾਂ ਮਾਂ ਦੀਆਂ ਗੱਲਾਂ ਅਕਸਰ ਹੀ ਚੇਤੇ ਆਉਂਦੀਆਂ ਹਨ। ਅੱਜ ਵੀ ਯਾਦਾਂ ਦੀ ਰੀਲ ਡੇਢ-ਦੋ ਦਹਾਕੇ ਪਿੱਛੇ ਵੱਲ ਘੁੰਮ ਗਈ।
ਉਸ ਸਮੇਂ ਵੱਡਾ ਭਰਾ ਸਰਕਾਰੀ ਮੁਲਾਜ਼ਮ ਸੀ ਅਤੇ ਪਿੰਡ ਤੋਂ ਵੀਹ-ਪੱਚੀ ਕਿਲੋਮੀਟਰ ਦੂਰ ਸ਼ਹਿਰ ਰਹਿੰਦਾ ਸੀ। ਰਿਸ਼ਤੇਦਾਰੀ ਆਦਿ ’ਚ ਮਰਗਤ ਵੇਲੇ ਸਸਕਾਰ, ਫੁੱਲ ਚੁਗਣੇ ਅਤੇ ਭੋਗ ਆਦਿ ਰਸਮਾਂ ਮੌਕੇ, ਮਾਂ ਭਰਾ ਨੂੰ ਮੈਥੋਂ ਫੋਨ ਕਰਾ ਕੇ ਨਾਲ ਚੱਲਣ ਲਈ ਕਹਿੰਦੀ ਤਾਂ ਕਈ ਵਾਰ ਉਹ ਨੌਕਰੀ ਦੀ ਮਜਬੂਰੀ ਕਾਰਨ ਜਾਣ ਤੋਂ ਅਸਮਰੱਥਤਾ ਜ਼ਾਹਿਰ ਕਰਦਾ ਕਹਿੰਦਾ, ‘‘ਤੁਸੀਂ ਜਾ ਆਓ, ਮੈਂ ਕਿਸੇ ਛੁੱਟੀ ਵਾਲੇ ਦਿਨ ਹਾਜ਼ਰੀ ਲਵਾ ਆਉਂਗਾ।’’ ਮਾਂ ਬੁੜ-ਬੁੜ ਕਰਦੀ ਕਹਿੰਦੀ, ‘‘ਇਹ ਤੇਰਾ ਸਕੂਲ ਨਹੀਂ ਕਿ ਐਂ ਹਾਜ਼ਰੀ ਲੱਗੂ, ਰੀਤੀ-ਰਿਵਾਜ ਸੋਡੇ (ਥੋਡੇ) ਮੁਤਾਬਿਕ ਥੋੜ੍ਹੀ ਚੱਲਣਗੇ, ਰਿਸ਼ਤੇ-ਨਾਤਿਆਂ ’ਚ ਜਾਣਾ-ਆਉਣਾ ਚਾਹੀਦੈ। ਗ਼ਮੀ ਵੇਲੇ ਤਾਂ ਫ਼ਰਜ਼ ਬਣਦੈ। ਤੁਸੀਂ ਨੀ ਜਾਓਗੇ ਤਾਂ ਸੋਡੇ ਕੌਣ ਆਊ। ਸ਼ਰੀਕੇ ਨੂੰ ਨਾਲ ਲਿਜਾਂਦੇ ਨੇ, ਆਪਣਾ ਨਾਲ ਨਾ ਹੋਵੇ ਪਤੈ ਕਿੰਨਾ ਬੁਰਾ ਲੱਗਦੈ।’’ ਮੈਂ ਮਾਂ ਨੂੰ ਕਹਿੰਦਾ, ‘‘ਅਸੀਂ ਕਿਹੜਾ ਅਲੱਗ-ਅਲੱਗ ਹਾਂ, ਆਪਾਂ ਦੋ ਜਣੇ ਜਾਵਾਂਗੇ ਹੀ, ਨਾਲੇ ਇਹ ਹਾਜ਼ਰੀ ਹੀ ਤਾਂ ਹੁੰਦੀ ਹੈ। ਮਰਨ ਵਾਲੇ ਨੇ ਕਿਹੜਾ ਹੁਣ ਵਾਪਸ ਆਉਣਾ?’’ ਕਈ ਵਾਰ ਮਾਂ ਰੁਕਦੀ ਨਾ ਤਾਂ ਮਾਂ ਨੂੰ ਚੁੱਪ ਕਰਵਾਉਣ ਲਈ ਮੈਨੂੰ ਕਹਿਣਾ ਪੈਂਦਾ ਕਿ ਸਾਡੇ ਕੋਈ ਨਹੀਂ ਆਊ ਤਾਂ ਨਾ ਆਵੇ। ਕਿਸੇ ਦਿਨ ਮਾਂ ਜ਼ਿਆਦਾ ਦੁਖੀ ਹੁੰਦੀ ਤਾਂ ਮੈਨੂੰ ਵੀ ਤੱਤੀਆਂ-ਤੱਤੀਆਂ ਸੁਣਾ ਦਿੰਦੀ।
ਉਂਝ ਵੀ ਕਦੇ ਮਾਂ ਨੂੰ ਭਰਾ ਨਾਲ ਮਿਲਣ ਦੀ ਇੱਛਾ ਜਾਗਦੀ ਤਾਂ ਉਹ ਮੈਨੂੰ ਫੋਨ ’ਤੇ ਉਸ ਨਾਲ ਗੱਲ ਕਰਾਉਣ ਲਈ ਕਹਿੰਦੀ ਅਤੇ ਫਿਰ ਭਰਾ ਨੂੰ ਮਿਲ ਕੇ ਜਾਣ ਲਈ ਕਹਿੰਦੀ। ਜੇਕਰ ਉਹ ਦੋ-ਚਾਰ ਦਿਨ ਬਾਅਦ ਆਉਣ ਲਈ ਕਹਿੰਦਾ ਤਾਂ ਅੱਗੋਂ ਮਾਂ ਉਸ ਨੂੰ ਮੋਹ ਭਰਿਆ ਮੇਹਣਾ ਮਾਰਦਿਆਂ ਕਹਿੰਦੀ, ‘‘ਜਿਊਂਦਿਆਂ ਦੇ ਮੇਲੇ ਨੇ ਭਾਈ, ਮਰਿਆਂ ਤੋਂ ਇਕੱਠ ਕਰੇ ਦਾ ਮੈਨੂੰ ਕੀ ਭਾਅ ਹੋਣੈ’’
ਬਿਨਾਂ ਸ਼ੱਕ ਮਾਂ ਦੀਆਂ ਗੱਲਾਂ ਵਿਚਲੀ ਸਚਾਈ ਤੋਂ ਅਸੀਂ ਪੂਰੀ ਤਰਾਂ ਵਾਕਿਫ਼ ਸਾਂ। ਇਹ ਵੀ ਜਾਣਦੇ ਸਾਂ ਕਿ ਰਿਸ਼ਤੇ-ਨਾਤੇ ਨੇੜਤਾ ਭਾਲਦੇ ਹਨ ਪਰ ਜ਼ਿੰਦਗੀ ਦਾ ਦੂਜਾ ਪਹਿਲੂ ਇਹ ਵੀ ਹੈ ਕਿ ਜਿਊਂਦੇ ਜੀਅ ਕੰਮ-ਧੰਦੇ ਵੀ ਤਾਂ ਨਹੀਂ ਛੁੱਟਦੇ। ਉਸ ਸਮੇਂ ਮਾਂ ਦੀਆਂ ਗੱਲਾਂ ਨੂੰ ਕਦੇ ਗੰਭੀਰਤਾ ਨਾਲ ਨਾ ਲਿਆ ਪਰ ਪਤਾ ਨਹੀਂ ਕਿਉਂ ਅੱਜ ਚੰਨਣ ਸਿੰਘ ਵਾਲੀ ਗੱਲ ਬਾਰੇ ਸੋਚਦਿਆਂ, ਆਪਣੇ-ਆਪ ਨੂੰ ਮਾਂ ਵਾਲੀ ਥਾਂ ’ਤੇ ਖੜ੍ਹਾ ਮਹਿਸੂਸ ਕਰਦਾ ਹਾਂ।

Advertisement

ਸੰਪਰਕ: 9815680980

Advertisement
Advertisement