ਮਾਂ ਅਤੇ ਮੇਰਾ ਬਚਪਨ
ਸਦੀਵੀ ਵਿਛੋੜਾ
ਮੁਨੱਵਰ ਰਾਣਾ ਇੱਕ ਯੁੱਗ ਦਾ ਨਾਂ ਸੀ। ਉਰਦੂ ਸਾਹਿਤ ਤੇ ਖ਼ਾਸਕਰ ਗ਼ਜ਼ਲ ਨੂੰ ਬੁਲੰਦੀਆਂ ’ਤੇ ਲਿਜਾਣ ਵਿੱਚ ਉਸ ਦਾ ਅਹਿਮ ਯੋਗਦਾਨ ਹੈ। ਹਿੰਦੋਸਤਾਨ ਦੀ ਬਹੁਬਿਧਤਾ, ਬਹੁ-ਭਾਸ਼ਾਈ, ਬਹੁ-ਧਰਮੀ ਤੇ ਏਕਤਾ ਦੀ ਪ੍ਰਤੀਕ ਗੰਗ-ਜਮਨੀ ਤਹਿਜ਼ੀਬ ਮੁਨੱਵਰ ਦੀਆਂ ਗ਼ਜ਼ਲਾਂ ਦਾ ਧੁਰਾ ਹੈ। ਇਸ ਤਹਿਜ਼ੀਬ ਨਾਲ ਜੁੜੇ ਉਰਦੂ ਲੇਖਕ ਇੱਕ ਇੱਕ ਕਰ ਕੇ ਵਿਦਾ ਹੋ ਰਹੇ ਹਨ: ਰਾਹੀ ਮਾਸੂਮ ਰਜ਼ਾ, ਨਿਦਾ ਫਾਜ਼ਲੀ, ਰਾਹਤ ਇੰਦੌਰੀ ਤੇ ਹੁਣ ਮੁਨੱਵਰ ਰਾਣਾ।
ਉਸ ਦੀਆਂ ਪ੍ਰਸਿੱਧ ਕਿਤਾਬਾਂ ਵਿੱਚ ਮੁਨੱਵਰਨਾਮਾ, ਗ਼ਜ਼ਲ ਗਾਂਵ, ਮਾਂ, ਪੀਪਲ ਛਾਂਵ, ਮੁਜਾਹਿਦ, ਸੁਖ਼ਨ ਸਰਾਏ, ਜੰਗਲੀ ਕਬੂਤਰ ਸ਼ਾਮਿਲ ਹਨ। ਮੁਨੱਵਰ ਰਾਣਾ ਦੀ ਵਸੀਅਤ ਮੁਤਾਬਿਕ ਉਸ ਨੂੰ ਲਖਨਊ ਦੇ ਐਸ਼ਬਾਗ ਵਿੱਚ ਸਪੁਰਦ-ਏ-ਖ਼ਾਕ ਕੀਤਾ ਗਿਆ। ਪ੍ਰਧਾਨ ਮੰਤਰੀ ਦੀ ਮੁਹੱਬਤ ਦਾ ਜ਼ਿਕਰ ਕਰਦਿਆਂ ਉਸ ਲਿਖਿਆ ਸੀ ਕਿ ਭਾਵੇਂ ਕੁਝ ਘਟਨਾਵਾਂ ਕਰਕੇ ਸਰਕਾਰ ਨਾਲ ਉਸ ਦੀ ਨਾਰਾਜ਼ਗੀ ਚਲ ਰਹੀ ਸੀ, ਪਰ ਜਦੋਂ ਉਸ ਦੀ ਮਾਂ ਦੇ ਦੇਹਾਂਤ ’ਤੇ ਪ੍ਰਧਾਨ ਮੰਤਰੀ ਨੇ ਆਪਣੇ ਹੱਥੀਂ ਲਿਖ ਕੇ ਅਫ਼ਸੋਸਨਾਮਾ ਭੇਜਿਆ ਤਾਂ ਉਹ ਉਨ੍ਹਾਂ ਦੀ ਮੁਹੱਬਤ ਦੇ ਕਰਜ਼ਦਾਰ ਹੋ ਗਿਆ। ਉਹ ਬਾਅਦ ਵਿੱਚ ਪ੍ਰਧਾਨ ਮੰਤਰੀ ਨੂੰ ਮਿਲਣ ਵੀ ਗਿਆ।
ਸ਼ਾਇਰ ਮੁਹੱਬਤਾਂ ਵੰਡਣ, ਏਕਤਾ ਤੇ ਭਾਈਚਾਰੇ ਦੇ ਮੁਦਈ ਹੁੰਦੇ ਹਨ। ਉਨ੍ਹਾਂ ਦਾ ਮੁਹੱਬਤੀ ਪੈਗਾਮ ਲੋਕਾਈ ਨੂੰ ਸਰਸ਼ਾਰ ਕਰਦਾ ਹੈ। ਮੁਨੱਵਰ ਰਾਣਾ ਦਾ ਦੇਹਾਂਤ ਉਦਾਸ ਕਰਨ ਵਾਲਾ ਹੈ, ਪਰ ਇਸ ਗੱਲ ਦਾ ਧਰਵਾਸ ਹੈ ਕਿ ਉਸ ਦਾ ਸ਼ਬਦ-ਖ਼ਜ਼ਾਨਾ ਸਾਡੇ ਕੋਲ ਹੈ। ਪੇਸ਼ ਹੈ ਉਸ ਦੇ ਬਚਪਨ ਦੀ ਕਹਾਣੀ ਉਸੇ ਦੀ ਜ਼ਬਾਨੀ:
ਮੇਰੀ ਮਾਂ ਦੱਸਦੀ ਹੁੰਦੀ ਸੀ ਕਿ ਬਚਪਨ ਵਿੱਚ ਮੈਨੂੰ ਸੋਕੜੇ ਦੀ ਬਿਮਾਰੀ ਸੀ। ਪਤਾ ਨਹੀਂ ਮਾਂ ਨੂੰ ਇਹ ਦੱਸਣ ਦੀ ਕੀ ਲੋੜ ਸੀ ਕਿ ਮੈਨੂੰ ਕੋਈ ਨਾ ਕੋਈ ਬਿਮਾਰੀ ਲੱਗੀ ਰਹਿੰਦੀ ਹੈ ਕਿਉਂਕਿ ਮੈਂ ਤਾਂ ਅੱਜ ਤੱਕ ਵੀ ਬਿਮਾਰ ਹਾਂ। ਦਰਅਸਲ, ਮੇਰਾ ਜਿਸਮ ਹਮੇਸ਼ਾਂ ਬਿਮਾਰੀ ਨਾਲ ਸਕੀਰੀ ਨਿਭਾਉਣ ਵਿੱਚ ਅੱਗੇ ਅੱਗੇ ਰਿਹਾ ਹੈ। ਸ਼ਾਇਦ ਇਸ ਸੋਕੜੇ ਦਾ ਅਸਰ ਸੀ ਕਿ ਅੱਜ ਤੱਕ ਮੇਰੀ ਜ਼ਿੰਦਗੀ ਦਾ ਹਰ ਚਸ਼ਮਾ ਸੁਕਿਆ ਪਿਆ ਹੈ, ਆਰਜ਼ੂ ਦਾ, ਦੋਸਤੀ ਦਾ, ਮੁਹੱਬਤ ਦਾ, ਵਫ਼ਾਦਾਰੀ ਦਾ। ਮਾਂ ਦੱਸਦੀ ਹੁੰਦੀ ਸੀ ਕਿ ਬਚਪਨ ਵਿੱਚ ਮੈਂ ਬਹੁਤ ਹੱਸਦਾ ਹੁੰਦਾ ਸਾਂ। ਹੱਸਦਾ ਤਾਂ ਅੱਜ ਵੀ ਹਾਂ, ਪਰ ਸਿਰਫ਼ ਆਪਣੀ ਬੇਬਸੀ, ਆਪਣੀਆਂ ਨਾਕਾਮੀਆਂ, ਆਪਣੀਆਂ ਮਜਬੂਰੀਆਂ, ਆਪਣੇ ਇਕੱਲੇਪਣ ’ਤੇ। ਸ਼ਾਇਦ ਇਹ ਹਾਸਾ ਨਹੀਂ, ਮੇਰੇ ਅੱਥਰੂਆਂ ਦੀ ਵਿਗੜੀ ਹੋਈ ਕੋਈ ਤਸਵੀਰ ਹੈ ਜਾਂ ਫਿਰ ਮੇਰੇ ਅਹਿਸਾਸਾਂ ਦੀ ਭਟਕਦੀ ਹੋਈ ਆਤਮਾ:
ਮੇਰੀ ਹੰਸੀ ਤੋ ਮੇਰੇ ਗ਼ਮੋਂ ਕਾ ਲਬਿਾਸ ਹੈ
ਲੇਕਿਨ ਜ਼ਮਾਨਾ ਇਤਨਾ ਕਹਾਂ ਗ਼ਮ-ਸ਼ਨਾਸ ਹੈ।
ਤਾਰੇ ਵਾਂਗ ਚਮਕਦੀ ਹੋਈ ਰੌਸ਼ਨੀ, ਰੌਸ਼ਨੀ ਵਿੱਚ ਨਜ਼ਰ ਆ ਰਹੇ ਬੁਝੇ ਬੁਝੇ ਚਿਹਰੇ, ਚਿਹਰਿਆਂ ’ਤੇ ਲਿਖੀਆਂ ਦਾਸਤਾਨਾਂ, ਦਾਸਤਾਨਾਂ ਵਿੱਚ ਛੁਪਿਆ ਅਤੀਤ, ਅਤੀਤ ਵਿੱਚ ਛੁਪਿਆ ਮੇਰਾ ਬਚਪਨ, ਜੁਗਨੂੰਆਂ ਨੂੰ ਫੜਦਾ, ਉਨ੍ਹਾਂ ਪਿੱਛੇ ਭੱਜਦਾ ਬਚਪਨ, ਤਿਤਲੀਆਂ ਫੜਦਾ ਬਚਪਨ, ਰੁੱਖਾਂ ਦੀਆਂ ਟਹਿਣੀਆਂ ਨਾਲ ਝੂਲਦਾ ਬਚਪਨ, ਖਿਡੌਣਿਆਂ ਦੀਆਂ ਦੁਕਾਨਾਂ ਵੱਲ ਹਸਰਤ ਨਾਲ ਦੇਖਦਾ ਬਚਪਨ, ਮਸੀਤਾਂ ਵਿੱਚ ਨਮਾਜ਼ਾਂ ਪੜ੍ਹਦਾ ਬਚਪਨ, ਮਦਰੱਸਿਆਂ ਵਿੱਚ ਸਪਾਰੇ ਰਟਦਾ ਬਚਪਨ, ਝੀਲ ਵਿੱਚ ਤੈਰਦਾ ਬਚਪਨ, ਮਿੱਟੀ ਘੱਟੇ ਵਿੱਚ ਸੰਵਰਦਾ ਬਚਪਨ, ਨਿੱਕੇ ਨੰਨ੍ਹੇ ਹੱਥਾਂ ਨਾਲ ਦੁਆਵਾਂ ਮੰਗਦਾ ਬਚਪਨ, ਗੁਲੇਲਾਂ ਨਾਲ ਨਿਸ਼ਾਨੇ ਲਾਉਂਦਾ ਬਚਪਨ, ਗੁੱਡੀਆਂ-ਪਤੰਗਾਂ ਦੀ ਡੋਰ ਵਿੱਚ ਉਲਝਿਆ ਬਚਪਨ, ਨੀਂਦ ਵਿੱਚ ਬੁੜਬੁੜਾਉਂਦਾ ਬਚਪਨ, ਖ਼ੁਦਾ ਹੀ ਜਾਣਦਾ ਏ ਕਿਹੜੀਆਂ ਭੁੱਲ ਭੁਲੱਈਆਂ ਵਿੱਚ ਗੁਆਚ ਗਿਆ ਬਚਪਨ, ਕਿਹੜਾ ਦੋਖੀ ਲੈ ਗਿਆ ਖੋਹ ਕੇ ਇਹ ਸੁਨਹਿਰੀ ਦਿਨ। ਨਦੀਆਂ ਕੰਢੇ ਰੇਤੇ ਦੇ ਘਰ ਬਣਾਉਂਦੇ ਦਿਨ ਕਿੱਥੇ ਗੁਆਚ ਗਏ? ਰੇਤਾ ਵੀ ਹੈ, ਨਦੀਆਂ ਵੀ ਨਾਗਣਾਂ ਵਾਂਗ ਵਲ ਖਾਂਦੀਆਂ ਜਾ ਰਹੀਆਂ ਨੇ, ਪਰ ਹੁਣ ਹੱਥ ਮਹੱਲ ਤਾਂ ਉਸਾਰ ਸਕਦੇ ਨੇ, ਰੇਤੇ ਦੇ ਘਰ ਨਹੀਂ। ਕੀ ਪਰੌਂਠੇ ਰੋਟੀਆਂ ਦੀ ਲੱਜ਼ਤ ਖੋਹ ਲੈਂਦੇ ਨੇ? ਕੀ ਬੁਲੰਦੀਆਂ ਨਿਵਾਣਾਂ ਨੂੰ ਆਪਣੇ ਕੋਲ ਨਹੀਂ ਬਹਿਣ ਦਿੰਦੀਆਂ? ਕੀ ਅਮੀਰੀ ਗ਼ਰੀਬੀ ਦਾ ਸਵਾਦ ਨਹੀਂ ਚੱਖ ਸਕਦੀ? ਕੀ ਜਵਾਨੀ ਬਚਪਨ ਨੂੰ ਕਤਲ ਕਰ ਦਿੰਦੀ ਹੈ?
ਮਈ-ਜੂਨ ਦੀ ਤੇਜ਼ ਗਰਮੀ ਵਿੱਚ ਮਾਂ ਚੀਕਦੀ ਰਹਿੰਦੀ ਸੀ ਤੇ ਬਚਪਨ ਰੁੱਖਾਂ ਦੀਆਂ ਟਾਹਣੀਆਂ ’ਤੇ ਝੂਲਦਾ ਰਹਿੰਦਾ। ਕੀ ਗਰਮੀ ਦੀ ਤੇਜ਼ ਧੁੱਪ ਚੰਨ ਚਾਨਣੀ ਨਾਲੋਂ ਜ਼ਿਆਦਾ ਹੁਸੀਨ ਹੁੰਦੀ ਹੈ? ਮਾਚਿਸਾਂ ਦੀਆਂ ਖਾਲੀ ਡੱਬੀਆਂ ਤੋਂ ਬਣੀ ਰੇਲਗੱਡੀ ਦੀਆਂ ਪੱਟੜੀਆਂ ਕੌਣ ਚੁਰਾ ਕੇ ਲੈ ਗਿਆ? ਕਾਸ਼! ਕੋਈ ਮੇਰੇ ਕੋਲੋਂ ਕਾਰਾਂ ਦਾ ਇਹ ਕਾਫ਼ਲਾ ਲੈ ਲਵੇ ਤੇ ਇਹਦੇ ਬਦਲੇ ਮੈਨੂੰ ਮੇਰੀ ਉਹੀ ਛੁਕ ਛੁਕ ਗੱਡੀ ਦੇ ਦੇਵੇ ਕਿਉਂਕਿ ਲੋਹੇ ਤੇ ਸਟੀਲ ਦੀਆਂ ਗੱਡੀਆਂ ਉੱਥੇ ਨਹੀਂ ਰੁਕਦੀਆਂ ਜਿੱਥੇ ਭੋਲੀਆਂ ਭਾਲੀਆਂ ਖ਼ੁਆਹਿਸ਼ਾਂ ਮੁਸਾਫ਼ਿਰਾਂ ਵਾਂਗ ਇੰਤਜ਼ਾਰ ਕਰਦੀਆਂ ਨੇ, ਜਿੱਥੇ ਮਾਸੂਮ ਇੱਛਾਵਾਂ ਨੰਨ੍ਹੇ ਨੰਨ੍ਹੇ ਬੁੱਲ੍ਹਾਂ ’ਤੇ ਵੱਜਣ ਵਾਲੀਆਂ ਸੀਟੀਆਂ ’ਤੇ ਕੰਨ ਧਰੀ ਬੈਠੀਆਂ ਰਹਿੰਦੀਆਂ ਨੇ।
ਕੋਈ ਮੈਨੂੰ ਮੇਰੇ ਘਰ ਦੇ ਸਾਹਮਣੇ ਵਾਲਾ ਖੂਹ ਮੋੜ ਦੇਵੇ ਜੋ ਮੇਰੀ ਮਾਂ ਵਾਂਗ ਖ਼ਾਮੋਸ਼ ਤੇ ਪਵਿੱਤਰ ਹੁੰਦਾ ਸੀ। ਮੇਰੀ ਮਾਸੀ ਜਦੋਂ ਮੈਨੂੰ ਆਪਣੇ ਪਿੰਡ ਲੈ ਜਾਂਦੀ ਤਾਂ ਮੇਰੀ ਮਾਂ ਪਰੇਸ਼ਾਨ ਹੋ ਜਾਂਦੀ ਕਿਉਂਕਿ ਮੈਨੂੰ ਨੀਂਦ ਵਿੱਚ ਚੱਲਣ ਦੀ ਬਿਮਾਰੀ ਸੀ। ਮਾਂ ਡਰਦੀ ਸੀ ਕਿ ਮੈਂ ਕਿਤੇ ਵਿਹੜੇ ਵਿਚਲੇ ਖੂਹ ਵਿੱਚ ਨਾ ਜਾ ਪਵਾਂ। ਮਾਂ ਸਾਰੀ ਸਾਰੀ ਰਾਤ ਰੋ ਰੋ ਕੇ ਖੂਹ ਨੂੰ ਅਰਜੋਈਆਂ ਕਰਦੀ ਰਹਿੰਦੀ ਕਿ ਹੇ ਪਾਣੀ! ਮੇਰੇ ਬੱਚੜੇ ਨੂੰ ਡੁੱਬਣ ਤੋਂ ਬਚਾਈਂ। ਮਾਂ ਸੋਚਦੀ ਸੀ ਕਿ ਸ਼ਾਇਦ ਪਾਣੀ ਨਾਲ ਪਾਣੀ ਦਾ ਰਿਸ਼ਤਾ ਹੁੰਦਾ ਏ। ਮੇਰੇ ਘਰ ਵਾਲਾ ਖੂਹ ਬੜਾ ਹੱਸਾਸ ਸੀ। ਮਾਂ ਜਿੰਨੀ ਦੇਰ ਖੂਹ ਨਾਲ ਗੱਲਾਂ ਕਰਦੀ, ਖੂਹ ਆਪਣੇ ਉਬਲਦੇ ਹੋਏ ਪਾਣੀ ਨੂੰ ਠੰਢਾ ਰਹਿਣ ਦਾ ਹੁਕਮ ਦਿੰਦਾ। ਉਹ ਸ਼ਾਇਦ ਮੇਰੀ ਮਾਂ ਦੀਆਂ ਭੋਲੀਆਂ ਭਾਲੀਆਂ ਖ਼ੁਆਹਿਸ਼ਾਂ ਦੀ ਆਵਾਜ਼ ਨੂੰ ਧਿਆਨ ਨਾਲ ਸੁਣਨਾ ਚਾਹੁੰਦਾ ਸੀ। ਪਤਾ ਨਹੀਂ ਇਹ ਪਵਿੱਤਰਤਾ ਤੇ ਖ਼ਾਮੋਸ਼ੀ ਮਾਂ ਨੇ ਖੂਹ ਕੋਲੋਂ ਸਿੱਖੀ ਸੀ ਜਾਂ ਖੂਹ ਨੇ ਮਾਂ ਕੋਲੋਂ!
ਗਰਮੀਆਂ ਦੀ ਧੁੱਪ ਵਿੱਚ ਟੁੱਟੇ ਹੋਏ ਇੱਕ ਛੱਪਰ ਹੇਠ ਲੂ ਤੇ ਤੇਜ਼ ਧੁੱਪ ਤੋਂ ਟਾਟ ਦੇ ਪਰਦਿਆਂ ਓਹਲੇ ਮਾਂ ਮੈਨੂੰ ਬਚਾਉਣ ਦੀ ਕੋਸ਼ਿਸ਼ ਕਰਦੀ ਤਾਂ ਵਿਹੜੇ ਵਿੱਚ ਦਾਣੇ ਚੁਗਦੇ ਚੂਚੇ ਮੈਨੂੰ ਬੜੇ ਚੰਗੇ ਲੱਗਦੇ ਜਿਨ੍ਹਾਂ ਨੂੰ ਉਨ੍ਹਾਂ ਦੀ ਮਾਂ ਹਰ ਖ਼ਤਰੇ ਤੋਂ ਬਚਾਉਣ ਲਈ ਆਪਣੇ ਨਾਜ਼ੁਕ ਪਰਾਂ ਹੇਠ ਲੁਕਾ ਲੈਂਦੀ ਸੀ। ਮਾਂ ਦੀ ਮੁਹੱਬਤ ਦੇ ਪੱਲੇ ਨੇ ਮੈਨੂੰ ਹਮੇਸ਼ਾਂ ਬਚਾਈ ਰੱਖਿਆ, ਪਰ ਗ਼ਰੀਬੀ ਦੇ ਤੇਜ਼ ਥਪੇੜਿਆਂ ਨੇ ਮਾਂ ਦੇ ਖ਼ੂਬਸੂਰਤ ਚਿਹਰੇ ਨੂੰ ਝੁਲਸਾ ਝੁਲਸਾ ਕੇ ਸਾਉਲਾ ਕਰ ਦਿੱਤਾ। ਘਰ ਦੇ ਕੱਚੇ ਵਿਹੜੇ ਵਿੱਚ ਹਰ ਵੇਲੇ ਉੱਡਦੇ ਮਿੱਟੀ-ਘੱਟੇ ਨੇ ਮਾਂ ਦਾ ਰੰਗ ਮਟਮੈਲਾ ਕਰ ਦਿੱਤਾ। ਦਾਦੀ ਵੀ ਮੈਨੂੰ ਬੜਾ ਪਿਆਰ ਕਰਦੀ ਸੀ। ਉਹ ਹਰ ਵੇਲੇ ਮੈਨੂੰ ਦੇਖਦੀ ਰਹਿੰਦੀ। ਉਹ ਸ਼ਾਇਦ ਮੇਰੇ ਭੋਲੇ ਭਾਲੇ ਚਿਹਰੇ ਵਿੱਚੋਂ ਆਪਣੇ ਉਸ ਬੇਟੇ ਦੀ ਤਲਾਸ਼ ਕਰਦੀ ਰਹਿੰਦੀ ਸੀ ਜੋ ਟਰੱਕ ਡਰਾਈਵਰ ਦੀ ਸੀਟ ’ਤੇ ਬੈਠਾ ਸ਼ੇਰ ਸ਼ਾਹ ਸੂਰੀ ਮਾਰਗ ’ਤੇ ਹਰ ਵੇਲੇ ਸ਼ਾਹ ਸਵਾਰ ਬਣਿਆ ਰਹਿੰਦਾ।
ਸ਼ੇਰ ਸ਼ਾਹ ਸੂਰੀ ਦੀ ਬਣਾਈ ਹੋਈ ਇਹ ਤਵਾਰੀਖ਼ੀ ਸੜਕ ਗੁਨਾਹਗਾਰ ਦਿਲਾਂ ਵਾਂਗ ਰਹਿ ਰਹਿ ਕੇ ਟਰੱਕਾਂ ਤੇ ਕਾਰਾਂ ਦੀਆਂ ਹੈੱਡ ਲਾਈਟਾਂ ਵਿੱਚ ਇੰਜ ਚਮਕਣ ਲੱਗਦੀ ਜਿਵੇਂ ਇਸ ਬੇਈਮਾਨ ਜ਼ਮਾਨੇ ਵਿੱਚ ਕਿਤੇ ਕਿਤੇ ਇਮਾਨਦਾਰੀ ਦੀ ਕਿਰਨ ਦਿਖਾਈ ਦੇਣ ਲੱਗ ਪਵੇ। ਸ਼ੇਰ ਸ਼ਾਹ ਸੂਰੀ ਦੀ ਇਸ ਮਸ਼ਹੂਰ ਸੜਕ ਤੋਂ ਰੋਜ਼ ਹਜ਼ਾਰਾਂ ਗੱਡੀਆਂ ਲੰਘਦੀਆਂ ਹਨ, ਪਰ ਇਹ ਬੇਜ਼ੁਬਾਨ ਸੜਕ ਬਿਹਾਰ ਦੇ ਕਿਸੇ ਦੱਬੇ-ਕੁਚਲੇ ਕਬੀਲੇ ਵਾਂਗ ਦੁੱਖਾਂ ਦਾ ਬੋਝ ਚੁੱਕੀ ਚੁੱਪਚਾਪ ਮੁਸਕਰਾਉਂਦੀ ਰਹਿੰਦੀ ਹੈ। ਪਤਾ ਨਹੀਂ ਕਿੰਨੇ ਡਰਾਈਵਰ ਆਪਣੇ ਫੁੱਲਾਂ ਵਰਗੇ ਬੱਚਿਆਂ ਦਾ ਭਵਿੱਖ ਸੰਵਾਰਨ ਲਈ ਤਿਉਹਾਰਾਂ
ਨੂੰ ਭੁੱਲ ਕੇ, ਮੌਸਮਾਂ ਦੀ ਪਰਵਾਹ ਨਾ ਕਰਦਿਆਂ, ਜ਼ਿੰਦਗੀ ਦਾਅ ’ਤੇ ਲਾਈ ਇਸ ਪੁਰਾਣੀ ਸੜਕ ਨੂੰ ਗਾਹੁੰਦੇ ਰਹਿੰਦੇ ਨੇ। ਥੱਕੀ ਥੱਕੀ ਸੜਕ ਬੜੇ ਆਰਾਮ ਨਾਲ ਨਿੱਤ ਇਨਸਾਨਾਂ ਦਾ ਖ਼ੂਨ ਪੀ ਕੇ ਆਪਣੀ ਪਿਆਸ ਬੁਝਾਉਂਦੀ ਰਹਿੰਦੀ ਹੈ। ਸੁਰਖ਼ ਇਨਸਾਨੀ ਖ਼ੂਨ ਲੁੱਕ ਵਾਲੀ ਕਾਲੀ ਸੜਕ ’ਤੇ ਸੁੱਕ ਕੇ ਥੋੜ੍ਹੀ ਦੇਰ ਵਿੱਚ ਹੀ ਕਾਲਾ ਪੈ ਜਾਂਦਾ ਹੈ। ਖ਼ੂਨ ਦੇ ਇਨ੍ਹਾਂ ਧੱਬਿਆਂ ਨੂੰ ਥੋੜ੍ਹੀ ਦੇਰ ਵਿੱਚ ਹੀ ਇੱਥੋਂ ਲੰਘਣ ਵਾਲੀਆਂ ਗੱਡੀਆਂ ਦੇ ਨਰਮ ਤੇ ਕਾਲੇ ਟਾਇਰ ਚਟਮ ਕਰ ਜਾਂਦੇ ਨੇ। ਇਹ ਕਾਲੇ ਧੱਬੇ ਜਿਨ੍ਹਾਂ ਵਿੱਚ ਕਿਸੇ ਸੁਹਾਗਣ ਦੀ ਸੁਰਖੀ, ਕਿਸੇ ਮਾਂ ਦੀ ਉਡੀਕ ਤੇ ਕਿਸੇ ਭੈਣ ਦੇ ਮੈਲੇ ਦੁਪੱਟੇ ਦੇ ਹੰਝੂ ਵੀ ਸ਼ਾਮਲ ਹੁੰਦੇ ਨੇ:
ਖ਼ਬਰ ਨਹੀਂ ਮੁਝੇ ਯੇਹ ਜ਼ਿੰਦਗੀ ਕਹਾਂ ਲੇ ਜਾਏ
ਕਹੀਂ ਠਹਿਰ ਕੇ ਮੇਰਾ ਇੰਤਜ਼ਾਰ ਮਤ ਕਰਨਾ।
ਇੱਕ ਸਿਆਸੀ ਲੀਕ ਨੇ ਸਭ ਕੁਝ ਵੰਡ ਦਿੱਤਾ, ਮੁਲਕ, ਕੌਮ, ਰਿਸ਼ਤਿਆਂ, ਮੁਹਾਫ਼ਿਜ਼ਾਂ, ਮੁਜਰਮਾਂ, ਨਦੀਆਂ, ਦਰਿਆਵਾਂ, ਤਲਾਬਾਂ ਨੂੰ। ਇੱਕ ਆਲ੍ਹਣੇ ਦੇ ਕਈ ਕਈ ਹਿੱਸੇ ਹੋ ਗਏ, ਇੱਕ ਘਰ ਦੇ ਕਈ ਕਈ ਟੋਟੇ ਹੋ ਗਏ, ਕਸਟੋਡੀਅਨ ਦੀ ਚੱਕੀ ਵਿੱਚ ਕਈ ਇਮਾਰਤਾਂ ਪਿਸ ਗਈਆਂ, ਖ਼ਾਨਦਾਨਾਂ ਦੀਆਂ ਮੁੱਠੀਆਂ ਵਿੱਚੋਂ ਜ਼ਿਮੀਦਾਰੀ ਰੇਤ ਵਾਂਗ ਕਿਰ ਗਈ, ਜਾਗੀਰਦਾਰਾਂ ਦੇ ਚਿਹਰਿਆਂ ਤੋਂ ਵੱਕਾਰ ਤੇ ਸ਼ਾਨਾਂਮੱਤਾ ਰੰਗ-ਰੋਗਨ ਉੱਡ ਗਿਆ, ਖ਼ਾਨਦਾਨੀ ਜ਼ੇਵਰ ਸ਼ਾਹੂਕਾਰਾਂ ਦੀਆਂ ਤਜੌਰੀਆਂ ਵਿੱਚ ਰਹਿ ਗਏ, ਪਾਕਿਸਤਾਨ ਬਣ ਗਿਆ, ਅੱਲਾਮਾ ਇਕਬਾਲ ਦੀ ਭਵਿੱਖਬਾਣੀ, ਜਿਨਾਹ ਦਾ ਸੁਪਨਾ ਪੰਜਾਬ ਦੇ ਉਸ ਪਾਰ ਜਾ ਪਹੁੰਚਿਆ। ਹੌਲੀ ਹੌਲੀ ਹਰ ਘਰ ਵਿੱਚ ਪਾਕਿਸਤਾਨ ਉਸਰਨ ਲੱਗਾ। ਮੇਰੇ ਸਾਰੇ ਰਿਸ਼ਤੇਦਾਰ ਆਪਣੀ ਕਿਸਮਤ ਸੰਵਾਰਨ ਲਈ ਪਾਕਿਸਤਾਨ ਚਲੇ ਗਏ। ਪੰਜਾਬ ਮੇਲ ਜੋ ਹਰ ਕਾਲ ਵਿੱਚ ਵਿਛੋੜੇ ਦੀ ਕਹਾਣੀ ਵਿੱਚ ਨਵਾਂ ਰੋਲ ਅਦਾ ਕਰਦੀ ਹੈ, ਮੇਰੇ ਘਰ ਦੇ ਮਰਦਾਂ ਤੇ ਸਫ਼ੈਦ-ਕਾਲੇ ਬੁਰਕਿਆਂ ਵਿੱਚ ਸਹਿਮੀਆਂ-ਸਿਮਟੀਆਂ ਔਰਤਾਂ ਨੂੰ ਲੈ ਕੇ ਉਸ ਮੁਹਾਜਰਖਾਨੇ ਵੱਲ ਰਵਾਨਾ ਹੋ ਗਈ ਜਿਸ ਨੂੰ ਲੋਕ ਪਾਕਿਸਤਾਨ ਕਹਿੰਦੇ ਨੇ। ਮੈਂ ਚੁੱਪਚਾਪ ਆਪਣੀ ਦਾਦੀ ਨਾਲ ਚਿੰਬੜਿਆ ਰਿਹਾ। ਮੇਰੇ ਚਾਚੇ ਨੇ ਦਾਦੀ ਨੂੰ ਪਾਕਿਸਤਾਨ ਜਾਣ ਲਈ ਕਿਹਾ ਸੀ ਤੇ ਉਹ ਮੁਹਾਜਰਾਂ ਦੇ ਖੇਮੇ ਵੱਲ ਜਾਣ ਲਈ ਤਿਆਰ ਹੋ ਗਈ। ਮੈਂ ਦਹਿਲੀਜ਼ ’ਤੇ ਬੈਠਾ ਇਹ ਸੋਚਦਾ ਹੀ ਰਹਿ ਗਿਆ ਕਿ ਮੇਰੀ ਦਾਦੀ ਮੈਨੂੰ ਛੱਡ ਕੇ ਕਿਤੇ ਨਹੀਂ ਜਾਏਗੀ ਤੇ ਸ਼ਾਇਦ ਇਹ ਮੁਹਾਵਰਾ ਪਹਿਲੀ ਵਾਰ ਗ਼ਲਤ ਸਾਬਿਤ ਹੋ ਗਿਆ ਕਿ ਮੂਲ ਨਾਲੋਂ ਸੂਦ ਪਿਆਰਾ ਹੁੰਦਾ ਏ।
ਰੇਲਗੱਡੀ ਦੇ ਕੋਲੇ ਵਾਲੇ ਇੰਜਣ ਵਿੱਚੋਂ ਨਿਕਲ ਰਹੇ ਧੂੰਏਂ ਨੇ ਮੇਰੇ ਅੱਬਾ ਹਜ਼ੂਰ ਦੀਆਂ ਸਿੱਲੀਆਂ ਅੱਖਾਂ ਨੂੰ ਮੈਲਾ ਕਰ ਦਿੱਤਾ। ਹੁਣ ਉਹ ਇਸ ਮੁਲਕ ਵਿੱਚ ਇਕੱਲੇ ਰਹਿ ਗਏ ਸਨ। ਬਿਲਕੁਲ ਉਸ ਪਰਿੰਦੇ ਵਾਂਗ ਜਿਸ ਦੇ ਸਾਰੇ ਸਾਥੀ ਜਾਲ ਵਿੱਚ ਫਸ ਗਏ ਹੋਣ। ਜਿਉਂ ਹੀ ਰੇਲਗੱਡੀ ਦੀ ਸੀਟੀ ਨੇ ਸਿਸਕੀ ਭਰੀ ਕਾਰਵਾਂ ਆਪਣੀ ਅਣਜਾਣ ਮੰਜ਼ਿਲ ਵੱਲ ਚੱਲ ਪਿਆ। ਪਲੇਟਫਾਰਮ ’ਤੇ ਖੜ੍ਹੇ ਮੇਰੇ ਅੱਬਾ ਹਜ਼ੂਰ ਲੜਖੜਾਏ। ਮੈਂ ਅੱਗੇ ਵਧ ਕੇ ਉਨ੍ਹਾਂ ਨੂੰ ਸਹਾਰਾ ਦਿੱਤਾ ਤਾਂ ਉਨ੍ਹਾਂ ਨੇ ਆਪਣਾ ਜਿਸਮ ਮੇਰੇ ਹਵਾਲੇ ਕਰ ਦਿੱਤਾ। ਮੈਂ ਉਸੇ ਦਿਨ ਜਵਾਨ ਹੋ ਗਿਆ। ਲੋੜਾਂ ਦੀ ਰੇਲਗੱਡੀ ਵਿੱਚ ਬਹਿ ਕੇ ਮੇਰਾ ਬਚਪਨ ਜਵਾਨੀ ਦੇ ਸ਼ਹਿਰ ਆ ਵੜਿਆ। ਕੋਲੇ ਨਾਲ ਕੰਧਾਂ ’ਤੇ ਨਾਂ ਲਿਖਣ ਦਾ ਮੌਸਮ ਆ ਗਿਆ। ਫੱਟੀ ਪੋਚ ਕੇ ਸਬਕ ਲਿਖਣ ਦੇ ਦਿਨ ਚਲੇ ਗਏ। ਰੋਟੀ ਦੀ ਬੁਰਕੀ ਨਾਲ ਚਿੜੀਆਂ ਫਾਹੁਣ ਦੀ ਖੇਡ ਖ਼ਤਮ ਹੋ ਗਈ। ਹੁਣ ਮੇਰੀ ਮਾਂ ਆਪਣੇ ਸਿਰ ਵਿੱਚ ਸਫ਼ੈਦ ਨਹੀਂ, ਕਾਲੇ ਵਾਲ ਲੱਭਦੀ ਹੈ। ਤਲਾਸ਼ ਕਰਨ ਦੀ ਇੱਛਾ ਦੀ ਇਹ ਖੇਡ ਕਦੇ ਖ਼ਤਮ ਨਹੀਂ ਹੋਵੇਗੀ। ਕਦੇ ਕੁੱਖ ਔਲਾਦ ਨੂੰ ਤਲਾਸ਼ਦੀ ਹੈ ਤੇ ਕਦੇ ਔਲਾਦ ਮਾਂ ਦੀ ਮੁਕੱਦਸ ਗੋਦੀ ਨੂੰ:
ਮੇਰਾ ਬਚਪਨ ਥਾ ਮੇਰਾ ਘਰ ਥਾ ਖਿਲੌਨੇ ਥੇ ਮੇਰੇ
ਸਰ ਪੇ ਮਾਂ-ਬਾਪ ਕਾ ਸਾਇਆ ਭੀ ਗ਼ਜ਼ਲ ਜੈਸਾ ਥਾ।
ਸੰਪਰਕ: 94173-58120
... ਛੋੜ ਆਏ ਹੈਂ
ਮੁਨੱਵਰ ਰਾਣਾ
ਮੁਹਾਜਿਰ ਹੈਂ ਮਗਰ ਹਮ ਏਕ ਦੁਨੀਆ ਛੋੜ ਆਏ ਹੈਂ,
ਤੁਮਹਾਰੇ ਪਾਸ ਜਿਤਨਾ ਹੈ ਹਮ ਉਤਨਾ ਛੋੜ ਆਏ ਹੈਂ
ਕਹਾਨੀ ਕਾ ਯੇ ਹਿੱਸਾ ਆਜ ਤਕ ਸਬ ਸੇ ਛੁਪਾਇਆ ਹੈ
ਕਿ ਹਮ ਮਿੱਟੀ ਕੀ ਖ਼ਾਤਿਰ ਅਪਨਾ ਸੋਨਾ ਛੋੜ ਆਏ ਹੈਂ
ਨਈਂ ਦੁਨੀਆ ਬਸਾ ਲੇਨੇ ਕੀ ਇਕ ਕਮਜ਼ੋਰ ਚਾਹਤ ਮੇਂ,
ਪੁਰਾਨੇ ਘਰ ਕੀ ਦਹਿਲੀਜ਼ੋਂ ਕੋ ਸੂਨਾ ਛੋੜ ਆਏ ਹੈਂ
ਅਕੀਦਤ ਸੇ ਕਲਾਈ ਪਰ ਜੋ ਇਕ ਬੱਚੀ ਨੇ ਬਾਂਧੀ ਥੀ,
ਵੋ ਰਾਖੀ ਛੋੜ ਆਏ ਹੈਂ ਵੋ ਰਿਸ਼ਤਾ ਤੋੜ ਆਏ ਹੈਂ
ਕਿਸੀ ਕੀ ਆਰਜ਼ੂ ਕੇ ਪਾਓਂ ਮੇਂ ਜ਼ੰਜੀਰ ਡਾਲੀ ਥੀ,
ਕਿਸੀ ਕੀ ਊਨ ਕੀ ਤੀਲੀ ਮੇਂ ਫੰਦਾ ਛੋੜ ਆਏ ਹੈਂ
ਪਕਾਕਰ ਰੋਟੀਆਂ ਰਖਤੀ ਥੀ ਮਾਂ ਜਿਸਮੇਂ ਸਲੀਕੇ ਸੇ,
ਨਿਕਲਤੇ ਵਕਤ ਵੋ ਰੋਟੀ ਕੀ ਡਲੀਆ ਛੋੜ ਆਏ ਹੈਂ
ਜੋ ਇਕ ਪਤਲੀ ਸੜਕ ਉਨਾਵ ਸੇ ਮੋਹਾਨ ਜਾਤੀ ਹੈ,
ਵਹੀਂ ਹਸਰਤ ਕੇ ਖ਼ਵਾਬੋਂ ਕੋ ਭਟਕਤਾ ਛੋੜ ਆਏ ਹੈਂ
ਯਕੀਂ ਆਤਾ ਨਹੀਂ, ਲਗਤਾ ਹੈ ਕੱਚੀ ਨੀਂਦ ਮੇਂ ਸ਼ਾਇਦ,
ਹਮ ਅਪਨਾ ਘਰ ਗਲੀ ਅਪਨਾ ਮੋਹੱਲਾ ਛੋੜ ਆਏ ਹੈਂ
ਹਮਾਰੇ ਲੌਟ ਆਨੇ ਕੀ ਦੁਆਏਂ ਕਰਤਾ ਰਹਿਤਾ ਹੈ,
ਹਮ ਅਪਨੀ ਛਤ ਪੇ ਜੋ ਚਿੜੀਓਂ ਕਾ ਜੱਥਾ ਛੋੜ ਆਏ ਹੈਂ
ਹਮੇਂ ਹਿਜਰਤ ਕੀ ਇਸ ਅੰਧੀ ਗੁਫ਼ਾ ਮੇਂ ਯਾਦ ਆਤਾ ਹੈ,
ਅਜੰਤਾ ਛੋੜ ਆਏ ਹੈਂ ਏਲੋਰਾ ਛੋੜ ਆਏ ਹੈਂ
ਸਭੀ ਤਿਉਹਾਰ ਮਿਲਜੁਲ ਕਰ ਮਨਾਤੇ ਥੇ ਵਹਾਂ ਜਬ ਥੇ,
ਦੀਵਾਲੀ ਛੋੜ ਆਏ ਹੈਂ ਦਸ਼ਹਿਰਾ ਛੋੜ ਆਏ ਹੈਂ
ਹਮੇਂ ਸੂਰਜ ਕੀ ਕਿਰਨੇਂ ਇਸ ਲੀਏ ਤਕਲੀਫ਼ ਦੇਤੀ ਹੈਂ,
ਅਵਧ ਕੀ ਸ਼ਾਮ ਕਾਸ਼ੀ ਕਾ ਸਵੇਰਾ ਛੋੜ ਆਏ ਹੈਂ
ਗਲੇ ਮਿਲਤੀ ਹੁਈ ਨਦੀਆਂ ਗਲੇ ਮਿਲਤੇ ਹੁਏ ਮਜ਼ਹਬ,
ਇਲਾਹਾਬਾਦ ਮੇਂ ਕੈਸਾ ਨਜ਼ਾਰਾ ਛੋੜ ਆਏ ਹੈਂ
ਹਮ ਅਪਨੇ ਸਾਥ ਤਸਵੀਰੇਂ ਤੋ ਲੇ ਆਏ ਹੈਂ ਸ਼ਾਦੀ ਕੀ,
ਕਿਸੀ ਸ਼ਾਇਰ ਨੇ ਲਿਖਾ ਥਾ ਜੋ ਸਿਹਰਾ ਛੋੜ ਆਏ ਹੈਂ
ਕਈ ਆਂਖੇਂ ਅਭੀ ਤਕ ਯੇ ਸ਼ਿਕਾਇਤ ਕਰਤੀ ਰਹਿਤੀ ਹੈਂ,
ਕਿ ਹਮ ਬਹਿਤੇ ਹੁਏ ਕਾਜਲ ਕਾ ਦਰਿਆ ਛੋੜ ਆਏ ਹੈਂ
ਸ਼ਕਰ ਇਸ ਜਿਸਮ ਸੇ ਖਿਲਵਾੜ ਕਰਨਾ ਕੈਸੇ ਛੋੜੇਗੀ,
ਕਿ ਹਮ ਜਾਮੁਨ ਕੇ ਪੇੜੋਂ ਕੋ ਅਕੇਲਾ ਛੋੜ ਆਏ ਹੈਂ
(ਧੰਨਵਾਦ: ਕਵਿਤਾ ਕੋਸ਼)