ਅੰਮੜੀ
ਜਗਦੀਸ਼ ਕੌਰ ਮਾਨ
ਮਾਂ ਅੱਖਰ ਗਿਆਨ ਤੋਂ ਕੋਰੀ ਸੀ ਜਿਸ ਦਾ ਉਹਨੂੰ ਸਾਰੀ ਉਮਰ ਝੋਰਾ ਰਿਹਾ। ਅਨਪੜ੍ਹ ਰਹਿ ਜਾਣ ਵਿਚ ਉਸ ਦਾ ਰਾਈ ਦੇ ਦਾਣੇ ਜਿੰਨਾ ਵੀ ਕਸੂਰ ਨਹੀਂ ਸੀ। ਉਹਦੇ ਵਾਰੇ-ਪਹਿਰੇ ਵਿੱਚ ਕੁੜੀਆਂ ਨੂੰ ਪੜ੍ਹਨੇ ਪਾਉਣ ਦਾ ਰਿਵਾਜ ਨਹੀਂ ਸੀ। ਅਨਪੜ੍ਹਤਾ ਜ਼ਿਆਦਾ ਹੋਣ ਕਾਰਨ ਲੋਕਾਂ ਦਾ ਤਰਕਹੀਣ ਵਿਚਾਰ ਸੀ ਕਿ ਜਦੋਂ ਕੁੜੀਆਂ ਨੇ ਵੱਡੀਆਂ ਹੋ ਕੇ ਘਰ ਦਾ ਚੁੱਲ੍ਹਾ-ਚੌਂਕਾ ਹੀ ਸੰਭਾਲਣਾ ਹੈ ਤਾਂ ਇਨ੍ਹਾਂ ਨੂੰ ਪੜ੍ਹਾਉਣ ਦੀ ਜ਼ਰੂਰਤ ਕੀ ਹੈ? ਜੇ ਕੋਈ ਇਕ ਅੱਧ ਬੰਦਾ ਕੁੜੀਆਂ ਨੂੰ ਪੜ੍ਹਾਉਣ ਦੀ ਵਕਾਲਤ ਵੀ ਕਰਦਾ ਤਾਂ ਸੌ ਜਣੇ ਹੀਰ ਰਾਂਝਾ, ਸੱਸੀ ਪੁਨੂੰ ਤੇ ਮਿਰਜ਼ਾ ਸਾਹਿਬਾਂ ਦੇ ਕਿੱਸੇ ਸੁਣਾ ਕੇ ਕੁੜੀਆਂ ਦੇ ਹੱਕ ਵਿੱਚ ਬੋਲਣ ਵਾਲੇ ਨੂੰ ਝੱਟ ਚੁੱਪ ਕਰਵਾ ਦਿੰਦੇ। ਉਹ ਤਰਕ ਦਿੰਦੇ ਕਿ ਇਨ੍ਹਾਂ ਕੁੜੀਆਂ (ਕਿੱਸਾ ਕਾਵਿ ਦੀਆਂ ਇਸਤਰੀ ਪਾਤਰ) ਨੂੰ ਪੜ੍ਹਾਈ ਲਿਖਾਈ ਨੇ ਹੀ ਕੁਰਾਹੇ ਪਾਇਆ ਸੀ। ਜਿਸ ਮੇਲੇ ਵਿੱਚ ਇਹੋ ਜਿਹੇ ਪਿਛਾਂਹ ਖਿੱਚੂ ਲੋਕਾਂ ਦੀ ਭਰਮਾਰ ਹੋਵੇ, ਉਥੇ ਵਿਚਾਰੇ ਚੱਕੀਰਾਹੇ ਦੀ ਕੌਣ ਸੁਣਦੈ!
...ਤੇ ਫਿਰ ਸਾਡੇ ਵਾਲਾ ਯੁੱਗ ਆ ਗਿਆ। ਲੋਕਾਂ ਦੀ ਸੋਚ ਬਦਲ ਗਈ। ਉਨ੍ਹਾਂ ਨੂੰ ਸਮਝ ਆਉਣ ਲੱਗ ਪਈ ਕਿ ਕੁੜੀਆਂ ਦੀ ਪੜ੍ਹਾਈ ਤਾਂ ਮੁੰਡਿਆਂ ਤੋਂ ਵੀ ਵੱਧ ਜ਼ਰੂਰੀ ਹੈ। ਜਦੋਂ ਮੈਂ ਨਿੱਕੀ ਜਿਹੀ ਸਕੂਲ ਜਾਣ ਲੱਗ ਪਈ ਤਾਂ ਮੇਰੀ ਮਾਂ ਮੈਨੂੰ ਪੜ੍ਹਦੀ ਲਿਖਦੀ ਨੂੰ ਨੀਝ ਲਾ ਕੇ ਤੱਕਦੀ ਰਹਿੰਦੀ। ਕਦੇ-ਕਦੇ ਆਪਣੇ ਅਨਪੜ੍ਹ ਰਹਿ ਜਾਣ ਕਾਰਨ ਠੰਢਾ ਹਉਕਾ ਵੀ ਭਰਦੀ। ਉਸ ਦੀ ਰੀਝ ਸੀ ਕਿ ਧੀ ਇੰਨੀਆਂ ਜਮਾਤਾਂ ਪੜ੍ਹ ਜਾਵੇ ਕਿ ਮਾਂ ਤੋਂ ਅਨਪੜ੍ਹ ਹੋਣ ਦਾ ਧੱਬਾ ਲੱਥ ਜਾਵੇ। ਉਹ ਬੱਚਿਆਂ ਵਾਂਗ ਦੋਵੇਂ ਬਾਹਾਂ ਫੈਲਾ ਕੇ ਕਹਿੰਦੀ, “ਤੂੰ ਐਨੀਆਂ ਜਮਾਤਾਂ ਪੜ੍ਹੇਂ ਕਿ ਮੇਰੇ ਹਿੱਸੇ ਦੀ ਪੜ੍ਹਾਈ ਵੀ ਤੇਰੇ ਖਾਤੇ ਵਿੱਚ ਜਮ੍ਹਾਂ ਹੋ ਜਾਵੇ।” ਹੁਣ ਤਾਂ ਉਸ ਨੂੰ ਇਸ ਸੰਸਾਰ ਤੋਂ ਗਿਆਂ ਕਈ ਸਾਲ ਹੋ ਗਏ ਪਰ ਮੈਨੂੰ ਅਜੇ ਵੀ ਸੱਚ ਨਹੀਂ ਆਉਂਦਾ ਕਿ ਮਾਂ ਸੱਚਮੁੱਚ ਅਨਪੜ੍ਹ ਸੀ? ਉਹ ਅਸਲ ਵਿੱਚ ਜੀਵਨ ਗਿਆਨ ਨਾਲ ਭਰੀ ਭਕੁੰਨੀ ਔਰਤ ਸੀ। ਨਾ ਤਾਂ ਉਸ ਦੀ ਬੋਲੀ ਅਨਪੜ੍ਹਾਂ ਵਾਲੀ ਸੀ ਅਤੇ ਨਾ ਹੀ ਉਸ ਦੇ ਵਿਚਾਰ ਗਿਆਨ ਵਿਹੂਣੇ ਲੋਕਾਂ ਵਰਗੇ ਸਨ। ਨਿਮਰਤਾ ਉਸ ਦਾ ਗਹਿਣਾ ਸੀ। ਹਲੀਮੀ ਉਸ ਦਾ ਸ਼ਿੰਗਾਰ ਸੀ। ਆਲਸ ਉਸ ਨੇ ਕਦੇ ਨੇੜੇ ਨਹੀਂ ਸੀ ਢੁੱਕਣ ਦਿੱਤਾ। ਇਕ ਮਿੰਟ ਲਈ ਵੀ ਉਹ ਵਿਹਲੀ ਨਾ ਬੈਠਦੀ। ਕੰਮ ਧੰਦੇ ਵਿੱਚ ਰੁੱਝੀ ਰਹਿਣ ਦੇ ਬਾਵਜੂਦ ਉਸ ਦੇ ਪਹਿਨੇ ਹੋਏ ਕੱਪੜੇ ਕਾਲਜੀਏਟ ਕੁੜੀਆਂ ਵਾਂਗ ਸਾਫ਼ ਸੁਥਰੇ ਹੁੰਦੇ। ਆਚਾਰ ਵਿਹਾਰ, ਬੋਲ ਬਾਣੀ, ਘਰੇਲੂ ਕੰਮਾਂ ਵਿੱਚ ਉਸ ਦਾ ਰਕਾਨਪੁਣਾ ਤੇ ਹਰ ਕੰਮ ਵਿਚ ਦੀ ਵਿਉਂਤਬੰਦੀ ਯਾਦ ਕਰਦੀ ਹਾਂ ਤਾਂ ਲੱਗਦਾ ਹੈ ਕਿ ਉਹ ਨਾਯਾਬ ਗੁਣਵੰਤੀ ਤਾਂ ਪੜ੍ਹੀਆਂ ਲਿਖੀਆਂ ਨੂੰ ਵੀ ਮਾਤ ਪਾਉਂਦੀ ਸੀ। ਮੈਂ ਸੋਲਾਂ ਜਮਾਤਾਂ ਪਾਸ ਕਰ ਕੇ ਵੀ ਇਹ ਮਹਿਸੂਸ ਕਰਦੀ ਹਾਂ ਕਿ ਮਾਂ ਦੇ ਮੁਕਾਬਲੇ ਮੈਂ ਕੁਝ ਵੀ ਨਹੀਂ।
ਦੀਵਾਲੀ ਦਸਹਿਰੇ ਵਰਗੇ ਤਿਉਹਾਰਾਂ ਦਾ ਉਹਨੂੰ ਵਿਆਹ ਜਿੰਨਾ ਚਾਅ ਹੁੰਦਾ। ਉਨ੍ਹੀਂ ਦਿਨੀਂ ਸਾਰੇ ਲੋਕਾਂ ਦੇ ਘਰ ਤਕਰੀਬਨ ਕੱਚੇ ਹੁੰਦੇ ਸਨ। ਤਿਉਹਾਰਾਂ ਤੋਂ ਮਹੀਨਾ-ਮਹੀਨਾ ਪਹਿਲਾਂ ਹੀ ਉਹਨੇ ਘਰ ਲਿੱਪਣ ਪੋਚਣ ਲੱਗ ਜਾਣਾ, ਇਕੱਲੀ-ਇਕੱਲੀ ਚੀਜ਼ ਝਾੜ ਪੂੰਝ ਕੇ ਥਾਂ ਸਿਰ ਟਿਕਾਉਣੀ ਉਸ ਦੀਆਂ ਬਿਹਤਰੀਨ ਆਦਤਾਂ ਵਿਚੋਂ ਇਕ ਸੀ। ਆਂਢ-ਗੁਆਂਢ ਦੀਆਂ ਤ੍ਰੀਮਤਾਂ ਸਾਡੇ ਘਰ ਬਣੇ ਚੁੱਲ੍ਹੇ ਚੌਂਤਰੇ ਦੇਖ ਕੇ ਉਸ ਦੀ ਰੀਸ ਕਰਨ ਦੀ ਬਥੇਰੀ ਕੋਸ਼ਿਸ਼ ਕਰਦੀਆਂ ਪਰ ਉਹਦੇ ਵਰਗੀ ਕਲਾਕਾਰੀ ਨਾਲ ਬਣਾਏ ਆਲ਼ੇ, ਚੱਕਵੇਂ ਚੁੱਲ੍ਹੇ ਤੇ ਹਾਰੇ ਡੌਲਣਾ ਤੇ ਸ਼ਿੰਗਾਰਨਾ ਉਨ੍ਹਾਂ ਦੇ ਵੱਸੋਂ ਬਾਹਰੀ ਗੱਲ ਸੀ। ਦੀਵਾਲੀ ਵਾਲੇ ਦਿਨ ਪੀਲੀ ਤੋਈ ਦੇ ਕੇ ਲਿੱਪੇ ਬਨੇਰਿਆਂ ’ਤੇ ਦੀਵੇ ਰੱਖਣ ਤੋਂ ਪਹਿਲਾਂ ਹੀ ਉਸ ਦੇ ਰੀਝਾਂ ਨਾਲ ਸ਼ਿੰਗਾਰੇ ਹੋਏ ਆਲਿ਼ਆਂ ਵਿਚ ਮਾਂਜ ਸੰਵਾਰ ਕੇ ਸਜਾਏ ਪਿੱਤਲ ਤੇ ਕਾਂਸੀ ਦੇ ਭਾਂਡਿਆਂ ਨਾਲ ਘਰ ਜਗ-ਮਗ ਕਰ ਉਠਦਾ। ਅਸੀਂ ਸ਼ਹਿਰੋਂ ਬਾਹਰ ਪਿੰਡ ਵਰਗੇ ਖੇਤਰ ਵਿੱਚ ਰਹਿੰਦੇ ਸਾਂ। ਪਿੰਡ ਰਹਿੰਦੇ ਸਾਡੇ ਨਾਨਕੇ ਜਦੋਂ ਦੀਵਾਲੀ ਵਾਸਤੇ ਸਾਮਾਨ ਖਰੀਦਣ ਸ਼ਹਿਰ ਆਉਂਦੇ ਤਾਂ ਪਿੰਡ ਨੂੰ ਮੁੜਨ ਮੌਕੇ ਮੇਰੀ ਹਟੜੀ ਵਿਚ ਪਾਉਣ ਲਈ ਪੈਸੇ ਤੇ ਮੇਰੀ ਮਾਂ ਨੂੰ ਦੀਵਾਲੀ ਦੀ ਮਿਠਿਆਈ ਦੇਣ ਵਾਸਤੇ ਉਹ ਸਾਡੇ ਘਰ ਜ਼ਰੂਰ ਗੇੜਾ ਮਾਰਦੇ ਤੇ ਅਕਸਰ ਹੀ ਇਹ ਕਹਿੰਦੇ ਸੁਣਦੇ, “ਸ਼ਹਿਰ ਦੀ ਸਜਾਵਟ ਏਦੂੰ ਵਧ ਕੇ ਕੀ ਹੋਊਗੀ, ਤੁਸੀਂ ਪਹਿਲਾਂ ਭੂਆ ਜੀ ਦਾ ਸਜਾਇਆ ਹੋਇਆ ਘਰ ਈ ਦੇਖ ਲੋ, ਦੀਵਾਲੀ ਤਾਂ ਇਥੇ ਈ ਬਣੀ ਪਈ ਐ। ਜਿਹੋ ਜਿਹਾ ਭੂਆ ਜੀ ਦਾ ਘਰ ਦੇਖ ਲਿਆ, ਉਹੋ ਜਿਹੀ ਬਾਜ਼ਾਰ ਦੀ ਸਜਾਵਟ ਦੇਖ ਲੀ।”
ਮੇਰੇ ਨਾਨਾ ਜੀ ਨਾਲ ਸਾਡੇ ਘਰ ਆਏ ਉਨ੍ਹਾਂ ਦੇ ਦੋਸਤ ਕਿੰਨਾ-ਕਿੰਨਾ ਚਿਰ ਸਾਡੇ ਘਰ ਵੱਲੀਂ ਹੀ ਦੇਖੀ ਜਾਂਦੇ ਤੇ ਫਿਰ ਨਾਨਾ ਜੀ ਨਾਲ ਅਕਸਰ ਗੱਲਾਂ ਕਰਦੇ, “ਪਾਲਾ ਸਿਆਂ! ਘਰ ਤਾਂ ਆਪਣੀ ਬੀਬੀ ਦਾ ਸ਼ਹਿਰੀ ਘਰਾਂ ਵਾਂਗੂ ਭਾਵੇਂ ਛੋਟਾ ਈ ਐ ਪਰ ਤੂੰ ਸਾਮਾਨ ਦੇਖ ਸਹੁਰੀ ਨੇ ਕਿਵੇਂ ਜੁਗਤ ਨਾਲ ਟਿਕਾ ਕੇ ਰੱਖਿਐ, ਮਜਾਲ ਆ ਕਿਸੇ ਪਾਸੇ ਕੋਈ ਖਲਾਰਾ ਦਿਸਦਾ ਹੋਵੇ। ਨਾਲੇ ਨਿਆਣਿਆਂ ਵਾਲਾ ਘਰ ਐ। ਜੇ ਤੂੰ ਇਹਨੂੰ ਚਾਰ ਅੱਖਰ ਵੀ ਪੜ੍ਹਾ ਦਿੰਦਾ, ਫਿਰ ਤਾਂ ਜਮਾਂ ਈ ਬੱਲੇ-ਬੱਲੇ ਹੋ ਜਾਣੀ ਸੀ।”
ਸਵੇਰੇ ਸਾਝਰੇ ਉੱਠਣਾ, ਹਰ ਕੰਮ ਵਕਤ ਸਿਰ ਕਰਨਾ, ਸੰਜਮ ਨਾਲ ਖਾਣਾ, ਸੋਚ ਸਮਝ ਕੇ ਮੌਕੇ ਅਨੁਸਾਰ ਘੱਟ ਤੇ ਮਿੱਠਾ ਬੋਲਣਾ ਉਸ ਦਾ ਸੁਭਾਅ ਸੀ। ਆਪਣੇ ਗਰਮ ਸੁਭਾਅ ਕਾਰਨ ਜੇ ਪਿਤਾ ਜੀ ਦਾ ਗੁੱਸਾ ਕਿਸੇ ਸਮੇਂ ਬੇਕਾਬੂ ਵੀ ਹੋ ਜਾਣਾ ਤਾਂ ਵੀ ਉਹ ਸ਼ਾਂਤ ਰਹਿੰਦੀ। ਵੱਡਿਆਂ ਦੀ ਇੱਜ਼ਤ, ਛੋਟਿਆਂ ਨਾਲ ਪਿਆਰ, ਸੁੱਖ ਵਿਚ ਪਰਮਾਤਮਾ ਦਾ ਸ਼ੁਕਰਾਨਾ ਤੇ ਦੁੱਖ ਵਿਚ ਭਾਣੇ ਵਿੱਚ ਰਹਿਣਾ ਉਹਦੇ ਸੁਭਾਅ ਦੇ ਵਡਮੁੱਲੇ ਗੁਣ ਸਨ। ਦੇਸ਼ ਦੀ ਵਧਦੀ ਆਬਾਦੀ ਨੂੰ ਉਹ ਸਾਰੀਆਂ ਅਲਾਮਤਾਂ ਦੀ ਜੜ੍ਹ ਸਮਝਦੀ ਤੇ ਸਮੇਂ ਸਿਰ ਇਸ ’ਤੇ ਕਾਬੂ ਨਾ ਪਾ ਸਕਣ ਕਾਰਨ ਸਮੇਂ ਦੀਆਂ ਸਰਕਾਰਾਂ ਨੂੰ ਜ਼ਿੰਮੇਵਾਰ ਠਹਿਰਾਉਂਦੀ। ਉਨ੍ਹਾਂ ਲੋਕਾਂ ਦੇ ਵੀ ਉਹ ਸਖ਼ਤ ਖ਼ਿਲਾਫ਼ ਸੀ ਜਿਹੜੇ ਮੁੰਡੇ ਕੁੜੀ ਵਿੱਚ ਫ਼ਰਕ ਸਮਝਦੇ ਹੋਏ ਭਰੂਣ ਹੱਤਿਆ ਦੇ ਭਾਗੀਦਾਰ ਬਣਦੇ। ਉਹ ਕਿਹਾ ਕਰਦੀ ਸੀ ਕਿ ਨਾਰੀ ਸ਼ਕਤੀ ਹੀ ਅਸਲ ਵਿੱਚ ਦੇਸ਼ ਦੀ ਤਾਕਤ ਹੁੰਦੀ ਹੈ। ਦੇਸ਼ ਦੀਆਂ ਔਰਤਾਂ ਪੜ੍ਹੀਆਂ ਲਿਖੀਆਂ ਤੇ ਘਰ ਪਰਿਵਾਰ ਨੂੰ ਪੂਰੀ ਤਨਦੇਹੀ ਨਾਲ ਚਲਾਉਣ ਵਾਲੀਆਂ ਨਿਪੁੰਨ ਗ੍ਰਹਿਣੀਆਂ ਹੋਣੀਆਂ ਚਾਹੀਦੀਆਂ ਹਨ। ਆਦਮੀ ਭਾਵੇਂ ਬਹੁਤੇ ਸੂਝਵਾਨ ਨਾ ਵੀ ਹੋਣ, ਸਰ ਜਾਂਦਾ ਹੈ ਪਰ ਔਰਤਾਂ ਦਾ ਸੁਸਤ, ਅਨਪੜ੍ਹ ਤੇ ਪਿਛਾਂਹਖਿੱਚੂ ਹੋਣਾ ਖਤਰਨਾਕ ਹੈ। ਪੜ੍ਹੀਆਂ ਲਿਖੀਆਂ ਤੇ ਸੂਝਵਾਨ ਮਾਵਾਂ ਹੀ ਬੱਚਿਆਂ ਨੂੰ ਵਧੀਆ ਨਾਗਰਿਕ ਬਣਾ ਸਕਦੀਆਂ ਹਨ; ਇਸਤਰੀ ਵਿਦਿਆ ਵੱਲ ਖਾਸ ਧਿਆਨ ਦੇਣਾ ਸਰਕਾਰ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਬਣਦੀ ਹੈ।
ਮੈਂ ਤਾਂ ਇਹ ਸੋਚ ਕੇ ਹੀ ਮਾਣ ਨਾਲ ਭਰ ਜਾਂਦੀ ਹਾਂ ਕਿ ਮੈਂ ਉਸ ਕਰਮਾਂ ਵਾਲੀ ਦੀ ਧੀ ਹਾਂ ਪਰ ਇਮਾਨਦਾਰੀ ਨਾਲ ਦੱਸ ਰਹੀ ਹਾਂ, ਵਧੀਆ ਜੀਵਨ ਜਾਚ ਦੇ ਗੁਣਾਂ ’ਚ ਮੈਂ ਉਸ ਤੋਂ ਕਿਤੇ ਪਿੱਛੇ ਰਹਿ ਗਈ ਹਾਂ। ਕਾਸ਼! ਮੇਰੀ ਮਾਂ ਅਨੁਸਾਰ ਅੱਖਰ ਗਿਆਨ ਦੇ ਨਾਲ-ਨਾਲ ਜੀਵਨ ਗਿਆਨ ਵੀ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਜਾਵੇ ਤਾਂ ਕਿ ਆਉਣ ਵਾਲੀਆਂ ਨਸਲਾਂ ਵਧੀਆ ਤੇ ਸਲੀਕੇਦਾਰ ਹੋਣ ਤੇ ਅਸੀਂ ਭਾਰਤ ਵਾਸੀ ਆਪਣੇ ਸੂਝਵਾਨ ਤੇ ਸੁਹਿਰਦ ਨਾਗਰਿਕਾਂ ’ਤੇ ਮਾਣ ਕਰ ਸਕੀਏ।
ਸੰਪਰਕ: 78146-98117