ਪੰਜ ਸਾਲਾਂ ਤੋਂ ਇਨਸਾਫ਼ ਲਈ ਲੜ ਰਹੇ ਨੇ ਮਾਂ ਪੁੱਤਰ
ਜੈਸਮੀਨ ਭਾਰਦਵਾਜ
ਨਾਭਾ, 25 ਜੁਲਾਈ
ਮੰਡੌਰ ਪਿੰਡ ਦੀ ਵਿਧਵਾ ਹਰਪਾਲ ਕੌਰ ਆਪਣੇ ਛੋਟੇ ਪੁੱਤਰ ਕੁਲਬੀਰ ਸਿੰਘ ’ਤੇ ਹੋਏ ਪੁਲੀਸ ਤਸ਼ੱਦਦ ਦੇ ਮਾਮਲੇ ’ਚ ਇਨਸਾਫ਼ ਲਈ ਧੱਕੇ ਖਾ ਰਹੀ ਹੈ। ਪਿਛਲੇ ਪੰਜ ਸਾਲਾਂ ਤੋਂ ਪੀੜਤ ਪਰਿਵਾਰ ਇਨਸਾਫ਼ ਦੀ ਝਾਕ ਵਿੱਚ ਹੈ ਪਰ ਪੁਲੀਸ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਉਨ੍ਹਾਂ ਦੀ ਖੱਜਲ-ਖੁਆਰੀ ਬਰਕਰਾਰ ਹੈ। ਉਧਰ ਸੂਬੇ ਦੇ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਵਾਰ-ਵਾਰ ਝਾੜ ਪਾਉਣ ਮਗਰੋਂ ਵੀ ਪੁਲੀਸ ਵਿਭਾਗ ਦੀ ਕਾਰਵਾਈ ਕੀੜੀ ਦੀ ਚਾਲ ਚੱਲ ਰਹੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਕਮਿਸ਼ਨ ਨੇ ਲੰਘੀ 31 ਮਈ ਨੂੰ ਕੇਸ ਦੀ ਸੁਣਵਾਈ ਦੌਰਾਨ ਪੁਲੀਸ ਨੂੰ ਝਾੜ ਪਾਈ ਸੀ ਤੇ 18 ਅਗਸਤ ਨੂੰ ਅਗਲੀ ਪੇਸ਼ੀ ਸਮੇਂ ਮੁਕੰਮਲ ਰਿਪੋਰਟ ਦਰਜ ਨਾ ਹੋਣ ਦੀ ਸੂਰਤ ਵਿੱਚ ਐੱਸਐੱਸਪੀ ਪਟਿਆਲਾ ਨੂੰ ਖੁਦ ਹਾਜ਼ਰ ਹੋ ਕੇ ਜਵਾਬ ਦੇਣ ਲਈ ਕਿਹਾ ਗਿਆ ਹੈ। ਕਮਿਸ਼ਨ ਦੀ ਸਖ਼ਤੀ ਮਗਰੋਂ ਹੁਣ ਪੁਲੀਸ ਨੇ ਪੀੜਤ ਪਰਿਵਾਰ ਨੂੰ ਮੈਡੀਕਲ ਰਿਪੋਰਟਾਂ ਦਰਜ ਕਰਵਾਉਣ ਲਈ ਕਿਹਾ ਹੈ। ਜ਼ਿਕਰਯੋਗ ਹੈ ਕਿ ਮਾਰਚ 2019 ਵਿੱਚ ਅਦਾਕਾਰੀ ਤੇ ਮਾਡਲਿੰਗ ਖੇਤਰ ’ਚ ਕਾਮਯਾਬ ਹੋਣ ਲਈ ਸੰਘਰਸ਼ ਕਰ ਰਹੇ ਉਸ ਸਮੇਂ 22 ਸਾਲਾ ਕੁਲਬੀਰ ਨੂੰ ਨਾਭਾ ਰੋਹਟੀ ਪੁਲ ਚੌਕੀ ਦੀ ਪੁਲੀਸ ਨੇ ਇੱਕ ਚੋਰੀ ਦੇ ਮਾਮਲੇ ’ਚ ਸ਼ੱਕ ਦੇ ਆਧਾਰ ’ਤੇ ਗ੍ਰਿਫ਼ਤਾਰ ਕੀਤਾ ਸੀ। ਪਰਿਵਾਰ ਨੇ ਦੋਸ਼ ਲਾਇਆ ਸੀ ਕਿ ਪੁਲੀਸ ਨੇ ਕੁਲਬੀਰ ਨੂੰ ਮਾਈ ਦੀ ਸਰਾਂ ਲਿਜਾ ਕੇ ਕਥਿਤ ਕਰੰਟ ਲਗਾ ਕੇ ਉਸ ’ਤੇ ਤਸ਼ੱਦਦ ਕੀਤਾ ਸੀ। ਵਿਰਲਾਪ ਕਰਦੀ ਹਰਪਾਲ ਕੌਰ ਨੇ ਦੱਸਿਆ ਕਿ ਪੁਲੀਸ ਤਸ਼ੱਦਦ ਤੋਂ ਬਾਅਦ ਉਸ ਦਾ ਪੁੱਤਰ ਗੰਭੀਰ ਮਾਨਸਿਕ ਤਣਾਅ ਵਿੱਚੋਂ ਲੰਘ ਰਿਹਾ ਹੈ, ਜਿਸ ਨੂੰ ਅੱਜ ਵੀ ਦਿਮਾਗੀ ਦੌਰੇ ਪੈਂਦੇ ਹਨ।
ਦੱਸ ਦੇਈਏ ਕਿ ਮਨੁੱਖੀ ਅਧਿਕਾਰ ਕਮਿਸ਼ਨ ਦੀ ਝਾੜ ਮਗਰੋਂ ਨਾਭਾ ਪੁਲੀਸ ਨੇ ਏਐੱਸਆਈ ਮਨਜੀਤ ਸਿੰਘ ਉਰਫ ਮਨਜੀਤ ਕਮਾਂਡੋ ਖ਼ਿਲਾਫ਼ ਗੈਰ ਕਾਨੂੰਨੀ ਹਿਰਾਸਤ ਵਿੱਚ ਲੈ ਕੇ ਕੁੱਟਮਾਰ ਕਰਨ ਦੇ ਦੋਸ਼ ਹੇਠ ਇਸ ਸਾਲ ਮਾਰਚ ’ਚ ਆਈਪੀਸੀ ਧਾਰਾ 342 ਅਤੇ 323 ਤਹਿਤ ਕੇਸ ਦਰਜ ਕੀਤਾ ਗਿਆ ਸੀ। ਸਾਲ 2020 ਵਿੱਚ ਵੀ ਮੁਲਜ਼ਮ ਮਨਜੀਤ ਸਿੰਘ ਨੂੰ ਐੱਸਟੀਐੱਫ ਨੇ ਨਸ਼ੇ ਦਾ ਕਾਰੋਬਾਰ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਸੀ ਤੇ ਨੌਕਰੀ ਤੋਂ ਬਰਖਾਸਤ ਮਨਜੀਤ ਅੱਜ-ਕੱਲ੍ਹ ਜ਼ਮਾਨਤ ’ਤੇ ਬਾਹਰ ਹੈ।
ਕੇਸ ਦੀ ਮੌਜੂਦਾ ਸਥਿਤੀ ਬਾਰੇ ਨਾਭਾ ਸਦਰ ਐੱਸਐੱਚਓ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਤਫਤੀਸ਼ ਜਾਰੀ ਹੈ ਤੇ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ। ਮੁਲਜ਼ਮ ਨੂੰ ਇਸ ਕੇਸ ਵਿੱਚ ਅਜੇ ਗ੍ਰਿਫਤਾਰ ਨਹੀਂ ਕੀਤਾ ਗਿਆ।