ਭਾਰੀ ਮੀਂਹ ਮਗਰੋਂ ਹਿਮਾਚਲ ਪ੍ਰਦੇਸ਼ ’ਚ ਸੌ ਤੋਂ ਵੱਧ ਸੜਕਾਂ ਬੰਦ
ਸ਼ਿਮਲਾ, 2 ਸਤੰਬਰ
ਹਿਮਾਚਲ ਪ੍ਰਦੇਸ਼ ’ਚ ਅੱਜ ਮੀਂਹ ਕਾਰਨ ਕੌਮੀ ਰਾਜ ਮਾਰਗ ਨੰਬਰ 707 ਸਮੇਤ ਕੁੱਲ 109 ਸੜਕਾਂ ਬੰਦ ਹੋ ਗਈਆਂ। ਸਥਾਨਕ ਮੌਸਮ ਵਿਭਾਗ ਨੇ 3 ਸਤੰਬਰ ਤੱਕ ਚੰਬਾ, ਕਾਂਗੜਾ, ਮੰਡੀ, ਸ਼ਿਮਲਾ, ਸਿਰਮੌਰ, ਸੋਲਨ, ਕੁੱਲੂ ਤੇ ਕਿੰਨੌਰ ਦੇ ਕੁਝ ਹਿੱਸਿਆਂ ’ਚ ਹਲਕੇ ਤੋਂ ਦਰਮਿਆਨੇ ਪੱਧਰ ਦੇ ਹੜ੍ਹ ਦੀ ਵੀ ਚਿਤਾਵਨੀ ਦਿੱਤੀ ਹੈ। ਰਾਜ ਐਮਰਜੈਂਸੀ ਕੰਟਰੋਲ ਕੇਂਦਰ ਵੱਲੋਂ ਸਾਂਝੇ ਕੀਤੇ ਗਏ ਅੰਕੜਿਆਂ ਅਨੁਸਾਰ ਸ਼ਿਮਲਾ ਜ਼ਿਲ੍ਹੇ ਦੇ ਹਾਟਕੋਟੀ ਅਤੇ ਸਿਰਮੌਰ ਜ਼ਿਲ੍ਹੇ ਦੇ ਪਾਉਂਟਾ ਸਾਹਿਬ ਵਿਚਾਲੇ ਕੌਮੀ ਰਾਜਮਾਰਗ 707 ਬੰਦ ਹੋਣ ਤੋਂ ਇਲਾਵਾ ਸਿਰਮੌਰ ’ਚ 55 ਸੜਕਾਂ, ਸ਼ਿਮਲਾ ’ਚ 23, ਮੰਡੀ ਅਤੇ ਕਾਂਗੜਾ ’ਚ 10-10, ਕੁੱਲੂ ’ਚ ਨੌਂ, ਲਾਹੌਲ ਤੇ ਸਪਿਤੀ ਅਤੇ ਊਨਾ ਜ਼ਿਲ੍ਹਿਆਂ ’ਚ 1-1 ਸੜਕ ਬੰਦ ਹੈ। ਸੂਬੇ ’ਚ 427 ਬਿਜਲੀ ਸਪਲਾਈ ਯੋਜਨਾਵਾਂ ਵੀ ਪ੍ਰਭਾਵਿਤ ਹੋਈਆਂ ਹਨ। ਇਸ ਦੌਰਾਨ ਸਿਰਮੌਰ, ਬਿਲਾਸਪੁਰ ਤੇ ਮੰਡੀ ਜ਼ਿਲ੍ਹੇ ਦੇ ਕੁਝ ਹਿੱਸਿਆਂ ’ਚ ਭਾਰੀ ਮੀਂਹ ਪਿਆ ਜਦਕਿ ਲੰਘੀ ਸ਼ਾਮ ਤੋਂ ਪਿਛਲੇ 24 ਘੰਟਿਆਂ ਅੰਦਰ ਸੂਬੇ ’ਚ ਥਾਈ ਥਾਵਾਂ ’ਤੇ ਦਰਮਿਆਨਾ ਮੀਂਹ ਪਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਸਾਲ ਮੀਂਹ ਕਾਰਨ ਵਾਪਰੀਆਂ ਘਟਨਾਵਾਂ ’ਚ 151 ਲੋਕ ਮਾਰੇ ਗਏ ਹਨ ਅਤੇ ਸੂਬੇ ਨੂੰ 1265 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। -ਪੀਟੀਆਈ
ਆਂਧਰਾ ਤੇ ਤਿਲੰਗਾਨਾ ’ਚ ਮੀਂਹ ਕਾਰਨ ਹੁਣ ਤੱਕ 31 ਮੌਤਾਂ
ਹੈਦਰਾਬਾਦ/ਵਿਜੈਵਾੜਾ:
ਆਂਧਰਾ ਪ੍ਰਦੇਸ਼ ਤੇ ਤਿਲੰਗਾਨਾ ’ਚ ਪਏ ਭਾਰੀ ਮੀਂਹਾਂ ਕਾਰਨ ਹੁਣ ਤੱਕ 31 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਸੜਕਾਂ ਤੇ ਰੇਲ ਪੱਟੜੀਆਂ ਦਾ ਵੱਡੇ ਪੱਧਰ ’ਤੇ ਨੁਕਸਾਨ ਹੋਇਆ ਹੈ। ਮੀਂਹ ਕਾਰਨ ਹਜ਼ਾਰਾਂ ਏਕੜ ਫਸਲ ਪਾਣੀ ਡੁੱਬ ਚੁੱਕੀ ਹੈ ਅਤੇ ਲੋਕ ਰੋਜ਼ਾਨਾ ਦੀਆਂ ਲੋੜਾਂ ਪੂਰੀਆਂ ਕਰਨ ਲਈ ਰਾਹਤ ਏਜੰਸੀਆਂ ’ਤੇ ਨਿਰਭਰ ਹਨ। ਪ੍ਰਾਪਤ ਅੰਕੜਿਆਂ ਅਨੁਸਾਰ ਮੀਹਾਂ ਕਾਰਨ ਤਿਲੰਗਾਨਾ ‘ਚ 16 ਜਦਕਿ ਆਂਧਰਾ ਪ੍ਰਦੇਸ਼ ’ਚ 15 ਜਣਿਆਂ ਦੀ ਮੌਤ ਹੋਈ ਹੈ। ਦੋਵਾਂ ਸੂਬਿਆਂ ਦੀਆਂ ਸਰਕਾਰਾਂ ਵੱਲੋਂ ਬਚਾਅ ਤੇ ਰਾਹਤ ਕਾਰਜ ਵੱਡੇ ਪੱਧਰ ’ਤੇ ਚਲਾਏ ਜਾ ਰਹੇ। -ਪੀਟੀਆਈ